1. Home
  2. ਖੇਤੀ ਬਾੜੀ

ਮੱਕੀ ਦੀ ਖੇਤੀ ਕਰਨ ਦਾ ਦੁਕਵਾ ਤਰੀਕਾ ! ਬਾਕੀ ਫਸਲਾਂ ਦੇ ਮੁਕਾਬਲੇ ਹੋਵੇਗੀ ਵੱਧ ਪੈਦਾਵਾਰ

ਮੱਕੀ ਦੂਜੇ ਦਰਜੇ ਦੀ ਫਸਲ ਹੈ, ਜੋ ਅਨਾਜ ਅਤੇ ਚਾਰਾ ਦੋਨਾਂ ਲਈ ਵਰਤੀ ਜਾਂਦੀ ਹੈ। ਮੱਕੀ ਨੂੰ ਅਨਾਜ ਦੀ ਰਾਣੀ ਵੀ ਕਿਹਾ ਜਾਂਦਾ ਹੈ,

Pavneet Singh
Pavneet Singh
Maize cultivation

Maize cultivation

ਮੱਕੀ ਦੂਜੇ ਦਰਜੇ ਦੀ ਫਸਲ ਹੈ, ਜੋ ਅਨਾਜ ਅਤੇ ਚਾਰਾ ਦੋਨਾਂ ਲਈ ਵਰਤੀ ਜਾਂਦੀ ਹੈ। ਮੱਕੀ ਨੂੰ ਅਨਾਜ ਦੀ ਰਾਣੀ ਵੀ ਕਿਹਾ ਜਾਂਦਾ ਹੈ, ਕਿਉਂਕਿ ਬਾਕੀ ਫਸਲਾਂ ਦੇ ਮੁਕਾਬਲੇ ਇਸ ਦੀ ਪੈਦਾਵਾਰ ਸਭ ਤੋਂ ਵੱਧ ਹੈ। ਇਸ ਤੋਂ ਭੋਜਨ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਸਟਾਰਚ, ਕੌਰਨ ਫਲੇਕਸ ਅਤੇ ਗਲੂਕੋਜ਼ ਆਦਿ। ਮੱਕੀ ਨੂੰ ਪੋਲਟਰੀ ਵਾਲੇ ਪਸ਼ੂਆਂ ਦੀ ਖੁਰਾਕ ਵਜੋਂ ਵੀ ਵਰਤਿਆ ਜਾਂਦਾ ਹੈ। ਮੱਕੀ ਦੀ ਫਸਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਕਿਉਂਕਿ ਇਸਨੂੰ ਜ਼ਿਆਦਾ ਉਪਜਾਊਪਨ ਅਤੇ ਰਸਾਇਣਾਂ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਪੱਕਣ ਲਈ 3 ਮਹੀਨੇ ਦਾ ਸਮਾਂ ਲੈਂਦੀ ਹੈ ਜੋ ਕਿ ਝੋਨੇ ਦੀ ਫਸਲ ਦੇ ਮੁਕਾਬਲੇ ਬਹੁਤ ਘੱਟ ਹੈ, ਕਿਉਂਕਿ ਝੋਨੇ ਦੀ ਫਸਲ ਨੂੰ ਪੱਕਣ ਲਈ 145 ਦਿਨ ਦਾ ਸਮਾਂ ਜ਼ਰੂਰੀ ਹੁੰਦਾ ਹੈ।

ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਵੀ ਬਚਾ ਸਕਦੇ ਹਨ, ਕਿਉਂਕਿ ਇਹ ਝੋਨੇ ਦੇ ਮੁਕਾਬਲੇ 90% ਪਾਣੀ ਅਤੇ 70% ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀ ਹੈ। ਇਹ ਕਣਕ ਅਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਫਾਇਦੇ ਵਾਲੀ ਫਸਲ ਹੈ।" ਇਸ ਫਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ ਵਿੱਚ ਵਰਤਿਆ ਜਾਂਦਾ ਹੈ। ਮੱਕੀ ਦੀ ਫਸਲ ਉਗਾਉਣ ਵਾਲੇ ਮੁੱਖ ਰਾਜ ਪੰਜਾਬ,ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਹਨ। ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਮੁੱਖ ਮੱਕੀ ਦੀ ਫ਼ਸਲ ਉਦਪਾਦਕ ਹਨ।

ਮੱਕੀ ਦੀ ਫ਼ਸਲ ਲਈ ਜਲਵਾਯੂ (Climate for maize crop)

  • ਮੱਕੀ ਦੀ ਫ਼ਸਲ ਲਈ ਤਾਪਮਾਨ 25°C - 30°C ਹੋਣਾ ਚਾਹੀਦਾ ਹੈ।
  • ਬਰਸਾਤ 50-100 ਸੈਂਟੀਮੀਟਰ ਹੋਣੀ ਚਾਹੀਦੀ ਹੈ
  • ਬਿਜਾਈ ਦਾ ਤਾਪਮਾਨ 25°C - 30°C
  • ਵਾਢੀ ਦਾ ਤਾਪਮਾਨ 30-35°C

ਮਿੱਟੀ(Soil)

ਮੱਕੀ ਦੀ ਫਸਲ ਲਗਾਉਣ ਲਈ ਉਪਜਾਊ,ਵਧੀਆ ਜਲ ਨਿਕਾਸ ਵਾਲੀ, ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਣੀ ਜਰੂਰੀ ਹੈ। ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ। ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ, ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਸ ਦੀ ਫਸਲ ਉਗਾਈ ਜਾਂਦੀ ਹੈ। ਵੱਧ ਪੈਦਾਵਾਰ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, pH 5.5-7.5 ਅਤੇ ਵੱਧ ਪਾਣੀ ਰੋਕਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬਹੁਤ ਜਿਆਦਾ ਭਾਰੀਆਂ ਜਮੀਨਾਂ ਵੀ ਮੱਕੀ ਦੀ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ ਹਨ। ਖੁਰਾਕੀ ਤੱਤਾਂ ਦੀ ਘਾਟ ਪਤਾ ਕਰਨ ਲਈ ਮਿੱਟੀ ਦੀ ਜਾਂਚ ਕਰਵਾਉਣੀ ਜਰੂਰੀ ਹੈ।

ਕਿਸਮਾਂ ਅਤੇ ਪੈਦਾਵਾਰ (varieties and yields)

PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ ।

Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ।

PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।

ਖੇਤ ਦੀ ਤਿਆਰੀ (Field preparation)

ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ। ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ। ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਜ਼ੋਸਪੀਰੀਲਮ ਦੇ ਪਾਉ। ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ।

ਬਿਜਾਈ

ਬਿਜਾਈ ਦਾ ਸਮਾਂ
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ।

ਫਾਸਲਾ
ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ।
1) ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ.
2) ਸਵੀਟ ਕੌਰਨ:- 60x20 ਸੈਂ.ਮੀ.
3) ਬੇਬੀ ਕੋਰਨ :- 60x20 ਸੈਂ.ਮੀ. ਜਾਂ 60x15 ਸੈਂ.ਮੀ.
4) ਪੋਪ ਕੌਰਨ:- 50x15 ਸੈਂ.ਮੀ.
5) ਚਾਰਾ:- 30x10 ਸੈਂ.ਮੀ.

ਬੀਜ ਦੀ ਡੂੰਘਾਈ
ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ। ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ।

ਬਿਜਾਈ ਦਾ ਢੰਗ
ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋਝੋਨੇ ਦੀ ਖੇਤੀ ਕਰਨ ਲਈ ਜਾਣੋ ਸਹੀ ਤਰੀਕਾ! ਹੋਵੇਗਾ ਵੱਧ ਮੁਨਾਫ਼ਾ

ਬੀਜ (Seed)

ਬੀਜ ਦੀ ਮਾਤਰਾ

ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ।
1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ
2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ
3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ
4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ
5) ਚਾਰਾ:- 20 ਕਿਲੋ ਪ੍ਰਤੀ ਏਕੜ

ਮਿਸ਼ਰਤ ਖੇਤੀ:- ਮਟਰ ਅਤੇ ਮੱਕੀ ਦੀ ਫਸਲ ਨੂੰ ਮਿਲਾ ਕੇ ਖੇਤੀ ਕੀਤੀ ਜਾ ਸਕਦੀ ਹੈ। ਇਸਦੇ ਲਈ ਮੱਕੀ ਦੇ ਨਾਲ ਇੱਕ ਕਤਾਰ ਮਟਰ ਲਗਾਓ। ਪਤਝੜ ਦੇ ਮੌਸਮ ਵਿੱਚ ਮੱਕੀ ਨੂੰ ਗੰਨੇ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਗੰਨੇ ਦੀਆਂ ਦੋ ਕਤਾਰਾਂ ਤੋਂ ਬਾਅਦ ਇੱਕ ਕਤਾਰ ਮੱਕੀ ਦੀ ਲਗਾਓ।

ਬੀਜ ਦੀ ਸੋਧ
ਫਸਲ ਨੂੰ ਮਿੱਟੀ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਬੀਜ ਨੂੰ ਸੋਧੋ। ਸਫੇਦ ਜੰਗ ਤੋਂ ਬੀਜਾਂ ਨੂੰ ਬਚਾਉਣ ਲਈ ਕਾਰਬਨਡੇਜ਼ਿਮ ਜਾਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕਰੋ। ਰਸਾਇਣਿਕ ਸੋਧ ਤੋਂ ਬਾਅਦ ਬੀਜ ਨੂੰ ਅਜ਼ੋਸਪੀਰੀਲਮ 600 ਗ੍ਰਾਮ + ਚੌਲਾਂ ਦੇ ਚੂਰੇ ਨਾਲ ਸੋਧੋ। ਉਪਚਾਰ ਤੋਂ ਬਾਅਦ ਬੀਜ ਨੂੰ 15-20 ਮਿੰਟਾਂ ਲਈ ਛਾਵੇਂ ਸੁਕਾਓ। ਅਜ਼ੋਸਪੀਰੀਲਮ ਮਿੱਟੀ ਵਿੱਚ ਨਾਇਟ੍ਰੋਜਨ ਨੂੰ ਬੰਨ੍ਹ ਕੇ ਰੱਖਣ ਵਿੱਚ ਮਦਦ ਕਰਦਾ ਹੈ।

ਖਾਦਾਂ (fertiliser)

(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।

ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਆਇਰਨ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।

ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ। ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ। ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ। ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ।ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ।

ਸਿੰਚਾਈ

ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ। ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ। ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ।

 

Summary in English: The best way to grow corn! The yield will be higher than other crops

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters