Paddy: ਝੋਨਾ ਇੱਕ ਮਹੱਤਵਪੂਰਨ ਅਨਾਜ ਵਾਲੀ ਫਸਲ ਹੈ ਜੋ ਕਿ ਭਾਰਤ ਵਿੱਚ ਤਕਰੀਬਨ 44.19 ਮਿਲੀਅਨ ਹੈਕਟੇਅਰ `ਤੇ ਉਗਾਇਆ ਜਾਂਦਾ ਹੈ ਅਤੇ ਸਾਲ 2020-2021 ਦੌਰਾਨ ਭਾਰਤ ਨੇ 17.71 ਮਿਲੀਅਨ ਮੀਟਰਕ ਟਨ ਚਾਵਲ ਇਰਾਨ, ਸਾਊਦੀ ਅਰਬ, ਵੀਅਤਨਾਮ, ਅਮਰੀਕਾ, ਨੇਪਾਲ, ਬੇਨਿਨ ਅਤੇ ਸੋਮਾਲੀਆ ਆਦਿ ਦੇਸ਼ਾਂ ਨੂੰ ਨਿਰਯਾਤ ਕੀਤਾ (ਅੀ੍ਰਓਅ, 2021)।ਇਸ ਲਈ ਵਿਸ਼ਵ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਵਿੱਚ ਝੋਨਾ ਉਤਪਾਦਨ ਪ੍ਰਣਾਲੀ ਦੀ ਸਥਿਰਤਾ ਮਹੱਤਵਪੂਰਨ ਹੈ।
Paddy Varieties: ਝੋਨੇ ਦੇ ਰਕਬੇ ਅਤੇ ਉਤਪਾਦਕਤਾ ਵਿੱਚ ਵਾਧੇ ਦੇ ਨਾਲ ਝੋਨੇ ਦੀ ਪਰਾਲੀ ਵਿੱਚ ਵੀ ਵਾਧਾ ਹੋਇਆ ਹੈ। ਇਸ ਸਮੇਂ ਪੰਜਾਬ ਵਿੱਚ ਸਲਾਨਾ ਲਗਭਗ 23.0 ਤੋਂ 24.0 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਹੋ ਰਹੀ ਹੈ। ਝੋਨਾ ਉਗਾਉਣ ਵਾਲੇ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਇੱਕ ਹੋਰ ਵੱਡੀ ਚੁਣੌਤੀ ਹੈ। ਝੋਨੇ ਦੀ ਫ਼ਸਲ ਲਈ ਪਾਣੀ ਦੀ ਜਿਆਦਾ ਲੋੜ ਅਤੇ ਖਾਸ ਤੌਰ ਤੇ ਝੋਨੇ ਦੀ ਅਗੇਤੀ ਲੁਆਈ (ਜੂਨ ਦੇ ਅੱਧ ਤੋਂ ਪਹਿਲਾਂ) ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਨੂੰ ਵਧਾਉਂਦੀ ਹੈ ਕਿਉਂਕਿ ਜੂਨ ਮਹੀਨੇ ਦੌਰਾਨ ਵਾਸ਼ਪੀਕਰਨ ਬਹੁਤ ਜਿ਼ਆਦਾ ਹੁੰਦਾ ਹੈ। ਪੰਜਾਬ ਵਿੱਚ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਸਲਾਨਾ ਔਸਤ ਦਰ ਲਗਭਗ 53 ਸੈਂਟੀਮੀਟਰ ਹੈ ਪਰ ਕੁਝ ਕੇਂਦਰੀ ਜਿ਼ਲ੍ਹਿਆਂ ਵਿੱਚ ਇਹ ਦਰ ਸਲਾਨਾ 100 ਸੈਂਟੀਮੀਟਰ ਦੇ ਲੱਗਭੱਗ ਹੈ। ਇਹਨਾਂ ਚਿੰਤਾਵਾਂ/ਮਸਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ ਏ ਯੂ) ਦੇ ਵਿਗਿਆਨੀਆਂ ਨੇ ਖੋਜ ਰਣਨੀਤੀਆਂ ਨੂੰ ਸੋਧ ਕੇ ਵੱਧ ਪ੍ਰਤੀ ਦਿਨ ਉਤਪਾਦਕਤਾ ਵਾਲੀਆਂ, ਘੱਟ ਪਰਾਲੀ ਵਾਲੀਆਂ ਅਤੇ ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਵਿਕਾਸ ਹਕੀਤਾ ਜਿਹੜੀਆਂ ਕਿ ਝੋਨੇ ਦੀ ਕਟਾਈ ਤੋਂ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਦਰਮਿਆਨ ਜਿਆਦਾ ਸਮਾਂ ਮੁਹੱਹੀਆ ਕਰਾਉਂਦੀਆਂ ਹਨ।
ਪੀ ਏ ਯੂ ਲੁਧਿਆਣਾ ਵਿਖੇ ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਵਿਕਾਸ ਪ੍ਰੋਗਰਾਮ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਚੱਲ ਰਹੀ ਖੋਜ ਸਦਕਾ ਘੱਟ ਤੋਂ ਦਰਮਿਆਨੀ ਮਿਆਦ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ ਅਤੇ ਸਾਲ 2013 ਤੋਂ ਪੀ. ਏ. ਯੂ. ਨੇ ਸੂਬੇ ਵਿੱਚ ਆਮ ਕਾਸ਼ਤ ਲਈ ਝੋਨੇ ਦੀਆਂ 10 ਅਜਿਹਿਆਂ ਕਿਸਮਾਂ (ਪੀ ਆਰ 121, ਪੀ ਆਰ 122, ਪੀ ਆਰ 123, ਪੀ ਆਰ 124, ਪੀ ਆਰ 126, ਪੀ ਆਰ 127, ਪੀ ਆਰ 128, ਪੀ ਆਰ 129, ਪੀ ਆਰ 130, ਪੀ ਆਰ 131) ਦੀ ਸਿਫ਼ਾਰਸ਼ ਕੀਤੀ ਹੈ ।ਇਹਨਾਂ ਕਿਸਮਾਂ ਵਿੱਚੋ ਪੀ ਆਰ 126 ਪੱਕਣ ਲਈ ਸਭ ਤੋਂ ਘੱਟ ਸਮਾਂ (ਲੁਆਈ ਤੋਂ ਬਾਅਦ 93 ਦਿਨ), ਜਦਕਿ ਪੀ ਆਰ 122 ਸਭ ਤੋਂ ਵੱਧ ਵੱਧ ਸਮਾਂ (ਲੁਆਈ ਤੋਂ ਬਾਅਦ 117 ਦਿਨ) ਲਂੈਦੀ ਹੈ। ਜਿ਼ਆਦਾਤਰ ਕਿਸਮਾਂ ਲੁਆਈ ਉਪਰੰਤ 105 ਤੋਂ 110 ਦਿਨਾਂ ਦੇ ਵਿਚਕਾਰ ਪੱਕ ਜਾਂਦੀਆਂ ਹਨ। ਪੱਕਣ ਲਈ ਘੱਟ ਸਮਾਂ, ਘੱਟ ਪਰਾਲੀ, ਜਿਆਦਾ ਝਾੜ ਕਾਰਨ ਪੀ ਏ ਯੂ ਦੁਆਰਾ ਸਿਫ਼ਾਰਸ਼ ਕੀਤੀਆਂ ਕਿਸਮਾਂ ਸੂਬੇ ਦੇ ਲਗਭਗ 70% ਖੇਤਰ ਵਿੱਚ ਕਿਸਾਨਾਂ ਦੀ ਪਸੰਦ ਬਣ ਰਹੀਆਂ ਹਨ।
ਸੁਚੱਜੇ ਪਰਾਲੀ ਪ੍ਰਬੰਧਨ ਲਈ ਘੱਟ ਸਮੇ ਵਿੱਚ ਪੱਕਣ ਵਾਲੀਆਂ ਦਾ ਮਹੱਤਵ
ਪੀ ਏ ਯੂ ਦੁਆਰਾ ਸਿਫ਼ਾਰਸ਼ ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਲੰਮੇ ਸਮੇਂ ਦੀਆਂ ਕਿਸਮਾਂ ਦੇ ਮੁਕਾਬਲੇ ਪਰਾਲੀ ਘੱਟ ਹੁੰਦੀ ਹੈ ਅਤੇ ਪਰਾਲੀ ਸੰਭਾਲ ਲਈ ਸ਼ਿਫਾਰਿਸ਼ ਤਕਨੀਕਾਂ (ਦੲ ਵੳਰਟੋਨ ਸੳਦਕੳ) ਸੁਚੱਜੇ ਢੰਗ ਨਾਲ ਸੰਭਾਲੀ ਜਾ ਸਕਦੀ ਹੈ।ਪਰੰਤੂ ਲੰਮੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਪਰਾਲੀ ਜਿਆਦਾ ਹੋਣ ਕਰਕੇ ਅਤੇ ਝੋਨੇ ਦੀ ਕਟਾਈ ਤੋ ਅਗਲੀ ਫਸਲ ਦੀ ਬਿਜਾਈ ਦਰਮਿਆਨ ਘੱਟ ਸਮਾਂ ਹੋਣ ਕਰਕੇ ਕਿਸਾਨ ਪਰਾਲੀ ਨੂੰ ਸਾੜਨ ਦਾ ਸਹਾਰਾ ਲੈਂਦੇ ਹਨ। ਵੱਖ ਵੱਖ ਕਿਸਮਾਂ ਜਿਵੇ ਕਿ ਪੀ ਆਰ 121, ਪੀ ਆਰ 130, ਪੀ ਆਰ 131 ਦੀ ਕਾਸ਼ਤ ਵਿੱਚ ਝੋਨੇ ਦੀ ਕਟਾਈ ਤੋਂ ਕਣਕ ਦੀ ਬਿਜਾਈ ਦੇ ਵਿਚਕਾਰ 22 ਤੋਂ 27 ਦਿਨਾਂ ਦਾ ਸਮਾਂ ਮਿਲਦਾ ਹੈ ਅਤੇ ਪੀ ਆਰ 126 ਦੇ ਮਾਮਲੇ ਵਿੱਚ ਇਹ ਵਕਫਾ 25 ਤੋਂ 40 ਦਿਨ ਮਿਲ ਜਾਂਦਾ ਹੈ। ਪ੍ਰੰਤ, ਪੂਸਾ 44 (ਇੱਕ ਲੰਮੇ ਸਮੇ ਵਿੱਚ ਪੱਕਣ ਵਾਲੀ ਕਿਸਮ) ਤੋ ਬਾਅਦ ਇਹ ਸਮਾਂ ਸਿਰਫ 0 ਤੋਂ 5 ਦਿਨਾਂ ਦਾ ਰਹਿ ਜਾਂਦਾ ਹੈ।
ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਤੋ ਬਾਅਦ ਹਾੜੀ ਦੀਆਂ ਫਸਲਾਂ ਦੀ ਬਿਜਾਈ ਦਰਮਿਆਨ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਕਾਫ਼ੀ ਸਮਾਂ ਮਿਲਣ ਤੋਂ ਇਲਾਵਾ, ਇਹਨਾਂ ਕਿਸਮਾਂ ਦੀ ਕਾਸ਼ਤ ਨਾਲ ਸਿੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖੇਤੀ ਲਾਗਤ (ਸਾਰਣੀ 1) ਵੀ ਘੱਟਦੀ ਹੈ। ਇਹਨਾਂ ਸਾਰੇ ਫਾਇਦਿਆਂ ਦੇ ਬਾਵਜੂਦ, ਕਿਸਾਨਾਂ ਦੁਆਰਾ ਲੰਮੇ ਸਮੇਂ ਦੀਆਂ ਕਿਸਮਾਂ ਦੀ ਚੋਣ ਇਸ ਧਾਰਨਾ ਨਾਲ ਜੁੜੀ ਹੋਈ ਹੈ ਕਿ ਲੰਮੇ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਝਾੜ ਜਿਆਦਾ ਹੁੰਦਾ ਹੈ ਅਤੇ ਉਹ ਵਧੇਰੇ ਲਾਭਕਾਰੀ ਹਨ। ਪ੍ਰਤ ਇਹ ਧਾਰਨਾ ਸੱਚ ਨਹੀਂ ਹੁੰਦੀ ਜਦੋਂ ਅਸੀਂ ਇਹਨਾਂ ਕਿਸਮਾਂ ਉੱਪਰ ਵੱਖ-ਵੱਖ ਖਰਚਿਆਂ (ਸਾਰਣੀ 1) ਨੂੰ ਜੋੜ ਕੇ ਇਹਨਾਂ ਕਿਸਮਾਂ ਦੀ ਕਾਸ਼ਤ ਉੱਪਰ ਕੁੱਲ ਖਰਚਿਆਂ ਅਤੇ ਸ਼ੁੱਧ ਲਾਭ ਦਾ ਮੁਲਾਂਕਣ ਕਰਦੇ ਹਾਂ। ਇਸ ਤੋਂ ਇਲਾਵਾ ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਬਹੁ-ਫਸਲੀ ਪ੍ਰਣਾਲੀ ਨੂੰ ਅਪਣਾਉਣ ਦੀ ਗੁੰਜਾਇਸ਼ ਮਿਲਦੀ ਹੈ।
ਸਾਰਣੀ 1: ਝੋਨੇ ਦੀਆਂ ਘੱਟ ਤੋਂ ਦਰਿਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪੂਸਾ 44 ਦੇ ਮੁਕਾਬਲੇ ਕਾਰਗੁਜਾਰੀ
ਵੇਰਵਾ |
ਪੀ.ਆਰ. 121 |
ਪੀ.ਆਰ. 126 |
ਦਿਨਾਂ ਦੀ ਬੱਚਤ |
20 |
37 |
ਸਿੰਚਾਈਆਂ ਦੀ ਬੱਚਤ |
5 |
9 |
ਖਾਦਾਂ ਦੀ ਬੱਚਤ (ਰੁਪਏ ਪ੍ਰਤੀ ਏਕੜ) |
310 |
442 |
ਕੀਟਨਾਸ਼ਕਾਂ ਦੀ ਬੱਚਤ (ਰੁਪਏ ਪ੍ਰਤੀ ਏਕੜ) |
730 |
1076 |
ਲ਼ੇਬਰ ਦੀ ਬੱਚਤ (ਰੁਪਏ ਪ੍ਰਤੀ ਏਕੜ) |
855 |
1395 |
ਟਰੈਕਟਰ ਦੀ ਵਰਤੋਂ ਵਿੱਚ ਬੱਚਤ (ਰੁਪਏ ਪ੍ਰਤੀ ਏਕੜ) |
914 |
1305 |
ਕਾਸ਼ਤਕਾਰੀ ਖਰਚਿਆਂ ਵਿੱਚ ਕੁੱਲ ਬੱਚਤ (ਰੁਪਏ ਪ੍ਰਤੀ ਏਕੜ) |
3403 |
5199 |
ਸ਼ੁੱਧ ਮੁਨਾਫੇ ਵਿੱਚ ਵਾਧਾ (ਰੁਪਏ ਪ੍ਰਤੀ ਏਕੜ) |
+193 |
+106 |
ਇਹ ਵੀ ਪੜ੍ਹੋ : Crops for June-July: ਜੂਨ-ਜੁਲਾਈ ਦੇ ਮਹੀਨੇ 'ਚ ਇਨ੍ਹਾਂ ਫ਼ਸਲਾਂ ਤੋਂ ਕਮਾਓ ਲੱਖਾਂ ਦਾ ਮੁਨਾਫ਼ਾ!
ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਪ੍ਰਭਾਵ
ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਦੇ ਵਿਕਾਸ ਅਤੇ ਉਹਨਾਂ ਨੂੰ ਕਿਸਾਨਾਂ ਵੱਲੋ ਅਪਣਾਉਣ ਲਈ ਵੱਖ ਵੱਖ ਵਿਭਾਗਾਂ ਦੇ ਯਤਨਾਂ ਸਦਕਾ ਪਿਛਲੇ ਸਮੇ ਦੌਰਾਨ ਪੰਜਾਬ ਵਿੱਚ ਇਹਨਾਂ ਕਿਸਮਾਂ ਦੇ ਅਧੀਨ ਰਕਬੇ ਵਿੱਚ ਕਾਫ਼ੀ ਵਾਧਾ ਹੋਇਆ ਹੈ (ਸਾਰਣੀ 2)। ਅੰਕੜੇ ਸਪੱਸ਼ਟ ਤੌਰ `ਤੇ ਦਰਸਾਉਂਦੇ ਹਨ ਕਿ ਪਿਛਲੇ ਸਾਲਾਂ ਦੌਰਾਨ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਧੀਨ ਰਕਬੇ ਵਿਚ ਵਾਧੇ ਨਾਲ ਝੋਨੇ ਦੇ ਉਤਪਾਦਨ ਅਤੇ ਉਤਪਾਦਕਤਾ ਵਿੱਚ ਵੀ ਵਾਧਾ ਹੋਇਆ ਹੈ। ਇਹ ਵਾਧਾ ਇਹਨਾਂ ਕਿਸਮਾਂ ਦੀ ਜਿਆਦਾ ਉਤਪਾਦਕਤਾ ਸਮਰੱਥਾ ਦੇ ਕਾਰਨ ਹੋਇਆ।
ਸਾਰਣੀ 2. ਪੰਜਾਬ ਵਿੱਚ ਝੋਨੇ ਦਾ ਖੇਤਰਫਲ, ਉਤਪਾਦਨ ਅਤੇ ਉਤਪਾਦਕਤਾ
ਸ਼ਾਲ |
2012 |
2013 |
2014 |
2015 |
2016 |
2017 |
2018 |
2019 |
2020 |
2021 |
ਰਕਬਾ (ਲੱਖ ਹੈਕਟੇਅਰ) |
28.49 |
28.49 |
28.95 |
29.70 |
30.46 |
30.65 |
31.03 |
29.20 |
31.48 |
31.53 |
ਉਤਪਾਦਨ (ਲੱਖ ਟਨ) |
170.8 |
168.9 |
166.7 |
177.1 |
189.6 |
199.7 |
191.3 |
186.4 |
208.7 |
203.1 |
ਉਤਪਾਦਕਤਾ (ਕਿਲੋਗ੍ਰਾਮ/ਹੈਕ.) |
5997 |
5928 |
5757 |
5963 |
6224 |
6516 |
6164 |
6384 |
6543 |
6442 |
ਕੇਂਦਰੀ ਪੂਲ ਵਿੱਚ ਯੋਗਦਾਨ (ਲੱਖ ਟਨ) |
85.6 |
81.1 |
77.9 |
93.5 |
110.5 |
118.3 |
113.3 |
108.8 |
135.9 |
125.2 |
ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਅਧੀਨ ਰਕਬਾ (%) |
32.6 |
37.6 |
41.9 |
54.2 |
66.6 |
74.6 |
81.9 |
68.0 |
71.2 |
69.8 |
ਭਾਵੇਂ ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਪੰਜਾਬ ਵਿੱਚ ਕਿਸਾਨਾਂ ਦੁਆਰਾ ਵੱਡੇ ਪੱਧਰ ਤੇ ਅਪਣਾਇਆ ਗਿਆ ਹੈ। ਪ੍ਰਤੂੰ ਕੁਝ ਜ਼ਿਲਿਆਂ ਵਿੱਚ ਜਿਵੇਂ ਕਿ ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਸੰਗਰੂਰ ਵਿੱਚ ਅਜੇ ਵੀ ਤਕਰੀਬਨ 40-60 ਪ੍ਰਤੀਸ਼ਤ ਰਕਬਾ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਅਧੀਨ ਹੈ। ਇਹ ਦੇਖਿਆ ਗਿਆ ਹੈ ਕਿ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਹੇਠ ਵੱਧ ਰਕਬਾ ਰੱਖਣ ਵਾਲੇ ਜਿ਼ਲ੍ਹਿਆਂ (ਸੰਗਰੂਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਰਨਾਲਾ, ਮੋਗਾ ਅਤੇ ਲੁਧਿਆਣਾ) ਵਿੱਚ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵਧੇਰੇ ਸਨ। ਇਸ ਤੋਂ ਇਲਾਵਾ ਇਨ੍ਹਾਂ ਜਿਲ੍ਹਿਆਂ ਵਿੱਚ (ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ) ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਦਰ ਵੀ ਕਾਫ਼ੀ ਜਿ਼ਆਦਾ ਹੈ।
ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ "ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਆਰਡੀਨੈਂਸ/ਐਕਟ ਪੰਜਾਬ (2008/2009)" ਦਾ ਪੂਰਕ ਹਨ
`ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਆਰਡੀਨੈਂਸ/ਐਕਟ (2008/2009)` ਦਾ ਖੋਜ ਆਧਾਰਿਤ ਐਕਟ 10 ਜੂਨ ਤੋਂ ਝੋਨੇ ਦੀ ਲੁਆਈ ਦੀ ਇਜਾਜ਼ਤ ਦਿੰਦਾ ਹੈ। ਇਸ ਐਕਟ ਨੂੰ 2014 ਵਿੱਚ ਸੋਧ ਕੇ ਝੋਨੇ ਦੀ ਲੁਆਈ ਦੀ ਸ਼ੁਰੂਆਤੀ ਤਾਰੀਖ 15 ਜੂਨ ਕੀਤੀ ਗਈ। ਇਹ ਤਰੀਖ 10 ਜੂਨ ਤੋਂ 15 ਜੂਨ ਕਰਨ ਨਾਲ ਝੋਨੇ ਦੇ ਝਾੜ ਵਿੱਚ ਕੋਈ ਗਿਰਾਵਿਟ ਨਹੀ ਆਈ ਸਗੋਂ ਸਾਲ 2016 ਅਤੇ 2017 (ਸਾਰਣੀ 2) ਵਿੱਚ ਲਗਾਤਾਰ ਰਿਕਾਰਡ ਪੈਦਾਵਾਰ ਦੇਖੀ ਗਈ। ਇਹਨਾਂ ਸਾਲਾਂ ਦੌਰਾਨ ਘੱਟ ਸਮੇ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾਉਣ ਨਾਲ ਝੋਨੇ ਦੀ ਲੁਆਈ ਦੀ ਸ਼ੁਰੂਆਤੀ ਤਾਰੀਖ ਨੂੰ ਮਾਨਸੂਨ ਦੀ ਸ਼ੁਰੂਆਤ ਦੇ ਨੇੜੇ ਬਦਲਣ ਦਾ ਮੌਕਾ ਮਿਲਿਆ ਅਤੇ ਇਸ ਲਈ ਸਾਲ 2018 ਦੌਰਾਨ ਝੋਨੇ ਦੀ ਲੁਆਈ ਦੀ ਸ਼ੁਰੂਆਤ ਦੀ ਮਿਤੀ 20 ਜੂਨ ਨਿਸ਼ਚਿਤ ਕੀਤੀ ਗਈ ਸੀ। ਪਿਛਲੇ ਸਾਲਾਂ ਵਿੱਚ ਸਾਰੇ ਖੋਜ ਅੰਕੜੇ ਦਰਸਾਉਦੇ ਹਨ ਕਿ ਇਹ ਤਬਦੀਲੀ ਉਤਪਾਦਕਤਾ (ਸਾਰਣੀ 2) ਅਤੇ ਪਾਣੀ ਦੀ ਬੱਚਤ ਦੀ ਇੱਕ ਵਧੀਆ ਕਦਮ ਹੈ ।ਇਸ ਦੇ ਨਾਲ ਹੀ ਨਾਲ ਘੱਟ ਸਮੇ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲੁਆਈ 20 ਜੂਨ ਤੋਂ ਸ਼ੁਰੂ ਕਰਨ ਨਾਲ ਝੋਨੇ ਦੀ ਕਟਾਈ ਅਤੇ ਹਾੜ੍ਹੀ ਦੀਆਂ ਅਗਲੀਆਂ ਫਸਲਾਂ ਦੀ ਬਿਜਾਈ ਦੇ ਵਿਚਕਾਰ ਕਾਫੀ ਸਮਾਂ ਵੀ ਮਿਲ ਜਾਂਦਾ ਹੈ।
ਇਸ ਤਰ੍ਹਾਂ ਝੋਨੇ ਦੀਆਂ ਘੱਟ ਪਰਾਲੀ ਵਾਲੀਆਂ ਅਤੇ ਘੱਟ ਸਮੇਂ ਵਿੱਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਸ਼ਿਫਾਰਿਸ਼ ਅਤੇ ਉਹਨਾਂ ਨੂੰ ਵੱਧ ਤੋ ਵੱਧ ਰਕਬੇ ਤੇ ਅਪਣਾਉਣਾ, ਸੁਚੱਜੇ ਪਰਾਲੀ ਪ੍ਰਬੰਧ ਅਤੇ ਪਾਣੀ ਦੀ ਬੱਚਤ ਨੁੰ ਅਮਲੀ ਜਾਮਾ ਪਹਿਨਉਣ ਲਈ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ।
ਬੂਟਾ ਸਿੰਘ ਢਿੱਲੋਂ ਅਤੇ ਰਣਵੀਰ ਸਿੰਘ ਗਿੱਲ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀ ਏ ਯੂ, ਲੁਧਿਆਣਾ
Summary in English: Paddy: Varieties of short maturing paddy! Help to manage straw and save water!