Blight Potato Disease: ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਨੇ ਇੱਕ ਵਿਸ਼ੇਸ਼ ਸਿਫ਼ਾਰਸ਼ ਜਾਰੀ ਕਰਕੇ ਆਲੂਆਂ ਦੇ ਪਿਛੇਤੇ ਝੁਲਸ ਰੋਗ ਸੰਬੰਧੀ ਆਲੂ ਕਾਸ਼ਤਕਾਰਾਂ ਨੂੰ ਸੁਚੇਤ ਕੀਤਾ ਹੈ।
ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਅਤੇ ਪ੍ਰਸਿੱਧ ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਪੰਜਾਬ ਦਾ ਮੌਸਮ 12-24 ਡਿਗਰੀ ਤਾਪਮਾਨ ਅਤੇ 85 ਪ੍ਰਤੀਸ਼ਤ ਦੇ ਕਰੀਬ ਨਮੀ ਵਾਲਾ ਬਣਿਆ ਹੋਇਆ ਹੈ। ਰਾਤ ਸਮੇਂ ਤਰੇਲ ਪੈਣ ਕਾਰਨ ਜਲੰਧਰ, ਹੁਸ਼ਿਆਰਪੁਰ, ਐੱਸ ਬੀ ਐੱਸ ਨਗਰ, ਰੋਪੜ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਮੌਸਮੀ ਸਥਿਤੀਆਂ ਪਿਛੇਤੇ ਝੁਲਸ ਰੋਗ ਦੇ ਫੈਲਾਅ ਲਈ ਅਨੁਕੂਲ ਹੋ ਰਹੀਆਂ ਹਨ।
ਮਾਹਿਰਾਂ ਨੇ ਦੱਸਿਆ ਕਿ ਇਸ ਰੋਗ ਦੇ ਮੁੱਢਲੇ ਲੱਛਣਾਂ ਵਿਚ ਛੋਟੇ, ਹਲਕੇ ਤੋਂ ਗੂੜ੍ਹੇ ਹਰੇ, ਗੋਲਾਕਾਰ ਅਤੇ ਬੇਤਰਤੀਬੇ ਅਕਾਰ, ਪਾਣੀ ਦੇ ਭਿੱਜੇ ਚੱਟਾਕਾਂ ਵਾਂਗ ਦਿਖਾਈ ਦਿੰਦੇ ਹਨ। ਠੰਡੇ ਅਤੇ ਨਮੀਦਾਰ ਮੌਸਮ ਵਿਚ ਇਹ ਚੱਟਾਕ ਤੇਜ਼ੀ ਨਾਲ ਵੱਡੇ ਅਤੇ ਭੁਰੇ ਹੁੰਦੇ ਹਨ ਜੋ ਹੌਲੀ-ਹੌਲੀ ਕਾਲੇ ਰੰਗ ਦੇ ਬਣ ਜਾਂਦੇ ਹਨ। ਬਿਮਾਰੀ ਦੀ ਲਾਗ ਵਾਲੇ ਖੇਤਾਂ ਵਿਚ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਕਈ ਵਾਰ ਇਹ ਰੋਗ ਸਾਰੀ ਫਸਲ ਦੀ ਤਬਾਹੀ ਦਾ ਕਾਰਨ ਬਣਦਾ ਹੈ।
ਇਹ ਵੀ ਪੜੋ:- ਕਣਕ ਦੀਆਂ ਇਹ 4 ਕਿਸਮਾਂ ਕਿਸਾਨਾਂ ਨੂੰ ਕਰ ਸਕਦੀਆਂ ਨੇ ਮਾਲੋਮਾਲ, ਜਾਣੋ ਕੀ ਹੈ ਖਾਸ ਇਨ੍ਹਾਂ ਕਿਸਮਾਂ ਵਿੱਚ ?
ਮਾਹਿਰਾਂ ਨੇ ਆਲੂ ਕਾਸ਼ਤਕਾਰਾਂ ਨੂੰ ਕਿਹਾ ਕਿ ਉਹ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ। ਲੱਛਣ ਨਜ਼ਰ ਆਉਣ ਦੀ ਸਥਿਤੀ ਵਿਚ ਉੱਲੀਨਾਸ਼ਕ ਜਿਵੇਂ ਕਿ ਇੰਡੋਫਿਲ ਐੱਮ-45/ਐਂਟਰਾਕੋਲ/ਕਵਚ 0500-700 ਗ੍ਰਾਮ ਜਾਂ ਫਿਰ ਕਾਪਰ ਆਕਸੀਕਲੋਰਾਈਟ 50 ਡਬਲਯੂ ਪੀ 0750-1000 ਗ੍ਰਾਮ ਦਾ ਛਿੜਕਾਅ ਕੀਤਾ ਜਾਵੇ। ਇਕ ਏਕੜ ਦੇ ਛਿੜਕਾਅ ਲਈ 250-300 ਲਿਟਰ ਪਾਣੀ ਵਿਚ ਦਵਾਈ ਘੋਲ ਕੇ ਝੁਲਸ ਰੋਗ ਆਉਣ ਤੋਂ ਪਹਿਲਾਂ 7 ਦਿਨ ਦੇ ਵਕਫ਼ੇ ਤੇ ਛਿੜਕਾਅ ਕਰਨਾ ਚਾਹੀਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU Warns Farmers Against Late Blight Potato Disease