Mushroom Farming: ਮੌਜੂਦਾ ਸਮੇਂ ਵਿੱਚ ਖੇਤੀ ਕਰਨਾ ਫੈਸ਼ਨ ਬਣਦਾ ਜਾ ਰਿਹਾ ਹੈ, ਹਰ ਕੋਈ ਖੇਤੀ ਵਿੱਚ ਆਪਣੀ ਕਿਸਮਤ ਆਜ਼ਮਾ ਰਿਹਾ ਹੈ। ਹੁਣ ਘਰ ਵਿੱਚ ਵੀ ਖੇਤੀ ਇੱਕ ਆਮ ਗੱਲ ਹੋ ਗਈ ਹੈ। ਲੋਕ ਆਪਣੇ ਘਰਾਂ ਵਿੱਚ ਬਣੇ ਕਮਰਿਆਂ ਵਿੱਚ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਮਸ਼ਰੂਮ ਫਾਰਮਿੰਗ (Mushroom Farming) ਦੀ, ਜਿਸ ਨਾਲ ਲੋਕ ਇੰਨਾ ਮੁਨਾਫਾ ਕਮਾ ਰਹੇ ਹਨ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ।
ਦਰਅਸਲ, ਅੱਜ ਅਸੀਂ ਤੁਹਾਡੇ ਨਾਲ ਗਰਮੀਆਂ ਵਿੱਚ ਖੁੰਬਾਂ ਦੀ ਕਾਸ਼ਤ ਕਰਨ ਦੇ ਫਾਇਦੇ ਸਾਂਝੇ ਕਰ ਰਹੇ ਹਾਂ, ਨਾਲ ਹੀ ਇਸ ਕਿੱਤੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਵੀ ਗੱਲ ਕਰਾਂਗੇ, ਜਿਸ ਦਾ ਧਿਆਨ ਰੱਖਕੇ ਸਾਡੇ ਕਿਸਾਨ ਵੀਰ ਵਧੀਆ ਕਮਾਈ ਕਰ ਸਕਦੇ ਹਨ।
ਪੰਜਾਬ ਵਿੱਚ ਗਰਮ ਮੌਸਮ ਦੌਰਾਨ ਮਿਲਕੀ ਅਤੇ ਪਰਾਲੀ ਖੁੰਬ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਦੋਨੋਂ ਖੁੰਬਾਂ 28-45°C ਤੱਕ ਦਾ ਤਾਪਮਾਨ ਝੱਲ ਸਕਦੀਆਂ ਹਨ ਜਿਸ ਕਾਰਨ ਇਹਨਾ ਨੂੰ ਉਗਾਉਣ ਲਈ ਕਿਸੇ ਏ ਸੀ ਜਾਂ ਏ. ਐਚ. ਯੂ ਦੀ ਜਰੂਰਤ ਨਹੀਂ ਹੁੰਦੀ। ਮਿਲਕੀ ਅਤੇ ਪਰਾਲੀ ਖੁੰਬ ਦੀ ਕਾਸ਼ਤ ਕ੍ਰਮਵਾਰ ਤੂੜੀ ਅਤੇ ਪਰਾਲੀ ‘ਤੇ ਕੀਤੀ ਜਾਂਦੀ ਹੈ। ਗਰਮੀ ਦੇ ਮੌਸਮ ਵਿੱਚ ਖੁੰਬਾਂ ਦੀ ਕਾਸ਼ਤ ਦੇ ਦੌਰਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ:-
• ਖੁੰਬਾਂ ਲਈ ਵਰਤੀ ਜਾਣ ਵਾਲੀ ਤੂੜੀ/ਪਰਾਲੀ ਬਿਲਕੁਲ ਸਾਫ ਹੋਵੇ, ਪਹਿਲਾਂ ਤੋਂ ਗਲ੍ਹੀ ਹੋਈ ਤੂੜੀ/ਪਰਾਲੀ ਦੀ ਵਰਤੋਂ ਨਾ ਕਰੋ।
• ਮਿਲਕੀ ਖੁੰਬ ਦੀ ਕਾਸ਼ਤ ਲਈ ਤੂੜੀ ਨੂੰ ਸਾਫ ਉਬਲਦੇ ਪਾਣੀ ਵਿੱਚ ਉਬਾਲੋ।
• ਪਰਾਲੀ ਖੁੰਬ ਦੀ ਕਾਸ਼ਤ ਲਈ, ਪਰਾਲੀ ਦੇ ਪੂਲਿਆਂ ਨੂੰ ਸਾਫ ਪਾਣੀ ਵਿੱਚ ਭਿਉਂ ਦਿਓ।
• ਖੁੰਬਾਂ ਦੇ ਬੀਜ (ਸਪਾਨ) ਦਾ ਰੰਗ ਬਿਲਕੁਲ ਚਿੱਟਾ ਹੁੰਦਾ ਹੈ, ਇਸ ਵਿੱਚ ਕਿਸੇ ਹੋਰ ਰੰਗ ਦੀ ਉੱਲੀ ਨਹੀ ਹੋਣੀ ਚਾਹੀਦੀ।
• ਖੁੰਬ ਘਰ ਸਾਫ ਅਤੇ ਹਵਾਦਾਰ ਹੋਣਾ ਚਾਹੀਦਾ ਹੈ।
• ਖੁੰਬਾਂ ਦੀ ਬਿਜਾਈ ਤੋਂ ਪਹਿਲਾਂ ਖੁੰਬ ਘਰ ਨੂੰ 4% ਫਾਰਮਲਿਨ ਦੇ ਘੋਲ ਨਾਲ ਸੋਧ ਲਵੋ।
• ਮਿਲਕੀ ਖੁੰਬ ਦੀ ਕਾਸ਼ਤ ਲਈ ਤੂੜੀ ਵਿੱਚ 65-70% ਨਮੀ ਹੋਣੀ ਚਾਹੀਦੀ ਹੈ। ਇਸਦੀ ਜਾਂਚ ਲਈ ਤੂੜੀ ਨੂੰ ਮੁੱਠੀ ਵਿੱਚ ਘੁੱਟ ਦੇਖੋ, ਜੇਕਰ ਮੁੱਠੀ ਵਿੱਚੋਂ ਪਾਣੀ ਨਾ ਰਿਸਦਾ ਹੋਵੇ ਪਰ ਹੱਥ ਨੂੰ ਗਿੱਲੀ ਲੱਗੇ ਤਾਂ ਤੂੜੀ ਵਿੱਚ ਨਮੀ ਦੀ ਮਾਤਰਾ ਠੀਕ ਹੈ।
ਇਹ ਵੀ ਪੜ੍ਹੋ: Punjab ਦੇ ਕੰਢੀ ਖੇਤਰ ਲਈ ਭੂਮੀ ਅਤੇ ਪਾਣੀ ਸੰਭਾਲ ਤਕਨੀਕਾਂ, ਇਨ੍ਹਾਂ 13 Techniques ਰਾਹੀਂ ਵਧਾਓ ਖੇਤੀ ਦੀ ਉਤਪਾਦਕਤਾ
• ਸਫਲ ਖੁੰਬਾਂ ਦੀ ਕਾਸ਼ਤ ਲਈ ਤਾਪਮਾਨ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ, ਮਿਲਕੀ ਖੁੰਬ ਲਈ 28-35°C ਅਤੇ ਪਰਾਲੀ ਖੁੰਬ ਲਈ 28-45 ºਛ ਤਾਪਮਾਨ ਸਹੀ ਰਹਿੰਦਾ ਹੈ।
• ਫਸਲ ਆਉਣ ਵੇਲੇ, ਖੁੰਬ ਘਰ ਵਿੱਚ 85-90% ਨਮੀ ਹੋਣੀ ਜ਼ਰੂਰੀ ਹੈ। ਅੱਜ ਕੱਲ, ਪੰਜਾਬ ਵਿੱਚ ਨਮੀ ਬਹੁਤ ਘੱਟ ਹੈ, ਜਿਸ ਕਾਰਨ ਖੁੰਬਾਂ ਦਾ ਫੁੱਟਣਾ ਪ੍ਰਭਾਵਿਤ/ਘੱਟ ਹੋ ਜਾਂਦਾ ਹੈ, ਇਸ ਨੂੰ ਠੀਕ ਕਰਨ ਲਈ ਖੁੰਬ ਘਰ ਵਿੱਚ ਗਿੱਲੀਆਂ ਜੂਟ ਦੀਆਂ ਬੋਰੀਆਂ ਟੰਗ ਕੇ, ਫਰਸ਼ ‘ਤੇ ਪਾਣੀ ਸੁੱਟ ਕੇ ਜਾਂ ਹੂਮੀਡੀਫਾਇਰ ਲਗਾ ਕੇ ਨਮੀ ਬਣਾਈ ਜਾ ਸਕਦੀ ਹੈ।
• ਮਿਲਕੀ ਖੁੰਬ ਲਈ ਕੇਸਿੰਗ ਮਿੱਟੀ ਦੀ ਜਰੂਰਤ ਹੁੰਦੀ ਹੈ। ਇਸ ਦੀ ਪਾਣੀ ਸੋਖਣ ਦੀ ਸਮਰੱਥਾ ਜਿਆਦਾ ਹੋਣੀ ਚਾਹੀਦੀ ਹੈ, ਸੋ ਕੇਸਿੰਗ ਮਿੱਟੀ ਦੀ ਬਣਤਰ (4 ਹਿੱਸੇ 2 ਸਾਲ ਪੁਰਾਣੀ ਰੂੜੀ ਅਤੇ 1 ਹਿੱਸਾ ਰੇਤਲੀ ਮਿੱਟੀ ਜਾਂ 1 ਹਿੱਸਾ ਕੋਕੋਪਿਟ, 2 ਹਿੱਸੇ ਪੁਰਾਣੀ ਰੂੜੀ ਅਤੇ 1 ਹਿੱਸਾ ਰੇਤਲੀ ਮਿੱਟੀ ਦਾ ਮਿਸ਼ਰਣ) ਅਤੇ 4% ਫਾਰਮਲਿਨ ਦੇ ਘੋਲ ਨਾਲ ਸੁਧਾਈ ਦਾ ਵਿਸ਼ੇਸ਼ ਧਿਆਨ ਰੱਖਣ ਨਾਲ ਫਸਲ ਵਧੀਆ ਮਿਲਦੀ ਹੈ।
• ਫਸਲ ਦੀ ਸੰਭਾਲ ਅਤੇ ਤੁੜਾਈ ਸਮੇਂ, ਕਮਰੇ ਅਤੇ ਕਾਮਿਆਂ ਦੀ ਆਪਣੀ ਸਫਾਈ ਦਾ ਧਿਆਨ ਰੱਖੋ।
• ਤੁੜਾਈ ਤੋਂ ਬਾਅਦ, ਖੁੰਬਾਂ ਨੂੰ ਧੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਧੋਣ ਨਾਲ ਖੁੰਬ ਖਰਾਬ ਹੋਣ ਦਾ ਖਦਸ਼ਾ ਵੱਧ ਜਾਦਾਂ ਹੈ।
• ਖੁੰਬ ਕਾਸ਼ਤ ਦੋਰਾਨ ਕਿਸੇ ਹੋਰ ਤਰ੍ਹਾਂ ਦੀ ਉੱਲੀ ਜਾਂ ਬਿਮਾਰੀ ਆਉਣ ‘ਤੇ, ਬਿਮਾਰੀ ਵਾਲੇ ਹਿੱਸੇ ਨੂੰ ਬਾਕੀ ਫਸਲ ਤੋਂ ਅਲੱਗ ਕਰਕੇ ਖੁੰਬ ਘਰ ਤੋਂ ਦੂਰ ਸੁੱਟ ਦਿਉ ਅਤੇ ਖੁੰਬ ਮਾਹਿਰਾਂ ਦੀ ਸਲਾਹ ਲਵੋ।
ਖੁੰਬਾਂ ਦੀ ਕਾਸ਼ਤ ਵਿੱਚ ਭਾਰੀ ਮੁਨਾਫ਼ਾ
ਬਜ਼ਾਰ ਵਿੱਚ ਮਸ਼ਰੂਮ 250 ਤੋਂ 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾ ਹੈ। ਜਦੋਂਕਿ, ਇਸ ਦੀ ਖੇਤੀ ਕਰਨ ਵਿੱਚ ਕਾਫੀ ਘੱਟ ਲਾਗਤ ਆਉਂਦੀ ਹੈ। ਅਜਿਹੇ 'ਚ ਤੁਸੀਂ ਇਸ ਦੀ ਕਾਸ਼ਤ ਤੋਂ ਚੰਗਾ ਮੁਨਾਫਾ ਕਮਾ ਸਕਦੇ ਹੋ। ਇੰਨਾ ਹੀ ਨਹੀਂ ਕੇਂਦਰ ਤੋਂ ਲੈ ਕੇ ਕਈ ਸੂਬਾ ਸਰਕਾਰਾਂ ਵੀ ਮਸ਼ਰੂਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਚਲਾ ਰਹੀਆਂ ਹਨ। ਕਿਸਾਨ ਇਨ੍ਹਾਂ ਦਾ ਵੀ ਲਾਭ ਆਸਾਨੀ ਨਾਲ ਲੈ ਸਕਦੇ ਹਨ।
Summary in English: Profitable Business: Pay special attention to these things during summer mushroom cultivation, farmers will get good profit