Kakdi Ki Kheti: ਭਾਰਤ ਵਿੱਚ ਲਗਭਗ ਸਾਰੇ ਖੇਤਰਾਂ ਵਿੱਚ ਤਰ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਭਾਰਤੀ ਮੂਲ ਦੀ ਇੱਕ ਫਸਲ ਹੈ, ਜੋ ਜ਼ੈਦ ਦੀ ਫਸਲ ਦੇ ਨਾਲ ਉਗਾਈ ਜਾਂਦੀ ਹੈ। ਇਸ ਦੇ ਫਲ ਇੱਕ ਫੁੱਟ ਤੱਕ ਲੰਬੇ ਹੁੰਦੇ ਹਨ। ਤਰ ਦੀ ਵਰਤੋਂ ਮੁੱਖ ਤੌਰ 'ਤੇ ਸਲਾਦ ਅਤੇ ਸਬਜ਼ੀਆਂ ਲਈ ਕੀਤੀ ਜਾਂਦੀ ਹੈ। ਗਰਮੀਆਂ ਦੇ ਮੌਸਮ ਵਿੱਚ ਤਰ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਂਦਾ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਬਾਜ਼ਾਰ 'ਚ ਇਸ ਦੀ ਮੰਗ ਵੀ ਵਧ ਰਹੀ ਹੈ। ਕਿਸਾਨ ਭਰਾ ਵੀ ਇਸ ਦੀ ਖੇਤੀ ਕਰਕੇ ਚੰਗੀ ਆਮਦਨ ਕਮਾਉਂਦੇ ਹਨ। ਜੇਕਰ ਤੁਸੀਂ ਇਸ ਦੀ ਵਿਗਿਆਨਕ ਢੰਗ ਨਾਲ ਖੇਤੀ ਕਰਦੇ ਹੋ ਤਾਂ ਇਸ ਦੀ ਕਾਸ਼ਤ ਤੋਂ ਮੁਨਾਫ਼ਾ ਵੀ ਦੁੱਗਣਾ ਹੋ ਸਕਦਾ ਹੈ।
ਤਰ ਦੀ ਖੇਤੀ ਕਿਵੇਂ ਕਰੀਏ?
ਮੌਸਮ ਅਤੇ ਜ਼ਮੀਨ
ਤਰ ਇਕ ਗਰਮ ਮੌਸਮ ਦੀ ਫ਼ਸਲ ਹੈ। ਇਸ ਫ਼ਸਲ ਨੂੰ ਠੰਢ ਤੋਂ ਬਚਾ ਕੇ ਅਗੇਤਾ ਪੈਦਾ ਕੀਤਾ ਜਾ ਸਕਦਾ ਹੈ। ਇਸ ਫ਼ਸਲ ਨੂੰ ਹਰੇਕ ਤਰ੍ਹਾਂ ਦੀ ਜ਼ਮੀਨ, ਰੇਤਲੀ ਤੋਂ ਮੈਰਾ ਜ਼ਮੀਨ ਵਿੱਚ ਪੈਦਾ ਕੀਤਾ ਜਾ ਸਕਦਾ ਹੈ।
ਉੱਨਤ ਕਿਸਮਾਂ:
● Punjab Long Melon-1 (1995): ਇਸ ਕਿਸਮ ਦੀਆਂ ਵੇਲਾਂ ਲੰਮੀਆਂ, ਤਣੇ ਉਪਰ ਵਾਲ, ਨੁਕਰਾਂ ਵਾਲੀਆਂ ਅਤੇ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਦੀ ਪੈਦਾਵਾਰ 86 ਕੁਇੰਟਲ ਪ੍ਰਤੀ ਏਕੜ ਹੈ।
ਹੋਰ ਸੂਬਿਆਂ ਦੀਆਂ ਕਿਸਮਾਂ
● Karnal Selection: ਇਹ ਕਿਸਮ ਜ਼ਿਆਦਾ ਮਾਤਰਾ ਵਿੱਚ ਫਲ ਪੈਦਾ ਕਰਦੀ ਹੈ। ਇਸ ਦੇ ਫਲ ਹਲਕੇ ਹਰੇ ਰੰਗ ਦੇ, ਕੱਦ ਲੰਬਾ ਅਤੇ ਗੁੱਦਾ ਕੁਰਕੁਰਾ ਅਤੇ ਸੁਆਦ ਵਿੱਚ ਵਧੀਆ ਹੁੰਦਾ ਹੈ।
● Arka Sheetal: ਇਹ ਕਿਸਮ ਆਈਆਈਐਚਆਰ, ਲਖਨਊ ਦੁਆਰਾ ਵਿਕਸਿਤ ਕੀਤੀ ਗਈ ਹੈ। ਇਸ ਦੇ ਫਲ ਹਰੇ ਰੰਗ ਦੇ ਹੁੰਦੇ ਹਨ, ਜੋ ਕੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਸ ਦਾ ਗੁੱਦਾ ਕੁਰਕੁਰਾ ਅਤੇ ਸੁਆਦ ਵਿੱਚ ਵਧੀਆ ਹੁੰਦਾ ਹੈ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ।
ਕਾਸ਼ਤ ਦੇ ਢੰਗ
● ਬਿਜਾਈ ਦਾ ਸਮਾਂ: ਫ਼ਰਵਰੀ-ਮਾਰਚ
● ਬੀਜ ਦੀ ਮਾਤਰਾ: ਇਕ ਏਕੜ ਲਈ 1.0 ਕਿਲੋ ਬੀਜ ਵਰਤੋ।
● ਬਿਜਾਈ ਦਾ ਢੰਗ: ਇਸ ਦਾ ਬੀਜ 2.5 ਮੀਟਰ ਦੀਆਂ ਚੌੜੀਆਂ ਪਟੜੀਆਂ ਉਪਰ 60 ਸੈਂਟੀਮੀਟਰ ਦੇ ਫ਼ਾਸਲੇ ਤੇ ਦੋਨੋਂ ਪਾਸੇ ਬੀਜੋ। ਇਕ ਜਗ੍ਹਾ ਤੇ ਦੋ-ਦੋ ਬੀਜ ਬੀਜੋ।
ਖਾਦਾਂ
ਤਰ ਦੀ ਬਿਜਾਈ ਲਈ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਦੀ ਲੋੜ ਪੈਂਦੀ ਹੈ। ਇਨ੍ਹਾਂ ਖਾਦਾਂ ਵਿਚੋਂ 1/3 ਹਿੱਸਾ ਨਾਈਟ੍ਰੋਜਨ, ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਖਾਦ ਬਿਜਾਈ ਸਮੇਂ ਦੋ ਸਮਾਨਅੰਤਰ ਲਾਈਨਾਂ ਵਿੱਚ 15 ਸੈਂਟੀਮੀਟਰ ਦੀ ਵਿੱਥ ਤੇ ਪਾ ਕੇ ਖਾਲ਼ੀਆਂ ਪਾ ਦਿਉ। ਬਾਕੀ ਦੀ ਨਾਈਟ੍ਰੋਜਨ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾ ਕੇ ਮਿੱਟੀ ਚੜ੍ਹਾ ਦਿਉ।
ਨਦੀਨਾਂ ਦੀ ਰੋਕਥਾਮ
ਨਦੀਨਾਂ ਦੀ ਰੋਕਥਾਮ ਲਈ ਵੇਲਾਂ ਫੈਲਣ ਤੋਂ ਪਹਿਲਾਂ ਇਹਨਾਂ ਦੀ ਦੋ ਵਾਰ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ।
ਸਿੰਚਾਈ
ਸਿੰਚਾਈ, ਬਿਜਾਈ ਤੋਂ ਤੁਰੰਤ ਬਾਅਦ ਕਰੋ। ਗਰਮੀਆਂ ਵਿੱਚ ਸਿੰਚਾਈ 4-5 ਦਿਨਾਂ ਦੇ ਵਕਫ਼ੇ ਉੱਪਰ ਕਰੋ। ਬਰਸਾਤ ਵਿੱਚ ਪਾਣੀ ਲੋੜ ਸਮੇਂ ਦਿਓ।
ਇਹ ਵੀ ਪੜ੍ਹੋ : Zaid Crops: ਜ਼ੈਦ ਦੀਆਂ ਫਸਲਾਂ ਤੋਂ ਕਿਸਾਨਾਂ ਨੂੰ ਤਗੜਾ ਮੁਨਾਫਾ, ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ ਵੱਧ ਪੈਦਾਵਾਰ?
ਤੁੜਾਈ, ਸਾਂਭ-ਸੰਭਾਲ ਅਤੇ ਮੰਡੀਕਰਨ
ਤਰ ਦੀ ਤੁੜਾਈ 60-70 ਦਿਨਾਂ ਬਾਅਦ ਸ਼ੁਰੂ ਹੋ ਜਾਂਦੀ ਹੈ। ਫ਼ਲ ਉਸ ਸਮੇਂ ਤੋੜੋ ਜਦੋਂ ਫ਼ਲ ਨਰਮ ਹੋਣ। ਭਰ ਫ਼ਸਲ ਦੇ ਸਮੇਂ ਤੁੜਾਈ 3-4 ਦਿਨਾਂ ਬਾਅਦ ਕਰੋ।
ਬੀਜ ਉਤਪਾਦਨ
ਤਰ ਦਾ ਬੀਜ ਪੈਦਾ ਕਰਨ ਲਈ ਤਰ ਦੀਆਂ ਦੂਜੀਆਂ ਕਿਸਮਾਂ, ਖਰਬੂਜ਼ਾ, ਫੁੱਟ ਅਤੇ ਚਿੱਬੜ੍ਹ ਤੋਂ ਫ਼ਾਸਲਾ 1000 ਮੀਟਰ ਹੋਣਾ ਚਾਹੀਦਾ ਹੈ। ਇਸ ਫ਼ਸਲ ਦੇ ਨਿਰੀਖਣ, ਫੁੱਲਾਂ ਤੋਂ ਪਹਿਲਾਂ, ਫੁੱਲਾਂ ਸਮੇਂ ਅਤੇ ਤੁੜਾਈ ਸਮੇਂ ਕਰਨੇ ਚਾਹੀਦੇ ਹਨ। ਇਸ ਸਮੇਂ ਓਪਰੇ ਅਤੇ ਬਿਮਾਰ ਬੂਟੇ ਪੁੱਟ ਦਿਉ। ਬੀਜ ਤਿਆਰ ਹੋਣ ਸਮੇਂ ਫ਼ਲ ਨਰਮ ਪੈ ਜਾਂਦੇ ਹਨ। ਇਨ੍ਹਾਂ ਫ਼ਲਾਂ ਨੂੰ ਤੋੜ ਕੇ ਗੁੱਦਾ ਸਾਫ਼ ਪਾਣੀ ਵਿੱਚ ਕੱਢ ਲਉ। ਇਸ ਘੋਲ ਨੂੰ ਦੋ ਕੁ ਦਿਨ ਪਿਆ ਰਹਿਣ ਦਿਉ। ਭਾਰਾ ਬੀਜ ਥੱਲੇ ਬਹਿ ਜਾਏਗਾ ਅਤੇ ਹਲਕੇ ਬੀਜ ਨੂੰ ਨਿਤਾਰ ਲਉ।
Summary in English: Punjab Long Melon: Farmers will get double profit by Kakdi ki Kheti, keep these things in mind