Soil and Water Conservation Techniques: ਪੰਜਾਬ ਦਾ ਕੰਢੀ ਖੇਤਰ, ਲੱਗਭਗ 3.93 ਲੱਖ ਹੈਕਟੇਅਰ (ਰਾਜ ਦਾ ਲਗਭਗ 7.8 ਪ੍ਰਤੀਸ਼ਤ ਭੂਗੋਲਿਕ ਖੇਤਰ) ਹੈ ਅਤੇ ਪੰਜਾਬ ਦੇ ਉੱਤਰ ਪੂਰਬੀ ਨੀਮ ਪਹਾੜੀ ਇਲਾਕੇ ਵਿੱਚ ਸਥਿਤ ਹੈ।ਕੰਢੀ ਖੇਤਰ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਹਿੱਸੇ ਸ਼ਾਮਿਲ ਹਨ।
ਇਸ ਖੇਤਰ ਵਿੱਚ ਸਲਾਨਾ ਵਰਖਾ 800 ਤੋਂ 1500 ਮਿਲੀਮੀਟਰ ਤੱਕ ਹੁੰਦੀ ਹੈ ਅਤੇ ਜ਼ਿਆਦਾਤਰ ਵਰਖਾ ਸਾਉਣੀ ਦੌਰਾਨ ਹੁੰਦੀ। ਕੰਢੀ ਦੇ ਇਲਾਕੇ ਵਿੱਚ ਕਈ ਥਾਵਾਂ ਤੋਂ ਚੋਅ ਵੱਗਦੇ ਹਨ ਤੇ ਕਈ ਵਾਰ ਇਹ ਹੜ੍ਹ ਦਾ ਕਾਰਨ ਬਣ ਜਾਂਦੇ ਹਨ ਅਤੇ ਚੋਅ ਦੇ ਨਾਲ ਲੱਗਦੇ ਵਾਹੀਯੋਗ ਜ਼ਮੀਨਾਂ ਵਿੱਚ ਰੇਤਲੀ ਮਿੱਟੀ ਜਮਾਂ ਹੋ ਜਾਂਦੀ ਹੈ।
ਕੰਢੀ ਇਲਾਕੇ ਦੀਆਂ ਮੁੱਖ ਸਮੱਸਿਆਵਾਂ:
ਕੰਢੀ ਦੇ ਖੇਤਰ ਵਿੱਚ ਔਸਤਨ ਸਲਾਨਾ ਵਰਖਾ 800-1500 ਮਿਲੀਮੀਟਰ ਤੱਕ ਹੁੰਦੀ ਹੈ, ਜਿਸ ਵਿੱਚੋਂ ਲੱਗਭਗ 80 ਪ੍ਰਤੀਸ਼ਤ ਵਰਖਾ ਸਾਉਣੀ ਦੇ ਮੌਸਮ (ਜੁਲਾਈ ਤੋਂ ਸਤੰਬਰ) ਵਿੱਚ ਹੁੰਦੀ ਹੈ ਅਤੇ ਬਾਕੀ 20 ਪ੍ਰਤੀਸ਼ਤ ਹਾੜ੍ਹੀ ਦੇ ਮੌਸਮ ਵਿੱਚ ਹੁੰਦੀ ਹੈ। ਕਈ ਵਾਰ ਇਸ ਖੇਤਰ ਵਿੱਚ ਜੂਨ ਮਹੀਨੇ ਵਿੱਚ ਅਨਿਸ਼ਚਿਤ ਵਰਖਾ ਪੈ ਜਾਂਦੀ ਹੈ ਅਤੇ ਸਾਉਣੀ ਦੀ ਬਿਜਾਈ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਝਾੜ ਘੱਟਦਾ ਹੈ। ਜ਼ਿਆਦਾਤਰ ਵਰਖਾ ਦਾ ਬਹੁਤਾ ਪਾਣੀ ਭੂਮੀ ਵਿੱਚ ਜ਼ੀਰਨ ਦੀ ਬਜਾਏ ਵਹਾਅ ਦੇ ਰੂਪ ਵਿੱਚ ਵਹਿ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਤੱਤਾਂ ਨੂੰ ਵਹਾਕੇ ਲੈ ਜਾਂਦਾ ਹੈ। ਜਲਵਾਯੂ ਪਰਿਵਰਤਨ ਦੇ ਕਾਰਨ ਪਿਛਲੇ ਸਾਲਾਂ ਦੇ ਮੁਕਾਬਲੇ ਕੰਢੀ ਖੇਤਰ ਵਿੱਚ ਸਾਉਣੀ ਦੇ ਮਹੀਨਿਆਂ ਵਿੱਚ ਘੱਟ ਵਰਖਾ ਦਾ ਰੁਝਾਨ ਦੇਖਿਆ ਗਿਆ ਹੈ ਕੰਢੀ ਦੇ ਖੇਤਰ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਦਿਨ ਦਾ ਘੱਟੋ-ਘੱਟ ਅਤੇ ਵੱਧੋ-ਵੱਧ ਤਾਪਮਾਨ ਜ਼ਿਆਦਾ ਦਰਜ ਕੀਤਾ ਗਿਆ ਹੈ।
ਹਾੜ੍ਹੀ ਦੌਰਾਨ ਵੱਧ ਤਾਪਮਾਨ ਵੀ ਕਣਕ ਦੇ ਝਾੜ ਵਿੱਚ ਗਿਰਾਵਟ ਦਾ ਕਾਰਨ ਬਣਦਾ ਹੈ।ਇਸ ਖੇਤਰ ਵਿੱਚ ਕੁੱਲ ਸਲਾਨਾ ਵਰਖਾ ਅਤੇ ਬਰਸਾਤੀ ਦਿਨਾਂ ਦੀ ਗਿਣਤੀ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਗਈ ਹੈ। ਪੰਜਾਬ ਦੇ ਕੰਢੀ ਖੇਤਰ ਵਿੱਚ ਖੇਤੀ ਲਈ ਸਿੰਚਾਈ ਦੇ ਪਾਣੀ ਦੀ ਘੱਟ ਉਪਲੱਬਧਤਾ ਵੀ ਮੁੱਖ ਸਮੱਸਿਆ ਹੈ। ਭਾਵੇਂ ਇਸ ਖੇਤਰ ਵਿੱਚ ਵੱਖ ਵੱਖ ਪਿੰਡਾਂ ਵਿੱਚ ਕਈ ਟਿਊਬਵੈੱਲ ਲਗਾਏ ਜਾ ਚੁੱਕੇ ਹਨ ਪਰ ਹੁਣ ਵੀ ਇਸ ਇਲਾਕੇ ਦੀ ਜ਼ਿਆਦਾਤਰ ਖੇਤੀ ਬਾਰਸ਼ਾਂ ਤੇ ਨਿਰਭਰ ਕਰਦੀ ਹੈ। ਇਸ ਇਲਾਕੇ ਦੀ ਜ਼ਮੀਨ ਘੱਟ ਉਪਜਾਊ ਸ਼ਕਤੀ ਵਾਲੀ ਹੈ ਅਤੇ ਇਹਨਾਂ ਜ਼ਮੀਨਾਂ ਵਿੱਚ ਜੈਵਿਕ ਕਾਰਬਨ ਵੀ ਘੱਟ ਹੈ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਮਾਤਰਾ ਵੀ ਘੱਟ ਤੋਂ ਦਰਮਿਆਨੀ ਸ਼੍ਰੇਣੀ ਵਿੱਚ ਪਾਈ ਗਈ ਹੈ। ਇਸ ਖੇਤਰ ਦੇ ਕਿਸਾਨਾਂ ਕੋਲ ਜ਼ਮੀਨਾਂ ਘੱਟ ਅਤੇ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡਿਆਂ ਹੋਈਆਂ ਹਨ ਅਤੇ ਕਿਸਾਨਾਂ ਕੋਲ ਸਾਧਨਾਂ ਦੀ ਵੀ ਘਾਟ ਹੈ।
ਇਸ ਖੇਤਰ ਵਿੱਚ ਪਹਿਲਾਂ ਜ਼ਿਆਦਾਤਰ ਫ਼ਸਲਾਂ ਦੀ ਬਿਜਾਈ ਕੇਰਾ ਵਿਧੀ ਰਾਹੀਂ ਬਲਦਾਂ ਨਾਲ ਕੀਤੀ ਜਾਂਦੀ ਸੀ ਪ੍ਰੰਤੂ ਸਮਾਂ ਬੀਤਣ ਨਾਲ ਕਿਸਾਨਾਂ ਨੇ ਟਰੈਕਟਰ ਨਾਲ ਖੇਤ ਵਾਹੁਣੇ ਸ਼ੁਰੂ ਕਰ ਦਿੱਤੇ ਹਨ ਅਤੇ ਬਾਅਦ ਵਿੱਚ ਜ਼ਿਆਦਾਤਰ ਕਿਸਾਨ ਬੀਜ ਦਾ ਛੱਟਾ ਦੇਂਦੇ ਹਨ ਅਤੇ ਡਰਿੱਲ ਨਾਲ ਘੱਟ ਬਿਜਾਈ ਕਰਦੇ ਹਨ।ਜੰਗਲੀ ਜਾਨਵਰ ਅਤੇ ਅਵਾਰਾ ਪਸ਼ੂ ਖੜ੍ਹੀ ਫ਼ਸਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਇਸ ਖੇਤਰ ਦੇ ਲੋਕ ਆਮ ਤੌਰ ਤੇ ਗਰੀਬ ਅਤੇ ਘੱਟ ਪੜ੍ਹੇ ਲਿਖੇ ਹਨ।ਇਲਾਕੇ ਦੇ ਕਿਸਾਨ ਆਧੁਨਿਕ ਖੇਤੀ ਤਕਨੀਕਾਂ ਤੋਂ ਘੱਟ ਜਾਣੂ ਹਨ। ਇਲਾਕੇ ਦੇ ਬੇਜ਼ਮੀਨੇ ਲੋਕ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ।ਇਸ ਖੇਤਰ ਵਿੱਚ ਆਵਾਜਾਈ ਦੇ ਸਾਧਨ ਘੱਟ ਹਨ ਅਤੇ ਬਹੁਤ ਘੱਟ ਲੋਕ ਸੁਧਰੇ ਬੀਜਾਂ, ਖਾਦਾਂ ਅਤੇ ਲੋੜ੍ਹ ਅਨੁਸਾਰ ਖੇਤੀ ਰਸਾਇਣਾਂ ਦੀ ਵਰਤੋਂ ਕਰਦੇ ਹਨ। ਇਸ ਕਰਕੇ ਇਸ ਇਲਾਕੇ ਵਾਸਤੇ ਹੇਠ ਲਿਖਿਆਂ ਕੁੱਝ ਭੂਮੀ ਤੇ ਪਾਣੀ ਸੰਭਾਲ ਤਕਨੀਕਾਂ ਦੱਸਿਆਂ ਗਈਆਂ ਹਨ, ਜਿਨ੍ਹਾਂ ਨੂੰ ਕਿਸਾਨ ਅਪਣਾ ਕੇ ਆਪਣੀ ਖੇਤੀ ਦੀ ਉਤਪਾਦਕਤਾ ਵਧਾ ਸਕਦੇ ਹਨ:-
ਇਹ ਵੀ ਪੜ੍ਹੋ: Organic Farming ਸਮੇਂ ਦੀ ਲੋੜ ਕਿਉਂ ਹੈ? ਆਓ ਜਾਣਦੇ ਹਾਂ ਖੇਤੀ ਸਬੰਧੀ ਮੁੱਖ ਜੈਵਿਕ ਮਿਆਰ ਅਤੇ ਪ੍ਰਮਾਣੀਕਰਨ ਬਾਰੇ ਪੂਰੀ ਜਾਣਕਾਰੀ
1. ਮੀਂਹ ਦਾ ਪਾਣੀ ਇੱਕਠਾ ਕਰਨਾ: ਕੰਢੀ ਖੇਤਰ ਵਿੱਚ ਬਰਸਾਤ ਰੁੱਤ ਵਿੱਚ ਪਾਣੀ ਚੋਆਂ ਰਾਹੀਂ ਰੁੜ ਜਾਂਦਾ ਹੈ, ਜੇ ਇਸ ਨੂੰ ਕਿਸੇ ਤਰੀਕੇ ਨਾਲ ਰੋਕ ਕੇ ਇੱਕਠਾ ਕਰ ਲਿਆ ਜਾਵੇ ਤਾਂ ਇਹ ਫ਼ਸਲਾਂ ਲਈ ਵਰਤਿਆ ਜਾ ਸਕਦਾ ਹੈ। ਬਰਸਾਤੀ ਚੋਆਂ ਦਾ ਪਾਣੀ ਬੰਨ੍ਹ ਲਗਾ ਕੇ ਇੱਕਠਾ ਕੀਤਾ ਜਾ ਸਕਦਾ ਹੈ, ਜਿਸ ਨਾਲ ਭੂਮੀ ਰੋੜ ਰੁਕਦਾ ਹੈ ਤੇ ਪਾਣੀ ਜ਼ੀਰਨ ਨਾਲ ਜ਼ਮੀਨ ਹੇਠਲੀ ਪਾਣੀ ਦੀ ਸਤਿਹ ਵੀ ਉੱਪਰ ਉੱਠਦੀ ਹੈ। ਇਸ ਤੋਂ ਇਲਾਵਾ ਪਾਣੀ ਸੰਭਾਲ ਲਈ ਢਾਂਚਾ, ਜਿਸ ਦੀ ਸਤਿਹ ਅਤੇ ਸਾਇਡਾਂ ਉੱਪਰ ਪਲਾਸਟਿਕ ਦੀਆਂ ਸ਼ੀਟਾਂ ਲਗਾ ਕੇ ਪਾਣੀ ਨੂੰ ਇੱਕਠਾ ਕਰਕੇ ਸੰਭਾਲਿਆ ਜਾ ਸਕਦਾ ਹੈ।
2. ਸਹੀ ਫਸਲਾਂ, ਕਿਸਮਾਂ ਅਤੇ ਫਸਲੀ ਪ੍ਰਣਾਲੀਆਂ ਦੀ ਚੋਣ: ਕਿਸਾਨਾਂ ਨੂੰ ਕੰਢੀ ਦੇ ਖੇਤਰ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਿਫ਼ਾਰਸ਼ ਫ਼ਸਲਾਂ ਅਤੇ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਖੇਤਰ ਵਿੱਚ ਖੇਤੀਬਾੜੀ ਲਈ ਘੱਟ ਸਮੇਂ, ਵੱਧ ਝਾੜ ਅਤੇ ਸੋਕਾ ਸਹਾਰ ਸਕਣ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਦੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।ਸਾਉਣੀ ਦੌਰਾਨ ਮੱਕੀ ਦੀ ਫ਼ਸਲ ਅਤੇ ਹਾੜ੍ਹੀ ਵਿੱਚ ਕਣਕ, ਛੋਲੇ ਅਤੇ ਸਰ੍ਹੋਂ ਦੀ ਫ਼ਸਲ ਦੀ ਇਸ ਖੇਤਰ ਵਿੱਚ ਸਫਲ ਕਾਸ਼ਤ ਕੀਤੀ ਜਾ ਸਕਦੀ ਹੈ। ਤਾਰਾਮੀਰਾ ਅਤੇ ਤਿੱਲ ਦੀ ਫਸਲਾਂ ਦੀ ਵੀ ਸਫਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ, ਜਿਸ ਨੂੰ ਜੰਗਲੀ ਜਾਨਵਰ ਵੀ ਘੱਟ ਨੁਕਸਾਨ ਕਰਦੇ ਹਨ।ਢਲਾਣ ਵਾਲੀਆਂ ਜ਼ਮੀਨਾਂ ਵਿੱਚ ਮੱਕੀ ਅਤੇ ਮਾਂਹ/ਰਵਾਂਹ ਨੂੰ ਪੱਟੀਆਂ ਵਿੱਚ ਲਗਾ ਕੇ ਪਾਣੀ ਤੇ ਮਿੱਟੀ ਦੇ ਵਹਾਅ ਨੂੰ ਘਟਾਇਆ ਜਾ ਸਕਦਾ ਹੈ ਅਤੇ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਹੈ।
3. ਮਲਚਿੰਗ/ਜ਼ਮੀਨ ਨੂੰ ਢਕਣਾ: ਇਹ ਇੱਕ ਇਹੋ ਜਿਹੀ ਤਕਨੀਕ ਹੈ, ਜਿਸ ਵਿੱਚ ਜਮੀਨ ਦੀ ਨਮੀਂ ਨੂੰ ਸੁਰੱਖਿਅਤ ਰੱਖ ਕੇ, ਨਦੀਨਾਂ ਦੇ ਵਾਧੇ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਪੌਦੇ/ਫਸਲ ਨੂੰ ਵਾਧੇ ਲਈ ਸਹੀ ਵਾਤਾਵਾਰਣ ਮਿਲ ਜਾਂਦਾ ਹੈ। ਸਾਉਣੀ ਦੌਰਾਨ ਮੱਕੀ, ਹਲਦੀ, ਅਦਰਕ, ਆਦਿ ਫ਼ਸਲਾਂ ਤੇ ਮਲਚਿੰਗ ਕੀਤੀ ਜਾ ਸਕਦੀ ਹੈ।
4. ਬਨਸਪਤੀ ਰੋਕਾਂ: ਬਨਸਪਤੀ ਰੋਕਾਂ ਭੂਮੀ ਰੁੜਨ ਨੂੰ ਰੋਕਣ ਦਾ ਇੱਕ ਅਸਰਦਾਰ ਢੰਗ ਹੈ। ਕਾਨਾ ਤੇ ਨੇਪੀਅਰ ਬਾਜਰਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਬਨਸਪਤੀ ਰੋਕਾਂ ਹਨ।ਇਹ ਬਨਸਪਤੀ ਰੋਕਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ, ਜਿਸ ਨਾਲ ਪਾਣੀ ਦਾ ਵਹਾਅ ਘੱਟ ਜਾਂਦਾ ਹੈ।ਇਹ ਬਨਸਪਤੀ ਰੋਕਾਂ ਚਾਰੇ, ਬਾਲਣ ਅਤੇ ਘਰੇਲੂ ਪੱਧਰ ਲਈ ਕੱਚੇ ਮਾਲ ਵਜੋਂ ਵੀ ਕੰਮ ਆਉਦੀਆਂ ਹਨ। ਬਨਸਪਤੀ ਰੋਕਾਂ ਢਲਾਨ ਦੇ ਉਲਟ ਦਿਸ਼ਾ ਵਿੱਚ ਜਾਂ ਵੱਟਾਂ ਤੇ ਉਗਾਈਆਂ ਜਾ ਸਕਦੀਆਂ ਹਨ।
5. ਗਿੱਲ ਦੱਬਣਾ: ਸਾਉਣੀ ਦੀ ਫ਼ਸਲ ਕੱਟਣ ਤੋਂ ਤੁਰੰਤ ਬਾਅਦ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਸੁਹਾਗਾ ਮਾਰਨ ਨਾਲ ਜ਼ਮੀਨ ਵਿੱਚ ਗਿੱਲ ਦੱਬੀ ਰਹਿੰਦੀ ਹੈ। ਇਸ ਗਿੱਲ ਨਾਲ ਹਾੜ੍ਹੀ ਦੀ ਫਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ।
6. ਢਲਾਣ ਦੇ ਉਲਟ ਵਹਾਈ ਤੇ ਬਿਜਾਈ: ਖੇਤਾਂ ਦੀ ਵਹਾਈ ਢਲਾਨ ਦੇ ਉਲਟ ਕਰਨੀ ਚਾਹੀਦੀ ਹੈ, ਜਿਸ ਨਾਲ ਪਾਣੀ ਭੂਮੀ ਵਿੱਚ ਜ਼ਿਆਦਾ ਜ਼ੀਰਦਾ ਹੈ ਅਤੇ ਭੂਮੀ ਰੋੜ੍ਹ ਘੱਟ ਹੁੰਦਾ ਹੈ। ਖੇਤਾਂ ਵਿੱਚ ਵਹਾਈ ਤੇ ਬਿਜਾਈ ਦੇ ਕੰਮ ਢਲਾਨ ਦੇ ਉਲਟ ਕਰਨ ਨਾਲ ਵਧੇਰੇ ਲਾਭ ਹੁੰਦਾ ਹੈ। ਬਾਰਿਸ਼ ਆਉਣ ਤੋਂ ਇੱਕ ਮਹੀਨਾ ਪਹਿਲਾਂ ਖੇਤ ਨੂੰ ਵਾਹ ਦੇਣਾ ਚਾਹੀਦਾ ਹੈ, ਜਿਸ ਨਾਲ ਬਰਸਾਤ ਦਾ ਪਾਣੀ ਵਧੀਆ ਜ਼ੀਰਦਾ ਹੈ, ਪਾਣੀ ਤੇ ਭੂਮੀ ਰੋੜ੍ਹ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ: Crop Diversification ਲਈ ਸਾਉਣੀ ਰੁੱਤ ਵਿੱਚ ਕਰੋ Maize Cultivation, ਵਾਧੂ ਝਾੜ ਲੈਣ ਲਈ ਇਨ੍ਹਾਂ ਤਕਨੀਕਾਂ ਵੱਲ ਧਿਆਨ ਦੇਣ ਦੀ ਲੋੜ
7. ਪੌੜੀ ਨੁਮਾ ਖੇਤ: ਜੇਕਰ ਖੇਤਾਂ ਵਿੱਚ ਢਲਾਣ ਜ਼ਿਆਦਾ ਹੋਵੇ ਤਾਂ ਢਲਾਣ ਨੂੰ ਪੌੜੀ ਨੁਮਾ ਖੇਤਾਂ ਵਿੱਚ ਬਣਾਇਆ ਜਾਂਦਾ ਹੈ, ਜਿਸ ਨਾਲ ਪਾਣੀ ਸਿੰਮਣ ਦੀ ਸਮਰੱਥਾ ਵੱਧਦੀ ਹੈ ਅਤੇ ਉਪਜਾਊ ਮਿੱਟੀ ਦਾ ਨੁਕਸਾਨ ਵੀ ਘੱਟਦਾ ਹੈ।
8. ਖਾਲੀਆਂ ਅਤੇ ਵੱਟਾਂ ਤੇ ਆਧਾਰਿਤ ਖੇਤੀ: ਢਲਾਨਾਂ ਦੇ ਉਲਟ ਖਾਲੀਆਂ ਅਤੇ ਵੱਟਾਂ ਆਧਾਰਿਤ ਖੇਤੀ ਨਾਲ ਪਾਣੀ ਅਤੇ ਮਿੱਟੀ ਦਾ ਵਹਾਅ ਘੱਟਦਾ ਹੈ।ਖਾਲੀਆਂ ਵਿਚਲਾ ਪਾਣੀ ਖੇਤਾਂ ਵਿੱਚ ਜਿਆਦਾ ਜ਼ੀਰਦਾ ਹੈ।
9. ਖੇਤ ਦੇ ਬੰਨਿਆਂ ਦੀ ਮੁਰੰਮਤ: ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਖੇਤ ਦੇ ਬੰਨਿਆਂ ਨੂੰ ਵਧੀਆ ਤਰੀਕੇ ਨਾਲ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਜੋ ਵਰਖਾ ਦਾ ਪਾਣੀ ਖੇਤਾਂ ਵਿੱਚ ਜ਼ੀਰ ਜਾਵੇ।
10. ਖਾਲੀ ਖੇਤਾਂ ਵਿੱਚ ਹਰੀ ਖਾਦ ਉਗਾਓ: ਜਦੋਂ ਖੇਤ ਵਿੱਚ ਫਸਲ ਨਾ ਹੋਵੇ ਤੇ ਪਾਣੀ ਉਪਲਬਧ ਹੋਵੇ ਤਾਂ ਖੇਤਾਂ ਵਿੱਚ ਸਣ ਜਾਂ ਢੈਂਚਾ ਉਗਾਓ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਵੇਗਾ ਅਤੇ ਪਾਣੀ ਤੇ ਮਿੱਟੀ ਦਾ ਵਹਾਅ ਵੀ ਘੱਟ ਹੋਵੇਗਾ।
11. ਮੱਕੀ ਨੂੰ ਸੀੜਨਾ: ਇਹ ਗੋਡੇ-ਗੋਡੇ ੳੱੁਚੀ ਮੱਕੀ ਦੀਆਂ ਲਾਈਨਾਂ ਵਿੱਚਕਾਰ ਹਲ ਚਲਾਉਣ ਦੀ ਕਿਰਿਆ ਹੈ। ਇਸ ਨਾਲ ਨਦੀਨ ਮਰਦੇ ਹਨ ਅਤੇ ਮੱਕੀ ਦੇ ਮੁੱਢਾਂ ਨੂੰ ਮਿੱਟੀ ਚੜ੍ਹਦੀ ਹੈ।ਇਸ ਤਰ੍ਹਾਂ ਬਣੀਆਂ ਖਾਲਾਂ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਜ਼ੀਰਨ ਅਤੇ ਵਾਧੂ ਪਾਣੀ ਦੇ ਨਿਕਾਸ ਵਿੱਚ ਮੱਦਦ ਕਰਦੀਆਂ ਹਨ।
12. ਬਾਗਬਾਨੀ ਬੂਟੇ ਲਗਾਉਣਾ: ਬਾਗਬਾਨੀ ਬੂਟੇ ਜਿਵੇਂ ਕਿ ਬੇਰ, ਆਮਲਾ, ਅਮਰੂਦ ਆਦਿ ਕੰਢੀ ਦੇ ਖੇਤਰ ਵਿੱਚ ਸਫ਼ਲਤਾ ਪੂਰਵਕ ਲਗਾਏ ਜਾ ਸਕਦੇ ਹਨ।
13. ਸੂਖਮ ਸਿੰਚਾਈ ਪ੍ਰਣਾਲੀ: ਘੱਟ ਉਪਲੱਬਧ ਪਾਣੀ ਦੀ ਵਧੀਆ ਵਰਤੋਂ ਲਈ ਸੂਖਮ ਸਿੰਚਾਈ ਪ੍ਰਣਾਲੀ (ਤੁਪਕਾ ਅਤੇ ਫੁਹਾਰਾ ਸਿੰਚਾਈ) ਨਾਲ ਪਾਣੀ ਪੌਦਿਆਂ ਦੀਆਂ ਜੜ੍ਹਾਂ ਵਿੱਚ ਦਿੱਤਾ ਜਾਂਦਾ ਹੈ, ਇਸ ਦੇ ਨਾਲ ਹੀ ਪਾਣੀ ਵਿੱਚ ਘੁਲਣ ਵਾਲੀਆਂ ਖਾਦਾਂ ਵੀ ਇਸ ਪ੍ਰਣਾਲੀ ਰਾਹੀਂ ਪੌਦੇ ਨੂੰ ਦੇ ਸਕਦੇ ਹਾਂ, ਜਿਸ ਨਾਲ ਖਾਦਾਂ ਦੀ ਵੀ ਕਾਰਜਕੁਸ਼ਲਤਾ ਵਧਾਈ ਜਾ ਸਕਦੀ ਹੈ।
ਸੋ ਕੰਢੀ ਦੇ ਕਿਸਾਨ ਵੀਰ ਉਪਰੋਕਤ ਮਿੱਟੀ ਅਤੇ ਪਾਣੀ ਸੰਭਾਲ ਤਕਨੀਕਾਂ ਅਪਣਾਕੇ ਖੇਤੀ ਦੀ ਉਤਪਾਦਕਤਾ ਨੂੰ ਵਧਾ ਸਕਦੇ ਹਨ ਅਤੇ ਭੂਮੀ ਤੇ ਪਾਣੀ ਰੋੜ ਦੇ ਨੁਕਸਾਨਾਂ ਨੂੰ ਘਟਾ ਸਕਦੇ ਹਨ।
ਸਰੋਤ: ਅਜੈਬ ਸਿੰਘ*, ਅਬਰਾਰ ਯੂਸਫ਼**, ਮਨਮੋਹਨਜੀਤ ਸਿੰਘ**
* ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
** ਡਾ. ਡੀ. ਆਰ ਭੂੰਬਲਾ, ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ, ਸ਼ਹੀਦ ਭਗਤ ਸਿੰਘ ਨਗਰ
Summary in English: Soil and water conservation techniques for coastal areas of Punjab, Increase farm productivity through these 13 techniques