BT Cotton: ਪਿਛਲੇ 6-7 ਸਾਲਾਂ ਤੋਂ ਮੱਧ ਅਤੇ ਦੱਖਣੀ ਭਾਰਤ ਵਿੱਚ ਬੀਟੀ ਨਰਮੇ 'ਤੇ ਗੁਲਾਬੀ ਸੁੰਡੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ ਹੁਣ ਇਹ ਉੱਤਰੀ ਭਾਰਤ ਵਿੱਚ ਵੀ ਬੀਟੀ ਕਪਾਹ ਦੇ ਮੁੱਖ ਕੀਟ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ। ਤੁਹਾਨੂੰ ਦਸ ਦੇਈਏ ਕਿ ਸਾਲ 2021 ਦੌਰਾਨ ਪੰਜਾਬ ਦੀ ਕਪਾਹ ਪੱਟੀ ਦੇ ਲਗਭਗ ਸਾਰੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ 0 ਤੋਂ 90 ਫੀਸਦੀ ਤੱਕ ਗੁਲਾਬੀ ਸੁੰਡੀ (Pink Bollworm) ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਐਤਕੀਂ ਬੀਟੀ ਨਰਮੇ ਦੇ ਅਗੇਤੀ ਬੀਜੀ ਫਸਲ ਉੱਪਰ ਕੁੱਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ ਹੈ ਜੋ ਕਿ ਘੱਟੋ ਘੱਟ ਆਰਥਿਕ ਪੱਧਰ ਦੇ ਨੇੜੇ ਹੈ। ਇਸ ਸੰਬੰਧ ਵਿੱਚ ਪੀਏਯੂ ਮਾਹਿਰਾਂ (PAU Experts) ਵਲੋਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਹਰ ਹਫਤੇ ਸਰਵੇਖਣ ਕਰਦੇ ਰਹਿਣ।
ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਮਿੱਲ੍ਹਾਂ ਦੇ ਆਲੇ ਦੁਆਲੇ ਅਤੇ ਨਰਮੇ ਦੇ ਖੇਤਾਂ ਵਿੱਚ ਲਗਾਓ। ਟਰੈਪ ਫ਼ਸਲ ਤੋਂ 15 ਸੈਂਟੀਮੀਟਰ ਉੱਚਾ ਰੱਖੋ। ਲਿਓਰ ਨੂੰ 15 ਦਿਨਾਂ ਬਾਅਦ ਬਦਲੋ ਅਤੇ ਇੱਕ ਟ੍ਰੈਪ ਪ੍ਰਤੀ ਏਕੜ ਵਰਤੋ।
ਇਹ ਵੀ ਪੜ੍ਹੋ: ਪੀਏਯੂ ਵੱਲੋਂ ਕਿਸਾਨਾਂ ਨੂੰ ਸਲਾਹ, ਸਰਦੀਆਂ ਦੇ ਸੀਜ਼ਨ 'ਚ ਕਪਾਹ ਨੂੰ ਗੁਲਾਬੀ ਸੁੰਡੀ 'ਤੋਂ ਬਚਾਓ
ਨਰਮੇ ਦੇ ਜਿਨ੍ਹਾਂ ਖੇਤਾਂ ਵਿੱਚ ਫੁੱਲ ਡੋਡੀ ਲੱਗਣੀ ਸ਼ੁਰੂ ਹੋ ਗਈ ਹੈ ਤਾਂ ਹਫਤੇ ਦੇ ਵਕਫੇ ਤੇ ਭੰਬੀਰੀ ਬਣੇ ਫੁੱਲਾਂ (ਗੁਲਾਬਨੁਮਾ ਫੁੱਲ) ਅਤੇ ਹਰੇ ਟਿੰਡਿਆਂ ਦਾ ਸਰਵੇਖਣ ਕਰੋ। ਇਸ ਵਾਸਤੇ ਖੇਤ ਵਿੱਚੋਂ ਅਲੱਗ ਅਲੱਗ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕਰੋ।
ਇਨ੍ਹਾਂ ਵਿੱਚੋਂ ਗੁਲਾਬਨੁਮਾ ਫੁੱਲ ਅਤੇ ਸੁੰਡੀ ਦੁਆਰਾ ਨੁਕਸਾਨ ਕੀਤੇ ਗਏ 5 ਫੁੱਲ ਮਿਲਦੇ ਹਨ ਤਾਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਹਮਲੇ ਵਾਲੇ ਭੰਬੀਰੀ ਫੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦਿਓ।
ਇਹ ਵੀ ਪੜ੍ਹੋ: Pink Bollworm: ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪੰਜਾਬ ਸਰਕਾਰ ਚੁੱਕੇ ਇਹ ਸਖ਼ਤ ਕਦਮ!
ਹਰੇ ਟਿੰਡਿਆਂ ਉੱਪਰ ਸੁੰਡੀ ਦੇ ਸਰਵੇਖਣ ਲਈ ਖੇਤ ਵਿੱਚੋਂ ਅਲੱਗ ਅਲੱਗ ਪੌਦਿਆਂ ਵਿੱਚੋਂ 20 ਹਰੇ ਟੀਂਡੇ ਤੋੜ ਕੇ ਟੀਂਡੇ ਵਿੱਚ ਵੜੀ ਗੁਲਾਬੀ ਸੁੰਡੀ ਨੂੰ ਗਿਣੋ, ਜੇਕਰ ਇਸ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਸੁੰਡੀਆਂ ਮਿਲਦੀਆਂ ਹਨ, ਤਾਂ ਇਸ ਸੁੰਡੀ ਦੀ ਰੋਕਥਾਮ ਲਈ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾਮੈਕਟੀਨ ਬੈਨਜ਼ੋਏਟ) ਜਾਂ 500 ਮਿਲੀਲਿਟਰ ਕਿਊਰਾਕਰਾਨ 50 ਈ ਸੀ (ਪ੍ਰਫ਼ੀਨੌਫੋਸ) ਜਾਂ 200 ਮਿਲੀਲਿਟਰ ਅਵਾਂਟ 14.5 ਐਸ ਸੀ (ਇੰਡੋਕਸਾਕਾਰਬ) ਜਾਂ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 800 ਮਿਲੀਲਿਟਰ ਫੋਸਮਾਇਟ 50 ਈ ਸੀ (ਇਥੀਓਨ) ਕੀਟਨਾਸ਼ਕਾਂ ਦਾ ਛਿੜਕਾਅ ਕਰੋ।
ਇ੍ਹਨਾਂ ਕੀਟਨਾਸ਼ਕਾਂ ਦੀ ਵਰਤੋ ਲੋੜ ਪੈਣ ਤੇ 10 ਦਿਨਾਂ ਦੇ ਵਕਫੇ ਤੇ ਕਰੋ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਬੀ ਟੀ ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵਿਖਾਈ ਦੇਵੇ ਤਾਂ ਆਪਣੇ ਇਲਾਕੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਦੇ ਧਿਆਨ ਵਿੱਚ ਲਿਆਓ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Recommendations to farmers for the prevention of Bt cotton Pink Bollworm