ਕਮਾਦ ਦੀਆਂ ਕਿਸਮਾਂ
Sugarcane Cultivation: ਕਮਾਦ ਇਕ ਬਹੁ ਮੰਤਵੀ ਫ਼ਸਲ ਹੈ। ਪੰਜਾਬ ਵਿੱਚ ਕਮਾਦ ਖੰਡ ਉਤਪਾਦਨ ਵਾਲੀਆਂ ਫ਼ਸਲਾਂ ਵਿੱਚ ਇਕ ਮਹੱਤਵਪੂਰਨ ਸਥਾਨ ਤੇ ਹੈ। ਕਮਾਦ ਦੀ ਫ਼ਸਲ ਬਿਜਾਈ ਤੋਂ ਕਟਾਈ ਤੱਕ ਪਹੁੰਚਣ ਲਈ ਇੱਕ ਲੰਬਾ ਸਮਾਂ ਤੇ ਕਰਦੀ ਹੈ, ਜਿਸਦਾ ਅੰਤਰਾਲ ਲਗਭਗ 10 ਤੋਂ 12 ਮਹੀਨੇ ਦਾ ਹੁੰਦਾ ਹੈ।
ਇਸ ਲਈ ਇਸ ਫ਼ਸਲ ਤੋਂ ਵੱਧ ਮੁਨਾਫ਼ਾ ਲੈਣ ਲਈ ਇਸਦੀ ਵਿਉਂਤਬੰਦੀ ਬੀਜਣ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। ਇਸ ਸੰਧਰਭ ਵਿੱਚ ਸਭ ਤੋਂ ਪਹਿਲਾਂ ਕਿਸਾਨ ਦਾ ਉਦੇਸ਼ ਸਾਫ ਅਤੇ ਪੱਕਾ ਹੋਣਾ ਚਾਹੀਦਾ ਹੈ, ਜਿਸ ਵਿੱਚ ਇਸ ਫ਼ਸਲ ਦੀ ਸਹੀ ਕਿਸਮ ਦੀ ਚੋਣ ਅਤੇ ਸਾਂਭ ਸੰਭਾਲ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ।
ਕਿਸਾਨ ਕੋਲ ਕਮਾਦ ਦੀ ਬਿਜਾਈ ਲਈ 3 ਮੁੱਖ ਉਦੇਸ਼ ਹਨ, ਜਿਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ:
ਉਦੇਸ਼ 1: ਖੰਡ ਮਿੱਲ ਲਈ: ਵੱਡੇ ਪੱਧਰ ਤੇ ਕਮਾਦ ਦੀ ਕਾਸ਼ਤ ਖੰਡ ਮਿੱਲ ਨੂੰ ਕੱਚਾ ਮਾਲ ਦੇ ਤੌਰ ਤੇ ਦੇਣ ਲਈ ਕੀਤੀ ਜਾਂਦੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਕਿਸਾਨ ਨੇ ਵੱਧ ਝਾੜ ਪ੍ਰਾਪਤ ਕਰਨਾ ਹੁੰਦਾ ਹੈ। ਇਸ ਮੰਤਵ ਅਧੀਨ ਅਗੇਤੀ : ਦਰਮਿਆਨੀ ਪਿਛੇਤੀ ਕਿਸਮਾਂ ਦੀ ਬਿਜਾਈ 2:1 ਵਿਚ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸਨਾਲ ਮਿੱਲਾਂ ਦਾ ਪੀੜਾਈ ਦਾ ਅੰਤਰਾਲ ਵੱਧ ਜਾਂਦਾ ਹੈ। ਇਸ ਲਈ ਅਗੇਤੀਆਂ ਕਿਸਮ COPB 95, COPB 96, COPB92, Co 118, COJ 85 ਅਤੇ ਦਰਮਿਆਨੀਆਂ ਪਿਛੇਤੀ ਕਿਸਮਾਂ COPB 98, COPB 94, COPB 93, COPB 91 ਸਿਫ਼ਾਰਸ਼ ਅਧੀਨ ਹਨ ਜਿਸਦਾ ਔਸਤਨ ਝਾੜ ਕ੍ਰਮਵਾਰ 425, 382, 335, 320, 305 ਅਤੇ 400, 400, 390, 410 ਕਵਿੰਟਲ ਪ੍ਰਤੀ ਏਕੜ ਹੈ।
ਉਦੇਸ਼ ਨੰਬਰ 2: ਰੱਸ ਲਈ: ਪੰਜਾਬ ਵਿੱਚ ਗਰਮੀਆਂ ਦੇ ਮੌਸਮ ਵਿੱਚ ਗੰਨੇ ਦੇ ਰੱਸ ਦੀ ਮੰਗ ਬਹੁਤ ਵੱਧ ਜਾਂਦੀ ਹੈ। ਇਸ ਲਈ ਇਨ੍ਹਾਂ ਹਾਲਤਾਂ ਹੇਠ ਵੱਧ ਰੱਸ ਵਾਲੇ ਅਤੇ ਪੀੜਨ ਵਿੱਚ ਸੌਖੇ ਗੰਨੇ ਦੀਆਂ ਕਿਸਮਾਂ ਦੀ ਚੋਣ ਕਰਨੀ ਲਾਜ਼ਮੀ ਹੈ। ਇਸ ਉਦੇਸ਼ ਲਈ COPB 85 ਅਤੇ COPB 98 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਔਸਤ ਉਤਪਾਦਨ ਕ੍ਰਮਵਾਰ 305 ਅਤੇ 400 ਕਵਿੰਟਲ ਪ੍ਰਤੀ ਏਕੜ ਹੈ ।
ਉਦੇਸ਼ ਨੰਬਰ 3: ਗੁੜ/ਸ਼ੱਕਰ ਲਈ: ਗੁੜ ਲਈ ਗੰਨੇ ਦੀ ਕਾਸ਼ਤ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਲਘੂ ਉਦਯੋਗ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਲਈ ਅਗੇਤੀ ਅਤੇ ਦਰਮਿਆਨੀ-ਪੱਛੇਤੀ ਕਿਸਮਾਂ ਦੀ ਬਿਜਾਈ ਦੀ ਸਿਫ਼ਾਰਸ਼ ਕੀਤੀ ਗਈ ਹੈ, ਤਾਂ ਜੋ ਗੁੜ ਦੀ ਉਤਪਾਦਨ ਦਸੰਬਰ ਤੋਂ ਸ਼ੁਰੂ ਹੋ ਕੇ ਵਿਸਾਖੀ ਤੱਕ ਲਗਾਤਾਰ ਕੀਤੀ ਜਾ ਸਕੇ। ਵਧੀਆ ਗੁੜ ਬਣਾਉਣ ਲਈ ਅਗੇਤੀਆਂ ਕਿਸਮਾਂ COJ 64, Co 15023, COPB 92, Co 118, COJ 85 ਅਤੇ ਦਰਮਿਆਨੀ–ਪੱਛੇਤੀ ਕਿਸਮਾਂ COJ 88, COPB 98 ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: DSR Technique: ਪਾਣੀ-ਪੈਸੇ-ਸਮੇਂ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਕਾਮਯਾਬ, ਇੱਥੇ ਜਾਣੋ ਬੀਜ ਦੀ ਸੋਧ ਤੇ ਬਿਜਾਈ ਦਾ ਢੰਗ
ਵਧੀਆ ਗੁਣਵੱਤਾ ਵਾਲਾ ਗੁੜ ਬਣਾਉਣ ਲਈ ਕਮਾਦ ਦੀ ਸਾਂਭ ਸੰਭਾਲ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਸ ਲਈ ਜਰੂਰੀ ਨੁਕਤੇ ਹੇਠ ਲਿਖੇ ਅਨੁਸਾਰ ਹਨ :
• ਗੰਨੇ ਵਿਚਲੀ ਸੁਕਰੋਜ਼ (ਕਣ) ਦੀ ਮਾਤਰਾ ਇਸਦੀ ਗੁਣਵੱਤਾ ਤੈਅ ਕਰਦੀ ਹੈ। ਇਸ ਲਈ ਸੁਕਰੋਜ਼ ਦੀ ਸਹੀ ਮਾਤਰਾ ਨੂੰ ਕਾਇਮ ਰੱਖਣ ਲਈ ਕਮਾਦ ਨੂੰ ਸਮੇਂ ਸਿਰ ਖਾਦ ਅਤੇ ਪਾਣੀ ਦੇਣਾ ਜਰੂਰੀ ਹੈ।
• ਗੁੜ ਬਨਾਉਣ ਲਈ ਤਾਜਾ ਕੱਟਿਆ ਕਮਾਦ ਜੋ ਕਿ ਕੀਟ ਜਾਂ ਜਾਨਵਰਾਂ ਦੇ ਸੰਕਰਮਣ ਤੋਂ ਰਹਿਤ ਹੋਵੇ, ਨੂੰ ਵਰਤਣਾ ਚਾਹੀਦਾ ਹੈ।
• ਡਿੱਗੇ ਹੋਏ ਅਤੇ ਪੁੰਗਰੇ ਹੋਏ ਕਮਾਦ ਨਾਲ ਬਣੇ ਗੁੜ ਦੀ ਗੁਣਵੱਤਾ ਘੱਟ ਜਾਂਦੀ ਹੈ, ਇਸਲਈ ਸਾਫ ਗੰਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਗੰਨੇ ਨੂੰ ਡਿਗਣ ਤੋਂ ਬਚਾਉਣ ਲਈ ਸਮੇਂ ਸਿਰ ਬਨਾਈ ਅਤੇ ਮਿੱਟੀ ਚੜ੍ਹਾਉਣੀ ਜਰੂਰੀ ਹੈ।
ਇਹਨਾਂ ਸਾਰੇ ਉਦੇਸ਼ਾਂ ਨੂੰ ਪਾਉਣ ਲਈ ਸਹੀ ਕਿਸਮ ਦੀ ਚੋਣ, ਬੀਜਣ ਦਾ ਸਮਾਂ ਅਤੇ ਸਾਂਭ ਸੰਭਾਲ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਵੱਧ ਮੁਨਾਫ਼ੇ ਅਤੇ ਉੱਚਿਤ ਉਦੇਸ਼ ਪੂਰਤੀ ਲਈ ਕਮਾਦ ਦੀ ਕਟਾਈ ਦੌਰਾਨ ਕੁਝ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ:
ਕਮਾਦ ਦੀ ਉਮਰ ਲਗਭਗ 10 ਤੋਂ 12 ਮਹੀਨੇ ਦੀ ਹੋਣੀ ਚਾਹੀਦੀ ਹੈ ਅਤੇ ਇਸ ਦੀ ਰਸ ਦੀ ਬਰਿਕਸ ਔਸਤਨ 19 ਤੋਂ 20 ਹੋਣੀ ਚਾਹੀਦੀ ਹੈ। ਇਸ ਬਰਿਕਸ ਨੂੰ ਨਾਪਣ ਲਈ ਗੰਨੇ ਦੇ ਹੇਠਲੇ, ਵਿਚਕਾਰਲੇ ਅਤੇ ਉਪਰਲੇ ਹਿੱਸੇ ਤੋਂ ਰਸ ਕੱਢ ਕੇ ਬਰਿਕਸ ਦੇਖਣੀ ਚਾਹੀਦੀ ਹੈ, ਅਤੇ ਇਸ ਦੀ ਔਸਤ ਕੱਢਣੀ ਚਾਹੀਦੀ ਹੈ। ਔਸਤ 19 ਤੋਂ 20 ਬਰਿਕਸ ਵਾਲਾ ਗੰਨਾ ਪੱਕਾ ਮੰਨਿਆ ਜਾਂਦਾ ਹੈ, ਜਿਸ ਵਿਚੋਂ ਖੰਡ ਅਤੇ ਗੁੜ ਉੱਤਮ ਗੁਣਵੱਤਾ ਵਾਲਾ ਬਣ ਸਕਦਾ ਹੈ। ਇਸ ਤੋਂ ਇਲਾਵਾ ਉਦੇਸ਼ 1 ਅਤੇ 3 ਲਈ ਗੰਨੇ ਦਾ ਹੇਠਲਾ ਲਗਭਗ 2/3 ਹਿੱਸਾ ਵਰਤਣਾ ਚਾਹੀਦਾ ਹੈ, ਗੰਨੇ ਦੀ ਕਟਾਈ ਤਾਜ਼ੀ ਹੋਣੀ ਚਾਹੀਦੀ ਹੈ ਅਤੇ ਗੰਨਾ ਜੜਾਂ ਅਤੇ ਖੋਰੀ ਰਹਿਤ ਹੋਣਾ ਚਾਹੀਦਾ ਹੈ।
ਸਰੋਤ: ਗੁਲਜ਼ਾਰ ਸਿੰਘ ਸੰਘੇੜਾ, ਨਵਦੀਪ ਸਿੰਘ ਜਮਵਾਲ ਅਤੇ ਇੰਦਰਪਾਲ ਕੌਰ
ਪੀ. ਏ. ਯੂ., ਖੇਤਰੀ ਖੋਜ ਕੇਂਦਰ, ਕਪੂਰਥਲਾ
Summary in English: PAU, Planning for planting sugarcane varieties based on yield