Paddy Cultivation: ਸੈਂਟਰਲ ਗਰਾਊਂਡ ਵਾਟਰ ਬੋਰਡ (Central Ground Water Board) ਦੀ ਰਿਪੋਰਟ ਅਨੁਸਾਰ ਪੰਜਾਬ ਦੇ 138 ਬਲਾਕਾਂ ਵਿੱਚ 109 ਦੇ ਕਰੀਬ ਬਲਾਕ ਰੈਂਡ ਜ਼ੌਨ (Red Zone) ਵਿੱਚ ਚੱਲ ਰਹੇ ਹਨ ਅਤੇ ਲੋੜ ਹੈ ਕਿ ਇਨ੍ਹਾਂ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦੇ ਨਾਲ-ਨਾਲ ਸੁਚੱਜੇ ਢੰਗ ਨਾਲ ਵਰਤਿਆ ਜਾਵੇਂ। ਧਰਤੀ ਹੇਠਲੇ ਪਾਣੀ ਦੀ ਘਟਦੀ ਮਿੱਕਦਾਰ ਪੰਜਾਬ ਲਈ ਚਿੰਤਾਂ ਦਾ ਵਿਸ਼ਾਂ ਹੈ ਅਤੇ ਅੱਜ ਪਾਣੀ ਨੂੰ ਸੰਭਾਲ ਕੇ ਵਰਤਣਾ ਸਮੇਂ ਦੀ ਲੋੜ ਬਣ ਚੁੱਕੀ ਹੈ।
ਪੰਜਾਬ ਭਾਰਤ ਵਿੱਚ ਸਭ ਤੋ ਵੱਧ ਕਾਸ਼ਤ ਕਰਨ ਵਾਲਾ ਸੂਬਾ ਹੈ, ਜਿਸ ਦੇ 85 ਪ੍ਰਤੀਸ਼ਤ ਰਕਬੇ ਵਿੱਚ ਖੇਤੀ ਕੀਤੀ ਜਾਦੀ ਹੈ। ਪੰਜਾਬ ਵਿੱਚ ਖੇਤੀ ਸਿੰਚਾਈ ਲਈ ਲਗਭਗ 73 ਫੀਸਦੀ ਧਰਤੀ ਹੇਠਲੇ ਪਾਣੀ ਦਾ ਇਸਤਮਾਲ ਕੀਤਾ ਜਾਂਦਾ ਹੈ। ਟਿਊਬਵੈੱਲਾ ਦੀ ਲਗਾਤਾਰ ਹੁੰਦੀ ਦੁਰਵਰਤੋ ਕਾਰਨ ਪਾਣੀ ਦਾ ਪੱਧਰ ਲਗਾਤਾਰ ਹੇਠਾ ਜਾ ਰਿਹਾ ਹੈ (ਲਗਭਗ 0.49 ਮੀਟਰ ਪ੍ਰਤੀ ਸਾਲ) ਜਿਸ ਲਈ ਕਿਸਾਨਾਂ ਨੂੰ ਬਰਮੇ ਵਾਲੇ ਡੂੰਘੇ ਬੋਰ ਕਰਨੇ ਪੈ ਰਹੇ ਹਨ। ਇਸ ਤਰ੍ਹਾਂ ਬੋਰ ਕਰਨ ਦਾ ਖਰਚਾ ਇੰਨ੍ਹਾਂ ਮਹਿੰਗਾਂ ਹੈ ਕਿ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੈ।
ਝੋਨਾ ਪੰਜਾਬ ਦੀ ਮੁੱਖ ਫਸਲਾਂ ਵਿੱਚੋ ਇੱਕ ਹੈ। ਝੋਨੇ ਵਿੱਚ ਗੰਨੇ ਦੇ ਮੁਕਾਬਲੇ ਲਗਭਗ 45 ਪ੍ਰਤੀਸ਼ਤ ਅਤੇ ਮੱਕੀ ਦੇ ਮੁਕਾਬਲੇ ਲਗਭਗ 88 ਪ੍ਰਤੀਸ਼ਤ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ, ਜੋ ਕਿ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦਾ ਮੁੱਖ ਕਾਰਨ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਝੋਨੇ ਦੇ ਕਾਸ਼ਤਕਾਰਾਂ ਲਈ ਪਾਣੀ ਬਚਾਉਣ ਦੀਆ ਬਹੁਤ ਸਾਰੀਆਂ ਉੱਨਤ ਤਕਨੀਕਾਂ ਦਿੱਤੀਆ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ:
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਅਪੀਲ, ਝੋਨੇ ਦੀਆਂ ਇਹ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਹੀ ਵਰਤੋਂ
ਝੋਨੇ ਵਿੱਚ ਪਾਣੀ ਬਚਾਉਣ ਦੇ ਉੱਨਤ ਢੰਗ:
1. ਘੱਟ ਸਮਾਂ ਲੈਣ ਵਾਲੀਆਂ ਉੱਨਤ ਕਿਸਮਾਂ ਉਗਾਓ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਪਰਮਲ ਝੋਨੇ ਦੀਆਂ ਸਿਫਾਰਸ਼ ਕਿਸਮਾਂ ਪੀ.ਆਰ 129, ਪੀ.ਆਰ 128, ਪੀ.ਆਰ 127, ਪੀ.ਆਰ 126, ਪੀ.ਆਰ 122, ਪੀ.ਆਰ 121, ਆਦਿ ਪੱਕਣ ਲਈ ਪੁਰਾਣੀਆ ਪ੍ਰਚੱਲਤ ਕਿਸਮਾਂ ਜਿਵੇਂ ਕਿ ਪੂਸਾ 44 ਨਾਲੋ ਲੱਗਭਗ 2 ਤੋ 5 ਹਫਤੇ ਘੱਟ ਲੈਂਦੀਆਂ ਹਨ, ਪ਼੍ਰੰਤੂ ਝਾੜ ਲਗਭਗ ਬਰਾਬਰ ਹੀ ਦਿੰਦੀਆ ਹਨ।
ਪਰਮਲ ਝੋਨੇ ਦੀਆ ਕਿਸਮਾਂ ਪੀ.ਆਰ 126 ਅਤੇ ਪੀ.ਆਰ 121 ਪੁਰਾਣੀ ਕਿਸਮ ਪੂਸਾ 44 ਨਾਲੋ ਕ੍ਰਮਵਾਰ 37 ਅਤੇ 20 ਦਿਨ ਘੱਟ ਲੈਦੀਆਂ ਹਨ ਅਤੇ ਵੱਧ ਮੁਨਾਫਾ ਦਿੰਦੀਆ ਹਨ। ਪਾਣੀ ਦੀ ਬੱਚਤ ਲਈ ਇਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਤਰਜੀਹ ਦਿਉ।
2. ਝੋਨੇ ਦੀ ਅਗੇਤੀ ਲੁਆਈ ਨਾ ਕਰੋ
ਪੰਜਾਬ ਵਿੱਚ ਪਾਣੀ ਦੇ ਡਿੱਗਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਾਲ 2009 ਵਿੱਚ "ਪੰਜਾਬ ਪ੍ਰੀਜਰਵੇਸ਼ਨ ਆਫ ਸਬ ਸੋਆਇਲ ਵਾਟਰ ਐਕਟ 2009" ਪਾਸ ਕੀਤਾ, ਜਿਸ ਤਹਿਤ ਝੋਨਾ ਖੇਤ ਵਿੱਚ 15 ਜੂਨ ਤੋਂ ਪਹਿਲਾ ਨਹੀਂ ਲਗਾਇਆ ਜਾ ਕਰਦਾ। ਜਦੋ ਝੋਨਾ ਜੂਨ ਦੇ ਪਹਿਲੇ ਹਫਤੇ ਵਿੱਚ ਲਗਾਇਆ ਜਾਦਾ ਹੈ ਤਾਂ ਜਿਆਦਾ ਗਰਮੀ ਅਤੇ ਹਵਾ ਵਿੱਚ ਨਮੀ ਘੱਟ ਹੋਣ ਕਰਕੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਅਤੇ ਪਾਣੀ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ।
ਪੰਜਾਬ ਪ੍ਰੀਜਰਵੇਸ਼ਨ ਆਫ ਸਬ ਸੋਆਇਲ ਵਾਟਰ ਐਕਟ 2009 ਦੇ ਆਉਣ ਨਾਲ ਪੰਜਾਬ ਵਿੱਚ ਹਰ ਸਾਲ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੀ ਦਰ ਜੋ ਕਿ ਸਾਲ 2000 ਤੋ 2008 ਤੱਕ 0.9 ਮੀਟਰ ਸੀ ਘੱਟ ਕੇ 0.7 ਮੀਟਰ ਰਹਿ ਗਈ। ਜੇਂਕਰ ਝੋਨਾ ਅੱਧ ਜੂਨ ਤੋ ਬਾਅਦ ਲਗਾਇਆ ਜਾਵੇਂ ਤਾਂ ਇਸ ਮਹੀਨੇ ਦੀ ਅਖੀਰ ਵਿੱਚ ਬਰਸਾਤਾਂ ਸ਼ੁਰੂ ਹੋਣ ਨਾਲ ਹਵਾ ਵਿੱਚ ਨਮੀ ਵੱਧਣ ਅਤੇ ਤਾਪਮਾਨ ਘੱਟਣ ਕਰਕੇ ਪਾਣੀ ਦਾ ਵਾਸ਼ਪੀਕਰਨ ਘੱਟਦਾ ਹੈ ਅਤੇ ਪਾਣੀ ਦੀ ਖਪਤ ਵੀ ਘੱਟ ਜਾਦੀ ਹੈ।
ਇਹ ਵੀ ਪੜ੍ਹੋ : ਸਾਉਣੀ ਸੀਜ਼ਨ 'ਚ ਕਰੋ ਪਰਾਲੀ ਖੁੰਬ ਦੀ ਕਾਸ਼ਤ, ਪਰਾਲੀ ਦੀ ਇੱਕ ਕਿਆਰੀ 'ਚੋਂ ਲਓ 3 ਤੋਂ 4 ਕਿਲੋ ਝਾੜ
3. ਝੋਨੇ ਵਿੱਚ ਲਗਾਤਾਰ ਪਾਣੀ ਖੜ੍ਹਾ ਨਾ ਰੱਖੋ
ਝੋਨੇ ਦੇ ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਨਹੀਂ ਹੈ।ਝੋਨੇ ਦੀ ਪਨੀਰੀ ਪੱਟ ਕੇ ਖੇਤ ਵਿੱਚ ਲਗਾਉਣ ਪਿੱਛੋ ਸਿਰਫ 2 ਹਫਤੇ ਤੱਕ ਖੇਤ ਵਿੱਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਪਿੱੱਛੋ ਪਾਣੀ ਉਸ ਵੇਲੇ ਦਿਓ ਜਦੋਂ ਖੇਤ ਵਿੱਚੋ ਪਾਣੀ ਜ਼ਜਬ ਹੋਏ ਨੂੰ 2 ਦਿਨ ਹੋ ਗਏ ਹੋਣ।ਇਸ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ। ਪਾਣੀ ਦੇ ਜ਼ੀਰਨ ਤੋ 2 ਦਿਨ ਬਾਅਦ ਪਾਣੀ ਲਗਾਉਣ ਨਾਲ ਝੋਨੇ ਵਿੱਚ ਕੀੜੇ ਅਤੇ ਬਿਮਾਰੀਆ ਦਾ ਹਮਲਾਂ ਘੱਟ ਹੁੰਦਾ ਹੈ।
4. ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਕਰੋ
ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਤੋਂ ਇਲਾਵਾ ਪਨੀਰੀ ਉਗਾਉਣ, ਢੋਆ-ਢੁਆਈ ਅਤੇ ਖੇਤ ਵਿੱਚ ਝੋਨੇ ਦੀ ਲੁਆਈ ਦਾ ਖਰਚਾ ਬਚਦਾ ਹੈ।ਸਿੱਧੀ ਬਿਜਾਈ ਦੀ ਸਿਫ਼ਾਰਿਸ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲਵਾਲੀ ਮੈਰਾ) ਵਿੱਚ ਕੀਤੀ ਜਾਂਦੀ ਹੈ।
ਸਿੱਧੀ ਬਿਜਾਈ ਹਲਕੀਆਂ ਜ਼ਮੀਨਾਂ (ਰੇਤਲੀ, ਮੈਰਾ ਰੇਤਲੀ) ਵਿੱਚ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਥੇ ਲੋਹੇ ਦੀ ਬਹੁਤ ਘਾਟ ਅਤੇ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ।ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ) ਸਿੱਧੀ ਬਿਜਾਈ ਲਈ ਢੁੱਕਵਾਂ ਸਮਾਂ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ (16 ਤੋਂ 30 ਜੂਨ) ਵਿੱਚ ਵੀ ਕੀਤੀ ਜਾ ਸਕਦੀ ਹੈ।ਝੋਨੇ ਦੀ ਸਿੱਧੀ ਬਿਜਾਈ ਲਈ 8-10 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ।
5. ਲੇਂਜਰ ਕਰਾਹੇ ਦੀ ਵਰਤੋ ਕਰੋ
ਝੋਨੇ ਦੀ ਸਿੱਧੀ ਬਿਜਾਈ ਜਾਂ ਕੱਦੂ ਕਰਨ ਤੋਂ ਪਹਿਲਾ ਖੇਤ ਨੂੰ ਲੇਂਜਰ ਵਾਲੇ ਕਰਾਹੇ ਨਾਲ ਪੱਧਰ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ ਯੋਗ ਵਰਤੋਂ ਹੁੰਦੀ ਹੈ ਅਤੇ ਫਸਲ ਦਾ ਵਧੀਆ/ਪੁੰਗਾਰ ਮਿਲਦਾ ਹੈ। ਲੇਂਜਰ ਕਰਾਹੇ ਨਾਲ ਜਮੀਨ ਨੂੰ ਪੱਧਰ ਕਰਨ ਨਾਲ 20 ਤੋ 25 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ, ਝਾੜ ਵਿੱਚ 5 ਤੋ 10 ਪ੍ਰਤੀਸ਼ਤ ਵਾਧਾ ਹੁੰਦਾ ਹੈ ਅਤੇ ਖਾਦਾ ਅਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋ ਹੁੰਦੀ ਹੈ।
ਉਪਿੰਦਰ ਸਿੰਘ ਸੰਧੂ ਅਤੇ ਸੰਜੀਵ ਕੁਮਾਰ ਕਟਾਰੀਆ
ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ
ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ, ਲੁਧਿਆਣਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Follow these 5 methods for efficient use of water during paddy cultivation