ਭੂਮੀ ਦੀ ਉਪਜਾਉ ਸ਼ਕਤੀ ਅਤੇ ਚੰਗੀ ਸਿਹਤ ਬਰਕਰਾਰ ਰੱਖਣ ਲਈ ਹਰੀ ਖਾਦ ਦੀ ਵਰਤੋਂ ਬਹੁੱਤ ਜਰੂਰੀ ਹੈ। ਹਰੀ ਖਾਦ ਲਈ ਢੈਂਚਾ, ਸਣ ਅਤੇ ਰਵਾਂ ਢੁੱਕਵੀਆਂ ਫਸਲਾਂ ਮੰਨੀਆਂ ਜਾਂਦੀਆ ਹਨ।
ਇਹਨਾਂ ਫਲੀਦਾਰ ਫਸਲਾਂ ਦੀਆਂ ਜੜਾਂ ਦੀਆਂ ਗੰਢਾਂ ਵਿੱਚ ਮੌਜੂਦ ਜੀਵਾਣੂ ਹਵਾਂ ਵਿਚਲੀ ਨਾਈਟ੍ਰੋਜਨ ਨੂੰ ਜਮੀਨ ਵਿੱਚ ਇੱਕਠਾ ਕਰਨ ਦੇ ਸਮਰੱਥ ਹੁੰਦੇ ਹਨ। ਪੰਜਾਬ ਵਿੱਚ ਹਲਕੀਆਂ ਅਤੇ ਕੱਲਰ ਵਾਲੀਆਂ ਜਮੀਨਾਂ ਲਈ ਢੈਂਚਾ ਇੱਕ ਉੱਤਮ ਹਰੀ ਖਾਦ ਹੈ। ਹਰੀ ਖਾਦ ਦਬਾਉਣ ਨਾਲ ਜਮੀਨ ਦਾ ਨਾਈਟ੍ਰੋਜਨ, ਪੋਟਾਸ਼ ਅਤੇ ਜੈਵਿਕ ਮਾਦੇ ਦੇ ਪੱਧਰ ਵਿੱਚ ਕਾਫੀ ਸੁਧਾਰ ਹੋ ਜਾਂਦਾ ਹੈ। ਕਣਕ ਦੀ ਵਾਢੀ ਤੋਂ ਬਾਅਦ 40-60 ਦਿਨਾਂ ਲਈ ਖੇਤ ਖਾਲੀ ਹੋ ਜਾਂਦਾ ਹੈ ਅਤੇ ਇਸ ਸਮੇਂ ਦੌਰਾਨ ਹਰੀ ਖਾਦ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਖੇਤੀ ਤਜ਼ਰਬੇ ਸਿੱਧ ਕਰਦੇ ਹਨ ਕਿ ਨਾਈਟ੍ਰੋਜਨ ਖਾਦ ਅਤੇ ਹਰੀ ਖਾਦ ਦੀ ਇੱਕਠੀ ਵਰਤੋਂ ਕਰਨ ਨਾਲ ਫਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਹਰੀ ਖਾਦ ਦੀ ਬਿਜਾਈ ਕਣਕ ਦੀ ਵਾਢੀ ਤੋਂ ਬਾਅਦ ਰੌਣੀ ਕਰਕੇ ਕੀਤੀ ਜਾ ਸਕਦੀ ਹੈ। ਢੈਂਚੇ ਲਈ ਪ੍ਰਤੀ ਏਕੜ 20 ਕਿਲੋ ਬੀਜ ਮਈ ਦੇ ਪਹਿਲੇ ਹਫਤੇ ਤੱਕ ਬੀਜੋ। ਚੰਗੇ ਜੰਮ ਲਈ ਢੈਂਚੇ ਦਾ ਬੀਜ ਅੱਠ ਘੰਟੇ ਲਈ ਪਾਣੀ ਵਿੱਚ ਭਿੳ ਲੈਣਾ ਚਾਹੀਦਾ ਹੈ। ਜੇਕਰ ਮਿੱਟੀ ਘੱਟ ਫਾਸਫੋਰਸ ਵਾਲੀ ਸ਼੍ਰੇਣੀ ਵਿੱਚ ਹੋਏ ਤਾਂ ਹਰੀ ਖਾਦ ਵਾਲੀ ਫਸਲ ਨੂੰ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ। ਹਰੀ ਖਾਦ ਤੋਂ ਬਾਅਦ ਵਾਲੀ ਸਾਉਣੀ ਦੀ ਫਸਲ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਇਸ ਤਰ੍ਹਾਂ 6-8 ਹਫਤਿਆਂ ਦੀ ਹਰੀ ਖਾਦ ਫਸਲ ਖੇਤ ਵਿੱਚ ਦੱਬਣ ਲਈ ਤਿਆਰ ਹੋ ਜਾਂਦੀ ਹੈ ਅਤੇ ਝੋਨੇ ਦੀ ਲਵਾਈ ਤੋ ਇਕ ਦਿਨ ਪਹਿਲਾਂ ਡਿਸਕ ਹੈਰੋਂ ਜਾਂ ਰੋਟਾਵੇਟਰ ਦੀ ਮੱਦਦ ਨਾਲ ਖੇਤ ਵਿਚ ਦਬਾਈ ਜਾ ਸਕਦੀ ਹੈ। ਇਸ ਪ੍ਰਕਿਰਿਆ ਨਾਲ ਲੱਗਭੱਗ 8 ਟੱਨ ਪ੍ਰਤੀ ਏਕੜ ਹਰਾ ਮਾਦਾ ਜਮੀਨ ਵਿੱਚ ਜਮਾਂ ਹੋ ਜਾਂਦਾ ਹੈ। ਇਸ ਸੰਦਰਬ ਵਿਚ ਹਰੀ ਖਾਦ ਤੋ ਹੋਣ ਵਾਲੇ ਫਾਇਦਿਆਂ ਨੂੰ ਮੁੱਖ ਰੱਖਦੇ ਚਾਰ ਸਾਲ ਲਈ ਇਕ ਖੇਤੀ ਤਜ਼ਰਬਾ ਕਲਰ ਮੁੱਕਤ ਰੇਤਲੀ ਲੋਮ ਜ਼ਮੀਨ ਜਿਸਦਾ ਨਾਈਟ੍ਰੋਜਨ ਅਤੇ ਫਾਸਫੋਰਸ ਪੱਧਰ ਘੱਟ ਸ੍ਰੇਣੀ ਵਿੱਚ ਸੀ, ਤੇ ਕੀਤਾ ਗਿਆ।
ਤਜਰਬੇ ਤੋਂ ਇਹ ਸਿੱਧ ਹੋਇਆ ਕਿ ਜਿਹਨਾਂ ਖੇਤਾ ਵਿੱਚ ਹਰੀ ਖਾਦ ਦਬਾਉਣ ਦੇ ਨਾਲ ਕੇਵਲ 50% ਸਿਫਾਰਸ਼ ਕੀਤੀ ਰਸਾਇਣਕ ਖਾਦ ਪਾਈ ਗਈ, ਉਹਨਾਂ ਖੇਤਾਂ ਦਾ ਝੌਨੇ ਦਾ ਝਾੜ 100% ਸਿਫਾਰਸ਼ ਕੀਤੀ ਰਸਾਇਣਕ ਖਾਦ ਪਾ ਕੇ ਬੀਜੇ ਝੋਨੇ ਦੇ ਬਰਾਬਰ ਪਾਇਆ ਗਿਆ। ਇਸ ਪ੍ਰਕਾਰ ਹਰੀ ਖਾਦ ਖੇਤ ਵਿਚ ਦਬਾਉਣ ਨਾਲ ਝੋਨੇ ਵਿੱਚ 50% ਤੱਕ ਨਾਈਟ੍ਰੋਜਨ ਵਾਲੀ ਖਾਦ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋ ਇਲਾਵਾ ਜੇਕਰ ਹਰੀ ਖਾਦ ਦੇ ਨਾਲ 100% ਸਿਫਾਰਸ਼ਾ ਖਾਦ ਦੀ ਵਰਤੋਂ ਕਰੀਏ ਤਾਂ ਝੋਨੇ ਦੇ ਝਾੜ ਵਿੱਚ ਵਾਧਾ ਹੁੰਦਾ ਹੈ।
ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਮਾਵੀ,
ਭੂਮੀ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ
Summary in English: To increase the yield of paddy, apply green manure in the field