Krishi Jagran Punjabi
Menu Close Menu

ਖੇਤੀ ਵਿਭਿੰਨਤਾ ਲਈ ਲਾਹੇਵੰਦ ਹੈ ਤੋਰੀਏ ਦੀ ਕਾਸ਼ਤ

Friday, 28 August 2020 06:41 PM

ਤੋਰੀਆ ਸਿਆਲ ਰੁੱਤ ਦੀ ਇੱਕ ਛੇਤੀ ਪੱਕਣ ਵਾਲੀ ਤੇਲ ਬੀਜ ਫ਼ਸਲ ਹੈ ਜੋ ਕਿ ਗਰਮ ਰੁੱਤ ਦੀ ਮੂੰਗੀ-ਤੋਰੀਆ-ਕਣਕ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਣਕ/ਸੂਰਜਮੁਖੀ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਮਾਦ-ਮੂਢਾ ਕਮਾਦ, ਝੋਨਾ/ਮੱਕੀ-ਤੋਰੀਆ-ਸੂਰਜਮੁਖੀ, ਗਰਮ ਰੁੱਤ ਦੀ ਮੂੰਗਫਲੀ-ਤੋਰੀਆ-ਕਣਕ, ਗਰਮ ਰੁੱਤ ਦੇ ਮਾਂਹ -ਤੋਰੀਆ, ਮੈਂਥਾ-ਤੋਰੀਆ ਅਤੇ ਸਾਉਣੀ ਰੁੱਤ ਦਾ ਚਾਰਾ/ਮੂੰਗਫ਼ਲੀ-ਤੋਰੀਆ+ਗੋਭੀ ਸਰੋ -ਗਰਮ ਰੁੱਤ ਦੀ ਮੂੰਗੀ ਆਦਿ ਫ਼ਸਲੀ ਚੱਕਰਾਂ ਲਈ ਢੁਕਵੀਂ ਹੈ। ਇਸ ਤੋਂ ਇਲਾਵਾ ਤੋਰੀਏ ਦੀ ਫ਼ਸਲ ਨੂੰ ਕਮਾਦ ਅਤੇ ਗੋਭੀ ਸਰੋ ਵਿੱਚ ਰਲਵੀਂ ਫ਼ਸਲ ਵਜੋਂ ਬੀਜਿਆ ਜਾ ਸਕਦਾ ਹੈ।

ਜ਼ਮੀਨ ਦੀ ਚੋਣ: ਤੋਰੀਏ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਹਲਕੀਆਂ ਮੈਰਾ ਤੇ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ ਪਰ ਮੈਰਾ ਜ਼ਮੀਨ ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ।

ਉਨਤ ਕਿਸਮਾਂ: ਪੰਜਾਬ ਵਿੱਚ ਤੋਰੀਏ ਦੀ ਕਾਸ਼ਤ ਲਈ ਟੀ ਐਲ 17 ਅਤੇ ਟੀ ਐਲ 15 ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜੋ ਕਿ ਬਹੁ-ਫ਼ਸਲੀ ਚੱਕਰ ਲਈ ਬਹੁਤ ਢੁਕਵੀਂਆਂ ਹਨ। ਇਹ ਕਿਸਮਾਂ ਪੱਕਣ ਲਈ 88-90 ਦਿਨ ਦਾ ਸਮਾਂ ਲੈਂਦੀਆਂ ਹਨ ਅਤੇ 4.5 ਤੋਂ 5.2 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦਿੰਦੀਆਂ ਹਨ। ਇਹਨਾਂ ਕਿਸਮਾਂ ਦੇ ਬੀਜਾਂ ਵਿੱਚ 41-42 ਪ੍ਰਤੀਸ਼ਤ ਤੇਲ ਹੁੰਦਾ ਹੈ।

ਖੇਤ ਦੀ ਤਿਆਰੀ: ਫ਼ਸਲ ਦੇ ਵਧੀਆ ਜੰਮ ਲਈ ਖੇਤ ਦੀ ਚੰਗੀ ਤਿਆਰੀ ਬਹੁਤ ਜ਼ਰੂਰੀ ਹੈ। ਖੇਤ ਨੂੰ 2 ਤੋਂ 4 ਵਾਰ ਵਾਹੁਣਾ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ। ਬਿਜਾਈ ਸਮੇਂ ਖੇਤ ਵਧੀਆ ਵੱਤਰ ਹੋਣਾ ਚਾਹੀਦਾ ਹੈ।

ਬਿਜਾਈ ਦਾ ਸਮਾਂ: ਨਿਰੋਲ ਫ਼ਸਲ ਲਈ ਸਾਰਾ ਸਤੰਬਰ ਮਹੀਨਾ ਤੋਰੀਏ ਦੀ ਬਿਜਾਈ ਲਈ ਢੁਕਵਾਂ ਹੈ। ਜੇਕਰ ਤੋਰੀਆ ਨੂੰ ਗੋਭੀ ਸਰੋ ਵਿੱਚ ਰਲਵੀਂ ਫ਼ਸਲ ਵਜੋਂ ਬੀਜਣਾ ਹੋਵੇ ਤਾਂ ਸਤੰਬਰ ਦਾ ਤੀਜਾ ਹਫ਼ਤਾ ਅਤੇ ਪਤਝੜ ਰੁੱਤ ਦੇ ਕਮਾਦ ਵਿਚ ਤੋਰੀਏ ਦੀ ਰਲਵੀਂ ਖੇਤੀ ਕਰਨ ਲਈ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਦਾ ਸਮਾਂ ਸਭ ਤੋਂ ਢੁਕਵਾਂ ਹੈ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਨਿਰੋਲ ਬੀਜਾਈ ਲਈ ਤੋਰੀਏ ਦਾ 1.5 ਕਿੱਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਜ਼ਮੀਨ ਵਿੱਚ ਨਮੀ ਘੱਟ ਹੋਣ ਦੀ ਸੂਰਤ ਵਿੱਚ ਬਿਜਾਈ ਤੋਂ ਇੱਕ ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖਣਾ ਲਾਹੇਵੰਦ ਹੁੰਦਾ ਹੈ। ਤੋਰੀਏ ਦੀ ਬਿਜਾਈ ਡਰਿਲ ਜਾਂ ਪੋਰੇ ਨਾਲ ਕੀਤੀ ਜਾ ਸਕਦੀ ਹੈ। ਬਿਜਾਈ ਲਈ ਹੱਥ ਨਾਲ ਚੱਲਣ ਵਾਲੀ ਤੇਲਬੀਜ ਡਰਿੱਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਤੋਰੀਏ ਦੀ ਨਿਰੋਲ ਬਿਜਾਈ ਕਤਾਰਾਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਦੇ ਹੋਏ 4-5 ਸੈਂਟੀਮੀਟਰ ਡੂੰਘਾਈ ਤੇ ਕਰਨੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਤੋਂ 15 ਸੈਂਟੀਮੀਟਰ ਰੱਖਣ ਲਈ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰਨਾ ਜ਼ਰੂਰੀ ਹੁੰਦਾ ਹੈ।

ਤੋਰੀਏ ਦੀ ਰਲਵੀਂ ਕਾਸ਼ਤ: ਵੱਧ ਮੁਨਾਫ਼ੇ ਲਈ ਤੋਰੀਆ ਅਤੇ ਗੋਭੀ ਸਰੋ ਜਾਂ ਪਤਝੜ ਰੁੱਤ ਦਾ ਕਮਾਦ ਅਤੇ ਤੋਰੀਆ ਦੀ ਰਲਵੀਂ ਖੇਤੀ ਕਰਨੀ ਚਾਹੀਦੀ ਹੈ। ਤੋਰੀਆ ਤੇ ਗੋਭੀ ਸਰੋ ਦੀ ਰਲਵੀਂ ਕਾਸ਼ਤ ਲਈ ਇਨ੍ਹਾਂ ਦੀ ਬਿਜਾਈ ਸਤੰਬਰ ਦੇ ਤੀਜੇ ਹਫ਼ਤੇ ਦੌਰਾਨ ਦੋਹਾਂ ਫ਼ਸਲਾਂ ਦਾ ਇੱਕ-ਇੱਕ ਕਿੱਲੋ ਬੀਜ ਵਰਤਦੇ ਹੋਏ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ (ਇੱਕ ਕਤਾਰ ਤੋਰੀਆ ਅਤੇ ਦੂਜੀ ਗੋਭੀ ਸਰੋ) ਵਿੱਚ ਕੀਤੀ ਜਾ ਸਕਦੀ ਹੈ। ਇਸ ਦੇ ਵਿਕਲਪ ਵਜੋਂ ਤੋਰੀਏ ਦਾ ਛੱਟਾ ਦੇ ਕੇ ਗੋਭੀ ਸਰੋ ਨੂੰ 45 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਬੀਜਿਆ ਜਾ ਸਕਦਾ ਹੈ। ਇਸ ਤਰਾਂ ਤੋਰੀਆ ਦਸੰਬਰ ਦੇ ਅੱਧ ਤੱਕ ਵੱਢ ਲਿਆ ਜਾਂਦਾ ਹੈ ਅਤੇ ਗੋਭੀ ਸਰੋ ਅਖ਼ੀਰ ਮਾਰਚ ਤੱਕ ਖੇਤ ਵਿੱਚ ਰਹਿੰਦੀ ਹੈ। ਇਸ ਦਾ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ (4 ਕੁਇੰਟਲ ਤੋਰੀਆ+8 ਕੁਇੰਟਲ ਗੋਭੀ ਸਰੋ) ਨਿੱਕਲ ਆਉਂਦਾ ਹੈ। ਇਸੇ ਤਰਾਂ ਪਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਕਰਨ ਲਈ ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਤੋਰੀਏ ਦਾ ਇੱਕ ਕਿਲੋ ਬੀਜ ਵਰਤ ਕੇ 30 ਸੈਂਟੀਮੀਟਰ ਦੇ ਫ਼ਾਸਲੇ ਦੋ ਕਤਾਰਾਂ ਬੀਜਣੀਆਂ ਚਾਹੀਦੀਆਂ ਹਨ।

ਖਾਦ ਪ੍ਰਬੰਧਨ: ਆਮ ਤੌਰ ਤੇ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ। ਮਿੱਟੀ ਪਰਖ ਨਾ ਕਰਵਾਉਣ ਦੀ ਸੂਰਤ ਵਿੱਚ ਤੋਰੀਏ ਦੀ ਨਿਰੋਲ ਫ਼ਸਲ ਨੂੰ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਫ਼ਾਸਫ਼ੋਰਸ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਇਹ ਖਾਦ ਨਾ ਮਿਲੇ ਤਾਂ ਖਾਸ ਕਰਕੇ ਗੰਧਕ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 80 ਕਿੱਲੋ ਜਿਪਸਮ ਜਾਂ 13 ਕਿੱਲੋ ਬੈਂਟੋਨਾਈਟ-ਸਲਫ਼ਰ ਪ੍ਰਤੀ ਏਕੜ ਅਤੇ ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ 26 ਕਿੱਲੋ ਡੀ ਏ ਪੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ (ਨਾਈਟ੍ਰੋਜਨ ਅਤੇ ਫ਼ਾਸਫ਼ੋਰਸ) ਬਿਜਾਈ ਸਮੇਂ ਪੋਰ ਦੇਣੀ ਚਾਹੀਦੀ ਹੈ। ਤੋਰੀਆ ਤੇ ਗੋਭੀ ਸਰੋ ਦੀ ਰਲਵੀਂ ਕਾਸ਼ਤ ਵਿੱਚ ਬਿਜਾਈ ਸਮੇਂ 55 ਕਿੱਲੋ ਯੂਰੀਆ ਅਤੇ 75 ਕਿੱਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਅਤੇ ਤੋਰੀਆ ਦੀ ਵਾਢੀ ਤੋਂ ਬਾਅਦ 65 ਕਿੱਲੋ ਯੂਰੀਆ ਪ੍ਰਤੀ ਏਕੜ ਸਿੰਚਾਈ ਨਾਲ ਪਾਉਣਾ ਚਾਹੀਦਾ ਹੈ। ਇਸੇ ਤਰਾਂ ਪਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਵਿੱਚ ਕਮਾਦ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 33 ਕਿਲੋ ਯੂਰੀਆ ਅਤੇ 32 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਹੋਰ ਪਾਉਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ: ਤੋਰੀਏ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਕਰਨੀ ਚਾਹੀਦੀ ਹੈ।
ਸਿੰਚਾਈ: ਜੇਕਰ ਤੋਰੀਏ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕੀਤੀ ਜਾਵੇ ਤਾਂ ਫੁੱਲ ਪੈਣ ਸਮੇਂ ਫ਼ਸਲ ਨੂੰ ਲੋੜ ਅਨੁਸਾਰ ਇੱਕ ਸਿੰਚਾਈ ਦੀ ਕੀਤੀ ਜਾ ਸਕਦੀ ਹੈ।

ਫ਼ਸਲ ਦੀ ਕਟਾਈ ਤੇ ਗਹਾਈ: ਸਮੇਂ ਸਿਰ ਬੀਜੀ ਫ਼ਸਲ ਦਸੰਬਰ ਵਿੱਚ ਫਲੀਆਂ ਪੀਲੀਆਂ ਹੋ ਜਾਣ ਤੇ ਕੱਟਣ ਲਈ ਤਿਆਰ ਹੁੰਦੀ ਹੈ। ਫ਼ਸਲ ਨੂੰ ਕਿਰਨ ਤੋਂ ਬਚਾਉਣ ਲਈ ਕਟਾਈ ਸਵੇਰ ਦੇ ਸਮੇਂ, ਜਦੋਂ ਫ਼ਲੀਆਂ ਤ੍ਰੇਲ ਨਾਲ ਨਰਮ ਹੋਣ, ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ (ਕੁੰਨੂੰ) ਬਣਾ ਕੇ ਰੱਖਣੀ ਚਾਹੀਦੀ ਹੈ। ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰਕੇ ਵਰਤਿਆ ਜਾ ਸਕਦਾ ਹੈ।


ਵਿਵੇਕ ਕੁਮਾਰ: 98556-03632

ਵਿਵੇਕ ਕੁਮਾਰ ਅਤੇ ਵਜਿੰਦਰ ਪਾਲ
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ

snake gourd farming punjab Agricultural news
English Summary: snake gourd farming is useful for agricultural diversification

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.