ਪੀਏਯੂ ਨੇ ਚੱਪਣ ਕੱਦੂ ਦੀ ਇਸ ਕਿਸਮ ਦੀ ਸਿਫ਼ਾਰਸ਼ ਕੀਤੀ ਹੈ, ਜੋ ਸਿਰਫ਼ 2 ਮਹੀਨਿਆਂ ਵਿੱਚ ਪੱਕ ਜਾਂਦੀ ਹੈ ਅਤੇ 95 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
Chappan Kaddu: ਅੱਜ-ਕੱਲ੍ਹ ਹਰ ਕੋਈ ਘੱਟ ਸਮੇਂ ਵਿੱਚ ਵੱਧ ਮੁਨਾਫ਼ਾ ਕਮਾਉਣ ਬਾਰੇ ਸੋਚ ਰਿਹਾ ਹੈ, ਅਜਿਹੇ 'ਚ ਅੱਜ ਅਸੀਂ ਤੁਹਾਡੇ ਨਾਲ ਪੀਏਯੂ ਵੱਲੋਂ ਸਿਫ਼ਾਰਸ਼ ਚੱਪਣ ਕੱਦੂ ਦੀ ਇੱਕ ਅਜਿਹੀ ਕਿਸਮ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ, ਜੋ ਸਿਰਫ਼ 2 ਮਹੀਨਿਆਂ ਵਿੱਚ 95 ਕੁਇੰਟਲ ਝਾੜ ਦੇਣ ਲਈ ਵਧੀਆ ਹੈ। ਜੇਕਰ ਤੁਸੀਂ ਵੀ ਇਹ ਕਿਸਮ ਦੀ ਕਾਸ਼ਤ ਨੂੰ ਅਪਣਾਉਂਦੇ ਹੋ ਤਾਂ ਕੁਝ ਹੀ ਸਮੇਂ 'ਚ ਚੰਗਾ ਮੁਨਾਫ਼ਾ ਕਮਾ ਸਕਦੇ ਹੋ। ਆਓ ਜਾਣਦੇ ਹਾਂ ਚੱਪਣ ਕੱਦੂ ਦੀ ਸਫਲ ਕਾਸ਼ਤ ਲਈ ਪੀਏਯੂ ਵੱਲੋਂ ਸੁਝਾਅ...
ਚੱਪਣ ਕੱਦੂ ਇੱਕ ਕਿਊਕਰਬਿਟੇਸੀਅਸ ਫਸਲ ਹੈ ਅਤੇ ਇਸ ਦੇ ਪੌਦੇ ਝਾੜੀ ਕਿਸਮ ਦੇ ਹੁੰਦੇ ਹਨ। ਇਹ ਵਿਟਾਮਿਨ ਏ, ਕੈਲਸ਼ੀਅਮ ਅਤੇ ਫਾਸਫੋਰਸ ਦਾ ਭਰਪੂਰ ਸਰੋਤ ਹੈ। ਇਸ ਵਿੱਚ ਐਂਟੀਮਾਈਕਰੋਬਾਇਲ, ਐਂਟੀਸੈਪਟਿਕ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਕਾਸ਼ਤ ਦੇ ਗਲਤ ਢੰਗ, ਸਹੀ ਕਿਸਮਾਂ ਦੀ ਘਾਟ ਅਤੇ ਕੀੜੀਆਂ ਅਤੇ ਰੋਗਾਂ ਦਾ ਹਮਲਾ ਇਸਦੀ ਘੱਟ ਪੈਦਾਵਾਰ ਲਈ ਜਿਮੇਵਾਰ ਹੈ। ਚੱਪਣ ਕੱਦੂ ਦਾ ਵੱਧ ਤੋ ਵੱਧ ਝਾੜ ਲੈਣ ਲਈ ਸਿਫਾਰਿਸ਼ ਕੀਤੀਆਂ ਵਿਧੀਆਂ ਆਪਣਾਉਣ ਦੀ ਜਰੂਰਤ ਹੈ।
ਤੁਹਾਨੂੰ ਦੱਸ ਦੇਈਏ ਕਿ ਚੱਪਣ ਕੱਦੂ ਗਰਮੀਆਂ ਦੀ ਫਸਲ ਹੈ ਜੋ 18-30 ਡਿਗਰੀ ਸੈਂਟੀਗਰੇਡ ਵਿੱਚ ਚੰਗੀ ਤਰ੍ਹਾਂ ਵਧਦੀ ਹੈ। ਇਹ ਸਾਰੀ ਕਿਸਮ ਦੀਆਂ ਜ਼ਮੀਨਾਂ ਵਿੱਚ ਪੈਦਾ ਕੀਤਾ ਜਾ ਸਕਦਾ ਹੈ, ਪਰ ਰੇਤਲੀ ਦੋਮਟ ਮਿੱਟੀ ਜਿਸ ਦੀ ਪੀ ਐਚ 6.5-7.5 ਦੇ ਵਿਚਕਾਰ ਹੋਵੇ, ਇਸ ਦੀ ਕਾਸ਼ਤ ਲਈ ਬਹੁਤ ਚੰਗੀ ਰਹਿੰਦੀ ਹੈ।
ਇਸ ਕਿਸਮ ਤੋਂ ਮਿਲੇਗਾ 95 ਕੁਇੰਟਲ ਝਾੜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਚੱਪਣ ਕੱਦੂ ਦੀ ਪੰਜਾਬ ਚੱਪਣ ਕੱਦੂ-1 ਕਿਸਮ ਦੀ ਸਿਫਾਰਿਸ਼ ਕੀਤੀ ਹੈ। ਇਹ ਕਿਸਮ ਅਗੇਤੀ ਹੈ ਅਤੇ 60 ਦਿਨਾਂ ਵਿੱਚ ਫ਼ਲ ਤੋੜਨ ਯੋਗ ਹੋ ਜਾਂਦੀ ਹੈ। ਇਸ ਦੇ ਬੂਟੇ ਝਾੜੀਦਾਰ ਹੁੰਦੇ ਹਨ। ਇਸ ਦੇ ਫ਼ਲ ਹਰੇ, ਚੱਪਣੀ ਵਰਗੇ, ਫਿੱਕੀਆਂ ਧਾਰੀਆਂ ਵਾਲੇ, ਡੰਡੀ ਵਾਲੀ ਥਾਂ ਤੋਂ ਚਪਟੇ ਹੁੰਦੇ ਹਨ। ਇਸ ਵਿੱਚ ਕਾਫੀ ਹੱਦ ਤੱਕ ਵਿਸ਼ਾਣੂ ਰੋਗ, ਚਿੱਟਾ ਰੋਗ ਅਤੇ ਲਾਲ ਭੂੰਡੀ ਦੇ ਹਮਲੇ ਨੂੰ ਸਹਿਣ ਦੀ ਵੀ ਸ਼ਕਤੀ ਹੈ। ਇਸ ਵਿੱਚ ਮਾਦਾ ਫੁੱਲ ਵੀ ਜ਼ਿਆਦਾ ਹੁੰਦੇ ਹਨ। ਇਸ ਦਾ ਔਸਤ ਝਾੜ 95 ਕੁਇੰਟਲ ਪ੍ਰਤੀ ਏਕੜ ਹੈ।
ਕਾਸ਼ਤ ਦਾ ਵਧੀਆ ਤੇ ਸਹੀ ਢੰਗ
● ਚੱਪਣ ਕੱਦੂ ਜਨਵਰੀ-ਮਾਰਚ ਵਿੱਚ ਬੀਜਿਆ ਜਾ ਸਕਦਾ ਹੈ।
● ਬਿਜਾਈ ਖਾਲ ਦੇ ਦੋਵਾਂ ਪਾਸੇ ਤਿਆਰ ਵੱਟਾਂ ਤੇ ਕਰੋ।
● ਕਤਾਰ ਤੋਂ ਕਤਾਰ ਦੀ ਦੂਰੀ 1.25 ਮੀਟਰ ਅਤੇ ਪੌਦੇ ਤੇ ਪੌਦੇ ਦੀ ਦੂਰੀ ਨੂੰ 45 ਸੈਂਟੀਮੀਟਰ ਵਿੱਚ ਰੱਖੋ।
● ਪ੍ਰਤੀ ਸਥਾਨ ਦੋ ਬੀਜ ਬੀਜੋ ਅਤੇ 2.0 ਕਿੱਲੋ ਬੀਜ ਪ੍ਰਤੀ ਏਕੜ ਵਰਤੋ।
● ਜੇ ਪਾਣੀ ਦੀ ਘਾਟ ਹੋਵੇ ਤਾਂ ਬਿਜਾਈ ਥੋੜ੍ਹੀ ਥੋੜ੍ਹੀ ਦੂਰ ਛੋਟੇ ਛੋਟੇ ਟੋਏ ਬਣਾ ਕੇ ਵੀ ਕੀਤੀ ਜਾ ਸਕਦੀ ਹੈ।
● ਬੀਜ ਦੇ ਜੰਮਣ ਨੂੰ ਯਕੀਨੀ ਬਣਾਉਣ ਲਈ ਇਸਦੀ ਨਰਸਰੀ ਨੂੰ ਟਰੇਆਂ ਵਿੱਚ ਵੀ ਉਗਾਇਆਂ ਜਾ ਸਕਦਾ ਹੈ।
● ਬੀਜ ਦੀ ਬਿਜਾਈ ਤੋ 30-45 ਦਿਨਾਂ ਬਾਅਦ ਚੱਪਨ ਕੱਦੂ ਦਾ ਫੁੱਲ ਆਉਣਾ ਸ਼ੁਰੂ ਹੋ ਜਾਂਦਾ ਹੈ।
● ਨਰ ਫੁੱਲ ਪਹਿਲਾਂ ਦਿਖਾਈ ਦਿੰਦਾ ਹੈ ਅਤੇ ਮਾਦਾ ਛੋਟੇ ਫਲ ਨਾਲ ਸ਼ੁਰੂ ਹੁੰਦਾ ਹੈ। ਜਿਵੇ ਚੱਪਣ ਕੱਦੂ ਇੱਕ ਪਾਰ-ਪਰਾਗਿਤ ਹੈ; ਖਾਸ ਕਰਕੇ ਮੱਖੀਆਂ ਫੁੱਲਾਂ ਨੂੰ ਪਰਾਗਿਤ ਕਰਨਗੀਆਂ।
● ਪੌਦਿਆਂ ਦੇ ਨੇੜੇ ਜਾਂ ਟੋਇਆਂ ਵਿੱਚ 15 ਟਨ ਚੰਗੀ ਤਰ੍ਹਾਂ ਗਲੀ ਸੜ੍ਹੀ ਰੂੜੀ ਦੀ ਖਾਦ ਪ੍ਰਤੀ ਏਕੜ ਵਰਤੋ।
● ਇਸ ਤੋਂ ਇਲਾਵਾ 40 ਕਿੱਲੋ ਨਾਈਟ੍ਰੋਜਨ (90 ਕਿੱਲੋਗ੍ਰਾਮ ਯੁਰੀਆ), 20 ਕਿੱਲੋਗ੍ਰਾਮ ਫਾਸਫੋਰਸ (125 ਕਿਲੋਗ੍ਰਾਮ ਐਸ ਐਸ ਪੀ) ਅਤੇ 15 ਕਿੱਲੋ ਪੋਟਾਸ਼ (25 ਕਿੱਲੋ ਐਮ ਓ ਪੀ) ਦੀ ਵਰਤੋ ਕਰੋ।
● ਸਾਰੀ ਰੂੜੀ ਦੀ ਖਾਦ, ਅੱਧੀ ਨਾਟੀਟ੍ਰੋਜਨ ਅਤੇ ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਵੱਟਾਂ ਬਣਾਉਣ ਤੋਂ ਪਹਿਲਾਂ ਪਾਓ। ਬਾਕੀ ਦੀ ਅੱਧੀ ਨਾਈਟ੍ਰੋਜਨ ਫੁੱਲ ਆਉਣ ਸਮੇਂ ਪਾਓ।
● ਚੰਗੀ ਬਿਜਾਈ ਨੂੰ ਯਕੀਨੀ ਬਣਾਉਣ ਲਈ ਬਿਜਾਈ ਤੋ ਬਾਅਦ ਇਕ ਹਲਕੀ ਸਿੰਚਾਈ ਕਰੋ ਅਤੇ ਮਿੱਟੀ ਅਤੇ ਬਾਰਿਸ਼ ਦੀਆਂ ਹਲਾਤਾਂ ਦੇ ਅਧਾਰ ਤੇ 6-7 ਦਿਨਾਂ ਦੇ ਵਕਫੇ ਤੇ ਸਿੰਚਾਈ ਕਰੋ।
● ਫ਼ਸਲ ਦੀ ਗੋਡੀ ਬੀਜਣ ਦੇ ਪਹਿਲੇ 30-45 ਦਿਨਾਂ ਦੇ ਅੰਦਰ-ਅੰਦਰ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਗੋਡੀ ਕਰਨੀ ਸੌਖੀ ਰਹੇਗੀ ਅਤੇ ਫ਼ਸਲ ਨੂੰ ਬਿਮਾਰੀ ਵੀ ਘੱਟ ਲੱਗੇਗੀ।
● ਬਿਜਾਈ ਤੋਂ ਕਰੀਬ 60-80 ਦਿਨਾਂ ਬਾਅਦ ਫ਼ਸਲ ਪੱਕ ਜਾਂਦੀ ਹੈ ਤੇ ਉਸ ਸਮੇਂ ਫਲਾਂ ਦੀ ਤੁੜਾਈ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਚਿੱਟੇ ਬੈਂਗਣ ਦੀ ਕਾਸ਼ਤ ਤੋਂ ਹੋਵੇਗੀ ਲੱਖਾਂ 'ਚ ਕਮਾਈ, ਇਹ ਕੰਮ ਕਰੋ ਅਤੇ 70 ਦਿਨਾਂ 'ਚ ਕਰੋ ਫਸਲ ਦੀ ਵਾਢੀ
ਪੌਦ ਸੁਰੱਖਿਆ
ਲਾਲ ਭੂੰਡੀ ਦੀ ਰੋਕਥਾਮ ਲਈ ਨਵੇਂ ਜੰਮੇ ਬੂਟਿਆਂ ਦੇ ਪੱਤਿਆਂ ਉੱਪਰ ਗੋਹੇ ਦੀ ਸਵਾਹ ਦਾ 3-4 ਵਾਰ ਹਫਤੇ ਦੇ ਵਕਫੇ ਤੇ ਧੂੜਾ ਦਿਓ। ਤੇਲੇ ਅਤੇ ਫਲਾਂ ਦੀਆਂ ਮੱਖੀਆਂ ਦੀ ਰੋਕਥਾਮ ਮੈਲਾਥੀਆਨ 2 ਮਿਲੀਲਿਟਰ ਪ੍ਰਤੀ ਲੀਟਰ ਪਾਣੀ ਦੇ ਸਪਰੇਅ ਨਾਲ ਕੰਟਰੋਲ ਕੀਤੀਆਂ ਜਾ ਸਕਦੀਆਂ ਹਨ।
ਵਾਇਰਸ ਤੋ ਫਸਲਾਂ ਦੇ ਨੁਕਸਾਨ ਤੋ ਬਚਣ ਲਈ, ਵਾਇਰਸ ਰਹਿਤ ਬੀਜ ਦਾ ਉਪਯੋਗ ਕਰੋ। ਵਾਇਰਸ ਤੋ ਪ੍ਰਭਾਵਿਤ ਪੌਦੇ ਪੁੱਟ ਕੇ ਨਸ਼ਟ ਕਰ ਦਿਓ ਅਤੇ ਤੇਲੇ ਦੀ ਰੋਕਥਾਮ ਕਰੋ। ਸਵੇਰ ਵੇਲੇ ਫਸਲ ਤੇ ਦਵਾਈਆਂ ਦੇ ਛਿੜਕਾਅ ਕਰਨ ਤੋ ਪਰਹੇਜ਼ ਕਰੋ ਕਿਉਕਿ ਉਸ ਸਮੇ ਫੁੱਲਾਂ ਤੇ ਮਧੂ-ਮੱਖੀਆਂ ਆਉਂਦੀਆਂ ਹਨ ਜੋ ਫ਼ਸਲ ਦਾ ਪਰ-ਪਰਾਗਣ ਕਰਕੇ ਝਾੜ ਵਿੱਚ ਵਾਧਾ ਕਰਦੀਆਂ ਹਨ।
ਚੱਪਣ ਕੱਦੂ ਤੋਂ ਮੁਨਾਫ਼ਾ
ਚੱਪਣ ਕੱਦੂ ਦੀ ਵਰਤੋ ਮੁੱਖ ਤੌਰ ਤੇ ਸਬਜ਼ੀਆਂ ਵਜੋ ਕੀਤੀ ਜਾਂਦੀ ਹੈ, ਪਿਛਲੇ ਕੁਝ ਸਾਲਾਂ ਦੌਰਾਨ ਕਿਸਾਨ 40,000 ਰੁਪਏ ਤੋ ਲੈ ਕੇ 60,000 ਰੁਪਏ ਪ੍ਰਤੀ ਏਕੜ ਆਮਦਨ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ। ਇਸ ਲਈ, ਇਹ ਫਸਲ ਮੋਜੂਦਾ ਫਸਲੀ ਪ੍ਰਣਾਲੀਆਂ ਦੀ ਵਿਭਿੰਨਤਾ ਵਿਚ ਅਪਣਾਉਣ ਲਈ ਫਾਇਦੇ ਦੀ ਪੇਸ਼ਕਸ਼ ਕਰਦੀ ਹੈ।
Summary in English: Some tips for successful cultivation of Chappan kaddu, this variety will make you rich in 2 months