Parthenium: ਗਾਜਰ ਬੂਟੀ, ਜਿਸ ਨੂੰ ਕਾਂਗਰਸ ਘਾਹ, ਗਾਜਰ ਘਾਹ, ਸਫ਼ੈਦ ਟੋਪੀ ਅਤੇ ਪਾਰਥੀਨੀਅਮ ਬੂਟੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਖਤਰਨਾਕ ਨਦੀਨ ਹੈ ਜੋ ਕਿ ਅਣ-ਵਾਹੀਆਂ ਜ਼ਮੀਨਾਂ, ਖੇਤਾਂ ਵਿੱਚ ਵੱਟਾਂ, ਰਸਤਿਆਂ, ਸੜਕਾਂ ਦੇ ਕਿਨਾਰਿਆਂ, ਰੇਲਵੇ ਲਾਈਨਾਂ ਦੇ ਦੁਆਲੇ ਬਾਗਾਂ ਅਤੇ ਹੋਰ ਦਰੱਖਤਾਂ ਵਾਲੀਆਂ ਥਾਵਾਂ ਅਤੇ ਖਾਲੀ ਪਲਾਟਾਂ ਆਦਿ ਤੇ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਪੰਜਾਬ ਵਿੱਚ ਇਸ ਬੂਟੀ ਦੀ ਬਹੁਤ ਭਰਮਾਰ ਹੈ ਅਤੇ ਅਜਿਹਾ ਕੋਈ ਵੀ ਇਲਾਕਾ ਨਹੀਂ ਜਿਥੇ ਇਹ ਬੂਟੀ ਨਾ ਮਿਲਦੀ ਹੋਵੇ।
ਉੱਗਣ ਦਾ ਸਮਾਂ:
ਇਸ ਦੇ ਬੂਟੇ ਫਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਕਰਦੇ ਹਨ ਅਤੇ ਨਵੰਬਰ ਤੱਕ ਉੱਗਦੇ ਰਹਿੰਦੇ ਹਨ। ਇਸ ਦੇ ਬੀਜ ਬਹੁਤ ਬਰੀਕ ਹੋਣ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਹਵਾ ਜਾਂ ਪਾਣੀ ਨਾਲ ਦੂਰ ਦੂਰ ਤੱਕ ਚਲੇ ਜਾਂਦੇ ਹਨ। ਇਸ ਬੂਟੀ ਦਾ ਸਭ ਤੋਂ ਜ਼ਿਆਦਾ ਵਾਧਾ ਬਰਸਾਤ ਦੇ ਮੌਸਮ ਵਿਚ ਹੁੰਦਾ ਹੈ। ਸਰਦੀਆਂ ਵਿੱਚ ਅਤੇ ਜ਼ਿਆਦਾ ਪਾਣੀ ਖੜ੍ਹਨ ਵਾਲੀ ਸਥਿਤੀ ਵਿੱਚ ਇਸ ਦੇ ਪੌਦੇ ਸੁੱਕ ਜਾਂਦੇ ਹਨ। ਇਸ ਦੇ ਪੌਦੇ 2 ਮੀਟਰ ਤੱਕ ਉਚਾਈ ਪ੍ਰਾਪਤ ਕਰ ਸਕਦੇ ਹਨ।
ਸੂਰਜ ਦੀ ਰੌਸ਼ਨੀ ਅਤੇ ਤਾਪਮਾਨ ਦਾ ਕੋਈ ਜ਼ਿਆਦਾ ਅਸਰ ਨਾ ਹੋਣ ਕਰਕੇ ਇਹ ਨਦੀਨ ਹਰ ਤਰਾਂ ਦੇ ਵਾਤਾਵਰਨ ਵਿੱਚ ਹੋ ਸਕਦੇ ਹਨ ਅਤੇ ਸਾਲ ਵਿੱਚ ਤਕਰੀਬਨ 4-5 ਵਾਰ ਉੱਗਦੇ ਹਨ। ਜੜਾਂ ਦਾ ਵਿਸਥਾਰ ਡੂੰਘਾ ਹੋਣ ਕਰਕੇ ਇਹ ਨਦੀਨ ਘੱਟ ਪਾਣੀ ਵਾਲੇ ਸਥਾਨ ਤੇ ਬੜੀ ਅਸਾਨੀ ਨਾਲ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਨਦੀਨ ਸਿਰਫ਼ ਖਾਲੀ ਥਾਵਾਂ ਵਿੱਚ ਹੀ ਪਾਇਆ ਜਾਂਦਾ ਸੀ, ਪਰੰਤੂ ਅੱਜ ਕੱਲ੍ਹ ਇਸ ਦਾ ਹਮਲਾ ਬਹੁਤ ਸਾਰੀਆਂ ਫ਼ਸਲਾਂ ਜਿਵੇਂ ਕਿ ਕਮਾਦ, ਸਿੱਧੀ ਬਿਜਾਈ ਵਾਲਾ ਝੋਨਾ, ਕਣਕ, ਬਰਸੀਮ, ਪੁਦੀਨਾ ਅਤੇ ਸਬਜੀਆਂ ਆਦਿ ਵਿੱਚ ਵੀ ਦੇਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਇਸ Technique ਨਾਲ ਚੂਹਿਆਂ, ਦੀਮਕ ਅਤੇ ਨਦੀਨਾਂ ਤੋਂ ਛੁਟਕਾਰਾ ਪਾਓ, ਫਸਲ ਦਾ ਝਾੜ ਵਧਾਓ
ਗਾਜਰ ਘਾਹ ਦੇ ਨੁਕਸਾਨ
ਇਹ ਨਦੀਨ ਮਨੁੱਖਾਂ ਵਿੱਚ ਕਈ ਤਰਾਂ ਦੇ ਰੋਗ ਜਿਵੇਂ ਕਿ ਅਲਰਜੀ, ਦਮਾ, ਬੁਖਾਰ, ਨਜ਼ਲਾ, ਜ਼ੁਕਾਮ ਅਤੇ ਚਮੜੀ ਦੇ ਰੋਗ ਉਤਪੰਨ ਕਰਦਾ ਹੈ। ਪਸ਼ੂਆਂ ਲਈ ਵੀ ਇਹ ਨਦੀਨ ਖਤਰਨਾਕ ਹੈ ਕਿਉਂਕਿ ਇਸ ਦੇ ਸੰਪਰਕ ਵਿੱਚ ਆਉਣ ਤੇ ਪਸ਼ੂ ਵੀ ਚਮੜੀ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਪਸ਼ੂਆਂ ਵਿੱਚ ਦੁੱਧ ਦੇ ਉਤਪਾਦਨ ਵਿੱਚ ਕਮੀ ਅਤੇ ਦੁੱਧ ਦਾ ਸੁਆਦ ਖਰਾਬ ਹੋਣ ਦੇ ਨਾਲ ਨਾਲ ਹੋਰ ਰੋਗ ਪੈਦਾ ਹੁੰਦੇ ਹਨ। ਇਹ ਨਦੀਨ ਬਹੁਤ ਸਾਰੇ ਕੀੜੇ ਮਕੌੜਿਆਂ ਜਿਵੇਂ ਕਿ ਚਿੱਟੀ ਮੱਖੀ, ਮਿਲੀ ਬੱਗ, ਚੇਪਾ, ਭੱਬੂ ਕੁੱਤਾ ਅਤੇ ਬਿਮਾਰੀਆਂ ਜਿਵੇਂ ਕਿ ਪੱਤਾ ਮਰੋੜ ਬਿਮਾਰੀ ਲਈ ਬਦਲਵੀਂ ਪਨਾਹ ਵਜੋਂ ਕੰਮ ਕਰਦਾ ਹੈ।
ਗਾਜਰ ਘਾਹ ਦੀ ਰੋਕਥਾਮ ਦੇ ਤਰੀਕੇ
ਗਾਜਰ ਘਾਹ ਦੀ ਰੋਕਥਾਮ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਦੇ ਬੂਟਿਆਂ ਨੂੰ ਫ਼ੁੱਲ ਆਉਣ ਤੋਂ ਪਹਿਲਾਂ ਵਾਰ-ਵਾਰ ਕੱਟ ਕੇ ਜਾਂ ਜੜ ਤੋਂ ਪੁੱਟ ਕੇ ਖਤਮ ਕੀਤਾ ਜਾਵੇ। ਇਸ ਤੋਂ ਬਾਅਦ ਪੁੱਟੇ ਹੋਏ ਬੂਟਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਸੁਕਾ ਕੇ ਅੱਗ ਲਗਾ ਦੇਣੀ ਚਾਹੀਦੀ ਹੈ। ਖਾਲੀ ਥਾਵਾਂ ਤੇ ਜ਼ਮੀਨ ਨੂੰ ਟਰੈਕਟਰ ਨਾਲ ਲਗਾਤਾਰ ਵਾਹੁੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਹੌਲੀ ਹੌਲੀ ਇਹ ਨਦੀਨ ਖਤਮ ਹੋ ਜਾਵੇ। ਨਦੀਨ ਨੂੰ ਕੱਟਣ ਜਾਂ ਪੁੱਟਣ ਤੋਂ ਪਹਿਲਾਂ ਹੱਥਾਂ ਤੇ ਦਸਤਾਨੇ ਪਾਉਣੇ ਅਤੇ ਸਰੀਰ ਨੂੰ ਚੰਗੀ ਤਰਾਂ ਢੱਕ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਸ ਨਦੀਨ ਦਾ ਪ੍ਰਬੰਧਨ ਕਰਨ ਲਈ ਇਹ ਜ਼ਰੂਰੀ ਹੈ ਕਿ ਪਿੰਡ ਪੱਧਰ ਤੇ ਗਾਜਰ ਬੂਟੀ ਰੋਕਥਾਮ ਮੁਹਿੰਮਾਂ ਚਲਾਈਆਂ ਜਾਣ। ਇਸ ਦੇ ਲਈ ਪੰਚਾਇਤਾਂ ਵੱਲੋਂ ਸਵੈ-ਸਹਾਇਤਾ ਗਰੁੱਪਾਂ, ਗੈਰ ਸਰਕਾਰੀ ਅਦਾਰਿਆਂ ਅਤੇ ਸਕੂਲਾਂ/ਕਾਲਜਾਂ ਨਾਲ ਮਿਲ ਕੇ ਗਾਜਰ ਬੂਟੀ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ। ਹਰੇਕ ਵਿਅਕਤੀ ਨੂੰ ਆਪਣੇ ਪੱਧਰ ਤੇ ਆਪਣੇ ਘਰ ਦੇ ਆਸਪਾਸ ਅਤੇ ਆਪਣੀ ਜ਼ਮੀਨ ਵਿੱਚੋਂ ਇਸ ਨਦੀਨ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਵਜਿੰਦਰ ਪਾਲ ਕਾਲੜਾ, ਮਨਪ੍ਰੀਤ ਸਿੰਘ ਅਤੇ ਰਜਨੀ ਸ਼ਰਮਾ, ਸਕੂਲ ਆਫ ਆਰਗੈਨਿਕ ਫਾਰਮਿੰਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Gajar Booti Management