ਅਪ੍ਰੈਲ-ਮਈ ਮਹੀਨੇ ਵੱਧਦੀ ਗਰਮੀ ਕਾਰਨ ਬਾਗਾਂ ਵਿਚ ਪਾਣੀ ਦੀ ਜ਼ਰੂਰਤ ਵੱਧ ਜਾਂਦੀ ਹੈ।ਲੋੜੋਂ ਵੱਧ ਪਾਣੀ ਲਾਉਣ ਨਾਲ ਨਦੀਨਾਂ ਦੀ ਵੀ ਭਰਮਾਰ ਹੋ ਜਾਂਦੀ ਹੈ।ਜ਼ਮੀਨ ਵਿੱਚ ਲਗਾਤਾਰ ਸਿੱਲ ਰਹਿਣ ਕਾਰਨ ਬਾਗਾਂ ਵਿਚ ਨਦੀਨਾਂ ਦਾ ਵਾਧਾ ਬਹੁਤ ਤੇਜੀ ਨਾਲ ਹੁੰਦਾ ਹੈ।ਇਹ ਨਦੀਨ ਬਾਗਾਂ ਵਿੱਚ ਖਾਦ ਖੁਰਾਕ ਅਤੇੇ ਪਾਣੀ ਦਾ ਬਹੁਤ ਵੱਡਾ ਹਿੱਸਾ ਖਪਤ ਕਰ ਜਾਂਦੇ ਹਨ ਅਤੇ ਕਈ ਬਿਮਾਰੀਆਂ ਅਤੇ ਕੀੜਿਆਂ ਦੀ ਪਨਾਹਗਾਹ ਵੀ ਬਣਦੇ ਹਨ।
ਆਮ ਤੌਰ ਤੇ ਬਾਗਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਬਾਗਾਂ ਦੀ ਵਹਾਈ ਜਾਂ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਨਾਲ ਬਾਗਾਂ ਦੀ ਸਾਂਭ-ਸੰਭਾਲ ਕਰਨ ਦੀ ਲਾਗਤ ਵੱਧ ਜਾਂਦੀ ਹੈ ਅਤੇ ਕਈ ਵਾਰ ਫ਼ਲਦਾਰ ਬੂਟਿਆਂ ਨੂੰ ਨੁਕਸਾਨ ਵੀ ਹੋ ਜਾਂਦਾ ਹੈ।ਇਸ ਲਈ ਬਾਗਾਂ ਵਿਚ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਕੁਛ ਉਪਰਾਲੇ ਕੀਤੇ ਜਾ ਸਕਦੇ ਜੋ ਕਿ ਨਦੀਨਾਂ ਦੀ ਸੁਖਾਲੀ ਅਤੇ ਕਿਫ਼ਾਇਤੀ ਢੰਗ ਨਾਲ ਰੋਕਥਾਮ ਕਰਨ ਵਿੱਚ ਸਹਾਈ ਹੁੰਦੇ ਹਨ।ਬਾਗਾਂ ਵਿਚ ਉਘਣ ਵਾਲੇ ਨਦੀਨਾਂ ਉਪਰ ਕਾਬੂ ਪਾਉਣ ਲਈ ਹਲਕੀ ਵਹਾਈ, ਗੋਡੀ, ਨਦੀਨਾਂ ਦੀ ਲਗਾਤਾਰ ਕਟਾਈ ਜਾਂ ਝੋਨੇ ਦੀ ਪਰਾਲੀ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ।ਇਹਨਾਂ ਵਿਧੀਆਂ ਨਾਲ ਨਾ ਸਿਰਫ਼ ਬੂਟਿਆਂ ਨੂੰ ਨਦੀਨ ਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ ਸਗੋਂ ਫ਼ਸਲਾਂ ਦੀ ਰਹਿੰਦ-ਖੂੰਦ ਜਾਂ ਜੈਵਿਕ ਮਾਦਾ ਬਾਗਾਂ ਵਿਚਲੀ ਜਮੀਨ ਵਿੱਚ ਨਮੀ ਅਤੇ ਤਾਪਮਾਨ ਬਰਕਰਾਰ ਰੱਖਣ ਵਿਚ ਸਹਾਈ ਹੁੰਦੀ ਹੈ।ਮਲਚ ਦੇ ਗਲਣ-ਸੜਣ ਨਾਲ ਜਮੀਨ ਦੀ ਖੁਰਾਕੀ ਸਮਰੱਥਾ ਵਧ ਜਾਂਦੀ ਹੈ, ਫ਼ਲਾਂ ਦੇ ਅਕਾਰ, ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ਅਤੇ ਝੋਨੇ ਦੀ ਪਰਾਲੀ ਦੀ ਸੁਚਜੀ ਵਰਤੋਂ ਵਿਚ ਵੀ ਮਦਦ ਮਿਲਦੀ ਹੈ ।ਬਾਗਾਂ ਵਿਚ ਨਦੀਨਾਂ ਦੀ ਰੋਕਥਾਂਮ ਅਤੇ ਸਾਫ਼-ਸਫ਼ਾਈ ਕਰਦੇ ਸਮੇ ਨਿਮਨਿਲਤ ਗਲਾਂ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ।
ਬਾਗਾਂ ਵਿਚ ਨਦੀਨਾਂ ਦੀ ਰੋਕਥਾਂਮ ਅਤੇ ਹੋਰ ਸਾਫ਼-ਸਫ਼ਾਈ ਕਰਦੇ ਸਮੇ ਧਿਆਨ ਰੱਖਣਯੋਗ ਨੁਕਤੇ
ਆਮ ਤੌਰ ਤੇ ਬੇਰ ਅਤੇ ਅਮਰੂਦ ਨੂੰ ਛਡ ਕੇ ਬਾਕੀ ਪ੍ਰਮੁਖ ਫ਼ਲਦਾਰ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਸਿਫਾਰਿਸ਼ ਮਾਤਰਾ ਦਾ ਦੂਜਾ ਅੱਧਾ ਹਿੱਸਾ ਮਾਰਚ-ਅਪ੍ਰੈਲ ਮਹੀਨੇ ਪਾਇਆ ਜਾਂਦਾ ਹੈ ਸੋ, ਖਾਦ ਪਉਣ ਸਮੇਂ ਜ਼ਮੀਨ ਵੱਤਰ ਹੋਵੇ ਅਤੇ ਬੂਟਿਆਂ ਹੇਠੋਂ ਗੋਡੀ ਕਰਕੇ ਦੌਰ ਨੂੰ ਨਦੀਨ ਮੁਕਤ ਕਰ ਲਵੋ।ਗੋਡੀ ਕਰਦੇ ਸਮੇ ਧਿਆਨ ਰੱਖੋ ਕਿ ਬੂਟਿਆਂ ਦੇ ਤਣਿਆਂ ਦੁਆਲਿਉਂ ਜ਼ਮੀਨ, ਬਾਕੀ ਖੇਤ ਨਾਲੋਂ ਨੀਵੀਂ ਨਾ ਹੋ ਜਾਵੇ ਤਾਂ ਜੋ ਪਾਣੀ ਖੜੇ ਹੋਣ ਦਾ ਜ਼ਰੀਆ ਨਾ ਬਣੇ ।
ਬਾਗਾਂ ਵਿਚ ਸਾਫ਼ ਸਫ਼ਾਈ ਰਖਣ ਲਈ ਰੋਟਾਵੇਟਰ ਨਾਲ ਹਲਕੀ ਵਹਾਈ ਕੀਤੀ ਜਾ ਸਕਦੀ ਹੈ ਪਰ ਧਿਆਨ ਰੱਖੋ ਕਿ ਬਹੁਤ ਸਾਰੇ ਫ਼ਲਦਾਰ ਬੂਟਿਆਂ ਨੂੰ ਇਸ ਸਮੇ ਫ਼ਲ ਪੈਂਦਾ ਹੈ ਅਤੇ ਵਹਾਈ ਕਰਦੇ ਸਮੇ ਫ਼ਲਦਾਰ ਬੂਟਿਆਂ ਦੀ ਜ਼ਿਆਦਾ ਹਿਲਜੁਲ ਨਾ ਹੋਵੇ ਤਾਂ ਜੋ ਨਵਾਂ ਲੱਗਿਆ ਫ਼ਲ ਨਾ ਡਿਗੇ ।ਬਾਗ ਵਿੱਚ ਕਦੇ ਵੀ ਬਹੁਤ ਡੂੰਘੀ ਵਹਾਈ ਨਾ ਕਰੋ ਕਿਉਂਕਿ ਇਸ ਨਾਲ ਫ਼ਲਦਾਰ ਬੂਟਿਆਂ ਦੀਆਂ ਜੜਾਂ ਵੱਢੀਆਂ ਜਾਂਦੀਆਂ ਹਨ ਅਤੇ ਬੂਟਿਆਂ ਨੂੰ ਬਿਮਾਰੀ ਲੱਗਣ ਦਾ ਖਤਰਾ ਵੱਧ ਜਾਂਦਾ ਹੈ ।ਜ਼ਿਆਦਾ ਖੁਸ਼ਕ ਅਤੇ ਜ਼ਿਆਦਾ ਗਿੱਲੀ ਜ਼ਮੀਨ ਵੇਲੇ ਬਾਗ ਨੂੰ ਨਾ ਵਾਹੋ ।ਸੰਘਣੇ ਅਤੇ ਫ਼ਲਾਂ ਨਾਲ ਲੱਦੇ ਬਾਗਾਂ ਵਿਚ ਵਹਾਈ ਕਰਨ ਤੋਂ ਗੁਰੇਜ ਕਰੋ ।ਬਾਗਾਂ ਨੂੰ ਲੋੜ ਤੋਂ ਜਿਆਦਾ ਨਾ ਵਾਹੋ ਅਤੇ ਗਰਮੀ ਰੁੱਤ ਵਿਚ ਨਿੰਬੂ ਜਾਤੀ ਦੇ ਬਾਗਾਂ ਨੂੰ ਵਹੁਣ ਤੋਂ ਪਰਹੇਜ ਕਰੋ ਪਰ ਅਮਰੂਦ ਦੇ ਬਾਗਾਂ ਨੂੰ ਮਈ-ਜੂਨ ਮਹੀਨੇ ਵਾਹ ਦਿਉ ।
ਇਸ ਤੋਂ ਇਲਾਵਾ ਬਾਗਾਂ ਵਿਚ ਟਰੈਕਟਰ ਨਾਲ ਚਲਣ ਵਾਲੀ ਘਾਹ ਕੱਟਣ ਵਾਲੀ ਮਸ਼ੀਨ ਨਾਲ ਲਗਾਤਾਰ ਕਟਾਈਆਂ ਕਰਕੇ ਵੀ ਨਦੀਨਾਂ ਨੂੰ ਕਾਬੂ ਹੇਠ ਰੱਖਿਆ ਜਾ ਸਕਦਾ ਹੈ।ਜਦੋਂ ਨਦੀਨਾਂ ਦੀ ਉਚਾਈ ਤਕਰੀਬਨ 9 ਕੁ ਇੰਚ ਦੀ ਹੋ ਜਾਵੇ ਤਾਂ ਇਹਨਾਂ ਦੀ ਕਟਾਈ ਕੀਤੀ ਜਾ ਸਕਦੀ ਹੈ ਜਿਸ ਨਾਲ ਹੌਲੀ ਹੌਲੀ ਚੌੜੇ ਪੱਤਿਆਂ ਵਾਲੇ ਨਦੀਨਾਂ ਦਾ ਪੂਰੀ ਤਰਾਂ ਖਾਤਮਾ ਹੋ ਜਾਵੇਗਾ ਅਤੇ ਘਾਹ ਵਰਗੇ ਨਦੀਨ ਵੀ ਕਾਬੂ ਹੇਠ ਰਹਿਣਗੇ । ਕੱਟਿਆ ਹੋਇਆ ਘਾਹ ਵੀ ਮਲਚਿੰਗ ਦੀ ਤਰਾਂ ਕੰਮ ਕਰੇਗਾ।
ਬਾਗਾਂ ਵਿਚ ਪਾਣੀ ਲਾਉਣ ਤੋਂ ਬਾਅਦ ਵੱਡੇ ਨਦੀਨ ਜਿਵੇਂਕਿ ਕਾਂਗਰਸ ਘਾਹ, ਭੰਗ ਆਦਿ ਨੂੰ ਹੱਥੀਂ ਪੱਟਦੇ ਰਹੋ ਅਤੇ ਕੋਸ਼ਿਸ਼ ਕਰੋ ਕਿ ਇਹਨਾਂ ਦੇ ਬੀਜ ਬਾਗ ਵਿੱਚ ਨਾ ਖਿਲਰਣ।
ਇਸੇ ਤਰਾਂ ਬਾਗਾਂ ਵਿਚ ਝੋਨੇ ਦੀ ਪਰਾਲੀ ਵਿਛਾਅ ਕੇ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਪਰਾਲੀ ਦੀ ਮਲਚਿੰਗ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਤੁਰੰਤ ਬਾਅਦ ਕਰੋ।ਝੋਨੇ ਦੀ ਪਰਾਲੀ ਦੀ ਫ਼ਲਦਾਰ ਬੂਟਿਆਂ ਹੇਠ 10 ਸੈਂਟੀਮੀਟਰ ਮੋਟੀ ਅਤੇ ਇੱਕਸਾਰ ਤਹਿ ਵਿਛਾਉ।ਬੂਟਿਆਂ ਦੀ ਪੂਰੀ ਛਤਰੀ ਹੇਠਲੇ ਰਕਬੇ ਸਮੇਤ ਬਾਗ ਦੇ ਕੁਲ ਰਕਬੇ ਦੇ ਤਕਰੀਬਨ ਦੋ-ਤਿਹਾਈ ਰਕਬੇ ਉਪਰ ਮਲਚਿੰਗ ਕਰੋ।ਆੜੂ ਅਤੇ ਅਲੂਚੇ ਦੇ ਬਾਗਾਂ ਵਿਚ 4.5 ਟਨ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਰਚ-ਅਪ੍ਰੈਲ ਮਹੀਨੇ ਮਲਚਿੰਗ ਕੀਤੀ ਜਾ ਸਕਦੀ ਹੈ, ਨਾਖ ਦੇ ਬਾਗਾਂ ਵਿਚ ਅਪ੍ਰੈਲ-ਮਈ ਮਹੀਨੇ 5.5 ਟਨ ਪ੍ਰਤੀ ਏਕੜ, ਅਮਰੂਦ ਦੇ ਬਾਗਾਂ ਵਿਚ ਮਈ-ਜੂਨ ਮਹੀਨੇ 4.0 ਟਨ ਪ੍ਰਤੀ ਏਕੜ, ਬੇਰਾਂ ਦੇ ਬਾਗਾਂ ਵਿਚ ਅਕਤੂਬਰ-ਨਵੰਬਰ ਮਹੀਨੇ 5.0 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ ।ਮਲਚਿੰਗ ਨਾਲ ਨਾ ਸਿਰਫ਼ ਨਦੀਨਾਂ ਦੀ ਰੋਕਥਾਮ ਹੁੁੰਦੀ ਹੈ ਸਗੋਂ ਇਸ ਨਾਲ ਜ਼ਮੀਨ ਵਿੱਚ ਨਮੀ ਬਰਕਰਾਰ ਰੱਖਣ ਵਿਚ ਮਦਦ ਮਿਲਦੀ ਹੈ, ਫ਼ਲਾਂ ਦਾ ਕੇਰਾ ਘਟਦਾ ਹੈ, ਫ਼ਲਾਂ ਦਾ ਝਾੜ ਅਤੇ ਗੁਣਵਤਾ ਵਿਚ ਵੀ ਵਾਧਾ ਹੁੰਦਾ ਹੈ ।
ਬਾਗਾਂ ਦੇ ਆਲੇ-ਦੁਆਲੇ, ਵਾੜ ਵਾਲੇ ਖੇਤਰ ਅਤੇ ਪਾਣੀ ਕੇ ਖਾਲਾਂ ਦੇ ਕਿਨਾਰਿਆਂ ਦੇ ਉਗੇ ਨਦੀਨਾਂ ਨੂੰ ਵੀ ਲਗਾਤਾਰ ਕਾਬੂ ਹੇਠ ਰਖੋ ਤਾਂ ਕਿ ਇਹਨਾਂ ਦਾ ਬੀਜ ਬਣ ਕੇ ਬਾਗਾਂ ਵਿਚ ਨਾ ਫ਼ੈਲੇ ।
ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਕਰਨ ਤੋਂ ਬਾਅਦ ਕਟੀ ਹੋਈਆਂ ਟਹਿਣੀਆਂ ਨੂੰ ਬਾਗ ਵਿਚ ਨਹੀ ਛਡਣਾ ਚਾਹੀਦਾ ਕਿਉਂਕਿ ਇਸ ਵਿਚ ਬਿਮਾਰੀ ਜਾਂ ਕੀੜੇ-ਮਕੌੜਿਆਂ ਦੇ ਸਰੋਤ ਹੋ ਸਕਦੇ ਹਨ । ਕਟਾਈ ਕਰਨ ਤੋਂ ਤੁਰੰਦ ਬਾਅਦ ਇਸ ਨੂੰ ਬਾਲਣ ਦੇ ਤੌਰ ਤੇ ਜਾਂ ਖਾਦ ਬਣਉਣ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ।ਅਜਿਹਾ ਕਰਨ ਨਾਲ ਬਾਗਾਂ ਵਿਚ ਬਿਮਾਰੀ ਜਾਂ ਕੀੜੇ ਫ਼ੈਲਣ ਦਾ ਖਤਰਾ ਘਟ ਜਾਂਦਾ ਹੈ ।
ਬਾਗਾਂ ਵਿਚ ਬਿਮਾਰੀ ਜਾਂ ਕੀੜਿਆਂ ਦੇ ਹਮਲੇ ਕਾਰਨ ਫ਼ਲਾਂ ਦਾ ਕੇਰਾ ਹੁੰਦਾ ਰਹਿੰਦਾ ਹੈ ਇਸ ਲਈ ਡਿੱਗੇ ਹੋਏ ਫ਼ਲਾਂ ਨੂੰ ਇਕੱਠਾ ਕਰਕੇ ਲਗਾਤਾਰ ਦਬਾਉਂਦੇ ਰਹੋ ।ਅਜਿਹਾ ਕਰਨ ਨਾਲ ਬੂਟਿਆਂ ਨੂੰ ਬਿਮਾਰੀਆਂ ਅਤੇ ਕੀੜਿਆਂ ਨੂੰ ਕਾਬੂ ਹੇਠ ਰਖਣ ਵਿਚ ਮਦਦ ਮਿਲਦੀ ਹੈ ।
ਫ਼ਲਾਂ ਦੀ ਤੁੜਾਈ ਤੋਂ ਬਾਅਦ ਨਕਾਰੇ ਹੋਏ ਫ਼ਲਾਂ ਨੂੰ ਵੀ ਡੂੰਗਾ ਦਬਾ ਦੇਣਾ ਚਹੀਦਾ ਹੈ ।
ਛੋਟੇ ਬਾਗਾਂ ਵਿੱਚ ਬੂਟਿਆਂ ਦੇ ਵਿਚਕਾਰਲੀ ਜਗ੍ਹਾ ਉਪਰ ਅੰਤਰ ਫ਼ਸਲਾਂ ਜਿਵੇਂਕਿ ਮੂੰਗੀ, ਮਾਂਹ ਆਦਿ ਦੀ ਕਾਸ਼ਤ ਕਰਕੇ ਵੀ ਨਦੀਨਾਂ ਨੂੰ ਕਾਬੂ ਹੇਠ ਰੱਖਿਆ ਜਾ ਸਕਦਾ ਹੈ, ਪਰ ਫ਼ਲਦਾਰ ਬੂਟਿਆਂ ਅਤੇ ਅੰਤਰ ਫ਼ਸਲ ਲਈ ਪਾਣੀ ਪ੍ਰਬੰਧ ਵੱਖਰਾ ਰੱਖੋ ।
ਜੇ.ਐਸ.ਬਰਾੜ, ਗਗਨਦੀਪ ਕੌਰ ਅਤੇ ਕਿਸ਼ਨ ਕੁਮਾਰ
ਇਹ ਵੀ ਪੜ੍ਹੋ : ਧਰਤੀ ਹੇਠਲੇ ਪਾਣੀ ਅਤੇ ਝੋਨੇ ਦੀਆਂ ਕਿਸਮਾਂ ਦਾ ਰੁਝਾਨ: ਆਓ ਭਵਿੱਖ ਵੱਲ ਸੋਚੀਏ!
Summary in English: Important tips for keeping gardens clean without the use of fungicides