s
  1. ਖੇਤੀ ਬਾੜੀ

Rain Water : ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਇਹ ਤਰੀਕੇ ਅਪਣਾਓ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਮੀਂਹ ਦੇ ਪਾਣੀ ਦੀ ਸੰਭਾਲ ਲਈ ਅਪਣਾਓ ਇਹ ਤਰੀਕੇ

ਮੀਂਹ ਦੇ ਪਾਣੀ ਦੀ ਸੰਭਾਲ ਲਈ ਅਪਣਾਓ ਇਹ ਤਰੀਕੇ

Water : ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਤੇ ਜੀਵਨ ਦਾ ਮੂਲ ਆਧਾਰ ਹੈ। ਇਹ ਸਾਡੀ ਜੀਵਨ ਰੇਖਾ ਹੈ। ਪਾਣੀ ਤੋਂ ਬਿਨਾਂ ਧਰਤੀ ’ਤੇ ਜੀਵਨ ਅਸੰਭਵ ਹੈ। ਸਾਡੇ ਸਰੀਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ। ਸਰੀਰ ਦੇ ਅੱਸੀ ਫ਼ੀਸਦੀ ਭਾਗ ਵਿਚ ਪਾਣੀ ਹੈ। ਇਕ ਮਨੁੱਖ ਕਰੀਬ 20 ਦਿਨ ਤਕ ਭੋਜਨ ਤੋਂ ਬਿਨਾਂ ਤਾਂ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਤਿੰਨ-ਚਾਰ ਦਿਨ ਤੋਂ ਵੱਧ ਜਿਊੁਣਾ ਮੁਸ਼ਕਲ ਹੈ। ਮਨੁੱਖੀ ਸਰੀਰ ਵਿਚ ਪਾਣੀ ਦਾ ਮਹੱਤਵ ਬਹੁਤ ਜ਼ਿਆਦਾ ਹੈ। ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ। ਸਰੀਰ ਵਿਚ ਪਾਚਨ ਕਿਰਿਆ ਲਈ ਜ਼ਰੂਰੀ ਥੁੱਕ ਵੀ ਪਾਣੀ ਨਾਲ ਬਣਦਾ ਹੈ। ਪਾਣੀ ਸਰੀਰ ਵਿਚ ਤਾਪਮਾਨ ਦੇ ਪੱਧਰ ਨੂੰ ਕਾਬੂ ਕਰਦਾ ਹੈ।

Rain Water : ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਹੋਰ ਸੋਮੇ ਜਿਨ੍ਹਾਂ ਵਿਚ ਪਾਣੀ ਹੈ ਜਾਂ ਉਹ ਪਾਣੀ ਦੀ ਕੋਈ ਵੀ ਹੋਰ ਵੰਨਗੀ (ਠੋਸ, ਤਰਲ ਤੇ ਗੈਸ) ਹੈ ਜਾਂ ਜਿਨ੍ਹਾਂ ਸਰੋਤਾਂ ਤੋਂ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ, ਸਾਰੇ ਦੇ ਸਾਰੇ ਦੋਮ ਦਰਜੇ ਦੇ ਸੋਮੇ ਹਨ। ਹਕੀਕਤ ਇਹ ਹੈ ਕਿ ਜੇ ਮੀਂਹ ਹੈ ਤਾਂ ਹੀ ਇਹ ਸੋਮੇ ਪ੍ਰਫੁੱਲਿਤ ਅਤੇ ਲਬਾ-ਲਬ ਰਹਿਣਗੇ।

ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਲਈ ‘ਵਾਟਰ ਹਾਰਵੈਸਟਿੰਗ’ ਭਾਵ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਦੀ ਸੰਭਾਲ ਕਰਨੀ ਜ਼ਰੂਰੀ ਹੋ ਜਾਵੇਗੀ। ਕਿਉਂਕਿ ਪੰਜਾਬ ਦਿਨੋਂ-ਦਿਨ ਸੋਕੇ ਵੱਲ ਵਧ ਰਿਹਾ ਹੈ ਜਿਸ ਤੋਂ ਪੰਜਾਬੀ ਪੂਰੀ ਤਰ੍ਹਾਂ ਮੂੰਹ ਮੋੜੀ ਬੈਠ ਹਨ। ‘ਵਾਟਰ ਹਾਰਵੈਸਟਿੰਗ’ ਲਈ ਪੰਜਾਬ ‘ਚ ਜਾਗਰੂਕਤਾ ਜ਼ਰੂਰੀ ਹੋ ਗਈ ਹੈ। ‘ਵਾਟਰ ਹਾਰਵੈਸਟਿੰਗ’ ਮੀਂਹ ਦੇ ਪਾਣੀ ਨੂੰ ਕਿਸੇ ਖਾਸ ਢੰਗ ਨਾਲ ਇਕੱਠਾ ਕਰਕੇ ਸੰਭਾਲਣ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਪੂਰੀ ਦੁਨੀਆਂ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਜਾ ਰਿਹਾ ਹੈ।

ਮਾਨਸੂਨ ਦੇ ਦਿਨਾਂ ਵਿੱਚ ਜਦੋਂ ਭਰਪੂਰ ਮੀਂਹ ਪੈਂਦੇ ਹਨ ਉਸ ਪਾਣੀ ਦਾ ਇੱਕ ਵੱਡਾ ਹਿੱਸਾ ਬਹਿ ਕੇ ਸਮੁੰਦਰ ‘ਚ ਜਾ ਮਿਲਦਾ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਇਸ ਨੂੰ ਸੰਭਾਲਣਾ ਸਮੇਂ ਦੀ ਲੋੜ ਬਣ ਗਿਆ ਹੈ। ਇਸ ਸਮੇਂ ਇਹ ਤੱਥ ਸਾਹਮਣੇ ਆਏ ਹਨ ਕਿ ਭਾਰਤ ਦੇਸ਼ ਅੰਦਰ 214 ਬਿਲੀਅਨ ਘਣ ਮੀਟਰ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਜਿਸ ਵਿੱਚੋਂ 160 ਬਿਲੀਅਨ ਘਣ ਮੀਟਰ ਦੀ ਦੁਬਾਰਾ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸ ਪਾਣੀ ਨੂੰ ਖੇਤੀ ਅਤੇ ਪਸ਼ੂਆਂ ਦੇ ਪੀਣ ਲਈ ਵਰਤਿਆ ਜਾਂਦਾ ਹੈ। ਮੀਂਹ ਦੇ ਪਾਣੀ ਨੂੰ ਉਹਨਾਂ ਥਾਂਵਾ ‘ਤੇ ਇਕੱਠਾ ਕੀਤਾ ਜਾ ਸਕਦਾ ਹੈ ਜਿੱਥੇ ਸਾਲਾਨਾ ਘੱਟੋ-ਘੱਟ 200 ਮਿਮੀ ਵਰਖਾ ਹੁੰਦੀ ਹੋਵੇ।

ਪੰਜਾਬ ਦੇ ਲੋਕ ਸਦਾ ਖੁੱਲ੍ਹੇ ਸੁਭਾਅ ਨਾਲ ਪਾਣੀ ਦੀ ਵਰਤੋਂ ਕਰਦੇ ਆਏ ਹਨ। ਪੰਜਾਬ ਦੇ ਲੋਕਾਂ ਨੇ ਤਾਂ ਕਦੇ ਸੋਚਿਆ ਤੱਕ ਨੀ ਕਿ ਉਨ੍ਹਾਂ ਨੂੰ ਕਦੇ ਪਾਣੀ ਦੀ ਕਿੱਲਤ ਹੋ ਸਕਦੀ ਹੈ। ਪਰ ਹੁਣ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਨੇ ਪਾਣੀ ਨੂੰ ਸੰਭਲ ਕੇ ਨਾ ਵਰਤਿਆ ਤਾਂ ਆਉਣ ਵਾਲੇ ਸਮੇਂ ‘ਚ ਉਹਨਾਂ ਨੂੰ ਵੀ ਪਾਣੀ ਦੀ ਕਿੱਲਤ ਨਾਲ ਦੋ-ਦੋ ਹੱਥ ਕਰਨੇ ਪੈ ਸਕਦੇ ਹਨ । ਲਗਾਤਾਰ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਦੇ ਨਾਲ-ਨਾਲ ਖੇਤੀ ਸਥਿਰਤਾ ਬਰਕਰਾਰ ਰੱਖਣ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਬਹੁਤ ਲਾਜ਼ਮੀ ਹੈ।

ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਇਹ ਤਰੀਕੇ ਅਪਣਾਓ

-ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਖੇਤ ਨੂੰ ਵਾਹ ਕੇ ਖੁੱਲ੍ਹਾ ਛੱਡ ਦਿਓ ਤਾਂ ਕਿ ਜਮੀਨ ਦੀ ਪਾਣੀ ਜ਼ੀਰਨ ਅਤੇ ਪਾਣੀ ਸੰਭਾਲਨ ਦੀ ਸਮਰੱਥਾ ਵਧ ਜਾਵੇ।ਇਹ ਵੀ ਦੇਖਿਆ ਗਿਆ ਹੈ ਕਿ ਵਹਾਈ ਉਪਰੰਤ 20 ਮਿਲੀਮੀਟਰ ਦੀ ਬਾਰਿਸ਼ ਜਮੀਨ ਦੀ ਉਪਰਲੀ 15 ਸੈਂਟੀਮੀਟਰ ਤਹਿ ਤੱਕ ਪਹੁੰਚ ਜਾਂਦੀ ਹੈ ਅਤੇ ਵਾਹੀ ਜਮੀਨ ਵਿੱਚ ਅਣਵਾਹੀ ਜਮੀਨ ਦੇ ਮੁਕਾਬਲੇ ਨਮੀਂ7 ਪ੍ਰਤੀਸ਼ਤ ਜਿਆਦਾ ਹੁੰਦੀ ਹੈ।

-ਮੈਦਾਨੀ ਇਲਾਕਿਆਂ ਵਿੱਚ ਵਾਹੀ ਉਪਰੰਤ ਖੇਤ ‘ਚ ਲੋੜ ਮੁਤਾਬਿਕ ਕਿਆਰੇ ਪਾਓ ਤਾਂ ਜੋ ਮੀਂਹ ਦਾ ਪਾਣੀ ਕਿਆਰਿਆਂ ਵਿੱਚ ਇਕੱਠਾ ਹੋ ਸਕੇ।ਢਲਾਨਾਂ ਵਾਲੇ ਖੇਤਾਂ ਵਿੱਚ ਕਿਆਰੇ ਛੋਟੇ ਪਾਓ, ਨਹੀਂ ਤਾਂ ਮੀਂਹ ਦਾ ਪਾਣੀ ਇੱਕ ਪਾਸੇ ਇਕੱਠਾ ਹੋਣ ਕਰਕੇ ਵੱਟਾਂ ਟੁੱਟਣ ਦਾ ਖਤਰਾ ਬਣ ਜਾਂਦਾ ਹੈ।

-ਝੋਨੇ ਵਾਲੇ ਖੇਤਾਂ ਵਿੱਚ ਵੱਟਾਂ ਨੂੰ ਖੁਰ ਕੇ ਟੁੱਟਣ ਤੋਂ ਬਚਾਉਣ ਲਈ ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਸਤਾ੍ਹ ਉਪਰਲੀ ਚੀਕਨੀ ਮਿੱਟੀ ਨਾਲ ਚੋਪੜ ਕੇ ਮਜ਼ਬੂਤ ਕਰ ਦਿਓ।

-ਸਬਮਰਸੀਬਲ ਪੰਪ ਲੱਗਣ ਕਾਰਨ, ਕਈ ਖੇਤਾਂ ਵਿੱਚ ਪੁਰਾਣੇ ਬੋਰ, ਜੋ ਕਿਸੇ ਵਰਤੋਂ ਵਿੱਚ ਨਹੀਂ ਆਉਂਦੇ, ਉਸੇ ਤਰਾਂ ਮੌਜੂਦ ਹਨ ।ਜਿਆਦਾ ਵਰਖਾ ਦੀ ਹਾਲਤ ਵਿੱਚ ਵਾਧੂ ਪਾਣੀ ਨੂੰ ਨਿਕਾਸੀ ਖਾਲਾਂ ਦੁਆਰਾ ਇੱਕ ਥਾਂ ਇਕੱਠਾ ਕਰਕੇ, ਵਿਗਿਆਨਿਕ ਵਿਧੀ ਰਾਂਹੀ ਫਿਲਟਰ ਕਰਨ ਬਾਅਦ ਇਨਾਂ੍ਹ ਬੋਰਾਂ ਰਾਂਹੀ ਧਰਤੀ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ ਜਿਸ ਨਾਲ ਜਮੀਨਦੋਜ਼ ਪਾਣੀ ਦੀ ਭਰਪਾਈ ਹੋ ਸਕਦੀ ਹੈ ਅਤੇ ਪਾਣੀ ਖੜ੍ਹਣ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

-ਕੰਢੀ ਇਲਾਕੇ ਵਿੱਚ ਜ਼ਿਆਦਾ ਉੱਚੀਆਂ-ਨੀਵੀਂਆਂ ਥਾਂਵਾਂ ਨੂੰ ਪੱਧਰ ਕਰਕੇ ਪਾਣੀ ਦੇ ਯੋਗ ਨਿਕਾਸ ਲਈ ਖਾਲ ਜਾਂ ਪਾਈਪਾਂ ਦਾ ਪ੍ਰਬੰਧ ਕਰ ਲਓ ਤਾਂ ਜੋ ਮੀਂਹ ਦਾ ਪਾਣੀ ਸੁਰੱਖਿਅਤ ਥਾਂ ਉੱਪਰ ਇਕੱਠਾ ਕੀਤਾ ਜਾ ਸਕੇ।ਜੇ ਖੇਤ ਦੀ ਢਲਾਨ 5 ਪ੍ਰਤੀਸ਼ਤ ਤੋਂ ਘੱਟ ਹੋਵੇ ਤਾਂ ਥੋੜੀ੍ਹ-ਥੋੜੀ੍ਹ ਵਿੱਥ ‘ਤੇ ਵੱਟਾਂ ਬਣਾਕੇ ਪਾਣੀ ਰੋਕਿਆ ਜਾ ਸਕਦਾ ਹੈ।ਜਿਆਦਾ ਲੰਬੀਆਂ ਢਲਾਨਾਂ ਦੀ ਥੜ੍ਹਾਬੰਦੀ ਕਰਕੇ, ਪੌੜੀਨੁਮਾ ਖੇਤਾਂ ਵਿੱਚ ਮੀਂਹ ਦਾ ਪਾਣੀ ਸੰਭਾਲਿਆ ਜਾ ਸਕਦਾ ਹੈ ਜਿਸ ਨਾਲ ਭੌਂ-ਖੋਰ ਵੀ ਨਹੀਂ ਹੁੰਦਾ ਤੇ ਜਮੀਨਦੋਜ਼ ਪਾਣੀ ਦੀ ਭਰਪਾਈ ਵੀ ਹੋ ਸਕੇਗੀ।

-ਮੀਂਹ ਦੇ ਪਹਿਲੇ ਛਰਾਟਿਆਂ ਬਾਅਦ ਖੇਤ ਦੀ ਢਲਾਨ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਵਧੇਰੇ ਅਤੇ ਇਕਸਾਰ ਜ਼ੀਰਦਾ ਹੈ।

-ਨਿਕਾਸੀ ਖਾਲਾਂ ਅਤੇ ਵੱਟਾਂ ਦੇ ਨਾਲ-ਨਾਲ ਸਰਕੰਡਾ,ਨੇਪੀਅਰ ਬਾਜਰਾ ਜਾਂ ਘਾਹ ਲਗਾਕੇ ਜਿੱਥੇ ਪਾਣੀ ਰੋੜ੍ਹ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਪਸ਼ੂਆਂ ਲਈ ਚਾਰੇ ਦੀ ਲੋੜ ਵੀ ਪੂਰੀ ਹੋਵੇਗੀ ਅਤੇ ਜਮੀਂਨ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਣ ਕਰਕੇ ਉਪਜਾਊਣ ਵਧੇਗਾ।

-ਮੀਂਹ ਦੇ ਪਾਣੀ ਤੋਂ ਇਲਾਵਾ ਨਹਿਰੀ ਪਾਣੀ ਦੇ ਭੰਡਾਰ ਲਈ ਕੱਚੇ ਜਾਂ ਪੱਕੇ ਤਲਾਬ ਵੀ ਬਣਾਏ ਜਾ ਸਕਦੇ ਹਨ। ਇਸ ਕੰਮ ਲਈ ਭੋਂ ਸੁਰੱਖਿਅਣ ਵਿਭਾਗ ਤੋਂ ਵਿੱਤੀ ਸਹਾਇਤਾ ਵੀ ਮਿਲ ਸਕਦੀ ਹੈ।

ਇਹ ਵੀ ਪੜ੍ਹੋ : Good News: ਨਵੀਂ ਤਕਨੀਕ ਬਣੀ ਸੰਜੀਵਨੀ ਬੂਟੀ! ਹੁਣ 'ਪਾਣੀ ਦੀ ਗੋਲੀਆਂ' ਨਾਲ ਹੋਵੇਗੀ ਸਿੰਚਾਈ!

ਪੰਜਾਬ ਦੇ 70 ਫੀਸਦੀ ਪਿੰਡਾਂ ਵਿੱਚ ਛੱਪੜ ਸਮਾਪਤ ਹੋ ਚੁੱਕੇ ਹਨ ਇਨ੍ਹਾਂ ਛੱਪੜਾਂ ‘ਚ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ ਜਿਸ ਨਾਲ ਪਿੰਡ ਦੀਆਂ ਪਾਣੀ ਦੀਆਂ ਕਈ ਲੋੜਾਂ ਇਹ ਛੱਪੜ ਪੂਰੀਆਂ ਕਰ ਦਿੰਦੇ ਸਨ। ਛੱਪੜਾਂ ਦੀ ਅਣਹੋਂਦ ਕਾਰਨ ਹੁਣ ਪਾਣੀ ਦੀ ਦੂਹਰੀ ਮਾਰ ਪੈ ਰਹੀ ਹੈ, ਛੱਪੜ ਖਤਮ ਹੋਣ ਨਾਲ ਜਿੱਥੇ ਮੀਂਹਾਂ ਦਾ ਪਾਣੀ ਬੇਕਾਰ ਚਲਾ ਜਾਂਦਾ ਹੈ, ਉੱਥੇ ਪਾਣੀ ਦੀਆਂ ਜਿਹੜੀਆਂ ਲੋੜਾਂ ਛੱਪੜ ਪੂਰੀਆਂ ਕਰਦੇ ਸਨ ਉਨ੍ਹਾਂ ਲਈ ਪਾਣੀ ਧਰਤੀ ‘ਚੋਂ ਲਿਆ ਜਾਂਦਾ ਹੈ। ਪਿਛਲੇ ਸਮਿਆਂ ਨਾਲੋਂ ਹੁਣ ਬਰਸਾਤ ਵੀ ਘੱਟ ਹੋ ਰਹੀ ਹੈ, ਬਰਸਾਤ ‘ਚ 25 ਫੀਸਦੀ ਦੀ ਕਮੀ ਆਈ ਹੈ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਪੰਜਾਬ ਨੂੰ ਵੀ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਤੇ ਇਹ ਸਕੰਟ ਕਾਫੀ ਡੂੰਘਾ ਹੋ ਸਕਦਾ ਹੈ।

Summary in English: Rain Water : Here are some ways to look for rainwater harvesting!

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription