ਪੰਜਾਬ ਵਿੱਚ ਛੋਲੇ ਹਾੜ੍ਹੀ ਦੀਆਂ ਦਾਲਾਂ ਦੀ ਮਹੱਤਵਪੂਰਨ ਫ਼ਸਲ ਹੈ। ਸਾਲ 2018-19 ਵਿੱਚ ਇਸ ਫ਼ਸਲ ਹੇਠ 1.9 ਹਜ਼ਾਰ ਹੈਕਟੇਅਰ ਰਕਬੇ ਵਿੱਚੋਂ 2.5 ਹਜ਼ਾਰ ਟਨ ਉਤਪਾਦਨ ਹੋਇਆ।
ਔਸਤ ਝਾੜ 13.30 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ। ਛੋਲਿਆਂ ਦੀ ਫਸਲ ਉਤੇ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆ ਕਾਰਨ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਹੈ, ਇਸ ਲਈ ਦੀ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਬਹੁਤ ਜ਼ਰੂਰੀ ਹੈ। ਇਹਨਾਂ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦਾ ਸਹੀ ਪ੍ਰਬੰਧਨ ਫ਼ਸਲ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਅਤੇ ਗੁਣਵੱਤਾ ਵਿੱਚ ਸੁਧਾਰ ਕਰ ਸਕਦਾ ਹੈ ।
ਕੀੜੇ
ਸਿਉਂਕ: ਸਿਉਂਕ ਫ਼ਸਲ ਨੂੰ ਉਗਣ ਅਤੇ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਇਹ ਕੀੜਾ ਆਮ ਤੌਰ ਤੇ ਹਮਲੇ ਵਾਲੇ ਬੂਟਿਆਂ ਦੀਆਂ ਜੜ੍ਹਾਂ ਵਿਚ ਛੇਕ ਕਰ ਦਿੰਦੇ ਹਨ, ਜਿਸ ਨਾਲ ਬੂਟੇ ਸੁੱਕ ਜਾਂਦੇ ਹਨ ਅਤੇ ਸੌਖੇ ਹੀ ਪੁੱਟੇ ਜਾ ਸਕਦੇ ਹਨ। ਦਰਮਿਆਨੀ .ਫਸਲ ਤੇ ਖਾਸਕਰ ਛੋਟੇ ਪੌਦਿਆਂ ਤੇ ਹਮਲਾ ਕਰਦੇ ਹਨ ਅਤੇ ਸੋਕੇ ਦੇ ਸਮੇਂ ਦੌਰਾਨ ਇਹ ਹਮਲਾ ਖੜ੍ਹੀ ਫਸਲ ਤੇ ਵੀ ਜਾਰੀ ਰਹਿ ਸਕਦਾ ਹੈ। ਸਿਉਂਕ ਨੂੰ ਆਮ ਤੌਰ ਤੇ ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਦੇ ਆਲੇ ਦੁਆਲੇ ਦੇਖਿਆ ਜਾਂਦਾ ਹੈ। ਇਸ ਦਾ ਹਮਲਾ ਹਲਕੀਆਂ ਜ਼ਮੀਨਾਂ ਵਿੱਚ ਜ਼ਿਆਦਾ ਹੁੰਦਾ ਹੈ। ਖੇਤ ਵਿਚ ਕਚੀ ਰੂੜੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਖੇਤ ਦੀ ਸਫਾਈ ਅਤੇ ਫਸਲ ਦੀ ਕਟਾਈ ਬਾਅਦ ਰਹਿੰਦ-ਖੂੰਹਦ ਦਾ ਸਹੀ ਪ੍ਰਬੰਧਨ ਨਾਲ ਸਿਉਂਕ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ।
ਛੋਲਿਆਂ ਦੀ ਸੁੰਡੀ : ਇਹ ਸੁੰਡੀ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ, ਡੰਡੇ ਅਤੇ ਦਾਣਿਆਂ ਨੂੰ ਖਾਂਦੀ ਹੈ, ਜਿਸ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ।ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤਿਆਂ, ਡੋਡੀਆਂ ਵਿੱਚ ਮੋਰੀਆਂ, ਬੂਟਿਆਂ ਹੇਠਾਂ ਜ਼ਮੀਨ ਉਤੇ ਗੂੜ੍ਹੇ ਹਰੇ ਰੰਗ ਦੀਆਂ ਵਿੱਠਾਂ ਤੋਂ ਲੱਗਦਾ ਹੈ। ਜੇਕਰ ਹਮਲੇ ਵਾਲੇ ਬੂਟੇ ਨੂੰ ਜ਼ੋਰ ਨਾਲ ਹਿਲਾਇਆ ਜਾਵੇ ਤਾਂ ਇਹ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ ਤੇ ਡਿੱਗ ਪੈਂਦੀਆਂ ਹਨ।
ਸੁੰਡੀ ਦੇ ਹਮਲੇ ਨੂੰ ਦੇਖਣ ਲਈ, ਡੱਡੇ ਬਣਨ ਸਮੇਂ ਫ਼ਸਲ ਦਾ ਸਰਵੇਖਣ ਕਰੋ। ਇੱਕ ਏਕੜ ਰਕਬੇ ਪਿੱਛੇ 10 ਵੱਖੋ-ਵੱਖਰੀਆਂ ਥਾਵਾਂ ਤੋਂ ਬੂਟਿਆਂ ਨੂੰ ਝਾੜ ਕੇ ਸੁੰਡੀਆਂ ਦੀ ਸੰਖਿਆਂ ਪ੍ਰਤੀ ਮੀਟਰ ਕਤਾਰ ਦੇ ਹਿਸਾਬ ਨਾਲ ਰਿਕਾਰਡ ਕਰੋ। ਜੇਕਰ 10 ਥਾਵਾਂ (100 ਬੂਟੇ) ਤੋਂ 16 ਜਾਂ ਵੱਧ ਸੁੰਡੀਆਂ ਮਿਲਣ ਤਾਂ ਇਸ ਦੀ ਰੋਕਥਾਮ ਲਈ 800 ਗ੍ਰਾਮ ਬੈਸੀਲਸ ਥੁਰੀਨਜਿਐਨਸਿਸ 0.5 ਡਬਲਯੂ ਪੀ (ਡੀ ਓ ਆਰ ਬੀ ਟੀ-1) ਜਾਂ 50 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਨਜ਼ੋਏਟ) ਜਾਂ 160 ਮਿਲੀਲਿਟਰ ਰਿਮੌਨ 10 ਈ ਸੀ (ਨੋਵਾਲਿਓਰਾਨ* ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇ ਲੋੜ ਪਵੇ ਤਾਂ 2 ਹਫ਼ਤਿਆਂ ਪਿੱਛੋਂ ਕੀਟਨਾਸ਼ਕ ਦੀ ਵਰਤੋਂ ਫੇਰ ਦੁਹਰਾਉ।
ਚੇਤਾਵਨੀ: ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਦੇ ਛਿੜਕਾਅ ਤੋਂ 3 ਦਿਨ ਬਾਅਦ ਫ਼ਸਲ ਤੋਂ ਭੁਰਜੀ ਜਾਂ ਛੋਲੀਆ ਵਰਤੋ।
ਬਿਮਾਰੀਆਂ
ਉਖੇੜਾ: ਬਿਮਾਰੀ ਦੇ ਲਛਣ ਬੀਜਣ ਤੇ 21-35 ਦਿਨਾਂ ਬਾਅਦ ਤੋਂ ਲੈ ਕੇ ਫ਼ਲੀਆਂ ਬਣਨ ਦੀ ਅਵਸਥਾ ਤਕ ਦਿਸ ਸਕਦੇ ਹਨ । ਬਿਮਾਰੀ ਵਾਲੇ ਬੂਟੇ ਪਹਿਲਾਂ ਹਲਕੇ ਹਰੇ ਹੋ ਜਾਂਦੇ ਹਨ ਅਤੇ ਕਰੂੰਬਲਾਂ ਮੁਰਝਾ ਜਾਂਦੀਆਂ ਹਨ। ਹੌਲੀ-ਹੌਲੀ ਪੱਤਿਆਂ ਵੀ ਪੀਲੇ ਪੈਣ ਲਗ ਪੈਂਦੇ ਹਨ। ਇਹੋ ਜਿਹੇ ਬੂਟੇ ਵਧਣ ਵਿਚ ਅਸਫਲ ਰਹਿੰਦੇ ਹਨ । ਇਸ ਬਿਮਾਰੀ ਦੀ ਪੱਕੀ ਪਛਾਣ ਬੂਟਿਆਂ ਦੀਆਂ ਜੜ੍ਹਾਂ ਨੂੰ ਵੇਖ ਕੇ ਕਰ ਸਕਦੇ ਹਨ ਜਿਹੜੀ ਅੰਦਰੋਂ ਭੂਰੀ ਕਾਲੀ ਹੋ ਜਾਂਦੀ ਹੈ। ਕਿਸੇ ਸਮੇਂ, ਬੂਟੇ ਦੇ ਇੱਕ ਪਾਸੇ ਹੀ ਬਿਮਾਰੀ ਦਾ ਹਮਲਾ ਹੁੰਦਾ ਹੈ ਜਿਥੇ ਸਿਰਫ ਉਸ ਪਾਸੇ ਦੀਆਂ ਸ਼ਾਖਾਵਾਂ ਹੀ ਮੁਰਝਾ ਕੇ ਸੁਕ ਜਾਂਦੀਆਂ ਹਨ। ਮੁਰਝਾਏ ਤੇ ਮਰੇ ਹੋਏ ਬੂਟਿਆਂ ਦੇ ਸਮੂਹ ਜਾਂ ਇਕਲਾ-ਇਕਲਾ ਬੂਟਾ ਬਿਮਾਰੀ ਵਾਲੇ ਖੇਤ ਵਿਚ ਆਮ ਤੌਰ ਤੇ ਵੇਖਿਅ ਜਾ ਸਕਦਾ ਹੈ । ਮਿੱਟੀ ਦਾ 24-27 ਡਿਗਰੀ ਸੈਂਟੀਗ੍ਰੇਡ ਤਾਮਪਾਨ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੈ । ਇਸ ਰੋਗ ਦਾ ਟਾਕਰਾ ਕਰ ਸਕਣ ਵਾਲੀਆਂ ਛੋਲਿਆਂ ਦੀਆਂ ਉਨਤ ਕਿਸਮਾਂ ਜਿਵੇਂ ਕਿ ਪੀ ਡੀ ਜੀ 4, ਪੀ ਡੀ ਜੀ 3, ਪੀ ਬੀ ਜੀ 7 ਅਤੇ ਪੀ ਬੀ ਜੀ 5 ਦੀ ਕਾਸ਼ਤ ਕਰਨੀ ਚਾਹੀਦੀ ਹੈ।
ਝੁਲਸ (ਚਾਨਣੀ) ਰੋਗ: ਆਮ ਤੌਰ ਤੇ ਇਹ ਬਿਮਾਰੀ ਦਾ ਹਮਲਾ ਫਸਲ ਤੇ ਫੁਲ ਆਉਣ ਦੇ ਨੇੜੇ ਹੁੰਦਾ ਹੈ । ਇਸ ਦੇ ਨਾਲ ਜ਼ਮੀਨ ਉਪਰ ਪੌਦਿਆਂ ਦੇ ਸਾਰੇ ਭਾਗਾਂ ਜਿਵੇਂ ਕਿ ਪੱਤਿਆਂ, ਤਣੇ, ਟਾਹਣੀਆਂ ਤੇ ਫ਼ਲੀਆਂ ਉਤੇ ਗੂੜ੍ਹੇ ਭੂਰੇ ਧੱਬੇ ਪੈ ਜਾਂਦੇ ਹਨ । ਇਨ੍ਹਾਂ ਧਬਿਆਂ ਵਿਚ ਚਿੰਬੜੇ ਉਲੀ ਦੇ ਕਾਲੇ ਟਿਮਕਣੇ ਜਿਹੇ ਬਣ ਜਾਂਦੇ ਹਨ। ਇਥੋਂ ਤੱਕ ਕਿ ਸੰਕਰਮਿਤ ਫ਼ਲੀਆਂ ਵਿਚਲੇ ਦਾਣਿਆਂ ਉਤੇ ਵੀ ਇਸ ਰੋਗ ਦਾ ਅਸਰ ਵੇਖਿਆ ਜਾ ਸਕਦਾ ਹੈ। ਡੰਡੇ, ਪੱਤਿਆਂ ਅਤੇ ਫ਼ਲੀਆਂ ਉਤੇ ਉਲੀ ਦੇ ਕਾਲੇ ਟਿਮਕਣੇ ਗੋਲ ਦੋਰਿਆਂ ਵਿੱਚ ਹੁੰਦੇ ਹਨ। ਫ਼ਸਲ ਦੀਆਂ ਕੋਮਲ ਟਾਹਣੀਆਂ ਅਤੇ ਉਪਰਲੇ ਪੱਤਿਆਂ ਉਤੇ ਇਸ ਰੋਗ ਦਾ ਅਸਰ ਜ਼ਿਆਦਾ ਹੁੰਦਾ ਹੈ।ਮੌਸਮ ਵਿੱਚ 20 ਡਿਗਰੀ ਸੈਂਟੀਗ੍ਰੇਡ ਤਾਪਮਾਨ, 85 ਪ੍ਰਤੀਸ਼ਤ ਤੋਂ ਵੱਧ ਨਮੀ ਦੇ ਨਾਲ ਬੱਦਲਵਾਈ ਅਤੇ ਰੁਕ-ਰੁਕ ਕੇ ਮੀਂਹ ਵਾਲੀਆਂ ਹਾਲਤਾਂ ਬਿਮਾਰੀ ਦੇ ਵਧਣ ਲਈ ਬਹੁਤ ਅਨੁਕੂਲ ਹਨ। ਇਨ੍ਹਾਂ ਸੂਰਤਾਂ ਵਿਚ ਰੋਗ ਦਾ ਵਧ ਹਮਲਾ ਹੋਣ ਨਾਲ ਸਾਰੀ ਫ਼ਸਲ ਝੁਲਸ ਜਾਂਦੀ ਹੈਤੇ ਪਿੱਛੋਂ ਬਿਲਕੁਲ ਮਰ ਜਾਂਦੀ ਹੈ।
ਬਿਮਾਰੀ ਰਹਿਤ ਬੀਜਾਂ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਛੋਲਿਆਂ ਦੀਆਂ ਕਿਸਮਾਂ ਜਿਵੇਂ ਕਿ ਪੀ ਬੀ ਜੀ 7 ਅਤੇ ਪੀ ਬੀ ਜੀ 5 ਦੀ ਕਾਸ਼ਤ ਕਰਨੀ ਚਾਹੀਦੀ ਹੈ। ਫ਼ਸਲ ਕੱਟਣ ਸਮੇਂ ਰੋਗੀ ਬੂਟੇ ਖੇਤਾਂ ਵਿੱਚ ਖੜ੍ਹੇ ਨਹੀਂ ਰਹਿਣ ਦੇਣੇ ਚਾਹੀਦੇ ਸਗੋਂ ਇਨ੍ਹਾਂ ਨੂੰ ਕੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
ਭੂਰਾ ਸਾੜਾ : ਇਹ ਬਿਮਾਰੀ ਫਸਲ ਦੇ ਵਾਧੇ ਦੌਰਾਨ ਕਿਸੇ ਵੀ ਸਮੇਂ ਹਮਲਾ ਕਰ ਸਕਦੀ ਹੈ ਪਰ ਇਹ ਰੋਗ ਫਰਵਰੀ - ਮਾਰਚ ਵਿਚ ਸਭ ਤੋਂ ਗੰਭੀਰ ਰੂਪ ਅਖ਼ਤਿਆਰ ਕਰ ਲੈਦਾ ਹੈ । ਸ਼ੁਰੂਆਤ ਵਿਚ ਇਸ ਰੋਗ ਨਾਲ ਪੱਤਿਆਂ ਉਤੇ ਛੋਟੇ, ਪਾਣੀ ਨਾਲ ਭਿੱਜੇ ਧੱਬੇ ਪੈ ਜਾਂਦੇ ਹਨ ?? ????? ??? ਆਕਾਰ ਵਿਚ ਵਧ ਜਾਂਦੇ ਹਨ ਅਤੇ ਹਮਲੇ ਵਾਲੇ ਪੱਤੇ ਗੂੜ੍ਹੇ ਭੂਰੇ ਹੋ ਜਾਂਦੇ ਹਨ। ਵਧ ਨਮੀ ਵਾਲੀਆਂ ਹਾਲਤਾਂ ਵਿੱਚ ਇਹ ਉਲੀ ਫੁੱਲਾਂ, ਪੱਤਿਆਂ, ਵਧ ਰਹੇ ਸਿਰਿਆਂ, ਟਾਹਣੀਆਂ ਅਤੇ ਡੰਡਿਆਂ ਤੇ ਉਗ ਪੈਂਦੀ ਹੈਤੇ ਇਹ ਭਾਗ ਥਲੇ ਝੁਕ ਜਾਂਦੇ ਹਨ ।ਪੌਦਿਆਂ ਦੇ ਇਹ ਹਿਸੇ ਬਾਅਦ ਵਿਚ ਹਮਲੇ ਵਾਲੀਆਂ ਥਾਵਾਂ ਤੋਂ ਗਲਣੇ ਸ਼ੁਰੂ ਹੋ ਜਾਂਦੇ ਹਨ। ਫੁੱਲ ਅਤੇ ਵਧ ਰਹੇ ਸਿਰੇ ਵਧੇਰੇ ਖਰਾਬ ਹੁੰਦੇ ਹਨ। ਹਮਲੇ ਵਾਲੀ ਥਾਂ ਤੇ ਇਹ ਉਲੀ ਗੂੜ੍ਹੀ ਭੂਰੀ/ਕਾਲੀ ਹੋ ਜਾਂਦੀ ਹੈ । ਫੁੱਲਾਂ ਸਮੇਂ ਨਮੀ ਦੀ ਵਧੇਰੇ ਮਾਤਰਾ ਅਤੇ 25 ਡਿਗਰੀ ਤਾਪਮਾਨ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦੇ ਹਨ ।
ਇਸ ਬਿਮਾਰੀ ਦੀ ਰੋਕਥਾਮ ਲਈ, ਰੋਗ ਰਹਿਤ ਬੀਜ ਦੀ ਵਰਤੋਂ ਅਤੇ ਛੋਲਿਆ ਦੀ ਕਿਸਮ ਪੀ ਬੀ ਜੀ 8 ਬੀਜੋ । ਫ਼ਸਲ ਕੱਟਣ ਤੋਂ ਬਾਅਦ ਖੇਤ ਵਿੱਚ ਬਿਮਾਰੀ ਦੀ ਰਹਿੰਦ-ਖੂੰਹਦ ਵਾਲੇ ਬੂਟਿਆਂ ਨੂੰ ਨਸ਼ਟ ਕਰ ਦੇਣਾ ਚਾਹਿਦਾ ਹੈ ।
ਤਣੇ ਦਾ ਗਲਣਾ : ਇਹ ਬਿਮਾਰੀ ਜ਼ਮੀਨ ਉਪਰਲੇ ਬੂਟੇ ਦੇ ਸਾਰੇ ਹਿੱਸਿਆਂ ਤੇ ਹਮਲਾ ਕਰਦੀ ਹੈ । ਬਿਮਾਰੀ ਵਾਲੇ ਪੌਦਿਆਂ ਦੇ ਮੁੱਖ ਤਣੇ ਉਤੇ ਜ਼ਮੀਨ ਦੀ ਸਤ੍ਹਾ ਦੇ ਨੇੜੇ ਚਿੱਟੇ ਰੰਗ ਦਾ ਜਾਲਾ ਬਣ ਜਾਂਦਾ ਹੈ । ਇਸ ਜਾਲੇ ਵਿੱਚ ਕਾਲੇ ਰੰਗ ਦੇ ਛੋਟੇ-ਛੋਟੇ ਉਲੀ ਦੇ ਦਾਣੇ (ਸਕਲਰੋਸ਼ੀਆ) ਨਜ਼ਰ ਆਉਂਦੇ ਹਨ । ਬਿਮਾਰੀ ਨਾਲ ਨੁਕਸਾਨੇ ਭਾਗ ਕਾਲੇ ਪੈ ਜਾਂਦੇ ਹਨ ਅਤੇ ਕਟੇ ਹੋਏ ਦਿਸਦੇ ਹਨ । ਠੰਢੇ ਅਤੇ ਜ਼ਿਆਦਾ ਨਮੀ ਵਾਲੀਆਂ ਹਾਲਤਾਂ ਵਿਚ ਇਸ ਬਿਮਾਰੀ ਦਾ ਵਧ ਹਮਲਾ ਹੁੰਦਾ ਹੈ। ਬਿਮਾਰੀ ਤੋਂ ਬਚਣ ਲਈ ਬੀਜ ਨੂੰ ਛੱਟ-ਛਾਣ ਕੇ ਉਲੀ ਦੇ ਕੀਟਾਣੂੰਆਂ ਤੋਂ ਰਹਿਤ ਕਰ ਲਉ ।ਬਿਮਾਰੀ ਤੋਂ ਬਚਣ ਲਈ ਭਾਰੀਆਂ ਅਤੇ ਸੇਂਜੂ ਜ਼ਮੀਨਾਂ ਵਿੱਚ ਛੋਲਿਆਂ ਦੀ ਬਿਜਾਈ 25 ਅਕਤੂਬਰ ਤੋਂ 10 ਨਵੰਬਰ ਵਿਚਕਾਰ ਕਰੋ ।ਮਈ ਜਾਂ ਜੂਨ ਵਿੱਚ ਡੂੰਘੀ ਵਾਹੀ ਕਰਕੇ ਖੇਤ ਨੂੰ ਪਾਣੀ ਨਾਲ ਭਰ ਦਿਉ ਅਤੇ ਖੇਤ ਨੂੰ ਖਾਲੀ ਨਾ ਛੱਡੋ ।ਛੋਲਿਆਂ ਵਾਲੇ ਖੇਤ ਵਿੱਚ ਅਦਲ-ਬਦਲ ਕੇ ਕਣਕ ਜਾਂ ਜੌਂਅ ਬੀਜੋ । ਬਿਮਾਰੀ ਵਾਲੇ ਪੌਦੇ ਅਤੇ ਫਸਲ ਦੀ ਰਹਿੰਦ-ਖੂੰਹਦ ਨੂੰ ਇਕਠਾ ਨਸ਼ਟ ਕਰ ਦਿਉ।
ਮੁੱਢਾਂ ਦਾ ਗਲਣਾ : ਤਣੇ ਦੇ ਮੁੱਢ ਉਪਰ ਭੂਰੇ ਤੋਂ ਗਹਿਰੇ ਭੂਰੇ ਧੱਬੇ ਪੈਦਾ ਹੋ ਜਾਂਦੇ ਹਨ ਜੋ ਕਿ ਬਾਅਦ ਵਿੱਚ ਕਾਲੇ ਹੋ ਜਾਂਦੇ ਹਨ। ਇਹ ਬਿਮਾਰੀ ਜੜ੍ਹ ਦੇ ਤਣੇ ਨਾਲ ਦੇ ਹਿੱਸੇ ਤੇ ਵੀ ਚਲੀ ਜਾਂਦੀ ਹੈ। ਇਸ ਨਾਲ ਤਣੇ ਦਾ ਮੁੱਢਲਾ ਸਾਰਾ ਹਿੱਸਾ ਹੀ ਸੜ ਜਾਂਦਾ ਹੈ । ਬਿਜਾਈ 25 ਅਕਤੂਬਰ ਤੋਂ 10 ਨਵੰਬਰ ਦੇ ਦਰਮਿਆਨ ਕਰੋ। ਛੋਲਿਆਂ ਵਾਲੇ ਖੇਤ ਵਿੱਚ ਅਦਲ-ਬਦਲ ਕੇ ਕਣਕ ਜਾਂ ਜੌਂਅ ਬੀਜੋ।
ਰਾਕੇਸ਼ ਕੁਮਾਰ ਸ਼ਰਮਾ, ਕੇ ਕੇ ਸ਼ਰਮਾ ਅਤੇ ਅਸਮਿਤਾ ਸਿਰਾਰੀ
ਖੇਤਰੀ ਖੋਜ ਕੇਂਦਰ, ਬਲੋਵਾਲ ਸੌਖੜੀ
ਰਾਕੇਸ਼ ਕੁਮਾਰ ਸ਼ਰਮਾ: 98728-82111
Summary in English: Pests and their comprehensive prevention of Gram diseases