Sustainable Agriculture: ਸਥਾਈ ਖੇਤੀ ਦਾ ਉਦੇਸ਼ ਉੱਚ ਫਸਲ ਉਤਪਾਦਕਤਾ ਅਤੇ ਮਿੱਟੀ ਦੀ ਸਿਹਤ ਦੀ ਸੰਭਾਲ ਲਈ ਜੀਵਾਣੂ ਖਾਦਾਂ, ਜੈਵਿਕ ਖਾਦਾਂ ਅਤੇ ਰਸਾਇਣਕ ਖਾਦਾਂ ਦੀ ਸੰਯੋਜਿਤ ਵਰਤੋਂ ਕਰਨਾ ਹੈ। ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਲਾਭਦਾਇਕ ਸੂਖਮ ਜੀਵ ਹੁੰਦੇ ਹਨ ਜੋ ਪੌਦਿਆਂ ਨੂੰ ਪੋਸ਼ਟਿਕ ਤੱਤ ਮੁਹੱਈਆ ਕਰਵਾਉਣ ਵਿੱਚ ਮਦਦ ਕਰਦੇ ਹਨ।
ਜਦੋਂ ਅਸੀਂ ਜੀਵਾਣੂ ਖਾਦਾਂ ਨੂੰ ਬੀਜ, ਪਨੀਰੀ ਜਾਂ ਮਿੱਟੀ ਵਿੱਚ ਲਗਾਉਂਦੇ ਹਾਂ ਤਾਂ ਇਹ ਜੀਵਾਣੂ, ਪੌਦਿਆਂ ਦੇ ਖ਼ੁਰਾਕੀ ਤੱਤ (ਨਾਈਟ੍ਰੋਜਨ, ਫਾਸਫੋਰਸ ਆਦਿ) ਦੀ ਪੂਰਤੀ ਕਰਦੇ ਹਨ ਅਤੇ ਪੌਦੇ ਦੇ ਵਿਕਾਸ ਵਿੱਚ ਵੀ ਸਹਾਇਤਾ ਕਰਦੇ ਹਨ। ਇਨ੍ਹਾਂ ਦੀਆਂ ਪ੍ਰਕਿਰਿਆਵਾਂ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਦੇ ਨਾਲ-ਨਾਲ, ਫ਼ਸਲਾਂ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਜੀਵਾਣੂ ਖਾਦਾਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਜੋ ਕਿ ਜੀਵਾਣੂ ਦੁਆਰਾ ਕੀਤੇ ਜਾਣ ਵਾਲੇ ਕੰਮ ਦੇ ਆਧਾਰ ਤੇ ਬਣਾਈਆਂ ਜਾਂਦੀਆਂ ਹਨ।
ਫਾਸਫੋਰਸ ਫ਼ਸਲਾਂ ਦੇ ਝਾੜ ਨੂੰ ਨਿਯੰਤਰਣ ਕਰਨ ਵਾਲਾ ਅਹਿਮ ਖ਼ੁਰਾਕੀ ਤੱਤ ਹੈ। ਫਸਲਾਂ ਨੂੰ ਫਾਸਫੋਰਸ ਮੁੱਖ ਤੌਰ ਤੇ ਡੀ. ਏ. ਪੀ. ਜਾਂ ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਰਸਾਇਣਿਕ ਖਾਦਾਂ ਦੁਆਰਾ ਮੁਹੱਈਆ ਕਰਵਾਈ ਫਾਸਫੋਰਸ ਦਾ ਵੱਡਾ ਹਿੱਸਾ, ਅਘੁਲਣਸ਼ੀਲ ਰੂਪ ਵਿੱਚ ਜ਼ਮੀਨ ਵਿੱਚ ਰਹਿ ਜਾਂਦਾ ਹੈ। ਮਿੱਟੀ ਵਿੱਚ ਅਣਘੁੱਲੀ ਅਵਸਥਾ ਵਿੱਚ ਪਈ ਫਾਸਫੋਰਸ ਨੂੰ ਪੌਦੇ ਵਰਤ ਨਹੀਂ ਸਕਦੇ।ਇਸ ਅਣਘੁੱਲੀ ਫਾਸਫੋਰਸ ਨੂੰ ਘੁੱਲਣਸ਼ੀਲ ਰੂਪ ਵਿੱਚ ਬਦਲ ਕੇ ਪੌਦੇ ਦੇ ਵਿਕਾਸ ਵਿੱਚ ਸਹਾਇਤਾ ਦਾ ਕੰਮ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਾਲੇ ਜੀਵਾਣੂ ਕਰਵਾਉਂਦੇ ਹਨ।
ਇਹ ਵੀ ਪੜ੍ਹੋ : Green Gram: ਮੂੰਗੀ ਦੀਆਂ ਉੱਨਤ ਕਿਸਮਾਂ, ਵਾਧੂ ਝਾੜ ਲਈ ਅਪਣਾਓ ਇਹ ਤਕਨੀਕਾਂ
ਇਹ ਜੀਵਾਣੂ ਵੱਖ-ਵੱਖ ਵਿਧੀਆਂ ਰਾਹੀਂ ਅਣਘੁੱਲੀ ਫਾਸਫੋਰਸ ਨੂੰ ਪੌਦਿਆਂ ਲਈ ਮੁਹੱਈਆ ਕਰਵਾ ਕੇ ਫਸਲ ਉਤਪਾਦਨ ਵਿੱਚ ਵਾਧਾ ਕਰਦੇ ਹਨ।ਬੈਸੀਲਸ ਅਤੇ ਸੂਡੋਮੋਨਾਸ ਅਣਘੁੱਲੀ ਫਾਸਫੋਰਸ ਨੂੰ ਘੁਲਣਸ਼ੀਲ ਰੂਪ ਵਿੱਚ ਤਬਦੀਲ ਕਰਨ ਵਾਲੇ ਮੁੱਖ ਜੀਵਾਣੂਆਂ ਦੀਆਂ ਉਦਾਹਰਣਾਂ ਵਿੱਚੋਂ ਹਨ।
ਫਸਲਾਂ ਦਾ ਵਧੇਰੇ ਉਤਪਾਦਨ ਲੈਣ ਲਈ, ਨਾਈਟ੍ਰੋਜਨ ਇੱਕ ਮੁੱਖ ਖੁਰਾਕੀ ਤੱਤ ਹੈ।ਸਾਡੇ ਵਾਯੂਮੰਡਲ ਵਿੱਚ ਤਕਰੀਬਨ 78% ਨਾਈਟ੍ਰੋਜਨ ਹੈ। ਪਰੰਤੂ ਪੌਦੇ ਇਸ ਹਵਾ ਵਿਚਲੀ ਨਾਈਟ੍ਰੋਜਨ ਨੂੰ ਵਰਤਣ ਦੇ ਅਸਮਰੱਥ ਹੁੰਦੇੇ ਹਨ। ਨਾਈਟ੍ਰੋਜਨ ਜਮ੍ਹਾਂ ਕਰਨ ਵਾਲੇ ਜੀਵਾਣੂੰ, ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਮੁਹੱਈਆ ਕਰਵਾਉਂਦੇ ਹਨ। ਅਜ਼ੋਟੋਬੈਕਟਰ ਅਤੇ ਰਾਈਜ਼ੋਬੀਅਮ ਨਾਈਟ੍ਰੋਜਨ ਜਮ੍ਹਾਂ ਕਰਨ ਵਾਲੇ ਜੀਵਾਣੂੰਆਂ ਦੀਆਂ ਮੁੱਖ ਉਦਾਹਰਣਾਂ ਵਿੱਚੋਂ ਹਨ।
ਅਜ਼ੋਟੋਬੈਕਟਰ ਹਵਾ ਵਿਚਲੀ ਨਾਈਟ੍ਰੋਜਨ ਨੂੰ ਬਿਨ੍ਹਾਂ ਪੌਦੇ ਦੇ ਸਹਿਯੋਗ ਦੇ ਜਮ੍ਹਾਂ ਕਰ ਸਕਦੇ ਹਨ।ਇਹ ਅਨਾਜ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਸਹਾਇਕ ਹੁੰਦਾ ਹੈ।ਰਾਈਜ਼ੋਬੀਅਮ ਫਲੀਦਾਰ ਫਸਲਾਂ ਦੀਆਂ ਜੜ੍ਹਾਂ ਵਿੱਚ ਗੰਢਾਂ ਬਣਾ ਕੇ ਪੌਦਿਆਂ ਲਈ ਨਾਈਟ੍ਰੋਜਨ ਉਪਲੱਬਧ ਕਰਵਾਉਂਦਾ ਹੈ। ਫਲੀਦਾਰ ਫਸਲਾਂ ਵਿੱਚ ਜ਼ਿਆਦਾ ਗੰਢਾਂ ਬਣਨਾ, ਜ਼ਿਆਦਾ ਨਾਈਟ੍ਰੋਜਨ ਜਮ੍ਹਾਂ ਕਰਨ ਦਾ ਸੰਕੇਤ ਹੁੰਦਾ ਹੈ। ਕੁਝ ਸੂਖਮਜੀਵ ਜਿਵੇਂ ਕਿ ਐਜ਼ੋਸਪਾਇਰੀਲਮ ਪੌਦੇ ਦੀਆਂ ਜੜ੍ਹਾਂ ਨਾਲ ਹਲਕਾ ਜਿਹਾ ਸਹਿਯੋਗ ਬਣਾ ਕੇ ਨਾਈਟ੍ਰੋਜਨ ਜਮ੍ਹਾਂ ਕਰਦੇ ਹਨ।
ਇਹ ਵੀ ਪੜ੍ਹੋ : Kharif Crops: ਪਾਣੀ ਦੀ ਸੁਚੱਜੀ ਵਰਤੋਂ ਅਤੇ ਫ਼ਸਲਾਂ ਦੇ ਵੱਧ ਝਾੜ ਲਈ ਯੋਜਨਾਬੰਦੀ
ਪੌਦੇ ਦੀਆਂ ਜੜ੍ਹਾਂ ਦੇ ਨੇੜਲੇ ਹਿੱਸੇ ਵਿੱਚ ਰਹਿਣ ਵਾਲੇ ਲਾਭਦਾਇਕ ਜੀਵਾਣੂ, ਜੋ ਪੌਦੇ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ, ਉਹਨਾਂ ਨੂੰ ਪਲਾਂਟ ਗਰੋਥ ਪ੍ਰੋਮੋਟਿੰਗ ਰਾਈਜ਼ੋਬੈਕਟੀਰੀਆ ਆਖਿਆ ਜਾਂਦਾ ਹੈ। ਇਹ ਜੀਵਾਣੂੰ ਅਹਿਮ ਖੁਰਾਕੀ ਤੱਤ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ ਆਦਿ ਮੁਹੱਈਆ ਕਰਵਾ ਕੇ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ। ਇਸ ਤੋਂ ਇਲਾਵਾ, ਪੀ. ਜੀ. ਪੀ. ਆਰ. ਜੀਵਾਣੂੰ, ਪੌਦੇ ਦੇ ਵਿਕਾਸ ਵਿੱਚ ਸਹਾਇਕ ਹਾਰਮੋਨ ਜਿਵੇਂ ਕਿ ਇੰਡੋਲ ਐਸਟਿਕ ਐਸਿਡ, ਜ਼ੀਬਰੈਲਿਕ ਐਸਿਡ ਆਦਿ ਬਣਾ ਕੇ ਪੌਦੇ ਦੇ ਵਿਕਾਸ ਵਿੱਚ ਸਹਾਇਤਾ ਕਰਕੇ, ਫਸਲ ਦੇ ਝਾੜ ਵਿੱਚ ਵਾਧਾ ਕਰਦੇ ਹਨ।
ਕੰਸੌਰਸ਼ੀਅਮ ਜੀਵਾਣੂ ਖਾਦ ਦੋ ਜਾਂ ਦੋ ਤੋਂ ਵੱਧ ਲਾਭਦਾਇਕ ਜੀਵਾਣੂਆਂ ਦਾ ਸਮੂਹ ਹੁੰਦਾ ਹੈ।ਕੰਸੌਰਸ਼ੀਅਮ ਜੀਵਾਣੂ ਖਾਦ, ਵੱਖ-ਵੱਖ ਕੰਮ ਕਰਨ ਵਾਲੇ ਜੀਵਾਣੂਆਂ ਦਾ ਸਮੂਹ ਹੋਣ ਕਾਰਨ, ਇਕੱਲੇ ਜੀਵਾਣੂ ਖਾਦ ਨਾਲੋਂ ਵਧੀਆ ਕੰਮ ਕਰਦੀ ਹੈ ਅਤੇ ਫਸਲਾਂ ਦਾ ਝਾੜ ਵਧਾਉਂਦੀ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਕੰਸੌਰਸ਼ੀਅਮ ਜੀਵਾਣੂ ਖਾਦ, ਤਿੰਨ ਅਲੱਗ-ਅਲੱਗ ਜੀਵਾਣੂਆਂ ਦਾ ਮਿਸ਼ਰਣ ਹੈ (ਬੈਸੀਲਸ, ਅਜ਼ੋਟੋਬੈਕਟਰ ਅਤੇ ਸੂਡੋਮੋਨਾਸ), ਜੋ ਵੱਖ-ਵੱਖ ਕੰਮ ਕਰਦੇ ਹਨ।
ਇਹ ਵੀ ਪੜ੍ਹੋ : 10,000 ਰੁਪਏ ਕਿਲੋ ਵਿਕਦਾ ਹੈ ਇਹ ਤੇਲ, ਇਸ ਖੇਤੀ ਤੋਂ ਹੁੰਦੀ ਹੈ ਬੰਪਰ ਕਮਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਠਾਰਾਂ ਫ਼ਸਲਾਂ ਲਈ ਜੀਵਾਣੂ ਖਾਦ ਦੀ ਸਿਫਾਰਿਸ਼ ਕੀਤੀ ਹੈ। ਇਹਨਾਂ ਵਿੱਚ ਅਨਾਜ ਦੀਆਂ ਫ਼ਸਲਾਂ (ਕਣਕ, ਮੱਕੀ, ਝੋਨਾ), ਨਕਦ ਵਾਲੀ ਫ਼ਸਲ (ਗੰਨਾ), ਸਬਜ਼ੀਆਂ (ਆਲੂ, ਪਿਆਜ, ਹਲਦੀ), ਦਾਲਾਂ (ਛੋਲੇ, ਮਸਰ, ਗਰਮੀ ਰੁੱਤ ਦੀ ਮੂੰਗੀ, ਮੂੰਗੀ, ਮਟਰ, ਗਰਮ ਰੁੱਤ ਦੀੇ ਮਾਂਹ, ਸੋਇਆਬੀਨ, ਮਾਂਹ, ਅਰਹਰ) ਅਤੇ ਚਾਰੇ ਦੀ ਫ਼ਸਲ (ਬਰਸੀਮ ਅਤੇ ਲੂਸਣ) ਸ਼ਾਮਿਲ ਹਨ। ਪੀ.ਏ.ਯੂ. ਵੱਲੋਂ ਫਸਲਾਂ ਲਈ ਸਿਫਾਰਿਸ਼ ਕੀਤੀਆਂ ਜੀਵਾਣੂ ਖਾਦਾਂ ਦਾ ਵੇਰਵਾ ਸਾਰਣੀ ਵਿੱਚ ਦਿੱਤਾ ਗਿਆ ਹੈ।
ਸਾਰਣੀ: ਪੀਏਯੂ ਵੱਲੋਂ ਫਸਲਾਂ ਲਈ ਸਿਫਾਰਿਸ਼ ਕੀਤੀਆਂ ਜੀਵਾਣੂ ਖਾਦਾਂ
ਜੀਵਾਣੂ ਖਾਦਾਂ ਵਰਤਣ ਦਾ ਢੰਗ:
• ਬੀਜ ਨੂੰ ਲਗਾੳਣਾ: ਜੀਵਾਣੂ ਖਾਦ ਦੇ ਪੈਕਿਟ ਨੂੰ ਅੱਧਾ ਲੀਟਰ ਪਾਣੀ ਵਿੱਚ ਚੰਗੀ ਤਰਾਂ ਮਿਲਾ ਕੇ ਇੱਕ ਘੋਲ ਬਣਾ ਲਵੋ। ਇਸ ਬਣੇ ਘੋਲ ਨੂੰ ਇੱਕ ਏਕੜ ਦੇ ਬੀਜ ਨਾਲ ਰਲਾ ਲਵੋ। ਇਹ ਕੰਮ ਪੱਕੇ ਸਾਫ ਫਰਸ਼ ਜਾਂ ਤਰਪਾਲ ਉੱਪਰ ਕਰੋ। ਬੀਜ ਨੂੰ ਛਾਵੇਂ ਸੁਕਾ ਕੇ ਖੇਤ ਵਿੱਚ ਜਲਦੀ ਬੀਜ ਦਿਉ।
• ਮਿੱਟੀ ਵਿੱਚ ਮਿਲਾੳਣਾ: ਜੀਵਾਣੂ ਖਾਦ ਨੂੰ 10 ਕਿਲੋ ਮਿੱਟੀ/ਰੂੜੀ ਖਾਦ ਵਿੱਚ ਮਿਲਾ ਲਵੋ ਤਾਂ ਜੋ ਇਹ ਸਾਰੇ ਖੇਤ ਵਿੱਚ ਬਰਾਬਰ ਪਾਈ ਜਾ ਸਕੇ।
• ਪਨੀਰੀ ਦੀਆਂ ਜੜ੍ਹਾਂ ਨੂੰ ਲਗਾਉਣਾ: ਇਕ ਏਕੜ ਲਈ ਸਿਫਾਰਿਸ਼ ਜੀਵਾਣੂ ਖਾਦ ਨੂੰ 100 ਲੀਟਰ ਪਾਣੀ ਵਿੱਚ ਘੋਲ ਲਉ। ਫਸਲ ਦੀ ਪਨੀਰੀ ਦੀਆਂ ਜੜ੍ਹਾਂ ਨੂੰ ਇਸ ਘੋਲ ਵਿੱਚ 45 ਮਿੰਟ ਲਈ ਡਬੋ ਕੇ ਰੱਖਣ ਤੋਂ ਬਾਅਦ ਖੇਤ ਵਿੱਚ ਲਗਾ ਦਿਓ।
ਇਹ ਵੀ ਪੜ੍ਹੋ : Agri-Business: ਬਿਨਾਂ ਪਾਣੀ ਤੇ ਘੱਟ ਉਪਜਾਊ ਜ਼ਮੀਨ ਤੋਂ ਚੰਗਾ ਉਤਪਾਦਨ ਦਿੰਦੀ ਹੈ ਤਾਰਾਮੀਰਾ ਦੀ ਖੇਤੀ
ਜੀਵਾਣੂ ਖਾਦ ਵਰਤਣ ਸਮੇਂ ਸਾਵਧਾਨੀਆਂ:
• ਜਿਸ ਫਸਲ ਲਈ ਜੋ ਜੀਵਾਣੂ ਖਾਦ ਸਿਫਾਰਿਸ਼ ਕੀਤੀ ਗਈ ਹੈ, ਉਸ ਫਸਲ ਲਈ ਹੀ ਵਰਤਣੀ ਚਾਹੀਦੀ ਹੈ।
• ਜੀਵਾਣੂ ਖਾਦ ਵਾਲਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਡੀ ਥਾਂ ਤੇ ਰੱਖੋ।
• ਜੀਵਾਣੂ ਖਾਦ ਦੇ ਲਿਫਾਫੇ ਨੂੰ ਲਗਾਉਣ ਵੇਲੇ ਹੀ ਖੋਲੋ।
• ਜੀਵਾਣੂ ਖਾਦਾਂ ਨੂੰ ਮਿਆਦ ਪੁੱਗਣ (3 ਮਹੀਨੇ) ਤੋਂ ਪਹਿਲਾਂ ਵਰਤਣਾ ਚਾਹੀਦਾ ਹੈ।
• ਜੀਵਾਣੂ ਖਾਦ ਲਗਾਉਣ ਤੋ ਬਾਅਦ ਬਿਜਾਈ ਛੇਤੀ ਕਰ ਦੇਣੀ ਚਾਹੀਦੀ ਹੈ।
• ਜੇਕਰ ਜੀਵਾਣੂ ਖਾਦਾਂ ਨੂੰ ਬੀਜ ਸੋਧਣ ਲਈ ਵਰਤੀਆਂ ਜਾਣ ਵਾਲੀਆਂ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਵਾਈਆਂ ਨਾਲ ਲਗਾਉਣਾ ਹੋਵੇ ਤਾਂ ਪਹਿਲਾਂ ਕੀਟਨਾਸ਼ਕ, ਫਿਰ ਉੱਲੀਨਾਸ਼ਕ ਅਤੇ ਬਾਅਦ ਵਿੱਚ ਜੀਵਾਣੂੰ ਖਾਦ ਲਗਾਉਣੀ ਚਾਹੀਦੀ ਹੈ।
ਜੀਵਾਣੂ ਖਾਦਾਂ ਦੀ ਉਪਲੱਬਧਤਾ:
ਜੀਵਾਣੂ ਖਾਦਾਂ ਦੇ ਟੀਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਈਕਰੋਬਿਆਲੋਜੀ ਵਿਭਾਗ, ਗੇਟ ਨੰ: 1 ਤੇ ਸਥਿਤ ਬੀਜਾਂ ਦੀ ਦੁਕਾਨ ਅਤੇ ਵੱਖੋ ਵੱਖਰੇ ਜਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦੇ ਹਨ।ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਤੀਆਂ ਜੀਵਾਣੂੰ ਖਾਦਾਂ ਦੇ ਵਰਤਣ ਬਾਰੇ ਵਧੇਰੇ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆ ਕਿਤਾਬਾਂ ਵਿੱਚੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਜੀਵਾਣੂ ਖਾਦਾਂ ਹਰ ਕਿਸਾਨ ਮੇਲੇ ਉੱਤੇ ਵੀ ਉਪਲੱਬਧ ਹੁੰਦੀਆਂ ਹਨ।
Summary in English: Role of organic fertilizers in sustainable agriculture