1. Home
  2. ਖੇਤੀ ਬਾੜੀ

ਪੰਜਾਬ ਵਿੱਚ ਸਾਉਣੀ ਦੀਆਂ ਰਵਾਇਤੀ ਫਸਲਾਂ ਹੇਠ ਰਕਬਾ ਵਧਾਉਣ ਲਈ ਸੁਝਾਅ

ਸਾਉਣੀ-ਮੱਕੀ ਨੂੰ ਮਜ਼ਬੂਤ ​​ਕਰਨ ਲਈ ਬਹੁ-ਪੱਖੀ ਯਤਨਾਂ ਦੀ ਲੋੜ ਹੁੰਦੀ ਹੈ ਜੋ ਇਸਦੀ ਪੈਦਾਵਾਰ ਨੂੰ ਵਧਾ ਕੇ, ਕੁਝ ਨੀਤੀਗਤ ਸਹਾਇਤਾ ਪ੍ਰਦਾਨ ਕਰਕੇ ਅਤੇ ਇਸਦੀ ਮੰਗ ਨੂੰ ਵਧਾਉਣ ਲਈ ਇਸਦੀ ਉਦਯੋਗਿਕ ਵਰਤੋਂ ਨੂੰ ਉਤਸ਼ਾਹਿਤ ਕਰਕੇ ਕੀਤਾ ਜਾ ਸਕਦਾ ਹੈ।

Gurpreet Kaur Virk
Gurpreet Kaur Virk
ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਰਣਨੀਤੀ

ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਰਣਨੀਤੀ

ਪੰਜਾਬ ਵਿੱਚ ਸਾਲ 1973-74 ਤੱਕ ਸਾਉਣੀ ਰੁੱਤ ਦੀ ਸਭ ਤੋਂ ਮਹੱਤਵਪੂਰਨ ਫਸਲ ਮੱਕੀ ਹੁੰਦੀ ਸੀ ਜਿਸਦੀ ਕਾਸ਼ਤ ਹੇਠਾਂ 5.67 ਲੱਖ ਹੈਕਟੇਅਰ ਰਕਬਾ ਸੀ। ਇਸ ਤੋਂ ਬਾਅਦ ਕਪਾਹ (ਅਮਰੀਕਨ ਅਤੇ ਦੇਸੀ, 5.23 ਲੱਖ ਹੈਕਟੇਅਰ) ਅਤੇ ਝੋਨੇ (4.99 ਲੱਖ ਹੈਕਟੇਅਰ) ਦੀਆਂ ਫਸਲਾਂ ਸਨ। ਪਰ 1974-75 ਵਿੱਚ ਝੋਨੇ ਅਤੇ ਕਪਾਹ ਦੋਵਾਂ ਨੇ ਸਾਉਣੀ-ਮੱਕੀ ਨੂੰ ਪਛਾੜ ਦਿੱਤਾ। ਇਸ ਤੋਂ ਬਾਅਦ, ਝੋਨੇ ਦਾ ਰਕਬਾ ਲਗਾਤਾਰ ਵਧਦਾ ਰਿਹਾ ਅਤੇ ਸਾਉਣੀ ਦੀਆਂ ਦੂਜੀਆਂ ਫਸਲਾਂ ਦਾ ਰਕਬਾ ਘਟਦਾ ਗਿਆ।

ਸਾਲ 2022-23 ਦੌਰਾਨ ਝੋਨੇ ਦਾ ਰਕਬਾ 31.67 ਲੱਖ ਹੈਕਟੇਅਰ ਤੇ ਪਹੁੰਚ ਗਿਆ। ਇਸ ਦੇ ਉਲਟ, ਸਾਉਣੀ-ਮੱਕੀ ਦਾ ਰਕਬਾ ਜਿਹੜਾ ਕਿ 1975-76 ਵਿੱਚ 5.77 ਲੱਖ ਹੈਕਟੇਅਰ ਨਾਲ ਸਿਖਰ 'ਤੇ ਸੀ, ਘਟ ਕੇ 2022-23 ਵਿੱਚ ਸਿਰਫ 0.95 ਲੱਖ ਹੈਕਟੇਅਰ ਹੀ ਰਹਿ ਗਿਆ। ਇਸੇ ਤਰਾਂ ਅਮਰੀਕਨ ਕਪਾਹ ਦਾ ਰਕਬਾ 1988-89 ਵਿੱਚ 7.01 ਲੱਖ ਹੈਕਟੇਅਰ ਤੋਂ ਘਟ ਕੇ 2022-23 ਵਿੱਚ 2.47 ਲੱਖ ਹੈਕਟੇਅਰ ਤੱਕ ਰਹਿ ਗਿਆ।

ਇਸ ਤੋਂ ਇਲਾਵਾ, ਹੋਰ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਦੇਸੀ ਕਪਾਹ, ਮੂੰਗਫਲੀ, ਬਾਜਰਾ ਅਤੇ ਦਾਲਾਂ ਸਮੇਂ ਦੇ ਨਾਲ-ਨਾਲ ਲੱਗਭੱਗ ਅਲੋਪ ਹੀ ਹੋ ਗਈਆਂ। ਸਮੇਂ ਦੇ ਨਾਲ ਸਾਉਣੀ-ਮੱਕੀ ਵਾਲਾ ਲੱਗਭੱਗ ਸਾਰਾ ਉਪਜਾਊ ਰਕਬਾ ਝੋਨੇ ਹੇਠਾਂ ਆ ਗਿਆ ਹੈ। ਇਸਦੀ ਕਾਸ਼ਤ ਜ਼ਿਆਦਾਤਰ ਘੱਟ ਉਪਜਾਊ ਅਤੇ ਸਿੰਚਾਈ ਸਹੂਲਤਾਂ ਤੋਂ ਵਾਂਝੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਉਣੀ-ਮੱਕੀ ਦੇ ਬਹੁਤੇ ਉਤਪਾਦਕਾਂ ਕੋਲ ਸਾਧਨਾਂ ਦੀ ਕਾਫੀ ਘਾਟ ਹੈ।

ਇਹ ਵੀ ਪੜ੍ਹੋ : ਕਿਸਾਨ ਵੀਰੋ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਸੁਚੱਜੀ ਵਰਤੋਂ ਲਈ ਅਪਣਾਓ ਇਹ 5 ਤਰੀਕੇ

ਇਸ ਵਿੱਚ ਖਾਦਾਂ, ਨਦੀਨ ਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵੀ ਸੁਚੱਜੇ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਮੌਸਮੀ ਬਦਲਾਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਕਰਕੇ ਸਾਉਣੀ-ਮੱਕੀ ਦਾ ਝਾੜ ਵੀ ਸਥਿਰ ਨਹੀਂ ਰਹਿੰਦਾ। ਅਨਿਯਮਿਤ ਬਾਰਸ਼ ਵੀ ਸਾਉਣੀ-ਮੱਕੀ ਲਈ ਕਾਫ਼ੀ ਨੁਕਸਾਨਦਇਕ ਹੁੰਦੀ ਹੈ ਕਿਉਂਕਿ ਇਹ ਜ਼ਿਆਦਾ ਨਮੀ ਨੂੰ ਸਹਿਣ ਨਹੀਂ ਕਰ ਸਕਦੀ।

ਸਾਰਣੀ: ਪੰਜਾਬ ਵਿੱਚ ਸਾਉਣੀ ਦੀਆਂ ਕੁੱਝ ਰਵਾਇਤੀ ਫਸਲਾਂ ਹੇਠ ਰਕਬੇ ਵਿੱਚ ਤਬਦੀਲੀ

ਫ਼ਸਲ                            

ਵੱਧੋ ਵੱਧ (ਸਾਲ)                                          

ਘੱਟੋ ਘੱਟ (ਸਾਲ)

 

ਦੇਸੀ ਕਪਾਹ      

2.71 ਲੱਖ ਹੈਕਟੇਅਰ (1972-73)

1400 ਹੈਕਟੇਅਰ (2022-23)

ਮੂੰਗਫਲ਼ੀ          

 

2.22 ਲੱਖ ਹੈਕਟੇਅਰ (1967-68)              

1200 ਹੈਕਟੇਅਰ (2016-17)

ਬਾਜਰਾ           

 

2.13 ਲੱਖ ਹੈਕਟੇਅਰ (1969-70)              

400 ਹੈਕਟੇਅਰ (2020-21)

ਮੂੰਗੀ              

0.55 ਲੱਖ ਹੈਕਟੇਅਰ (1994-95)

 

2100 ਹੈਕਟੇਅਰ (2021-22)

ਮਾਂਹ              

 

0.39 ਲੱਖ ਹੈਕਟੇਅਰ (1973-74)              

1300 ਹੈਕਟੇਅਰ (2022-23)

ਇਹ ਵੀ ਪੜ੍ਹੋ : ਝੋਨੇ ਦੇ ਖੇਤ ਵਿੱਚ ਅਜ਼ੋਲਾ ਤਿਆਰ ਕਰਨ ਦਾ ਵਧੀਆ ਤਰੀਕਾ

ਸਾਲ 2022-23 ਤੱਕ ਤਿੰਨ ਸਾਲਾਂ ਦੀ ਔਸਤ ਅਨੁਸਾਰ ਪੰਜਾਬ ਵਿੱਚ ਪਰਮਲ ਝੋਨੇ ਦਾ ਔਸਤਨ ਝਾੜ 68.71 ਕੁਇੰਟਲ/ਹੈਕਟੇਅਰ (ਕੁਇੰ./ਹੈਕ.) ਸੀ ਜਦੋਂਕਿ ਸਾਉਣੀ-ਮੱਕੀ ਦਾ ਝਾੜ ਸਿਰਫ 39.81 ਕੁਇੰ./ਹੈਕ. ਸੀ। ਘੱਟੋ-ਘੱਟ ਸਮੱਰਥਨ ਮੁੱਲ (ਐੱਮ.ਐੱਸ.ਪੀ.) ਤੇ ਸਰਕਾਰ ਦੁਆਰਾ ਪਰਮਲ ਝੋਨੇ ਦੀ ਖਰੀਦ ਤਾਂ ਨਿਸ਼ਚਿਤ ਹੈ ਪਰ ਮੱਕੀ ਦੀ ਨਹੀਂ। ਸਾਉਣੀ-ਮੱਕੀ ਦੀ ਐੱਮ.ਐੱਸ.ਪੀ. ਵੀ ਝੋਨੇ ਨਾਲੋਂ ਘੱਟ ਹੈ। ਜੇ ਸਾਉਣੀ-ਮੱਕੀ ਐੱਮ.ਐੱਸ.ਪੀ. 'ਤੇ ਵੀ ਵੇਚੀ ਜਾਵੇ, ਤਾਂ ਵੀ ਇਸਦੀ ਆਮਦਨ ਪਰਮਲ ਝੋਨੇ ਨਾਲੋਂ ਲੱਗਭੱਗ 20,000 ਰੁਪਏ ਪ੍ਰਤੀ ਏਕੜ ਘੱਟ ਹੈ। ਸਰਕਾਰ ਦੁਆਰਾ ਖਰੀਦ ਦੀ ਅਣਹੋਂਦ ਵਿੱਚ ਮੱਕੀ ਦੀਆਂ ਮੰਡੀ ਕੀਮਤਾਂ ਅਕਸਰ ਐੱਮ.ਐੱਸ.ਪੀ. ਤੋਂ 40-50 ਫੀਸਦੀ ਤੱਕ ਹੇਠਾਂ ਰਹਿ ਜਾਂਦੀਆਂ ਹਨ।

ਸਾਉਣੀ-ਮੱਕੀ ਨੂੰ ਪਰਮਲ ਦੇ ਮੁਕਾਬਲ ਬਣਾਉਣ ਲਈ ਕੁੱਝ ਸੁਝਾਅ

ਸਾਉਣੀ-ਮੱਕੀ ਨੂੰ ਮਜਬੂਤ ਕਰਨ ਲਈ ਬਹੁ-ਪੱਖੀ ਯਤਨਾਂ ਦੀ ਲੋੜ ਹੈ ਜੋਕਿ ਇਸਦੇ ਦੇ ਝਾੜ ਨੂੰ ਵਧਾਉਣ ਨਾਲ, ਕੁੱਝ ਨੀਤੀਗਤ ਸਹਾਇਤਾ ਪ੍ਰਦਾਨ ਕਰਨ ਨਾਲ ਅਤੇ ਇਸਦੀ ਮੰਗ ਵਧਾਉਣ ਲਈ ਇਸਦੀ ਉਦਯੋਗਿਕ ਵਰਤੋਂ ਨੂੰ ਉਤਸ਼ਾਹਿਤ ਕਰਨ ਨਾਲ ਸੰਭਵ ਹੋ ਸਕਦਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਪੀ.ਏ.ਯੂ. ਵੱਲੋਂ ਸਾਉਣੀ-ਮੱਕੀ ਦੇ ਫਾਇਦਿਆਂ ਅਤੇ ਇਸ ਦੀ ਕਾਸ਼ਤ ਦੀਆਂ ਨਵੀਨਤਮ ਸਿਫਾਰਿਸ਼ਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : PAU ਵੱਲੋਂ ਕਿਸਾਨਾਂ ਨੂੰ ਝੋਨੇ ਦੇ ਮਧਰੇਪਣ ਦੀ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ

ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਰਣਨੀਤੀ

ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਰਣਨੀਤੀ

ਇਸ ਦੀ ਬਦੌਲਤ ਮੱਕੀ ਦੇ ਝਾੜ ਅਤੇ ਆਮਦਨ ਵਿੱਚ ਤਾਂ ਸੁਧਾਰ ਹੋ ਸਕਦਾ ਹੈ, ਪਰ ਮੱਕੀ ਹੇਠ ਰਕਬਾ ਵਧਾਉਣ ਲਈ ਜਿਆਦਾ ਸਹਾਇਤਾ ਨਹੀਂ ਮਿਲ ਸਕਦੀ। ਸਾਉਣੀ-ਮੱਕੀ ਨੂੰ ਉਤਸ਼ਾਹਿਤ ਕਰਨ ਲਈ ਇਸਦਾ ਪਰਮਲ ਦੇ ਬਾਰਬਰ ਲਾਹੇਵੰਦ ਹੋਣਾ ਜਰੂਰੀ ਹੈ ਜਿਸ ਲਈ ਇਸਦਾ ਐੱਮ.ਐੱਸ.ਪੀ. 'ਤੇ ਯਕੀਨੀ ਮੰਡੀਕਰਨ ਹੀ ਕਾਫ਼ੀ ਨਹੀਂ ਹੈ। ਇਸਦੀ ਆਮਦਨ ਨੂੰ ਵਧਾਉਣ ਲਈ ਹੋਰ ਉਪਰਾਲਿਆਂ ਦੀ ਵੀ ਲੋੜ ਹੈ।

ਮੱਕੀ ਦੀ ਮੰਗ ਪੈਦਾ ਕਰਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ, ਜਿਸ ਵਿੱਚ ਉਦਯੋਗਿਕ ਖੇਤਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਪੰਜਾਬ ਵਿੱਚ ਮੱਕੀ ਦੀ ਪੈਦਾਵਾਰ ਇਸਦੀ ਮੰਗ ਨਾਲੋਂ ਕਿਤੇ ਘੱਟ ਹੈ। ਸਥਾਨਕ ਮੰਡੀਆਂ ਵਿੱਚ ਮੱਕੀ ਦੇ ਦਾਣਿਆਂ ਵਿੱਚ ਆਮ ਤੌਰ 'ਤੇ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸਨੂੰ ਸੁਕਾਉਣ ਤੇ ਕਾਫ਼ੀ ਖਰਚ ਆ ਜਾਂਦਾ ਹੈ। ਇਸ ਲਈ, ਉਦਯੋਗ ਇਸ ਨੂੰ ਦੂਰ-ਦੁਰਾਡੇ ਦੇ ਹੋਰ ਸੂਬਿਆਂ ਜਿਵੇਂ ਕਿ ਕਰਨਾਟਕ, ਮੱਧ ਪ੍ਰਦੇਸ਼, ਤੇਲੰਗਾਨਾ, ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਖਰੀਦਣ ਨੂੰ ਤਰਜੀਹ ਦਿੰਦੇ ਹਨ।

ਸਨਅਤ ਨੂੰ ਸਥਾਨਕ ਪੱਧਰ 'ਤੇ ਪੈਦਾ ਹੋਈ ਸਾਉਣੀ-ਮੱਕੀ ਦੀ ਉੱਪਜ ਖਰੀਦਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਈਥਾਨੌਲ ਉਤਪਾਦਨ ਅਤੇ ਹੋਰ ਪ੍ਰੋਸੈਸਿੰਗ ਉਦਯੋਗਾਂ ਨੂੰ ਵੀ ਸਥਾਪਿਤ ਕਰਨਾ ਪਵੇਗਾ। ਇਸਤੋਂ ਇਲਾਵਾ ਪਸ਼ੂਆਂ ਅਤੇ ਪੋਲਟਰੀ ਫੀਡ ਉਦਯੋਗ ਨੂੰ ਮਿਆਰੀ ਫੀਡ ਪੈਦਾ ਕਰਨ ਲਈ ਸਮਰਥਨ ਦੇਣ ਦੀ ਲੋੜ ਹੈ। ਇੱਕ ਮੋਟੇ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚ ਲੱਗਭੱਗ 50 ਲੱਖ ਟਨ ਮੱਕੀ ਦੀ ਖਪਤ ਹੋ ਸਕਦੀ ਹੈ, ਜਦੋਂ ਕਿ ਇਸਦੀ ਮੌਜੂਦਾ ਪੈਦਾਵਾਰ ਸਿਰਫ 4 ਲੱਖ ਟਨ ਦੇ ਕਰੀਬ ਹੈ।

ਸਾਉਣੀ-ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਰਣਨੀਤੀ

• ਸਾਉਣੀ-ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮਾਂ ਦਾ ਆਯੋਜਨ ਕਰਕੇ ਇਸਦੀ ਕਾਸ਼ਤ ਦੇ ਫਾਇਦਿਆਂ ਜਿਵੇਂ ਕਿ ਸਿੰਚਾਈ ਦੀ ਘੱਟ ਲੋੜ ਹੋਣਾ, ਮਿੱਟੀ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਾ ਹੋਣਾ, ਇਸਤੋਂ ਬਾਅਦ ਬੀਜੀ ਕਣਕ ਦਾ ਝਾੜ ਤਕਰੀਬਨ 1.6 ਕੁਇੰ./ਏਕੜ ਵੱਧ ਨਿੱਕਲਣਾ, ਆਦਿ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ।

• ਸਾਉਣੀ-ਮੱਕੀ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਅਤੇ ਬਿਹਤਰ ਫਸਲੀ ਪ੍ਰਬੰਧ ਦੀ ਮਹੱਤਤਾ 'ਤੇ ਜ਼ੋਰ ਦੇਣਾ।

• ਉੱਚ ਗੁਣਵੱਤਾ ਵਾਲੇ ਬੀਜ, ਖਾਦਾਂ ਅਤੇ ਕੀਟਨਾਸ਼ਕਾਂ ਦੀ ਸਮੇਂ ਸਿਰ ਉਪਲੱਬਧਤਾ ਨੂੰ ਯਕੀਨੀ ਬਣਾਉਣਾ।

• ਉੱਪਜ ਦੀ ਬਜਾਏ ਮੁਨਾਫਾ ਵਧਾਉਣ ਦੇ ਉਦੇਸ਼ ਨਾਲ ਖੇਤੀ ਸਮੱਗਰੀ ਦੀ ਲੋੜ-ਅਨੁਸਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮਾਂ ਚਲਾਉਣਾ, ਜਿਵੇਂ ਕਿ ਖਾਦਾਂ ਦੀ ਮਿੱਟੀ ਪਰਖ-ਅਧਾਰਿਤ ਵਰਤੋਂ, ਨਦੀਨ ਨਾਸ਼ਕਾਂ ਦੀ ਸਮੇਂ ਸਿਰ ਵਰਤੋਂ ਅਤੇ ਸਰਵਪੱਖੀ ਕੀਟ ਪ੍ਰਬੰਧਨ ਪ੍ਰੋਗਰਾਮ ਨੂੰ ਅਪਣਾਉਣਾ।

• ਪੀ.ਏ.ਯੂ. ਦੁਆਰਾ ਸਿਫ਼ਾਰਸ਼ ਕੀਤੇ ਸਾਉਣੀ-ਮੱਕੀ ਦੇ ਹਾਈਬ੍ਰਿਡ ਬੀਜ ਅਤੇ ਨਦੀਨ ਨਾਸ਼ਕਾਂ 'ਤੇ 33% ਸਬਸਿਡੀ ਪ੍ਰਦਾਨ ਕੀਤੀ ਜਾਵੇ।

• ਮੱਕੀ ਦਾ ਠੀਕ ਜੰਮ ਲੈਣ ਲਈ ਇਸਦੀ ਬਿਜਾਈ ਨਿਊਮੈਟਿਕ ਮੱਕੀ ਪਲਾਂਟਰ ਨਾਲ ਕਰਨੀ ਚਾਹੀਦੀ ਹੈ ਜਿਸ ਲਈ ਇਹ ਪਲਾਂਟਰ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ 50 ਫੀਸਦੀ ਸਬਸਿਡੀ ਤੇ ਮੁਹੱਈਆ ਕੀਤੇ ਜਾਣੇ ਚਾਹੀਦੇ ਹਨ।

• ਮੰਡੀਆਂ ਵਿੱਚ ਮੱਕੀ ਨੂੰ ਸੁਕਾਉਣ ਲਈ ਡਰਾਇਰਾਂ ਦਾ ਆਧੁਨਿਕੀਕਰਨ ਕਰਕੇ ਸਥਾਪਿਤ ਕਰਨ ਦੀ ਲੋੜ ਹੈ।

• ਮੌਸਮੀ ਤਬਦੀਲੀਆਂ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੁਆਰਾ ਨੁਕਸਾਨੀ ਗਈ ਫ਼ਸਲ ਦਾ ਬੀਮਾ ਕੀਤਾ ਜਾਵੇ।

• ਸਾਉਣੀ-ਮੱਕੀ ਦੀ ਵਿਕਰੀ ਐੱਮ.ਐੱਸ.ਪੀ. 'ਤੇ ਯਕੀਨੀ ਬਣਾਈ ਜਾਵੇ। ਸਮੇਂ ਦੀ ਮੰਗ ਹੈ ਕਿ ਐਗਰੋ-ਪ੍ਰੋਸੈਸਿੰਗ, ਬੀਜ, ਖਾਦ, ਕੀਟਨਾਸ਼ਕ, ਖੇਤੀ ਮਸ਼ੀਨੀਕਰਨ, ਆਦਿ ਉਦਯੋਗਾਂ ਨੂੰ ਸੁਚੇਤ ਕੀਤਾ ਜਾਵੇ ਕਿ ਆਉਣ ਵਾਲੇ ਸੰਭਾਵਿਤ ਪਾਣੀ ਦੇ ਸੰਕਟ ਦਾ ਨਾ ਸਿਰਫ਼ ਖੇਤੀ, ਸਗੋਂ ਉਦਯੋਗ ਦੇ ਭਵਿੱਖ ਨੂੰ ਵੀ ਖ਼ਤਰਾ ਹੈ। ਇਸ ਲਈ, ਸਨਅਤ ਨੂੰ ਵੀ ਸਾਉਣੀ-ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਅਤੇ ਇਸਦੀ ਉੱਪਜ ਨੂੰ ਐੱਮ.ਐੱਸ.ਪੀ. 'ਤੇ ਖਰੀਦਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।

ਐੱਮ.ਐੱਸ.ਪੀ. ਲਾਗੂ ਕਰਨ ਤੋਂ ਬਾਅਦ, ਅਗਲਾ ਕਦਮ ਕਿਸਾਨਾਂ ਦੇ ਮੁਨਾਫੇ ਨੂੰ ਉੱਚਾ ਚੁੱਕਣ 'ਤੇ ਵਿਚਾਰ ਕਰਨ ਦਾ ਹੋਣਾ ਚਾਹੀਦਾ ਹੈ। ਜੇਕਰ ਲੋੜ ਪਵੇ ਤਾਂ ਸਾਉਣੀ-ਮੱਕੀ ਦੀ ਕਾਸ਼ਤ ਨੂੰ ਝੋਨੇ ਵਾਂਗ ਲਾਹੇਵੰਦ ਬਣਾਉਣ ਲਈ ਪੇਂਡੂ ਵਿਕਾਸ ਫੰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਝੋਨੇ ਅਤੇ ਸਾਉਣੀ-ਮੱਕੀ ਦੀ ਬੱਚਤ ਵਿਚਕਾਰ ਕਰੀਬ 20000 ਰੁਪਏ/ਏਕੜ ਦਾ ਅੰਤਰ ਮੱਕੀ ਦਾ ਝਾੜ ਵਧਣ ਨਾਲ ਘਟ ਸਕਦਾ ਹੈ।

ਇਸ ਤੋਂ ਇਲਾਵਾ, ਝੋਨੇ ਹੇਠਲਾ ਰਕਬਾ ਸਾਉਣੀ-ਮੱਕੀ ਵਿੱਚ ਰਕਬਾ ਬਦਲਣ ਨਾਲ, ਬਿਜਲੀ 'ਤੇ ਸਬਸਿਡੀ (4160 ਰੁਪਏ/ਏਕੜ) ਅਤੇ ਝੋਨੇ ਦੀ ਪਰਾਲੀ ਸੰਭਾਲਣ ਦੀ ਲਾਗਤ (2975 ਰੁਪਏ/ਏਕੜ) ਦੀ ਵੀ ਬੱਚਤ ਹੋਵੇਗੀ। ਸਾੳਣੀ-ਮੱਕੀ ਤੋਂ ਬਾਅਦ ਬੀਜੀ ਕਣਕ ਦੇ ਝਾੜ ਵਿੱਚ ਲੱਗਭੱਗ 1.6 ਕੁਇੰ./ਏਕੜ ਦੇ ਵਾਧੇ ਨਾਲ ਤਕਰੀਬਨ 3155 ਰੁਪਏ/ਏਕੜ ਦੀ ਵਾਧੂ ਆਮਦਨ ਵੀ ਹੋਵੇਗੀ। ਇਸ ਤਰਾਂ ਕੁੱਲ ਬੱਚਤ ਅਤੇ ਵਾਧੂ ਆਮਦਨ 10290 ਰੁਪਏ/ਏਕੜ ਦੇ ਕਰੀਬ ਹੋ ਸਕਦੀ ਹੈ।

ਸਪੱਸ਼ਟ ਤੌਰ 'ਤੇ, ਫ਼ਸਲੀ ਵਿਭਿੰਨਤਾ ਲਈ ਸਾਉਣੀ-ਮੱਕੀ ਹੇਠ ਰਕਬਾ ਵਧਾਉਣਾ ਇੱਕ ਚੁਣੌਤੀਪੂਰਨ ਕੰਮ ਹੈ। ਇਸ ਦੀ ਸਫ਼ਲਤਾ ਲਈ ਸਾਰੇ ਹਿੱਸੇਦਾਰਾਂ ਜਿਵੇਂ ਕਿ ਸਰਕਾਰ, ਉਦਯੋਗ ਅਤੇ ਕਿਸਾਨਾਂ ਨੂੰ ਹੱਥ ਨਾਲ ਹੱਥ ਮਿਲਾਉਣਾ ਪਵੇਗਾ।

ਰਾਜ ਕੁਮਾਰ
ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕੋਨੋਮਿਕਸ)
ਪੀ.ਏ.ਯੂ., ਲੁਧਿਆਣਾ

Summary in English: Suggestions for increasing area under traditional kharif crops in Punjab

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters