Berseem Grass: ਪੰਜਾਬ ਵਿੱਚ ਹਰੇ ਚਾਰੇ ਦਾ ਉਤਪਾਦਨ ਆਮ ਤੌਰ ਤੇ ਵਾਹੀਯੋਗ ਜ਼ਮੀਨ ਤੋਂ ਹੁੰਦਾ ਹੈ ਜੋ ਕਿ 9.0 ਲੱਖ ਹੈਕਟੇਅਰ ‘ਤੇ ਸਥਿਰ ਹੈ। ਆਮ ਤੌਰ ਤੇ ਸਾਡੇ ਖੇਤਾਂ ਵਿੱਚ ਹਰੇ ਚਾਰੇ ਦੀ ਕਾਫ਼ੀ ਮਾਤਰਾ ਉਪਲਬਧ ਹੁੰਦੀ ਹੈ ਪਰ ਫਿਰ ਵੀ ਹਰ ਸਮੇਂ ਹਰੇ ਚਾਰੇ ਦੀ ਘਾਟ ਰਹਿੰਦੀ ਹੈ। ਹਰਾ ਚਾਰਾ ਜੋ ਕਿ ਪੌਸ਼ਟਿਕ ਤੱਤਾਂ ਦਾ ਇੱਕ ਭਰਪੂਰ ਸਰੋਤ ਹੈ ਅਤੇ ਬਹੁਤ ਜ਼ਿਆਦਾ ਪਚਣਯੋਗ ਅਤੇ ਸੁਆਦੀ ਹੁੰਦਾ ਹੈ, ਪਸ਼ੂਆਂ ਨੂੰ ਸਾਲ ਭਰ ਉਪਲਬਧ ਹੋਣਾ ਯਕੀਨੀ ਬਣਾਇਆ ਜਾ ਸਕਦਾ ਹੈ ਜੇਕਰ ਵਾਧੂ ਚਾਰੇ ਦੀ ਸੰਭਾਲ ਕੀਤੀ ਜਾਵੇ।
ਹਰੇ ਚਾਰੇ ਦੀ ਸੰਭਾਲ ਦੇ ਆਮ ਤੌਰ ‘ਤੇ ਦੋ ਤਰੀਕੇ ਹਨ। ਇੱਕ ਹੈ ਆਚਾਰ ਬਣਾਉਣਾ ਅਤੇ ਦੂਜਾ ਹੈ ਹਰੇ ਚਾਰੇ ਨੂੰ ਸੁਕਾਉਣਾ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਵਲੋਂ ਚਾਰੇ ਦਾ ਆਚਾਰ ਬਣਾਉਣ ਵਿੱਚ ਕਾਫ਼ੀ ਦਿਲਚਸਪੀ ਦਿਖਾਈ ਗਈ ਹੈ। ਪੰਜਾਬ ਵਿੱਚ ਆਮ ਤੌਰ ਤੇ ਮੱਕੀ ਦੇ ਹਰੇ ਚਾਰੇ ਦਾ ਆਚਾਰ ਬਣਾਇਆ ਜਾਂਦਾ ਹੈ। ਇਸ ਕਰਕੇ ਬਹਾਰ ਰੁੱਤ ਦੀ ਮੱਕੀ ਹੇਠ ਰਕਬਾ ਵੀ ਵਧਦਾ ਦੇਖਿਆ ਗਿਆ ਹੈ। ਪਰੰਤੂ ਇਸ ਰੁੱਤ ਵਿੱਚ ਬੀਜੀ ਮੱਕੀ ਦੀ ਫ਼ਸਲ ਨੂੰ ਸਿਚਾੰਈਆਂ ਦੀ ਕਾਫ਼ੀ ਲੋੜ ਪੈਂਦੀ ਹੈ ਜੋ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਥੱਲੇ ਕਰਦੀ ਹੈ।
ਵਧੇਰੇ ਮੁਨਾਫ਼ੇ ਲਈ ਅਤੇ ਥੁੜ੍ਹ ਸਮੇਂ ਵਰਤੋਂ ਲਈ ਹਾੜ੍ਹੀ ਵਿੱਚ ਬੀਜੇ ਜਾਂਦੇ ਵਾਧੂ ਬਰਸੀਮ ਦੇ ਹਰੇ ਚਾਰੇ ਨੂੰ ਸੁਕਾ ਕੇ ਸਾਂਭਿਆ ਜਾ ਸਕਦਾ ਹੈ। ਇਕ ਕਿਲੋ ਸੁਕਾਇਆ ਹਰਾ ਚਾਰਾ ਜਿਸ ਵਿੱਚ 90 ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ ਉਹ 6 ਕਿਲੋ ਹਰੇ ਚਾਰੇ ਦੇ ਬਰਾਬਰ ਹੈ ਜਿਸ ਵਿੱਚ 15 ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ। ਇਸ ਲੇਖ ਵਿੱਚ ਹਰੇ ਚਾਰੇ ਨੂੰ ਸੁਕਾੳਣ ਦੇ ਸਹੀ ਢੰਗ ਅਤੇ ਸੁਕੇ ਚਾਰੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਲਈ ਵਧੇਰੇ ਉਪਯੋਗੀ ਹੋ ਸਕਦੀ ਹੈ।
ਸੁਕਾਇਆ ਚਾਰਾ (ਹੇਅ)
ਚਾਰੇ ਨੂੰ ਸੁਕਾ ਕੇ ਸਾਂਭਣ ਦਾ ਭਾਵ ਹੈ ਕਿ ਉਸ ਵਿਚਲੀ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਜ਼ਿਆਦਾ ਨਾ ਰਹੇ ਅਤੇ ਉਸ ਦੇ ਪੌਸ਼ਟਿਕ ਤੱਤਾਂ ਵਿੱਚ ਕੋਈ ਘਾਟ ਨਾ ਆਵੇ। ਨਰਮ ਤਣਿਆਂ ਵਾਲੇ ਫ਼ਲੀਦਾਰ ਹਰੇ ਚਾਰੇ ਜਿਵੇਂ ਬਰਸੀਮ, ਲੂਸਣ ਆਦਿ ਸੁਕਾਉਣ ਲਈ ਬਹੁਤ ਵਧੀਆ ਹਨ।
ਇਹ ਵੀ ਪੜ੍ਹੋ : BL44, BL43 ਅਤੇ BL42 ਬਰਸੀਮ ਦੀਆਂ ਸੁਧਰੀਆਂ ਕਿਸਮਾਂ, ਜਾਣੋ ਬੀਜ ਉਤਪਾਦਨ ਸੰਬਧੀ ਜਰੂਰੀ ਨੁਕਤੇ
ਹਰੇ ਚਾਰੇ ਨੂੰ ਚੰਗੀ ਤਰ੍ਹਾਂ ਸੁਕਾਉਣ ਲਈ ਹੇਠਾਂ ਦੱਸੇ ਨੁਕਤੇ ਧਿਆਨ ਵਿੱਚ ਰੱਖੋ:
ਚਾਰੇ ਨੂੰ ਸੁਕਾ ਕੇ ਰੱਖਣ ਲਈ ਹਰੇ ਚਾਰੇ ਦੀ ਕਟਾਈ ਸਿੰਚਾਈ ਤੋਂ ਬਾਅਦ ਨਹੀਂ ਕਰਨੀ ਚਾਹੀਦੀ। ਇਹਨਾਂ ਦੀ ਕਟਾਈ ਸਿੰਚਾਈ ਕਰਨ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਹਨਾਂ ਵਿੱਚ ਨਮੀ ਘੱਟ ਹੋਵੇ ਅਤੇ ਸੁੱਕਾ ਮਾਦਾ ਜ਼ਿਆਦਾ ਹੋਵੇ। ਚਾਰੇ ਨੂੰ ਸੁਕਾ ਕੇ ਰੱਖਣ ਦੀ ਵਿਧੀ ਕਿਸਾਨ ਬਿਨਾਂ ਕਿਸੇ ਵਾਧੂ ਨਿਵੇਸ਼ ਦੇ ਆਸਾਨੀ ਨਾਲ ਅਪਣਾ ਸਕਦੇ ਹਨ।
1. ਸੁਕਾਇਆ ਚਾਰਾ ਤਿਆਰ ਕਰਨ ਲਈ ਫ਼ੁੱਲ ਪੈਣ ਸਮੇਂ ਫ਼ਸਲ ਦੀ ਕਟਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕ ਇਸ ਵਿੱਚ ਵੱਧ ਤੋਂ ਵੱਧ ਪੌਸ਼ਟਕਿ ਤੱਤ ਅਤੇ ਹਰੇ ਪਦਾਰਥ ਹਨ।
2. ਇਸ ਕੱਟੀ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੀ ਲੰਬਾਈ ਦਾ ਕੁਤਰਾ ਕਰ ਲਓ।
3. ਫਿਰ ਇਸ ਕੁਤਰਾ ਕੀਤੇ ਚਾਰੇ ਨੂੰ ਸੁਕਾਉਣ ਲਈ ਸਧਾਰਨ ਪਿੜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
4. ਚਾਰੇ ਨੂੰ ਛੇਤੀ ਸੁਕਾਉਣ ਲਈ ਇਸ ਨੂੰ ਕਿਸੇ ਤਰੰਗਲੀ ਆਦਿ ਨਾਲ ਹਰ ਦੋ ਤਿੰਨ ਘੰਟਿਆਂ ਬਾਅਦ ਹਿਲਾਉਂਦੇ ਰਹੋ।
5. ਜਦੋਂ ਚਾਰਾ-ਚੰਗੀ ਤਰ੍ਹਾਂ ਸੁੱਕ ਜਾਵੇ (ਇਸ ਕੰਮ ਲਈ ਆਮ ਤੌਰ ਤੇ 2-3 ਦਿਨ ਲੱਗ ਜਾਂਦੇ ਹਨ) ਤਾਂ ਸਟੋਰ ਕਰ ਲਓ।
6. ਸਟੋਰ ਕਰਨ ਤੋਂ ਪਹਿਲਾਂ ਇਸ ਦੀ ਨਮੀ ਪਰਖਣ ਲਈ ਹੱਥ ਨਾਲ ਕੁਝ ਡਾਲਾਂ ਨੂੰ ਮਰੋੜੀ ਦਿਓ। ਜੇ ਇਹ ਸੌਖਿਆਂ ਹੀ ਟੁੱਟ ਜਾਣ ਤਾਂ ਸਮਝੋ ਕਿ ਚਾਰਾ ਸਟੋਰ ਕਰਨ ਲਈ ਤਿਆਰ ਹੈ।
7. ਇਸ ਨੂੰ ਤੂੜੀ ਵਾਲੇ ਕੋਠੇ ਵਿੱਚ ਜਮ੍ਹਾਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਰਸੀਮ ਦੀ ਫ਼ਸਲ ਨੂੰ ਕੀੜੇ ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਓ
ਸੁੱਕੇ ਚਾਰੇ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ
ਸੁੱਕੇ ਚਾਰੇ ਦੀ ਗੁਣਵੱਤਾ ਦਾ ਸਿੱਧਾ ਸਬੰਧ ਚਾਰੇ ਦੀ ਕਟਾਈ ਦੇ ਢੁਕਵੇਂ ਸਮੇਂ ਅਤੇ ਬੂਟਿਆਂ ਵਿੱਚ ਪੱਤਿਆਂ ਦੇ ਅਨੁਪਾਤ ਨਾਲ ਹੁੰਦਾ ਹੈ।
ਕਟਾਈ ਦਾ ਸਮਾਂ: ਸੁਕਾਇਆ ਚਾਰਾ ਤਿਆਰ ਕਰਨ ਲਈ ਫ਼ੁੱਲ ਪੈਣ ਸਮੇਂ ਫ਼ਸਲ ਦੀ ਕਟਾਈ ਕਰਨੀ ਚਾਹੀਦੀ ਹੈ। ਇਸ ਪੜਾਅ 'ਤੇ, ਫਸਲ ਵਿੱਚ ਵੱਧ ਤੋਂ ਵੱਧ ਪੌਸ਼ਟਿਕ ਤੱਤ ਅਤੇ ਹਰੇ ਪਦਾਰਥ ਹੁੰਦੇ ਹਨ।
ਪੱਤੇ ਤੇ ਤਣੇ ਦਾ ਅਨੁਪਾਤ: ਸੁੱਕਾ ਚਾਰਾ ਪੱਤੇਦਾਰ ਹੋਣਾ ਚਾਹੀਦਾ ਹੈ। ਪੱਤੇ ਤੇ ਤਣੇ ਦਾ ਅਨੁਪਾਤ ਬੂਟਿਆਂ ਵਿੱਚ ਮੌਜੂਦ ਤਣਿਆਂ ਅਤੇ ਪੱਤਿਆਂ ਦੇ ਅਨੁਪਾਤ ਨੂੰ ਦਰਸਾਉਂਦਾ ਹੈ। ਪੱਤਿਆਂ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪੌਦੇ ਦੇ ਦੂਜੇ ਹਿੱਸੇ ਨਾਲੋਂ ਵੱਧ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਪੱਤਿਆਂ ਨੂੰ ਸਾਂਭਣ ਲਈ ਚਾਰੇ ਦੀ ਕਟਾਈ ਅਤੇ ਸੁਕਾਉਣ ਵੇਲੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Barseem Cultivation: ਇਸ ਨਵੇਕਲੇ ਢੰਗ ਨਾਲ ਬਰਸੀਮ ਦੀ ਕਾਸ਼ਤ ਕਰਕੇ ਪਾਓ ਵੱਧ ਝਾੜ
ਵਧੀਆ ਤਰੀਕੇ ਨਾਲ ਸੁਕਾਏ ਚਾਰੇ ਦੇ ਗੁਣ:
● ਸੁੱਕੇ ਚਾਰੇ ਦਾ ਰੰਗ ਹਰਾ ਹੋਣਾ ਚਾਹੀਦਾ ਹੈ। ਹਰਾ ਰੰਗ ਕੈਰੋਟੀਨ ਦੀ ਮਾਤਰਾ ਨੂੰ ਦਰਸਾਉਂਦਾ ਹੈ ਜੋ ਵਿਟਾਮਿਨ ਏ ਦਾ ਪੂਰਵਗਾਮੀ ਹੈ।
● ਸੁੱਕਾ ਚਾਰਾ ਨਰਮ ਅਤੇ ਲਚਕਦਾਰ ਹੋਣਾ ਚਾਹੀਦਾ ਹੈ।
● ਸੁਕਾਇਆ ਚਾਰਾ ਨਦੀਨਾਂ ਅਤੇ ਘਾਹ-ਫ਼ੂਸ ਤੋਂ ਮੁਕਤ ਹੋਣਾ ਚਾਹੀਦਾ ਹੈ।
● ਸੁੱਕੇ ਚਾਰੇ ਵਿੱਚ ਨਮੀ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਹਰੇ ਚਾਰੇ ਨੂੰ ਸੁਕਾਉਣ ਦੇ ਫਾਇਦੇ:
● ਸੁੱਕੇ ਚਾਰੇ ਨੂੰ ਲੰਮੇ ਸਮੇਂ ਤਕ ਰੱਖਿਆ ਜਾ ਸਕਦਾ ਹੈ।
● ਸੁੱਕੇ ਚਾਰੇ ਨੂੰ ਆਸਾਨੀ ਨਾਲ ਪਸ਼ੂਆਂ ਨੂੰ ਖੁਆਇਆ ਜਾ ਸਕਦਾ ਹੈ।
● ਹਰੇ ਚਾਰੇ ਦੇ ਮੁਕਾਬਲੇ ਸੁੱਕੇ ਚਾਰੇ ਦੀ ਸੰਭਾਲ ਅਤੇ ਢੋਆ-ਢੁਆਈ ਵਿੱਚ ਲੇਬਰ ਘਟ ਲਗਦੀ ਹੈ।
● ਸੁੱਕੇ ਚਾਰੇ ਵਿੱਚ ਪਸ਼ੂਆਂ ਲਈ ਲੋੜੀਂਦੇ ਜ਼ਿਆਦਾਤਰ ਪੌਸ਼ਟਿਕ ਤੱਤ ਸਹੀ ਮਾਤਰਾ ਵਿੱਚ ਹੁੰਦੇ ਹਨ।
ਮਨਿੰਦਰ ਕੌਰ ਅਤੇ ਹਰਪ੍ਰੀਤ ਕੌਰ ਓਬਰਾਏ, ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ, ਪੀ.ਏ.ਯੂ ਲੁਧਿਆਣਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Farmers benefit from green fodder, know these 2 best methods