ਪੰਜਾਬ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਆਲੂ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ।ਪਰ ਪੱਕਣ ਸਮੇਂ ਵਧੇਰੇ ਤਾਪਮਾਨ ਕਾਰਨ ਫ਼ਸਲ ਨੂੰ ਜ਼ਿਆਦਾ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ। ਫ਼ਸਲ ਦੀ ਸਮੇਂ ਸਿਰ, ਬੈਡਾਂ ਤੇ ਬਿਜਾਈ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਬਹਾਰ ਰੁੱਤ ਦੀ ਸਫ਼ਲ ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀੇ ਵੱਲੋਂ ਸਿਫ਼ਾਰਸ਼ ਤਰੀਕੇ ਅਪਨਾਉਣ ਦੀ ਲੋੜ ਹੈ:-
ਬਿਜਾਈ ਦਾ ਢੰਗ: ਵੱਟਾਂ ਤੇ ਬਿਜਾਈ : ਮੱਕੀ ਦੀ ਬਿਜਾਈ ਪੂਰਬ-ਪੱਛਮ ਵੱਲ 60 ਸੈਂਟੀਮੀਟਰ ਦੀ ਵਿਥ ਤੇ ਵੱਟਾ ਬਣਾ ਕੇ, ਉਹਨਾਂ ਦੇ ਦੱਖਣ ਵਾਲੇ ਪਾਸੇ, 6 ਤੋਂ 7 ਸੈਂਟੀਮੀਟਰ ਦੀ ਉਚਾਈ ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਕਰੋ ਤਾਂ ਜੋ ਸੂਰਜ ਦੀ ਊਰਜਾ/ਵੱਧ ਤੋਂ ਵੱਧ ਪ੍ਰਾਪਤ ਹੋ ਸਕੇ।
ਬੈਡ ਤੇ ਬਿਜਾਈ : ਇਸੇ ਤਰ੍ਹਾਂ ਪੂਰਬ-ਪੱਛਮ ਵੱਲ 67.5 ਸੈਂਟੀਮੀਟਰ ਦੀ ਵਿਥ ਤੇ ਬੈਡ ਬਣਾ ਕੇ, ਉਹਨਾਂ ਦੇ ਦੱਖਣ ਵਾਲੇ ਪਾਸੇ, ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਟੀਂਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ। ਬੈਡ ਬਣਾਉਣ ਲਈ ਕਣਕ ਵਾਲੇ ਬੈਡ ਪਲਾਂਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੈਡਾਂ ਤੇ ਬਿਜਾਈ ਕਰਨ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਸਿੰਚਾਈ ਪ੍ਰਬੰਧ: ਪਾਣੀ ਦੀ ਸਚੁੱਜੀ ਵਰਤੋਂ ਬਹਾਰ ਰੁੱਤ ਦੀ ਕਾਸ਼ਤ ਦਾ ਮੁੱਖ ਮੁੱਦਾ ਹੈ। ਫ਼ਸਲ ਦੀ ਅਵਸਥਾ ਅਤੇ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਵਿੱਚ ਤੁਪਕਾ ਸਿੰਚਾਈ ਵਿਧੀ ਨੂੰ ਅਪਣਾਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਤੁਪਕਾ ਸਿੰਚਾਈ ਵਿਧੀ ਲਈ 120 ਸੈਟੀਮੀਟਰ ਹੇਠਲੇ ਪਾਸੇ ਅਤੇ 80 ਸੈਂਟੀਮੀਟਰ ਉਪਰੋ ਚੌੜੇ ਬੈਡ ਬਣਾਉ। ਇਹਨਾਂ ਤੇ 60 ਸੈਟੀਂਮੀਟਰ ਦੀ ਦੂਰੀ ਤੇ ਮੱਕੀ ਦੀਆਂ ਦੋ ਲਾਈਨਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਟੀਮੀਟਰ ਰੱਖ ਕੇ ਬੀਜੋ। ਮੱਕੀ ਦੀਆਂ ਇਹਨਾਂ ਦੋ ਲਾਈਨਾਂ ਵਿੱਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ, ਇਸ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫਾਸਲਾ 30 ਸੈਂਟੀਮੀਟਰ ਹੋਵੇ। ਜੇ ਡਿਸਚਾਰਜ 2.2 ਲੀਟਰ ਪ੍ਰਤੀ ਘੰਟਾ ਪ੍ਰਤੀ ਡਰਿੱਪਰ ਹੋਵੇ ਤਾਂ ਸਿੰਚਾਈ ਦਾ ਸਮਾਂ ਫ਼ਰਵਰੀ, ਮਾਰਚ, ਅਪ੍ਰੈਲ ਅਤੇ ਮਈ ਵਿੱਚ ਕ੍ਰਮਵਾਰ 22, 64,120 ਅਤੇ 130 ਮਿੰਟ ਰੱਖੋ। ਕਿਉਕਿ ਤਾਪਮਾਨ ਵੱਧਣ ਦੇ ਨਾਲ ਨਾਲ ਫ਼ਸਲ ਨੂੰ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਪਾਣੀ ਦੀ ਲੋੜ ਵੱਧ ਹੁੰਦੀ ਹੈ। ਡਿਸਚਾਰਜ ਰੇਟ ਦੇ ਹਿਸਾਬ ਨਾਲ ਸਿੰਚਾਈ ਦਾ ਸਮਾਂ ਹੇਠ ਲਿਖੇ ਫਾਰਮੂਲੇ ਨਾਲ ਕੱਢਿਆ ਜਾ ਸਕਦਾ ਹੈ।
2.2 ਸਿੰਚਾਈ ਦਾ ਸਮਾਂ (ਮਿੰਟ) / ਡਿਸਚਾਰਜ ਰੇਟ (ਲੀਟਰ ਪ੍ਰਤੀ ਘੰਟਾ)
ਪਹਿਲਾਂ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਉ। ਇਸ ਤੋਂ ਬਾਅਦ 10 ਅਪ੍ਰੈਲ ਤੱਕ 2 ਹਫ਼ਤੇ ਦੇ ਵਕਫ਼ੇ ਤੇ ਅਤੇ ਫ਼ਸਲ ਪੱਕਣ ਤੱਕ ਇੱਕ ਹਫ਼ਤੇ ਦੇ ਵਕਫ਼ੇ ਤੇ ਪਾਣੀ ਲਾਉਂਦੇ ਰਹੋ। ਸੂਤ ਕੱਤਣ ਅਤੇ ਦਾਣੇ ਪੈਣ ਦੇ ਸਮੇਂ ਦੌਰਾਨ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਕਿਉਂਕਿ ਮੱਕੀ ਨੂੰ ਬੂਰ ਪੈਣ ਅਤੇ ਸੂਤ ਕੱਤਣ ਸਮੇਂ ਜੇ ਤਾਪਮਾਨ ਵੱਧ ਜਾਵੇ ਤਾਂ ਬੂਰ ਸੁੱਕਣ ਕਾਰਨ ਪਰ-ਪਰਾਗਣ ਕ੍ਰਿਆ ਵਿੱਚ ਰੁਕਾਵਟ ਪੈ ਜਾਂਦੀ ਹੈ। ਇਸ ਕਰਕੇ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ। ਪਛੇਤੀ ਬਿਜਾਈ ਦੀ ਫ਼ਸਲ ਵਿੱੱਚ ਇਹ ਖਤਰਾ ਜ਼ਿਆਦਾ ਰਹਿੰਦਾ ਹੈ।
ਜ਼ਿਆਦਾ ਝਾੜ ਦੇਣ ਵਾਲੀਆਂ ਉਨਤ ਕਿਸਮਾਂ: ਬਹਾਰ ਰੁੱਤ ਵਿੱਚ ਵਧੇਰੇ ਝਾੜ ਦੇਣ ਵਾਲੀਆ ਦੋਗਲੀਆਂ ਕਿਸਮਾਂ ਪੀ ਐਮ ਐਚ 10, ਪੀ ਐਮ ਐਚ 8, ਪੀ ਐਮ ਐਚ 7, ਪੀ ਐਮ ਐਚ 1, ਡੀ ਕੇ ਸੀ 9108 ਅਤੇ ਪੀ 1844 ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ।
ਪੀ.ਏ.ਯੂ ਦੀ ਸਲਾਹ ਨਾਲ ਇਹਨਾਂ ਕਿਸਮਾਂ ਦਾ ਦੋਗਲਾ ਬੀਜ (ਪੀ 1844 ਅਤੇ ਡੀ ਕੇ ਸੀ 9108 ਨੂੰ ਛੱਡ ਕੇ) ਕਿਸਾਨ ਵੀਰ ਖੁੱਦ ਤਿਆਰ ਕਰ ਕੇ ਬਹਾਰ ਰੁੱਤ ਦੀ ਮੱਕੀ ਨੂੰ ਹੋਰ ਲਾਹੇਵੰਦ ਬਣਾ ਸਕਦੇ ਹਨ। ਦੋਗਲਾ ਬੀਜ ਬਣਾਉਣ ਲਈ ਨਰ ਅਤੇ ਮਾਦਾ ਲਾਈਨਾਂ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀੇ ਵਿੱੱਚ ਆਸਾਨੀ ਨਾਲ ਉਪਲੱੱਬਧ ਹਨ।
ਬਿਜਾਈ ਦਾ ਸਮਾਂ : ਬਹਾਰ ਰੁੱਤ ਦੀ ਫ਼ਸਲ ਤੋਂ ਜ਼ਿਆਦਾ ਝਾੜ ਲੈਣ ਲਈ, ਇਸ ਦੀ ਬਿਜਾਈ 20 ਜਨਵਰੀ ਤੋਂ 15 ਫ਼ਰਵਰੀ ਤੱਕ ਕਰ ਲੈਣੀ ਚਾਹੀਦੀ ਹੈ। ਪਿਛੇਤੀ ਬਿਜਾਈ ਕਰਨ ਨਾਲ ਝਾੜ ਉਤੇ ਮਾੜਾ ਅਸਰ ਪੈਂਦਾ ਹੈ। ਕਿਉਂਕਿ ਪਿਛੇਤੀ ਫ਼ਸਲ ਤੇ ਸ਼ਾਖ ਦੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਅਤੇ ਜਦੋਂ ਮੱਕੀ ਬੂਰ ਅਤੇ ਸੂਤ ਕੱਤਦੀ ਹੈ ਤਾਂ ਤਾਪਮਾਨ ਵੱਧ ਹੋਣ ਕਾਰਣ ਬੂਰ ਸੁੱਕ ਜਾਂਦਾ ਹੈ। ਇਸ ਨਾਲ ਪਰ-ਪਰਾਗਣ ਕ੍ਰਿਆ ਵਿੱਚ ਰੁਕਾਵਟ ਪੈ ਜਾਂਦੀ ਹੈ। ਜਿਸ ਕਾਰਣ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ। ਜਨਵਰੀ ਦੇ ਸ਼ੁਰੂ ਵਿੱਚ ਤਾਪਮਾਨ ਘੱਟ ਹੋਣ ਕਰਕੇ ਜ਼ਿਆਦਾ ਅਗੇਤੀ ਬਿਜਾਈ ਨਾਲ ਫ਼ਸਲ ਦੇ ਪੁੰਗਾਂਰ ਦਾ ਸਮਾਂ ਵੱਧ ਜਾਂਦਾ ਹੈ ਅਤੇ ਪੂੰਗਾਂਰ ਘੱਟ ਸਕਦਾ ਹੈ।
ਬੀਜ ਦੀ ਮਾਤਰਾ ਅਤੇ ਸੋਧ: ਵਧੇਰੇ ਝਾੜ ਲੈਣ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਸਫ਼ਲ ਕਾਸ਼ਤ ਵਿੱਚ ਬੀਜ ਦੀ ਸੋਧ ਦਾ ਅਹਿਮ ਯੋਗਦਾਨ ਹੈ, ਕਿਉਂਕਿ ਇਸ ਨਾਲ ਮੁੱਖ ਕੀੜੇ ਸ਼ਾਖ ਦੀ ਮੱਖੀ ਦੀ ਕਾਰਗਰ ਰੋਕਥਾਮ ਹੋ ਜਾਂਦੀ ਹੈ। ਬੀਜ ਨੂੰ ਕੀੜੇਮਾਰ ਦਵਾਈ ਗਾਂਚੋ (ਇਮਿਡਾਕਲੋਪਰਿਡ) 600 ਐਫ.ਐਸ. 6 ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ। ਕੀਟਨਾਸ਼ਕ ਨੂੰ ਪਾਣੀ ਵਿੱਚ ਮਿਲਾ ਕੇ ਲੇਟੀ ਬਣਾੳ ਅਤੇ ਚੰਗੀ ਤਰ੍ਹਾਂ ਬੀਜ ਵਿੱਚ ਰਲਾ ਦਿਉ ਬੀਜ ਨੂੰ ਇਸ ਤਰ੍ਹਾਂ ਸੋਧੋ ਕੇ ਹਰ ਇੱਕ ਬੀਜ ਉਤੇ ਪਰਤ ਬਣ ਜਾਵੇ। ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ ਅੰਦਰ ਹੀ ਵਰਤਣਾ ਚਾਹੀਦਾ ਹੈ।
ਖਾਦਾਂ ਦੀ ਵਰਤੋਂ: ਮੱਕੀ ਦੀ ਫ਼ਸਲ ਖੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ। ਪਰ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਧਾਰ ਅਤੇ ਫ਼ਸਲ ਚੱਕਰ ਦੇ ਮੱਦੇ ਨਜ਼ਰ ਹੀ ਕਰੋ। ਮੱਕੀ ਦੀ ਫ਼ਸਲ ਵਿੱਚ ਰੂੜੀ ਦੀ ਗਲੀ-ਸੜੀ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਮੱਕੀ ਦੀਆਂ ਲੰਬੇ ਸਮੇਂ ਵਾਲੀਆ ਕਿਸਮਾਂ ਜਿਵੇਂ ਕੇ ਪੀ ਐਮ ਐਚ 10, ਪੀ 1844, ਡੀ ਕੇ ਸੀ 9108, ਪੀ ਐਮ ਐਚ 1 ਅਤੇ ਪੀ ਐਮ ਐਚ 8 ਲਈ 110 ਕਿਲੋ ਯੂਰੀਆ, 150 ਕਿਲੋਂ ਸੁਪਰਫਾਸਫੇਟ ਜਾਂ 55 ਕਿਲੋ ਡੀ.ਏ.ਪੀ. ਖਾਦ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਘੱਟ ਸਮਾਂ ਲੈਣ ਵਾਲੀਆਂ ਕਿਸਮ ਪੀ ਐਮ ਐਚ 7 ਲਈ ਇਹਨਾਂ ਖਾਦਾਂ ਦੀ ਵਰਤੋਂ ਕ੍ਰਮਵਾਰ ਪ੍ਰਤੀ ਏਕੜ 75, 75 ਜਾਂ 27 ਅਤੇ 15 ਕਿਲੋ ਦੇ ਹਿਸਾਬ ਨਾਲ ਕਰੋ। ਲੋੜ ਪੈਣ ਤੇ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਹਨਾਂ ਖਾਦਾਂ ਦਾ ਪੂਰਾ ਫਾਇਦਾ ਲੈਣ ਲਈ ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਉ । ਬਾਕੀ ਰਹਿੰਦੀ ਨਾਈਟਰੋਜਨ ਵਾਲੀ ਖਾਦ ਦੋ ਹਿੱਸਿਆਂ ਵਿੱਚ ਪਾਉ । ਇੱਕ ਹਿੱਸਾ ਉਸ ਵੇਲੇ ਪਾਉ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ ਅਤੇ ਦੁਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਉ।
ਨਦੀਨਾਂ ਦੀ ਰੋਕਥਾਮ: ਨਦੀਨ ਫ਼ਸਲ ਵਿੱੱਚ ਪਾਣੀ, ਖੁਰਾਕੀ ਤੱੱਤਾਂ,ਰੌਸ਼ਨੀ ਆਦਿ ਲਈ ਮੁਕਾਬਲਾ ਕਰਦੇ ਹਨ। ਪੂਰਾ ਝਾੜ ਲੈਣ ਲਈ ਸ਼ੁਰੂਆਤੀ 4-6 ਹਫ਼ਤੇ ਤੱਕ ਮੱਕੀ ਨੂੰ ਨਦੀਨਾਂ ਤੋਂ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਲਈ ਫ਼ਸਲ ਉਗਣ ਤੋਂ ਪਹਿਲਾਂ 800 ਗ੍ਰਾਮ ਐਟਰਾਟਾਫ 50 ਡਬਲਯੂ.ਪੀ. (ਐਟਰਾਜੀਨ) ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਵਿੱਚ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨਾਂ ਦੇ ਅੰਦਰ ਅੰਦਰ 200 ਲਿਟਰ ਪਾਣੀ ਵਰਤ ਕੇ ਛਿੜਕਾਅ ਕਰਨ ਨਾਲ ਨਦੀਨਾਂ ਉਤੇ ਚੰਗੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਇਹ ਨਦੀਨ-ਨਾਸ਼ਕ ਘਾਹ ਜਾਤੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਕਰਦੀ ਹੈ। ਨਦੀਨਾਂ ਦੇ ਅਸਰਦਾਰ ਰੋਕਥਾਮ ਲਈ ਪਾਣੀ ਦੀ ਸ਼ਿਫ਼ਾਰਿਸ਼ ਮਾਤਰਾ ਵਿੱੱਚ ਵਰਤੋਂ ਕਰਨੀ ਜ਼ਰੂਰੀ ਹੈ। ਨਦੀਨਾਂ ਦੀ ਸਹੀ ਸਮੇਂ ਰੋਕਥਾਮ ਨਾਲ ਫ਼ਸਲ ਨੂੰ ਪਾਏ ਖੁਰਾਕੀ ਤੱਤਾਂ ਅਤੇ ਪਾਣੀ ਦਾ ਭਰਪੂਰ ਲਾਭ ਹੁੰਦਾ ਹੈ। ਕੀੜੇ ਅਤੇ ਬਿਮਾਰੀਆਂ - ਸ਼ਾਖ ਦੀ ਮੱਖੀ-ਇਹ ਬਹਾਰ ਰੁੱਤ ਦੀ ਫਸਲ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਆਮ ਤੌਰ ਤੇ ਛੋਟੀ ਫ਼ਸਲ (4-10 ਦਿਨ) ਤੇ ਹਮਲਾ ਕਰ ਕੇ ਬੂਟਿਆਂ ਨੂੰ ਸੁਕਾ ਦਿੰਦੀ ਹੈ ਅਤੇ ਵੱਡੀ ਫਸਲ ਉਪਰ ਹਮਲੇ ਕਾਰਣ ਬੂਟੇ ਬੇਢੱਬੇ ਅਤੇ ਝੁਰੜ-ਮੁਰੜ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਗਾਚੋ ਨਾਲ ਬੀਜ ਦੀ ਸੋਧ ਆਸਾਨ ਅਤੇ ਕਾਰਗਾਰ ਢੰਗ ਹੈ।ਹਮਲੇ ਤੋਂ ਬਾਅਦ ਫ਼ਸਲ ਦੇ ਨੁਕਸਾਨ ਨੂੰ ਕੀਟਨਾਸ਼ਕਾਂ ਦੀ ਸਪਰੇਅ ਕਰਕੇ ਅਸਰਦਾਰ ਢੰਗ ਨਾਲ ਨਹੀਂ ਰੋਕਿਆ ਜਾ ਸਕਦਾ।
ਫਾਲ ਆਰਮੀਵਰਮ: ਇਹ ਮੱਕੀ ਦੀ ਫ਼ਸਲ ਦਾ ਇੱਕ ਨਵਾਂ ਕੀੜਾ ਹੈ ਅਤੇ ਇਸ ਦੀ ਮੁੰਡੀ ਮੁੱਖ ਤੌਰ ਤੇ ਫ਼ਸਲ ਨੂੰ ਨੁਕਸਾਨ ਪਹੁਚਾਉਂਦੀ ਹੈ।ਛੋਟੀਆਂ ਮੁੰਡੀਆਂ ਪਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ ਅਤੇ ਵੱਡੀਆਂ ਮੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਜੇਕਰ ਸਹੀ ਸਮੇਂ ਤੇ ਰੋਕਥਾਮ ਨਾ ਕੀਤੀ ਜਾਵੇ ਤਾਂ ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਇਸ ਵਿੱਚ ਭਾਰੀ ਮਾਤਰਾ ਵਿੱਚ ਵਿਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ੈ ਦੇ ਉਲਟੇ ਨਿਸ਼ਾਨ ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸ ਆਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ।
ਰੋਕਥਾਮ:
1. ਇਸ ਕੀੜੇ ਦੇ ਵਾਧੇ ਅਤੇ ਫੈਲਾਅ ਨੂੰ ਸੀਮਿਤ ਕਰਨ ਲਈ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਸਿਫ਼ਾਰਸ਼ ਸਮੇਂ 20 ਜਨਵਰੀ ਤੋਂ 15 ਫ਼ਰਵਰੀ ਤੱਕ ਹੀ ਕਰੋ।ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕਰੋ ਤਾਂ ਜੋ ਕੀੜੇ ਦਾ ਫਲਾਅ ਘਟਾਇਆ ਜਾ ਸਕੇ।
2. ਕੀੜੇ ਦੀ ਅਸਰਦਾਰ ਰੋਕਥਾਮ ਲਈ ਸਹੀ ਮਿਕਦਾਰ ਅਤੇ ਸਹੀ ਢੰਗ ਲਈ ਕੀਟਨਾਸ਼ਕ ਦਾ ਛਿੜਕਾਅ ਬਹੁਤ ਜ਼ਰੂਰੀ ਹੈ। 0.4 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ ਪ੍ਰਤੀ ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤਕ ਵਧਾਉ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿਚ ਵਧਾਉ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮਕੀ ਦੀ ਗੋਭ ਵਲ ਨੂੰ ਕਰੋ।
ਮੁੱਖ ਬਿਮਾਰੀਆਂ ਵਿੱਚੋ ਬੀਜ ਗਲਣਾ ਅਤੇ ਪੁੰਗਾਰ ਦੇ ਝੁਲਸ ਰੋਗ ਨਾਲ ਫ਼ਸਲ ਦਾ ਜੰਮ ਮਾੜਾ ਹੋ ਜਾਂਦਾ ਹੈ, ਪੌਦੇ ਕਮਜ਼ੋਰ ਅਤੇ ਮਰ ਜਾਂਦੇ ਹਨ। ਇਸ ਲਈ ਹਮੇਸ਼ਾ ਨਰੋਏ ਬੀਜ ਦੀ ਹੀ ਵਰਤੋਂ ਕਰੋ ।ਪਛੇਤਾ ਮੁਰਝਾਉਣ ਰੋਗ ਨਾਲ ਟਾਂਡੇ ਗਲਣ ਕਾਰਨ ਫੁੱਲ ਨਿਕਲਣ ਤੋਂ ਬਾਅਦ ਪੌਦਾ ਮੁਰਝਾ ਜਾਂਦਾ ਹੈ। ਇਸ ਦੀ ਰੋਕਥਾਮ ਲਈ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿੳ ਅਤੇ ਬਿਮਾਰੀ ਨੂੰ ਸਹਿਣ ਕਰਨ ਵਾਲੀ ਕਿਸਮ ਪੀ.ਐਮ.ਐਚ 10 ਦੀ ਕਾਸ਼ਤ ਕਰੋ।
ਫ਼ਸਲ ਦੀ ਵਾਢੀ ਅਤੇ ਦਾਣੇ ਕੱਢਣਾ: ਛੱਲੀਆਂ ਦੇ ਪਰਦੇ ਸੁੱਕ ਜਾਣ ਅਤੇ ਦਾਣੇ ਪੱਕ ਕੇ ਸਖ਼ਤ ਹੋ ਜਾਣ ਤਾਂ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ, ਭਾਵੇ ਬੂਟਾ ਅਤੇ ਕੁੱਝ ਪੱਤੇ ਅਜੇ ਹਰੇ ਹੀ ਹੋਣ। ਇਹਨਾਂ ਹਰੇ ਬੂਟਿਆਂ ਨੂੰ ਚਾਰੇ ਵਾਸਤੇ ਵਰਤਿਆ ਜਾ ਸਕਦਾ ਹੈ। ਖੇਤ ਛੇਤੀ ਖਾਲੀ ਕਰਨ ਲਈ ਟਾਂਡਿਆਂ ਨੂੰ ਛੱਲੀਆਂ ਸਮੇਤ ਵੱਢ ਕੇ ਖੇਤ ਦੇ ਇੱਕ ਪਾਸੇ ਮੁਹਾਰੇ ਲਾਏ ਜਾ ਸਕਦੇ ਹਨ। ਛੱਲੀਆਂ ਦੇ ਚੰਗੀ ਤਰ੍ਹਾਂ ਸੁੱਕ ਜਾਣ ਤੇ ਹੀ ਦਾਣੇ ਕੱਢੋ। ਦਾਣੇ ਕੱਢਣ ਲਈ ਹੱਥ ਨਾਲ ਚੱਲਣ ਵਾਲੇ ਅਤੇ ਬਿਜਲੀ ਜਾਂ ਮੋਟਰ ਨਾਲ ਚੱਲਣ ਵਾਲੇ ਸ਼ੈਲਰ ਜਾਂ ਸ਼ੈਲਰ ਕਮ ਡੀਹਸਕਰ ਬਜ਼ਾਰ ਵਿੱਚ ਮਿਲਦੇ ਹਨ। ਮੰਡੀਕਰਨ ਤੋਂ ਪਹਿਲਾਂ ਵੱਧ ਮੁੱਲ ਲੈਣ ਲਈ ਦਾਣਿਆਂ ਨੂੰ ਸੁੱਕਾ ਲੈਣਾ ਚਾਹੀਦਾ ਹੈ। ਪੀ.ਏ.ਯੂ. ਵੱਲੋਂ ਤਿਆਰ ਛੋਟੇ ਸੀਡ ਡਰਾਇਰ (ਤਿੰਨ ਟਨ ਵਾਲੇ) ਨੂੰ ਵੀ ਕਿਸਾਨ ਵੀਰ ਅਪਣਾ ਸਕਦੇ ਹਨ।ਇਸ ਤੋਂ ਇਲਾਵਾ ਅੱਜ-ਕੱਲ ਕੰਬਾਇਨ ਨਾਲ ਵਾਢੀ ਦਾ ਰੁਝਾਣ ਵੀ ਵਧ ਰਿਹਾ ਹੈ। ਬਹਾਰ ਰੁੱਤ ਵਿੱਚ ਹਰੀਆਂ ਛੱਲੀਆਂ ਦਾ ਢੁੱਕਵਾਂ ਮੰਡੀਕਰਨ ਕਰਕੇ ਇਸ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਕਿਉਂਕਿ ਛੱਲੀਆਂ ਦੇ ਤਿਆਰ ਹੋਣ ਸਮੇਂ ਬਾਕੀ ਚਾਰਾ ਫ਼ਸਲਾਂ ਦੀ ਘਾਟ ਕਾਰਨ ਹਰੇ ਟਾਂਡਿਆਂ ਦਾ ਵੀ ਚੰਗਾ ਮੁੱਲ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ :- ਭਾਰਤੀ ਰਵਾਇਤੀ ਚਿਕਿਤਸਕ ਰੁੱਖ ਹਨ ਨਿੰਮ ਅਤੇ ਸੁਹੰਜਨਾ
ਜਸਬੀਰ ਸਿੰਘ ਚਾਵਲਾ : 98726-60990
ਜਸਬੀਰ ਸਿੰਘ ਚਾਵਲਾ, ਮਹੇਸ਼ ਕੁਮਾਰ ਅਤੇ ਜਵਾਲਾ ਜਿੰਦਲ
ਮੱਕੀ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
Summary in English: Excellent techniques for spring maize cultivation and water saving