ਅੱਜ ਅੱਸੀ ਤੁਹਾਨੂੰ ਅੰਬ 'ਤੇ ਲੱਗਣ ਵਾਲੇ ਕੀੜਿਆਂ ਅਤੇ ਰੋਗਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਅਤੇ ਇਹ ਵੀ ਦੱਸਣ ਜਾ ਰਹੇ ਹਾਂ ਕਿ ਇਨ੍ਹਾਂ ਬਿਮਾਰਿਆਂ ਤੋਂ ਬਚਣ ਲਈ ਕਿਸਾਨ ਕਿ ਤਰੀਕਾ ਅਪਨਾਉਣ।
ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸ ਦੀ ਖੇਤੀ ਭਾਰਤ ਵਿੱਚ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਹੈ। ਅੰਬ ਤੋਂ ਸਾਨੂੰ ਵਿਟਾਮਿਨ ਏ ਅਤੇ ਸੀ ਕਾਫੀ ਮਾਤਰਾ ਵਿੱਚ ਮਿਲਦੇ ਹਨ ਅਤੇ ਇਸ ਦੇ ਪੱਤੇ ਚਾਰੇ ਦੇ ਤੌਰ 'ਤੇ ਅਤੇ ਲੱਕੜੀ ਫਰਨੀਚਰ ਬਣਾਉਣ ਲਈ ਵਰਤੀ ਜਾਂਦੀ ਹੈ। ਕੱਚੇ ਫਲ ਚੱਟਨੀ, ਆਚਾਰ ਬਣਾਉਣ ਲਈ ਵਰਤੇ ਜਾਂਦੇ ਹਨ ਅਤੇ ਪੱਕੇ ਫਲ ਜੂਸ, ਜੈਮ ਅਤੇ ਜੈਲੀ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ।
ਦੱਸ ਦਈਏ ਕਿ ਇਹ ਵਪਾਰਕ ਰੂਪ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਉਗਾਇਆ ਜਾਂਦਾ ਹੈ। ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ।
ਕੀੜੇ-ਮਕੌੜੇ ਤੇ ਰੋਕਥਾਮ
1. ਮਿਲੀ ਬੱਗ: ਇਹ ਫਲ, ਪੱਤੇ, ਸ਼ਾਖਾਂ ਅਤੇ ਤਣੇ ਦਾ ਰਸ ਚੂਸ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸਦਾ ਹਮਲਾ ਆਮ ਤੌਰ ਤੇ ਜਨਵਰੀ ਤੋਂ ਅਪ੍ਰੈਲ ਦੇ ਮਹੀਨੇ ਵਿੱਚ ਦੇਖਿਆ ਜਾਂਦਾ ਹੈ। ਦੱਸ ਦਈਏ ਕਿ ਨੁਕਸਾਨੇ ਹਿੱਸੇ ਸੁੱਕੇ ਅਤੇ ਉੱਲੀ ਨਾਲ ਭਰੇ ਦਿਖਾਇ ਦਿੰਦੇ ਹਨ।
ਰੋਕਥਾਮ: ਇਸ ਨੂੰ ਰੋਕਣ ਲਈ, 25 ਸੈ.ਮੀ ਚੌੜੀ ਪੋਲੀਥੀਨ(400 ਗੇਜ) ਸ਼ੀਟ ਤਣੇ ਦੇ ਦੁਆਲੇ ਲਪੇਟ ਦਿਓ ਤਾਂ ਜੋ ਨਵੰਬਰ ਅਤੇ ਦਸੰਬਰ ਦੇ ਮਹੀਨੇ ਵਿੱਚ ਮਿਲੀ ਬੱਗ ਦੇ ਨਵੇਂ ਬੱਚਿਆਂ ਨੂੰ ਅੰਡਿਆਂ ਵਿੱਚੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਸਕੇ। ਜੇਕਰ ਇਸ ਦਾ ਹਮਲਾ ਦਿਖੇ ਤਾਂ ਐਸੀਫੇਟ 2 ਗ੍ਰਾਮ ਪ੍ਰਤੀ ਲੀਟਰ ਅਤੇ ਸਪਾਈਰੋਟੈਟਰਾਮੈਟ 3 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
2. ਅੰਬ ਦਾ ਟਿੱਡਾ: ਇਸ ਦਾ ਹਮਲਾ ਜ਼ਿਆਦਾਤਰ ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਹੁੰਦਾ ਹੈ, ਜਦੋਂ ਫੁੱਲ ਨਿਕਲਣੇ ਸ਼ੁਰੂ ਹੁੰਦੇ ਹਨ। ਦੱਸ ਦਈਏ ਕਿ ਇਹ ਫਲਾਂ ਅਤੇ ਪੱਤਿਆਂ ਦਾ ਰਸ ਚੂਸਦੇ ਹਨ। ਨੁਕਸਾਨੇ ਫੁੱਲ ਚਿਪਚਿਪੇ ਹੋ ਜਾਂਦੇ ਹਨ ਅਤੇ ਨੁਕਸਾਨੇ ਹਿੱਸਿਆਂ ਤੇ ਕਾਲੇ ਰੰਗ ਦੀ ਉੱਲੀ ਦਿਖਾਈ ਦਿੰਦੀ ਹੈ।
ਰੋਕਥਾਮ: ਜੇਕਰ ਇਸਦਾ ਹਮਲਾ ਦਿਖੇ ਤਾਂ ਸਾਈਪਰਮੈਥਰੀਨ 25 ਈ ਸੀ 3 ਮਿ.ਲੀ. ਜਾਂ ਡੈਲਟਾਮੈਥਰੀਨ 28 ਈ ਸੀ 9 ਮਿ.ਲੀ. ਜਾਂ ਫੈਨਵੈਲਾਰੇਟ 20 ਈ ਸੀ 5 ਮਿ.ਲੀ. ਜਾਂ ਨੀਂਬੀਸਾਈਡੀਨ 1000 ਪੀ ਪੀ ਐੱਮ 20 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਪੂਰੇ ਰੁੱਖ ਤੇ ਸਪਰੇਅ ਕਰੋ।
3. ਫਲ ਦੀ ਮੱਖੀ: ਇਹ ਅੰਬ ਦੀ ਇੱਕ ਗੰਭੀਰ ਮੱਖੀ ਹੈ। ਮਾਦਾ ਮੱਖੀਆਂ ਫਲ ਦੇ ਉੱਪਰਲੇ ਛਿਲਕੇ ਤੇ ਅੰਡੇ ਦਿੰਦੀਆਂ ਹਨ। ਬਾਅਦ ਵਿੱਚ ਇਹ ਕੀੜੇ ਫਲਾਂ ਦੇ ਗੁੱਦੇ ਨੂੰ ਖਾਂਦੇ ਹਨ, ਜਿਸ ਨਾਲ ਫਲ ਸੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਝੜ ਜਾਂਦਾ ਹੈ।
ਰੋਕਥਾਮ: ਨੁਕਸਾਨੇ ਫਲਾਂ ਨੂੰ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ। ਫਲ ਬਣਨ ਤੋਂ ਬਾਅਦ, ਮਿਥਾਈਲ ਇੰਜੇਨੋਲ 0.1% ਦੇ 100 ਮਿ.ਲੀ. ਦੇ ਰਸਾਇਣਿਕ ਘੋਲ ਦੇ ਜਾਲ ਲੱਟਕਾ ਦਿਓ। ਮਈ ਮਹੀਨੇ ਵਿੱਚ ਕਲੋਰਪਾਈਰੀਫੋਸ 20 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ 20 ਦਿਨਾਂ ਦੇ ਫਾਸਲੇ ਤੇ ਤਿੰਨ ਵਾਰ ਕਰੋ।
ਬਿਮਾਰੀਆਂ ਅਤੇ ਰੋਕਥਾਮ
1. ਧੱਬਾ ਰੋਗ: ਫਲਾਂ ਅਤੇ ਫੁੱਲਾਂ ਦੇ ਹਿੱਸਿਆਂ ਤੇ ਚਿੱਟੇ ਪਾਊਡਰ ਵਰਗੇ ਧੱਬਿਆਂ ਦਾ ਹਮਲਾ ਦੇਖਿਆ ਜਾ ਸਕਦਾ ਹੈ। ਜ਼ਿਆਦਾ ਗੰਭੀਰ ਹਾਲਾਤਾਂ ਵਿੱਚ ਫਲ ਜਾਂ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ। ਇਸਦੇ ਨਾਲ-ਨਾਲ ਫਲ, ਸ਼ਾਖਾਂ ਅਤੇ ਫੁੱਲ ਦੇ ਹਿੱਸੇ ਸਿਰ੍ਹੇ ਤੋਂ ਸੁੱਕਣ ਦੇ ਲੱਛਣ ਵੀ ਨਜ਼ਰ ਆਉਂਦੇ ਹਨ।
ਰੋਕਥਾਮ: ਫੁੱਲ ਨਿਕਲਣ ਤੋਂ ਪਹਿਲਾਂ, ਫੁੱਲ ਨਿਕਲਣ ਸਮੇਂ ਅਤੇ ਫਲਾਂ ਦੇ ਗੁੱਛੇ ਬਣਨ ਤੋਂ ਬਾਅਦ, 1.25 ਕਿਲੋ ਘੁਲਣਸ਼ੀਲ ਸਲਫਰ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਲੋੜ ਪੈਣ ਤੇ 10-15 ਦਿਨਾਂ ਬਾਅਦ ਦੋਬਾਰਾ ਸਪਰੇਅ ਕਰੋ। ਜੇਕਰ ਖੇਤ ਵਿੱਚ ਇਸ ਦਾ ਹਮਲਾ ਦਿਖੇ ਤਾਂ 178% ਇਮੀਡਾਕਲੋਪ੍ਰਿਡ 3 ਮਿ.ਲੀ. ਨੂੰ ਹੈਕਸਾਕੋਨਾਜ਼ੋਲ 10 ਮਿ.ਲੀ. ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਜਾਂ ਟ੍ਰਾਈਮੋਰਫ 5 ਮਿ.ਲੀ. ਜਾਂ ਕਾਰਬੈਂਡਾਜ਼ਿਮ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
2. ਤਣੇ ਦਾ ਗੜੂੰਆ: ਇਹ ਅੰਬ ਦਾ ਇੱਕ ਗੰਭੀਰ ਕੀੜਾ ਹੈ। ਇਹ ਰੁੱਖ ਦੇ ਸੱਕ ਹੇਠਾਂ ਸੁਰੰਗ ਜਿਹੀ ਬਣਾ ਕੇ ਇਸ ਦੇ ਟਿਸ਼ੂ ਖਾਂਦਾ ਹੈ, ਜਿਸ ਕਰਕੇ ਰੁੱਖ ਨਸ਼ਟ ਹੋ ਜਾਂਦਾ ਹੈ। ਲਾਰਵੇ ਦਾ ਮਲ ਸੁਰੰਗ ਦੇ ਬਾਹਰਲੇ ਪਾਸੇ ਦੇਖਿਆ ਜਾ ਸਕਦਾ ਹੈ।
ਰੋਕਥਾਮ: ਇਸਦਾ ਹਮਲਾ ਦਿਖੇ ਤਾਂ, ਸੁਰੰਗ ਨੂੰ ਸਖਤ ਤਾਰ ਨਾਲ ਸਾਫ ਕਰੋ। ਫਿਰ ਰੂੰ ਨੂੰ 50:50 ਦੇ ਅਨੁਪਾਤ ਵਿੱਚ ਮਿੱਟੀ ਦੇ ਤੇਲ ਅਤੇ ਕਲੋਰਪਾਇਰੀਫੋਸ ਨਾਲ ਭਿਉਂ ਕੇ ਇਸ ਵਿੱਚ ਪਾਓ। ਫਿਰ ਇਸਨੂੰ ਗਾਰੇ ਨਾਲ ਬੰਦ ਕਰ ਦਿਓ।
ਇਹ ਵੀ ਪੜ੍ਹੋ: ਅੰਬਾਂ ਦੀਆਂ ਇਨ੍ਹਾਂ ਉੱਨਤ ਕਿਸਮਾਂ ਨਾਲ ਕਿਸਾਨ ਖੱਟ ਸਕਦੇ ਹਨ ਚੰਗਾ ਲਾਹਾ!
3. ਐਂਥਰਾਕਨੋਸ ਜਾਂ ਪੱਤਿਆਂ ਦਾ ਸਿਰ੍ਹੇ ਤੋਂ ਸੁੱਕਣਾ: ਸ਼ਾਖਾਂ ਤੇ ਗੂੜੇ-ਭੂਰੇ ਜਾਂ ਕਾਲੇ ਧੱਬੇ ਨਜ਼ਰ ਆਉਂਦੇ ਹਨ। ਫਲਾਂ ਤੇ ਵੀ ਛੋਟੇ, ਉੱਭਰੇ ਹੋਏ, ਗੂੜੇ ਦਾਗ ਦਿਖਾਈ ਦਿੰਦੇ ਹਨ।
ਰੋਕਥਾਮ: ਇਸਦੀ ਰੋਕਥਾਮ ਲਈ ਨੁਕਸਾਨੇ ਹਿੱਸਿਆਂ ਨੂੰ ਕੱਟ ਦਿਓ ਅਤੇ ਕੱਟੇ ਹਿੱਸੇ ਤੇ ਬੋਰਡੋ ਪੇਸਟ ਲਗਾਓ। ਬੋਰਡਿਓਕਸ ਮਿਸ਼ਰਣ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖੇਤ ਵਿੱਚ ਇਸਦਾ ਹਮਲਾ ਦਿਖੇ ਤਾਂ ਕੋਪਰ ਆਕਸੀਕਲੋਰਾਈਡ 30 ਗ੍ਰਾਮ ਪ੍ਰਤੀ 10 ਲੀਟਰ ਦੀ ਸਪਰੇਅ ਨੁਕਸਾਨੇ ਰੁੱਖ ਤੇ ਕਰੋ। ਜੇਕਰ ਨਵੇਂ ਫਲ ਤੇ ਐਂਥਰਾਕਨੋਸ ਦਾ ਹਮਲਾ ਦਿਖੇ ਤਾਂ ਥਾਇਓਫੋਨੇਟ ਮਿਥਾਈਲ 10 ਗ੍ਰਾਮ ਜਾਂ ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ।
4. ਬਲੈਕ ਟਿਪ: ਫਲ ਪੱਕਣ ਤੋਂ ਪਹਿਲਾਂ ਅਸਾਧਾਰਨ ਤਰੀਕੇ ਨਾਲ ਸਿਰ੍ਹਿਆਂ ਤੋਂ ਲੰਬੇ ਹੋ ਜਾਂਦੇ ਹਨ।
ਰੋਕਥਾਮ: ਫੁੱਲ ਨਿਕਲਣ ਤੋਂ ਪਹਿਲਾਂ ਅਤੇ ਨਿਕਲਣ ਸਮੇਂ, ਬੋਰੈਕਸ 6 ਗ੍ਰਾਮ ਪ੍ਰਤੀ ਲੀਟਰ ਪਾਣੀ + ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਤਿੰਨ ਵਾਰ 10-15 ਦਿਨਾਂ ਦੇ ਫਾਸਲੇ ਤੇ ਕਰੋ।
Summary in English: How to Protect Mangoes from Pests and Diseases! Know the right way!