Krishi Jagran Punjabi
Menu Close Menu

ਗਰਮ ਰੁੱਤ ਦੀ ਮੂੰਗੀ ਅਤੇ ਹਰੀ ਖਾਦ ਦਾ ਮਹੱਤਵ

Wednesday, 01 April 2020 05:29 PM
Manpreet kaur
ਦਾਲਾਂ ਮਨੁੱਖੀ ਖੁਰਾਕ ਦਾ ਇਕ ਅਜਿਹਾ ਹਿਸਾ ਹੈ ਜਿਸ ਨਾਲ ਮਨੁੱਖੀ ਸਰੀਰ ਵਿੱਚ ਹੋਣ ਵਾਲੀਆਂ ਅਨੇਕਾਂ ਬਿਮਾਰੀਆਂ ਤੋਂ ਬਚਾ ਕੀਤਾ ਜਾ ਸਕਦਾ ਹੈ। ਚੰਗੀ ਸਿਹਤ ਦੀ ਸ਼ੁਰੂਆਤ ਚੰਗੀ ਖੁਰਾਕ ਤੋਂ ਹੁੰਦੀ ਹੈ। ਜੇਕਰ ਆਪਣੇ ਖਾਣ ਪੀਣ ਦੀਆਂ ਆਦਤਾਂ ਵਿੱਚ ਪੋਸ਼ਟਿਕ ਆਹਾਰ ਦੀ ਵਰਤੋਂ ਕੀਤੀ ਜਾਵੇ ਤਾਂ ਅਸੀਂ ਇਕ ਤੰਦੁਰਸਤ ਅਤੇ ਅਰੋਗ ਜੀਵਨ ਬਤੀਤ ਕਰ ਸਕਦੇ ਹਾਂ। ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ 80% ਦਿਲ ਦੇ ਰੋਗ ਅਤੇ ਟਾਈਪ 2 ਡਾਇਬੀਟੀਜ਼ ਨੂੰ ਗੈਰ ਸੇਹਤਮੰਦ ਭੋਜਨ ਛੱਡ ਕੇ, ਚੰਗੀਆਂ ਖਾਣਪੀਣ ਦੀਆਂ ਆਦਤਾਂ ਆਪਣਾ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਜਿਸ ਵਿੱਚ ਦਾਲਾਂ ਇਕ ਜਰੂਰੀ ਹਿਸਾ ਹਨ। ਪੰਜਾਬ ਵਿਚ ਆਮ ਕਰਕੇ ਕਿਸਾਨਾਂ ਵਲੋਂ ਕਣਕ ਝੋਨੇ ਦਾ ਫ਼ਸਲੀ ਚੱਕਰ ਅਪਨਾਉਣ ਕਾਰਨ ਦਾਲਾਂ ਹੇਠ ਰਕਬਾ ਘੱਟ ਗਿਆ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਰੋਜ਼ਾਨਾ ਦਾਲਾਂ ਦੀ 80 ਗ੍ਰਾਮ ਪ੍ਰਤੀ ਵਿਅਕਤੀ ਖਪਤ ਨਿਸਚਿਤ ਹੈ ਪ੍ਰੰਤੂ ਲਗਾਤਾਰ ਵੱਧ ਰਹੀ ਜਨਸੰਖਿਆ ਦੇ ਕਾਰਨ ਵਜੋਂ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘੱਟ ਕੇ 27 ਗ੍ਰਾਮ ਹੀ ਰਹਿ ਗਈ ਹੈ ਜੋ ਕਿ ਮਿਥੀ ਗਈ ਖਪਤ ਤੋਂ ਕਾਫੀ ਘੱਟ ਹੈ। ਮੂੰਗੀ ਵਿਚ ਲੱਗਭਗ 25% ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਮਨੁੱਖੀ ਸਿਹਤ ਲਈ ਕਾਫੀ ਲਾਭਦਾਇਕ ਹੈ। ਸਾਲ 2019-20 ਦੌਰਾਨ ਮੂੰਗੀ ਦਾ ਘਟੋ ਘਟ ਸਮਰੱਥਨ ਮੁੱਲ 7050 ਰੁਪਏ ਮਿਥਿਆ ਗਿਆ ਸੀ। ਮੂੰਗੀ ਦੀ ਮਾਰਕੀਟਿੰਗ ਵੀ ਜਿਆਦਾ ਔਖੀ ਨਹੀਂ ਹੈ, ਜਿਥੋਂ ਤੱਕ ਹੋ ਸਕੇ ਦਾਲਾਂ ਦਾ ਮੰਡੀਕਰਨ ਆਪਣੇ ਪੱਧਰ ਤੇ ਜਰੂਰਤ ਅਨੁਸਾਰ ਲਿਫਾਫੇਬੰਦੀ ਕਰ ਕੇ ਕੀਤਾ ਜਾ ਸਕਦਾ ਹੈ। ਸਾਲ 2008-09 ਦੌਰਾਨ ਪੰਜਾਬ ਵਿਚ ਝੋਨੇ ਦੀ ਲਵਾਈ 10 ਜੂਨ ਤੋਂ ਪਹਿਲਾ ਕਰਨ ਦੀ ਮਨਾਹੀ ਕਾਰਨ ਗਰਮ ਰੁੱਤ ਦੀ ਮੂੰਗੀ ਹੇਠ ਰਕਬਾ ਲੱਗਭਗ 50,000 ਹੈਕਟੇਅਰ ਹੋ ਗਿਆ ਹੈ। ਮੂੰਗੀ ਹੇਠਾਂ ਰਕਬਾ ਵਧਾਉਣ ਵਾਸਤੇ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਕਿਸਾਨਾਂ ਨੂੰ ਮੁਫ਼ਤ ਮੂੰਗੀ ਅਤੇ ਹੋਰ ਦਾਲਾਂ ਦੇ ਬੀਜਾਂ ਦੀਆਂ ਮਿੰਨੀ-ਕਿਟਾਂ ਵੀ ਮੁੱਹਈਆ ਕਰਵਾਈਆਂ ਜਾਂਦੀਆਂ ਹਨ।
ਫ਼ਸਲੀ ਚੱਕਰ: ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਲਈ ਯੋਗ ਫ਼ਸਲੀ ਚੱਕਰ ਅਪਨਾਉਣ ਦੀ ਲੋੜ ਹੈ:
1. ਮੱਕੀ/ਝੋਨਾ-ਗੋਭੀ ਸਰੋਂ-ਗਰਮ ਰੁੱਤ ਦੀ ਮੂੰਗੀ : ਇਸ ਫ਼ਸਲੀ ਚੱਕਰ ਮੱਕੀ-ਕਣਕ ਅਤੇ ਝੋਨਾ-ਕਣਕ ਦੇ ਫ਼ਸਲੀ ਚਕਰ ਨਾਲੋਂ ਵੱਧ ਝਾੜ ਅਤੇ ਮੁਨਾਫ਼ਾ ਦਿੰਦਾ ਹੈ। ਜੇਕਰ ਮੱਕੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ, ਝੋਨੇ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ, ਗੋਭੀ ਸਰੋਂ ਦੀ ਬਿਜਾਈ 10-30 ਅਕਤੂਬਰ ਤੱਕ  ਕੀਤੀ ਜਾਵੇ ਤਾਂ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿਚ ਪੂਰੀ ਕੀਤੀ ਜਾ ਸਕਦੀ ਹੈ।
2. ਝੋਨਾ-ਛੋਲੇ-ਗਰਮ ਰੁੱਤ ਦੀ ਮੂੰਗੀ : ਇਸ ਫ਼ਸਲੀ ਚੱਕਰ ਲਈ ਝੋਨੇ ਦੀ ਲਵਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਛੋਲੇ 25 ਅਕਤੂਬਰ ਤੋਂ 10 ਨਵੰਬਰ ਤੱਕ ਬੀਜਣੇ ਚਾਹੀਦੇ ਹਨ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਪ੍ਰੈਲ ਦੇ ਦੂਜੇ-ਤੀਜੇ ਹਫ਼ਤੇ ਤੱਕ ਹੋ ਜਾਣੀ ਚਾਹੀਦੀ ਹੈ ਅਤੇ ਇਸ ਫ਼ਸਲੀ ਪ੍ਰਣਾਲੀ ਨਾਲ ਜਮੀਨ ਦੀ ਉਪਜਾਊ ਸ਼ਕਤੀ ਅਤੇ ਜੀਵਾਣੂਆਂ ਦੀ ਗਿਣਤੀ ਵਿਚ ਬਾਕੀ ਫ਼ਸਲਾਂ ਨਾਲੋਂ ਜਿਆਦਾ ਵਾਧਾ ਹੁੰਦਾ ਹੈ।
ਅੰਤਰ-ਫ਼ਸਲ: ਮੂੰਗੀ ਦੀ ਕਾਸ਼ਤ ਕਮਾਦ ਦੀ ਫ਼ਸਲ ਵਿਚ ਅੰਤਰ ਫ਼ਸਲ ਵਜੋਂ ਕੀਤੀ ਜਾ ਸਕਦੀ ਹੈ।
ਬਿਜਾਈ ਦੀ ਤਕਨੀਕ: ਮੂੰਗੀ ਦੀ ਫ਼ਸਲ ਹੋਰਨਾਂ ਦਾਲਾਂ ਨਾਲੋਂ ਵਧੇਰੇ ਗਰਮੀ ਸਹਾਰ ਸਕਣ ਕਾਰਨ, ਇਸ ਦੀ ਕਾਸ਼ਤ ਲਈ ਗਰਮ ਜਲਵਾਯੂ ਦੀ ਜਰੂਰਤ ਹੈ ਅਤੇ ਚੰਗੇ ਪਾਣੀ ਦੇ ਨਿਕਾਸ ਵਾਲੀ, ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਬਹੁਤ ਢੁਕਵੀਂ ਹੈ। ਮੂੰਗੀ ਦੀ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਚਾਰ ਕਿਸਮਾਂ ਐੱਸ ਐੱਮ ਐੱਲ 1827, ਟੀ ਐੱਮ ਬੀ 37, ਐੱਸ ਐੱਮ ਐੱਲ 832 ਅਤੇ ਐੱਸ ਐੱਮ ਐੱਲ 668 ਸਿਫ਼ਾਰਿਸ਼ ਕੀਤੀਆਂ ਗਈਆਂ ਹਨ। ਟੀ ਐੱਮ ਬੀ 37 ਛੋਟੇ ਕੱਦ ਵਾਲੀ ਅਤੇ ਅਗੇਤੀ ਪੱਕਣ ਵਾਲੀ ਹੈ ਤੇ ਤਕਰੀਬਨ ਸੱਠ ਦਿਨਾਂ ਵਿੱਚ ਗੁੱਛੇਦਾਰ ਫ਼ਲੀਆਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਐੱਸ ਐੱਮ ਐੱਲ 1827 ਕਰੀਬ 62  ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਇਸ ਨੂੰ ਫ਼ਲੀਆਂ ਗੁੱਛਿਆਂ ਵਿੱਚ ਲਗਦੀਆਂ ਹਨ. ਐੱਸ ਐੱਮ ਐੱਲ 832 ਦੀਆਂ ਫ਼ਲੀਆਂ ਗੁੱਛਿਆਂ ਵਿਚ ਲੱਗਦੀਆਂ ਹਨ ਅਤੇ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸ ਦਾ ਝਾੜ 4.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ 61 ਦਿਨਾਂ ਵਿੱਚ ਪੱਕ ਜਾਂਦੀ ਹੈ। ਐੱਸ ਐੱਮ ਐੱਲ 668 ਕਿਸਮ ਦੇ ਬੂਟੇ ਖੜ੍ਹਵੇਂ ਅਤੇ ਛੋਟੇ ਕੱਦ ਵਾਲੇ ਹੁੰਦੇ ਹਨ ਅਤੇ ਇਸ ਦੀਆਂ ਫ਼ਲੀਆਂ ਵੀ ਗੁੱਛਿਆਂ ਵਿਚ ਲੱਗਦੀਆਂ ਹਨ ਇਹ ਕਿਸਮ ਅਗੇਤੀ ਪੱਕਣ ਵਾਲੀ ਹੈ ਜੋ ਕਿ ਤਕਰੀਬਨ ਸੱਠ ਦਿਨਾਂ ਵਿੱਚ ਪੱਕ ਕੇ 4.5 ਕੁਇੰਟਲ ਝਾੜ ਪ੍ਰਤੀ ਏਕੜ ਦਿੰਦੀ ਹੈ ਇਹ ਕਿਸਮ ਥਰਿੱਪ ਕੀੜੇ ਅਤੇ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ। ਐੱਸ ਐੱਮ ਐੱਲ 668 ਲਈ 15 ਕਿੱਲੋ ਅਤੇ ਬਾਕੀ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸਤ ਜ਼ੀਰੋ ਡਰਿਲ ਨਾਲ ਕੀਤੀ ਜਾ ਸਕਦੀ ਹੈ ਪਰੰਤੂ ਜੇਕਰ ਕਣਕ ਦਾ ਨਾੜ ਖੇਤ ਵਿੱਚ ਹੋਵੇ ਤਾਂ ਮੂੰਗੀ ਦੀ ਬਿਜਾਈ ਹੈਪੀ ਸੀਡਰ ਨਾਲ ਕਰੋ. ਮੂੰਗੀ ਨੂੰ ਬਿਜਾਈ ਵੇਲੇ ਸਿਫਾਰਸ਼ ਕੀਤਾ ਰਾਈਜੋਬੀਅਮ ਕਲਚਰ ਲਾਓ। ਇੱਕ ਏਕੜ ਲਈ ਸਿਫ਼ਾਰਸ਼ ਕੀਤੇ ਬੀਜ ਨੂੰ ਥੋੜ੍ਹੇ ਪਾਣੀ ਨਾਲ ਗਿੱਲਾ ਕਰਕੇ ਟੀਕੇ ਵਾਲੀ ਮਿੱਟੀ ਵਿੱਚ ਰਲਾ ਲਓ ਅਤੇ ਛਾਵੇਂ ਪੱਕੇ ਫਰਸ਼ ਤੇ ਖਿਲਾਰ ਕੇ ਸੁਕਾ ਲਓ, ਫਿਰ ਛੇਤੀ ਬਿਜਾਈ ਕਰੋ। ਇਸ ਟੀਕੇ ਨਾਲ 12-16 ਪ੍ਰਤੀਸ਼ਤ ਝਾੜ ਵਿੱਚ ਵਾਧਾ ਹੁੰਦਾ ਹੈ।
ਬੀਜ ਦੀ ਸੋਧ ਵਾਸਤੇ ਕੈਪਟਨ ਜਾਂ ਥੀਰਮ ਦਵਾਈ 3 ਗ੍ਰਾਮ ਪ੍ਰਤੀ ਕਿਲੋ ਬੀਜ ਲਗਾ ਕੇ ਬੀਜੋ ਤਾਂ ਜੋ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।  ਇਸ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ 22.5 ਸੈਂਟੀਮੀਟਰ ਚੌੜੀਆਂ ਕਤਾਰਾਂ ਵਿੱਚ ਅਤੇ 4-6 ਸੈਂਟੀਮੀਟਰ ਡੂੰਘਾਈ ਤੇ ਕਰਨੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਰੱਖਣਾ ਚਾਹੀਦਾ ਹੈ, ਜੇਕਰ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉੱਤੇ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਨੀ ਹੋਵੇ ਤਾਂ ਕਣਕ ਲਈ ਵਰਤੇ ਜਾਣ ਵਾਲੇ ਬੈੱਡ ਪਲਾਂਟਰ ਨਾਲ 67.5 ਸੈਂਟੀਮੀਟਰ ਦੀ ਵਿੱਥ ਤੇ ਤਿਆਰ ਕੀਤੇ ਬੈਡ (37.5 ਸੈਂਟੀਮੀਟਰ ਬੈਡ ਅਤੇ 30 ਸੈਂਟੀਮੀਟਰ ਖਾਲੀ) ਤੇ ਬਿਜਾਈ ਕੀਤੀ ਜਾਵੇ ਅਤੇ 20 ਸੈਂਟੀਮੀਟਰ ਦੀ ਵਿੱਥ ਮੂੰਗੀ ਦੀਆਂ 2  ਕਤਾਰਾਂ ਵਿੱਚ ਰੱਖੀ ਜਾਵੇ, ਅਜਿਹਾ ਕਰਨ ਨਾਲ ਫਸਲ ਨੂੰ ਖਾਸ ਕਰਕੇ ਉਗਣ ਸਮੇਂ ਨਾ ਸਿਰਫ ਮੀਂਹ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਸਗੋਂ ਪੱਧਰੀ ਬਿਜਾਈ ਦੇ ਮੁਕਾਬਲੇ 10 ਪ੍ਰਤੀਸ਼ਤ ਜ਼ਿਆਦਾ ਝਾੜ ਪ੍ਰਾਪਤ ਹੁੰਦਾ ਹੈ ਅਤੇ 20-30 ਪ੍ਰਤੀਸ਼ਤ ਪਾਣੀ ਦੀ ਬੱਚਤ ਵੀ ਹੁੰਦੀ ਹੈ। ਬਿਜਾਈ ਦੇ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਡਰਿੱਲ ਕੀਤੀ ਜਾਵੇ। ਪ੍ਰੰਤੂ ਆਲੂ ਦੀ ਫ਼ਸਲ ਪਿੱਛੋਂ ਗਰਮ ਰੁੱਤ ਦੀ ਮੂੰਗੀ ਦੀ ਫ਼ਸਲ ਵਿੱਚ ਕੋਈ ਵੀ ਖਾਦ ਦੀ ਵਰਤੋਂ ਨਾ ਕੀਤੀ ਜਾਵੇ। ਨਦੀਨਾਂ ਦੀ ਰੋਕ ਥਾਮ ਲਈ ਇਕ ਜਾਂ ਦੋ ਗੋਡੀਆਂ ਦੀ ਸਿਫਾਰਸ਼ ਕੀਤੀ ਗਈ ਹੈ। ਪਹਿਲੀ ਗੋਡੀ ਬਿਜਾਈ ਦੇ 4 ਹਫ਼ਤੇ ਪਿੱਛੋਂ ਅਤੇ ਦੂਜੀ (ਜੇ ਲੋੜ ਪਵੇ) ਉਸ ਤੋਂ ਦੋ ਹਫ਼ਤੇ ਪਿੱਛੇ ਕਰੋ। ਮੌਸਮ ਅਤੇ ਜ਼ਮੀਨ ਦੀ ਪਾਣੀ ਸੰਭਾਲ ਦੀ ਸਮਰੱਥਾ ਅਨੁਸਾਰ ਫਸਲ ਨੂੰ ਤਿੰਨ ਤੋਂ ਚਾਰ ਪਾਣੀ ਲਾਓ। ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਅਤੇ ਆਖਰੀ ਸਿੰਚਾਈ ਬਿਜਾਈ ਤੋਂ ਕਰੀਬ 55 ਦਿਨ ਬਾਅਦ ਕਰੋ, ਇਹ ਵਧੇਰੇ ਝਾੜ ਅਤੇ ਇਕਸਾਰ ਫ਼ਸਲ ਦੇ ਪੱਕਣ ਵਿੱਚ ਸਹਾਇਕ ਹੈ। ਤਕਰੀਬਨ 80 ਪ੍ਰਤੀਸ਼ਤ ਫਲੀਆਂ ਪੱਕ ਜਾਣ ਉਪਰੰਤ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਇਸ ਲਈ ਕਣਕ ਵਾਲਾ ਥਰੈਸ਼ਰ ਕੁਝ ਤਬਦੀਲੀਆਂ ਕਰਕੇ ਵਰਤਿਆ ਜਾ ਸਕਦਾ ਹੈ, ਜੇਕਰ ਕੰਬਾਈਨ ਨਾਲ ਮੂੰਗੀ ਦੀ ਵਾਢੀ ਕਰਨੀ ਹੋਵੇ ਤਾਂ 80 ਪ੍ਰਤੀਸ਼ਤ ਪਕਾਈ ਦੇ ਸਮੇਂ 800 ਐੱਮ. ਐੱਲ. ਗਰੈਮੈਕਸਜੋਨ 24 ਏਸ.ਐੱਲ. (ਪੈਰਾਕੁਏਟ) ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਓ ਤਾਂ ਜੋ ਪੱਤੇ ਅਤੇ ਤਣੇ ਸੁੱਕ ਜਾਣ। ਇਸ ਨਾਲ ਕਟਾਈ ਸੌਖੀ ਹੋ ਜਾਂਦੀ ਹੈ, ਲੇਬਰ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਤੇਜ਼ੀ ਨਾਲ ਵਾਢੀ ਦਾ ਕੰਮ ਪੂਰਾ ਹੋਣ ਕਰਕੇ ਫਸਲ ਨੂੰ ਬਾਰਿਸ਼ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
Simranpreet singh bola
ਹਰੀ ਖਾਦ
ਕਿਸਾਨਾਂ ਵੱਲੋਂ ਵਧੇਰੇ ਝਾੜ ਵਾਲੀਆਂ ਕਿਸਮਾਂ ਅਤੇ ਨਿਰੰਤਰ ਕਾਸ਼ਤ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਜਿਸ ਨੂੰ ਪੂਰਾ ਕਰਨ ਲਈ ਆਮ ਤੌਰ ਤੇ ਯੂਰੀਆ, ਡੀਏਪੀ ਅਤੇ ਸੁਪਰਫਾਸਫੇਟ ਵਰਗੀਆਂ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕਰਕੇ ਲਗਾਤਾਰ ਇੱਕ ਹੀ ਕਿਸਮ ਦੀਆਂ ਰਸਾਇਣਕ ਖਾਦਾਂ ਪਾਉਣ ਕਾਰਨ ਜ਼ਮੀਨਾਂ ਵਿੱਚ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ ਤੋਂ ਇਲਾਵਾ ਦਰਮਿਆਨੇ ਦਰਜੇ ਦੇ ਖੁਰਾਕੀ ਤੱਤ ਜਿਵੇਂ ਸਲਫਰ, ਮੈਗਨੀਜ ਅਤੇ ਹੋਰ ਛੋਟੇ ਤੱਤਾਂ ਜਿਵੇਂ ਜਿੰਕ, ਲੋਹਾ ਅਤੇ ਤਾਂਬਾ ਆਦਿ ਦੀ ਘਾਟ ਆ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਕੋਈ ਵੀ ਕਮੀ ਨਾ ਆਵੇ, ਉਸ ਲਈ ਇਹ ਜ਼ਰੂਰੀ ਹੈ ਕਿ ਰਸਾਇਣਕ ਖਾਦਾਂ ਦੇ ਨਾਲ ਨਾਲ ਜੈਵਿਕ ਖਾਦਾਂ ਵੀ ਵਰਤੀਆਂ ਜਾਣ ਤਾਂ ਜੋ ਫ਼ਸਲਾਂ ਦਾ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕੇ ਅਤੇ ਜ਼ਮੀਨ ਦੀ ਉਪਜਾਓ ਸ਼ਕਤੀ ਵੀ ਵਧੇ. ਕੋਈ ਵੀ ਯੋਗ ਫ਼ਸਲ, ਜ਼ਿਆਦਾ ਤਰ ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਅਤੇ ਠੀਕ ਸਮੇਂ ਤੇ ਉਸ ਨੂੰ ਖੇਤ ਵਿੱਚ ਵਾਹ ਕੇ ਦਬਾਉਣਾ ਚਾਹੀਦਾ ਹੈ, ਜਿਸ ਨਾਲ ਲਾਭਦਾਇਕ ਹਰੀ ਖਾਦ ਬਣਾਈ ਜਾਂਦੀ ਹੈ। ਝੋਨੇ ਦੀ ਲਵਾਈ ਤੋਂ ਪਹਿਲਾਂ ਹਰੀ ਖਾਦ ਤਿਆਰ ਕਰਕੇ ਖੇਤਾਂ ਵਿੱਚ ਮਿਲਾ ਦੇਣੀ ਚਾਹੀਦੀ ਹੈ ਤਾਂ ਜੋ ਸਾਉਣੀ ਦੀ ਫ਼ਸਲ ਉੱਪਰ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕੀਤੀ ਜਾ ਸਕੇ ਅਤੇ ਨਾਲ ਹੀ ਖਾਦਾਂ ਦੇ ਜ਼ਹਿਰੀਲੇ ਪ੍ਰਭਾਵ ਤੋਂ ਵਾਤਾਵਰਨ ਨੂੰ ਬਚਾਉਣ ਲਈ ਯੋਗਦਾਨ ਪਾਇਆ ਜਾਵੇ। ਹਰੀ ਖਾਦ ਜ਼ਮੀਨ ਨੂੰ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੇਣ ਦੇ ਨਾਲ -ਨਾਲ ਨਦੀਨਾਂ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ ਕਿਉਂਕਿ ਹਰੀ ਖਾਦ ਵਾਲੀ ਫਸਲ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ਜੋ ਕਿ ਨਦੀਨਾਂ ਉੱਤੇ ਕਾਬੂ ਪਾ ਲੈਂਦੇ ਹਨ ਅਤੇ ਜੋ ਨਦੀਨ ਉਗਦੇ ਹਨ ਉਹ ਬੀਜ ਬਣਨ ਤੋਂ ਪਹਿਲਾਂ ਹੀ ਹਰੀ ਖਾਦ ਨਾਲ ਦੱਬ ਜਾਂਦੇ ਹਨ। ਹਰੀ ਖਾਦ ਤਿਆਰ ਕਰਨ ਲਈ ਕਣਕ ਜਾਂ ਹੋਰ ਫਸਲਾਂ ਦੀ ਕਟਾਈ ਉਪਰੰਤ ਖੇਤ ਨੂੰ ਪਾਣੀ ਲਾ ਦਿੱਤਾ ਜਾਵੇ। ਪਿੱਛੋਂ 20 ਕਿਲੋ ਢੈਂਚਾ ਜਾਂ ਜੰਤਰ ਦਾ ਬੀਜ ਜਾਂ 12 ਕਿਲੋ ਰਵਾਂਹ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦਿਓ। ਢੈਂਚਾ/ ਜੰਤਰ ਦੀ ਹਰੀ ਖਾਦ ਮਿਲਾਉਣ ਨਾਲ ਖੇਤਾਂ ਵਿਚ ਝੋਨੇ ਦੀ ਫਸਲ ਉੱਪਰ ਲੋਹੇ ਦੀ ਘਾਟ ਵੀ ਨਹੀਂ ਆਉਂਦੀ। ਨਵੀਆਂ ਵਾਹੀਯੋਗ ਜ਼ਮੀਨਾਂ ਵਿਚ ਹਰੀ ਖਾਦ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ, ਇਸ ਨਾਲ ਫਸਲਾਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਵਧਦੀਆਂ ਫੁੱਲਦੀਆਂ ਹਨ। ਫਲੀਦਾਰ ਫ਼ਸਲਾਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਹਵਾ ਵਿਚਲੀ ਨਾਈਟਰੋਜਨ ਜ਼ਮੀਨ ਵਿੱਚ ਜਮ੍ਹਾਂ ਹੁੰਦੀ ਹੈ। ਮੂੰਗੀ ਦੀ ਫ਼ਸਲ 50-66 ਪ੍ਰਤੀਸ਼ਤ ਨਾਈਟਰੋਜਨ ਜਮ੍ਹਾਂ ਕਰਨ ਵਿੱਚ ਸਹਾਇਕ ਹੁੰਦੀ ਹੈ। ਪੀਏਯੂ ਲੁਧਿਆਣਾ ਵੱਲੋਂ ਹਰੀ ਖਾਦ ਲਈ ਪੰਜਾਬ ਢੈਂਚਾ-1, ਪੀ ਏ ਯੂ 1691, ਨਰਿੰਦਰ ਸਨਾਈ 1 ਅਤੇ ਰਵਾਂਹ ਦੀਆਂ ਦੋ ਕਿਸਮਾਂ ਸੀ. ਐੱਲ. 637 ਅਤੇ ਰਵਾਂਹ-88 ਦੀ ਸਿਫ਼ਾਰਸ਼ ਕੀਤੀ ਗਈ ਹੈ। ਹਰੀ ਖਾਦ ਵਰਤਣ ਕਰਕੇ ਕੀੜੇ ਮਕੌੜਿਆਂ ਦੀ ਸਮੱਸਿਆ ਆਉਣ ਤੇ ਪੀ.ਏ.ਯੂ. ਲੁਧਿਆਣਾ, ਕੇ. ਵੀ. ਕੇ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਮਨਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਸਿੰਘ ਬੋਲਾ
1) ਅਸਿਸਟੈਂਟ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਇੰਡੀਆ
2 ) ਪੀ.ਐਚ.ਡੀ. ਵਿਦਿਆਰਥੀ, ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ, ਪੰਜਾਬ, ਇੰਡੀਆ
ਈ ਮੇਲ: mansran10@gmail.com
moong and green manure in hot weather punjabi news agriculture news
English Summary: Importance of moong and green manure in hot weather

Share your comments

Krishi Jagran Punjabi Magazine Subscription Online SubscriptionKrishi Jagran Punjabi Magazine subscription

CopyRight - 2020 Krishi Jagran Media Group. All Rights Reserved.