ਸ਼ਬਜ਼ੀਆਂ ਨੂੰ ਆਲਮੀ ਪੱਧਰ ਉਪਰ ਮਨੁੱਖੀ ਖੁਰਾਕ ਵਜੋਂ ਵਿਲੱਖਤਾ ਮਿਲੀ ਹੋਈ ਹੈ ਕਿਉਕਿ ਇਹ ਛੋਟੇ ਤੱਤਾਂ ਦੀ ਪੂਰਤੀ ਲਈ ਕੁਦਰਤੀ ਅਤੇ ਸਸਤੇ ਸੋਮੇ ਹਨ,ਜਿਹੜੇ ਸਾਡੇ ਸਰੀਰ ਨੂੰ ਕਾਰਬੋਹਾਈਡਰੇਸ਼, ਪ੍ਰੋਟੀਨ, ਖਣਿਜ, ਅਮਾਈਨੋ ਐਸਿਡ ਅਤੇ ਰੇਸ਼ੇ ਮੁਹੱਈਆ ਕਰਦੀਆਂ ਹਨ।ਸਾਡੇ ਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨ,ਜਿਨ੍ਹਾਂ ਨੇ ਸ਼ਬਜ਼ੀ ਕਾਸ਼ਤ ਨੂੰ ਕਿੱਤੇ ਵਜੋਂ ਅਪਣਾਕੇ ਜਿਥੇ ਆਪਣੀ ਆਮਦਨ ਵਿੱਚ ਵਾਧਾ ਕੀਤਾ, ਉਥੇ ਦੇਸ਼ ਦੀ ਖੁਸ਼ਹਾਲੀ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ। ਅਜੋਕੇ ਯੁੱਗ ਵਿੱਚ ਸੰਤੁਲਿਤ ਖੁਰਾਕ ਲਈ ਸ਼ਬਜ਼ੀਆਂ ਦੇ ਨਾਲ-ਨਾਲ ਸਾਰਾ ਸਾਲ ਗੁਣਵੱਤਾ ਭਰਪੂਰ ਸ਼ਬਜ਼ੀਆਂ ਦੀ ਪੈਦਾਵਾਰ ਵੀ ਇਕ ਅਹਿਮ ਸਵਾਲ ਹੈ।ਇਸ ਲਈ ਸਬਜ਼ੀ ਖੁਰਾਕ ਪੂਰਤੀ ਕਰਨ ਵਾਸਤੇ ਸਬਜ਼ੀਆਂ ਦੀ ਪੈਦਾਵਾਰ ਵਧਾਉਣਾ ਹੀ ਇੱਕ ਮੌਕਾ ਹੈ।ਸਬਜ਼ੀ ਪੈਦਾਵਾਰ ਵਧਾਉਣ ਲਈ ਜਿਥੇ ਸਬਜ਼ੀਆਂ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਉਥੇ ਰਵਾਇਤੀ ਢੰਗ ਤਰੀਕਿਆਂ ਦੇ ਮੁਕਾਬਲੇ ਪੈਦਾਵਾਰ ਨੂੰ ਹੁਲਾਰਾ ਦੇਣ ਲਈ ਆਧੁਨਿਕ ਅਤੇ ਉਸਾਰੂ ਤਕਨੀਕਾਂ ਦਾ ਵੀ ਵਿਕਾਸ ਕੀਤਾ ਗਿਆ ਹੈ। ਉਦਯੋਗਿਕ ਅਤੇ ਸ਼ਹਿਰੀਕਰਨ ਦੀ ਤਰੱਕੀ ਅਤੇ ਦਿਹਾਤੀ ਖੇਤਰ ਦਾ ਵਿਸਥਾਰ ਹੋਣ ਕਰਕੇ ਖੇਤੀਯੋਗ ਰਕਬਾ ਘੱਟ ਰਿਹਾ ਹੈ ਪਰ ਖੇਤੀ ਅਰਥਚਾਰੇ ਦੀ ਦਰ ਨੂੰ ਬਰਕਰਾਰ ਰੱਖਣ ਅਤੇ ਵਧ ਰਹੀ ਜਨਸੰਖਿਆ ਨੂੰ ਲੋੜ ਮੁਤਾਬਿਕ ਖੁਰਾਕ ਮੁਹੱਈਆ ਕਰਵਾਉਣ ਲਈ ਖੇਤੀ ਉਤਪਾਦਨ ਵਿੱਚ ਵਾਧਾ ਸਮੇਂ ਦੀ ਜ਼ਰੂਰਤ ਹੈ। ਇਸ ਲਈ ਪੌਸ਼ਟਿਕ ਖੁਰਾਕ ਅਤੇ ਦਿਹਾਤੀ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਨੂੰ ਹੁਲਾਰਾ ਦੇਣਾ ਸਮੇਂ ਦੀ ਮੁੱਖ ਮੰਗ ਹੈ। ਭਾਰਤ ਦੇ ਉਤਰ ਪੱਛਮੀ ਮੈਦਾਨਾਂ ਵਿੱਚ ਮੌਸਮੀ ਵਿਗਾੜ ਦੀਆਂ ਚਣੌਤੀਆਂ ਖਾਸ ਕਰਕੇ, ਸਰਦੀਆਂ ਦੌਰਾਨ ਸੰਭਾਵਿਤ ਪੈਦਾਵਾਰ ਲੈਣ ਲਈ ਕਾਫੀ ਦਿੱਕਤ ਮਹਿਸੂਸ ਹੁੰਦੀ ਹੈ। ਇਸ ਮੌਸਮ ਦੌਰਾਨ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਅਤੇ ਠੰਡ ਤੋਂ ਬਚਾਉਣ ਲਈ ਪੂਰਨ ਜਾਂ ਅੰਸ਼ਿਕ ਤੌਰ ਤੇ ਸੋਧੀਆਂ ਹੋਈਆਂ ਤਕਨੀਕਾਂ ਵਿਕਸਿਤ ਕੀਤੀਆ ਗਈਆ ਹਨ।
ਰਵਾਇਤੀ ਤੌਰ ਤੇ ਅਗੇਤੀਆ ਸ਼ਬਜੀਆਂ ਪੈਦਾ ਕਰਨ ਲਈ ਅਕਤੂਬਰ- ਨਵੰਬਰ ਵਿੱਚ ਦਰਿਆਵਾਂ ਦੇ ਕੰਢਿਆਂ ਤੇ 3-4 ਫੁੱਟ ਡੂੰਘੀਆਂ ਖਾਲੀਆਂ ਪੁੱਟ ਕੇ ਅਤੇ ਉਪਰੋਂ ਸਰਕੰਢੇ ਲਗਾ ਕੇ ਕੱਦੂ ਜਾਤੀ ਦੀਆਂ ਸਬਜ਼ੀਆਂ ਪੈਦਾ ਕੀਤੀਆਂ ਜਾਦੀਆਂ ਸਨ, ਪਰ ਇਸ ਵਿੱਚ ਵੀ ਮੀਂਹ ਅਤੇ ਝੱਖੜ ਦੌਰਾਨ ਕਾਫ਼ੀ ਨੁਕਸਾਨ ਹੋ ਜਾਂਦਾ ਸੀ ਅਤੇ ਦਰਿਆਵਾਂ ਦਾ ਖੇਤਰ ਸੀਮਿਤ ਹੋਣ ਕਰਕੇ ਇਸ ਦਾ ਬਹੁਤਾ ਪਸਾਰ ਵੀ ਨਹੀਂ ਹੋ ਸਕਿਆ। ਇਸੇ ਤਰਾਂ ਮਲੇਰਕੋਟਲਾ (ਸੰਗਰੂਰ), ਜੰਡਿਆਲਾ ਗੁਰੂ, ਸਰਦੂਲਗੜ ਅਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ ਵੀ ਸ਼ਬਜੀ ਉਤਪਾਦਕਾਂ ਵੱਲੋਂ ਵੀ ਇਸ ਢੰਗ ਤਰੀਕੇ ਨਾਲ ਅਗੇਤੀਆਂ ਸਬਜ਼ੀਆ ਦੀ ਕਾਸ਼ਤ ਕੀਤੀ ਜਾਂਦੀ ਸੀ ਪਰ ਸਮਾਂ ਬੀਤਣ ਦੇ ਨਾਲ ਸਰਕੰਡੇ ਦੀ ਘਾਟ ਅਤੇ ਇਸ ਨੂੰ ਲਗਾਉਣ ਦੀ ਮੁਸ਼ਕਲ ਵਿਧੀ, ਅਰਧ ਸੁਰੱਖਿਅਤ ਢੰਗ ਅਤੇ ਕੀੜੇ-ਬੀਮਾਰੀਆਂ ਦੇ ਹਮਲੇ ਕਰਕੇ ਇਹ ਢੰਗ-ਤਰੀਕਾ ਬਹੁਤਾ ਮੁਨਾਫੇਯੋਗ ਸਾਬਤ ਨਹੀਂ ਹੋ ਸਕਿਆ। ਇਸ ਦੇ ਬਦਲਵੇਂ ਢੰਗ-ਤਰੀਕੇ ਲਈ ਪੌਲੀਸ਼ੀਟ ਦੀ ਵਰਤੋਂ ਨਾਲ ਨੀਵੀਆਂ ਅਤੇ ਤੁਰਨਯੋਗ ਸੁਰੰਗਾਂ, ਜਾਲੀਦਾਰ ਘਰ, ਪੌਲੀਹਾਊਸ ਅਤੇ ਪੌਲੀ-ਨੈਟਹਾਊਸ ਬਣਾਕੇ ਸਬਜ਼ੀਆਂ ਦੀ ਬੇਮੌਸਮੀ ਪੈਦਾਵਾਰ ਨੂੰ ਵਧਾਉਣ ਲਈ ਕਾਫੀ ਹੁਲਾਰਾ ਮਿਲਿਆ ਹੈ। ਇਹਨਾਂ ਤਕਨੀਕਾਂ ਵਿੱਚੋਂ ਨੀਵੀਆਂ ਸੁਰੰਗਾਂ ਵਾਲੀ ਤਕਨੀਕ (ਲੋਅ-ਟਨਲ) ਘੱਟ ਖਰਚੀਲੀ ਅਤੇ ਸਰਦੀਆਂ ਵਿੱਚ ਪੌਦਿਆਂ ਦੇ ਸ਼ੁਰੂਆਤੀ ਵਾਧੇ ਲਈ ਕਫਾਇਤੀ ਤੌਰ ਤੇ ਕਾਫੀ ਸੁਰੱਖਿਅਤ ਅਤੇ ਮੁਨਾਫੇਯੋਗ ਸਾਬਤ ਹੋਈ ਹੈ। ਇਹਨਾਂ ਸੁਰੰਗਾਂ ਵਿੱਚ ਤਾਪਮਾਨ ਵੱਧ ਹੋਣ ਕਰਕੇ ਬੀਜੀ ਸਬਜ਼ੀ ਖੁਲੇ ਵਿੱਚ ਕਾਸ਼ਤ ਕੀਤੀ ਸਬਜ਼ੀ ਨਾਲੋਂ ਤਕਰੀਬਨ ਇੱਕ ਮਹੀਨਾ ਅਗੇਤੀ ਤਿਆਰ ਹੋ ਜਾਂਦੀ ਹੈ ਅਤੇ ਇਸ ਵਿੱਚ ਫ਼ਸਲ ਗੜੇਮਾਰੀ, ਠੰਡ ਅਤੇ ਕੋਰੇ ਤੋਂ ਬਚੀ ਰਹਿੰਦੀ ਹੈ।ਪੌਲੀਸ਼ੀਟ ਦੀਆਂ ਸੁਰੰਗਾਂ ਵਿੱਚ ਸੂਰਜੀ ਊਰਜਾ ਨਾਲ ਗਰਮੀ ਵਧਣ ਕਾਰਣ ਪੌਦਿਆਂ ਦੀ ਖੁਰਾਕੀ ਤੱਤ ਲੈਣ ਦੀ ਕੁਸ਼ਲਤਾ ਵਿੱਚ ਵਾਧਾ ਹੋਣ ਕਰਕੇ ਪੌਦਿਆਂ ਦੀ ਵਿਕਾਸਦਰ ਦਾ ਕਾਫੀ ਸੁਧਾਰ ਹੋ ਜਾਂਦਾ ਹੈ। ਇਹ ਤਕਨੀਕ ਉਹਨਾਂ ਹਾਲਤਾਂ ਵਿੱਚ ਕਾਫੀ ਢੁੱਕਵੀਂ ਹੈ ਜਿੱਥੇ ਸਰਦੀਆਂ ਦੌਰਾਨ ਰਾਤ ਦਾ ਤਾਪਮਾਨ 30-40 ਦਿਨ ਲਈ 8 ਡਿਗਰੀ ਸੈਲਸੀਅਸ ਤੋਂ ਥੱਲੇ ਰਹਿੰਦਾ ਹੈ। ਇਹ ਪਲਾਸਟਿਕ ਸੁਰੰਗਾਂ ਸਰਦੀਆਂ ਵਿੱਚ ਸਬਜ਼ੀਆਂ ਦੀ ਨਰਸਰੀ (ਪਨੀਰੀ) ਪੈਦਾ ਕਰਨ ਲਈ ਵੀ ਬਹੁਤ ਸਹਾਈ ਹੁੰਦੀਆਂ ਹਨ।ਇਸ ਲਈ ਇਹਨਾਂ ਸਾਰੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਲ 2002-03 ਵਿੱਚ ਸਬਜ਼ੀਆਂ ਦੀ ਨੀਵੀਆਂ ਸੁਰੰਗਾਂ ਵਿੱਚ ਖੇਤੀ ਸਬੰਧੀ ਤਕਨੀਕ ਇਜਾਦ ਕੀਤੀ ਗਈ ਸੀ, ਜਿਸ ਨੂੰ ਪੰਜਾਬ ਦੇ ਸਬਜ਼ੀ ਉਤਪਾਦਕਾਂ ਦੇ ਨਾਲ-ਨਾਲ ਮਲੇਰਕੋਟਲਾ (ਸੰਗਰੂਰ) ਦੇ ਸ਼ਬਜੀ ਕਾਸ਼ਤਕਾਰਾਂ ਨੇ ਵੀ ਜੰਗੀ ਪੱਧਰ ਤੇ ਅਪਣਾਇਆ ਹੈ।ਇਸ ਤਕਨੀਕ ਦੇ ਸੁਮੇਲ ਲਈ ਸਰਦੀਆਂ ਵਿੱਚ ਪੌਲੀਸ਼ੀਟ ਮਲਚਿੰਗ ਅਤੇ ਤੁਪਕਾ ਸਿੰਚਾਈ ਅਪਣਾ ਕੇ ਇਸ ਤਕਨੀਕ ਨੂੰ ਸਰਵ-ਪੱਖੀ ਬਣਾ ਕੇ ਸ਼ਬਜ਼ੀਆਂ ਦੀ ਗੁਣਵੱਤਾ ਵਧਾਉਣ ਨਾਲ ਮੁਨਾਫਾ ਵੀ ਵਧਾਇਆ ਜਾ ਸਕਦਾ ਹੈ।ਪੰਜਾਬ ਵਿੱਚ ਇਸ ਤਕਨੀਕ ਨਾਲ ਤਕਰੀਬਨ 1800 ਹੇਕਟੇਅਰ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਦੀ ਹੈ।
ਨੀਵੀਂ-ਸੁਰੰਗ ਤਕਨੀਕ ਅਤੇ ਇਸ ਦੀ ਬਣਤਰ: ਇਹ ਤਕਨੀਕ ਤੁਰਨ ਫਿਰਨ ਵਾਲੀਆਂ ਪਲਾਸਟਿਕ ਸੀਟਾਂ ਵਾਲੀਆਂ ਸੁਰੰਗਾਂ ਦਾ ਹੀ ਇਕ ਛੋਟਾ ਰੂਪ ਹੈ, ਜਿਸ ਨੂੰ ਲਾਉਣ ਲਈ ਬਹੁਤੀ ਮੁਹਾਰਤ ਦੀ ਜ਼ਰਰੂਤ ਨਹੀਂ ਪੈਂਦੀ। ਇਸ ਵਿਧੀ ਵਿੱਚ 0.90 ਮੀਟਰ ਚੌੜੇ ਅਤੇ 25-30 ਸੈਂਟੀਮੀਟਰ ਉਚੇ ਪੱਟੜਿਆਂ ਉੱਪਰ 6.25 ਮਿਲੀਮੀਟਰ ਦੇ ਸਰੀਏ ਜਾਂ 8 ਨੰਬਰ ਜਿਸਤੀ ਤਾਰ ਦੇ ਹੂਪ (ਅਰਧ ਗੋਲੇ) 2 ਮੀਟਰ ਦੀ ਦੂਰੀ ਤੇ ਲਗਾ ਕੇ, ਇਸ ਉਪਰ 20 ਮਾਈਕਰੋਨ(100 ਗੇਜ਼) ਦੀ ਪਲਾਸਟਿਕ ਸੀਟ (ਯੂ.ਵੀ.) ਫਿੱਟ ਕੀਤੀ ਜਾਂਦੀ ਹੈ। ਇਸ ਸੀਟ ਨੂੰ ਲੰਬਾਈ ਅਤੇ ਚੌੜਾਈ ਤਰਫ਼ ਪੂਰਾ ਖਿੱਚ ਕੇ ਫਿੱਟ ਕੀਤਾ ਜਾਂਦਾ ਹੈ ਅਤੇ ਸੀਟ ਨੂੰ ਸਿਰਿਆਂ ਅਤੇ ਸਾਈਡਾਂ ਤੋਂ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ।ਪੱਟੜੇ ਦੇ ਪੱਧਰ ਤੋਂ ਅਰਧ-ਗੋਲੇ ਦੇ ਵਿਚਕਾਰਲੇ ਗੋਲ ਸਿਰੇ ਦੀ ਉਚਾਈ 75 ਸੈਟੀਮੀਟਰ ਰੱਖ ਕੇ ਸਾਰੇ ਅਰਧ-ਗੋਲੇ ਇੱਕੋ ਜਿੰਨੀ ਉਚਾਈ ਤੇ ਲਗਾਏ ਜਾਂਦੇ ਹਨ। ਇਸ ਤਰਾਂ ਇਹ ਇੱਕ ਸੁਰੰਗ ਦਾ ਰੂਪ ਬਣ ਜਾਂਦੀ ਹੈ, ਜਿਸ ਨੂੰ ਅਸੀ ਨੀਵੀਂਆ ਸੁਰੰਗਾਂ ਕਹਿੰਦੇ ਹਾਂ।ਸੁਰੰਗ ਕਿਤੋਂ ਵੀ ਉੱਚੀ-ਨੀਵੀਂ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਇਸ ਉੱਪਰ ਤ੍ਰੇਲ ਜਾ ਮੀਂਹ ਦਾ ਪਾਣੀ ਖੜਨ ਨਾਲ ਝੋਲ ਪੈ ਜਾਵੇਗੀ ਤੇ ਫ਼ਸਲ ਦਾ ਨੁਕਸਾਨ ਹੋ ਜਾਵੇਗਾ। ਇਸ ਤਕਨੀਕ ਦੀ ਵਰਤੋਂ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਸ਼ੁਰੂ ਵਿੱਚ ਖੀਰੇ ਦੇ ਬੀਜ ਬੀਜਣ ਤੋਂ ਬਾਅਦ ਜਾਂ ਸ਼ਿਮਲਾ ਮਿਰਚ ਅਤੇ ਬੈਂਗਣ ਦੇ ਪੌਦੇ ਚੰਗੀ ਤਰਾਂ ਚੱਲ ਪੈਣ ਉਪਰੰਤ ਕੀਤੀ ਜਾਂਦੀ ਹੈ।ਇਹ ਤਕਨੀਕ ਉਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸ਼ਹਿਰਾਂ ਦੇ ਨੇੜਲੇ ਖੇਤਰਾਂ ਵਿੱਚ ਸਬਜ਼ੀ ਪੈਦਾ ਕਰਨ ਲਈ ਬਹੁਤ ਢੁੱਕਵੀਂ ਹੈ।
ਪੌਲੀਸ਼ੀਟ ਮਲਚਿੰਗ ਅਤੇ ਨੀਵੀਂ-ਸੁਰੰਗ ਤਕਨੀਕ ਨਾਲ ਸੁਮੇਲ: ਇਸ ਤਕਨੀਕ ਵਿੱਚ ਪੱਟੜਿਆਂ ਨੂੰ ਬੂਟਿਆਂ ਦੁਆਲੇ ਕਾਲੀ-ਚਾਂਦੀ ਰੰਗੀ 21 ਮਾਈਕਰੌਨ ਦੀ ਪੌਲੀਸ਼ੀਟ ਨਾਲ ਖਿੱਚ ਕੇ ਢੱਕ ਦਿੱਤਾ ਜਾਂਦਾ ਹੈ।ਇਸ ਨਾਲ ਜ਼ਮੀਨ ਵਿੱਚ ਨਮੀ ਦੀ ਸੰਭਾਲ, ਨਦੀਨਾਂ ਦੀ ਰੋਕਥਾਮ ਅਤੇ ਕਾਰਬਨ ਡਾਈਆਕਸਾਈਡ ਦੇ ਵਧੀਆ ਬਦਲਾਅ ਕਾਰਣ ਪੌਦਿਆਂ ਦੀਆਂ ਜੜ•ਾਂ ਅਤੇ ਉੱਪਰਲੇ ਵਾਧੇ ਦਾ ਚੰਗਾ ਵਿਕਾਸ ਹੁੰਦਾ ਹੈ।ਇਸ ਨਾਲ ਫ਼ਸਲ ਦੀ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ ਕਿਉਕਿ ਫ਼ਲਾਂ ਦਾ ਸਿੱਧਾ ਮਿੱਟੀ ਨਾਲ ਸੰਪਰਕ ਨਹੀਂ ਹੁੰਦਾ ਅਤੇ ਨਦੀਨ-ਰਹਿਤ ਹੋਣ ਕਰਕੇ ਕੀੜੇ-ਬਿਮਾਰੀਆਂ ਦਾ ਹਮਲਾ ਘੱਟ ਹੋਣ ਕਾਰਣ ਵਧੀਆ ਫ਼ਲ ਪੈਦਾ ਕੀਤੇ ਜਾ ਸਕਦੇ ਹਨ। ਇਸ ਢੰਗ ਨੂੰ ਅਪਣਾਉਣ ਲਈ1.2 ਮੀਟਰ ਚੌੜੀ ਕਾਲੀ-ਚਾਂਦੀ ਰੰਗੀ ਪੌਲੀਸ਼ੀਟ ਨੂੰ 0.90 ਮੀਟਰ ਚੌੜੇ ਪੱਟੜੇ Àੁੱਪਰ ਖਿੱਚ ਕੇ ਫਿੱਟ ਕਰ ਦਿੱਤਾ ਜਾਂਦਾ ਹੈ। ਮਲਚਿੰਗ ਉਪਰ ਫ਼ਸਲ ਦੇ ਬੁਟਿਆਂ ਦੇ ਫ਼ਾਸਲੇ ਦੇ ਹਿਸਾਬ ਨਾਲ 5.0-7.5 ਸੈਂਟੀਮੀਟਰ ਵਿਆਸ ਦੇ ਸੁਰਾਖ ਕਰ ਦਿੱਤੇ ਜਾਂਦੇ ਹਨ।
ਨੀਵੀਂ-ਸੁਰੰਗ ਤਕਨੀਕ ਦੇ ਫਾਇਦੇ : ਇਸ ਤਕਨੀਕ ਦੇ ਹੇਠ ਲਿਖੇ ਫਾਇਦੇ ਹਨ ਜਿਵੇਂ:-
1. ਸਬਜ਼ੀਆ ਦੀ ਸੁਰੱਖਿਅਤ ਖੇਤੀ ਦੇ ਬਾਕੀ ਸੁਰੱਖਿਅਤ/ਵਿਧੀਆਂ ਨਾਲੋਂ ਘੱਟ ਖਰਚਾ, ਜਿਹੜਾ ਕਿ ਛੋਟੇ ਕਿਸਾਨਾਂ ਦੀ ਪਹੁੰਚ ਵਿੱਚ ਹੈ।
2. ਇਨ੍ਹਾਂ ਤਕਨੀਕਾਂ ਨਾਲ ਬੀਜੀਆਂ ਸਬਜ਼ੀਆਂ ਦਾ ਖੁਲੇ ਵਿੱਚ ਬੀਜੀਆਂ ਸਬਜ਼ੀਆਂ ਨਾਲੋਂ 20-65% ਝਾੜ ਵੱਧ ਜਾਂਦਾ ਹੈ।
3. ਅਗੇਤੀਆ ਸਬਜ਼ੀਆਂ ਪੈਦਾ ਕਰਨ ਲਈ ਠੰਡ, ਕੋਰੇ, ਮੀਂਹ ਅਤੇ ਝੱਖੜ ਤੋਂ ਬਚਾਅ ਲਈ ਬਹੁਤ ਢੁੱਕਵਾਂ ਢੰਗ ਹੈ।
4. ਇਹ ਤਕਨੀਕਾਂ ਲਗਾਉਣ ਦਾ ਤਰੀਕਾ ਸੌਖਾ ਹੈ ਅਤੇ ਇਨ੍ਹਾਂ ਨੂੰ ਉਖਾੜ ਕੇ ਜਿੱਥੇ ਚਾਹੋ, ਲਗਾਇਆ ਜਾ ਸਕਦਾ ਹੈ।
5. ਠੰਡ ਦੌਰਾਨ ਸਬਜ਼ੀਆ ਦੀ ਪਨੀਰੀ ਉਗਾਉਣ ਲਈ ਬਹੁਤ ਸਫ਼ਲ ਅਤੇ ਫਾਇਦੇਮੰਦ ਤਕਨੀਕ ਹੈ ।
6. ਸਬਜ਼ੀਆਂ ਦੀ ਫ਼ਸਲ ਇੱਕ ਮਹੀਨਾ ਜਲਦੀ ਮੰਡੀ ਵਿੱਚ ਆ ਜਾਂਦੀ ਹੈ ਅਤੇ ਵਧੀਆ ਭਾਅ ਮਿਲ ਜਾਂਦਾ ਹੈ।
7. ਪੌਦਿਆ ਦੇ ਭੋਜਨ ਬਨਾਉਣ ਦੀ ਵਿਧੇ ਅਤੇ ਤੱਤ ਲੈਣ ਵਿੱਚ ਵਾਧਾ।
ਤਕਨੀਕੀ ਢਾਂਚਾ ਫਿੱਟ ਕਰਨ ਦਾ ਖਰਚਾ: ਇਸ ਨੀਵੀਂ-ਸੁਰੰਗ ਤਕਨੀਕ ਦੇ ਢਾਂਚੇ ਨੂੰ ਪ੍ਰਤੀ ਏਕੜ ਫਿੱਟ ਕਰਨ ਲਈ ਤਕਰੀਬਨ 33,200 ਰੁਪਏ (ਮੰਡੀ ਵਿੱਚ ਸਮਾਨ ਦੀਆਂ ਕੀਮਤਾਂ ਤੇ ਨਿਰਭਰ) ਖਰਚਾ ਆਉਂਦਾ ਹੈ,ਜਿਸ ਵਿੱਚ ਸਰੀਏ ਜਾਂ ਤਾਰ, ਪੌਲੀਥੀਨ ਅਤੇ ਮਜ਼ਦੂਰੀ ਦਾ ਖਰਚਾ ਸ਼ਾਮਿਲ ਹੈ । ਜੇਕਰ ਸਰੀਏ ਜਾਂ ਤਾਰ ਨੂੰ ਦਸ ਸਾਲ ਅਤੇ ਪੌਲੀਸ਼ੀਟ ਨੂੰ ਇੱਕ ਸਾਲ ਵਰਤਣ ਦੇ ਹਿਸਾਬ ਨਾਲ ਇਸ ਦੀ ਘੱਟਦੀ ਕੀਮਤ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਦੀ ਫਿੱਟ ਕਰਨ ਦੀ ਕੀਮਤ 16,700 ਰੁਪਏ (ਮੰਡੀ ਵਿੱਚ ਸਮਾਨ ਦੀਆਂ ਕੀਮਤਾਂ ਤੇ ਨਿਰਭਰ) ਪ੍ਰਤੀ ਸਾਲ ਰਹਿ ਜਾਂਦੀ ਹੈ।ਇਸੇ ਤਰਾਂ ਪੌਲੀਸ਼ੀਟ ਮਲਚਿੰਗ ਤੇ ਸਮੇਤ ਸਾਰੇ ਖਰਚੇ 18,900 ਰੁਪਏ ਪ੍ਰਤੀ ਏਕੜ ਕੀਮਤ ਆਉਂਦੀ ਹੈ।ਇੱਕ ਏਕੜ ਉਪਰ ਦੋਨੋਂ ਤਕਨੀਕਾਂ ਦਾ 52,100 ਰੁਪਏ ਖਰਚਾ ਹੋ ਜਾਂਦਾ ਹੈ ।
ਨੀਵੀਆਂ-ਸੁਰੰਗਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਲਈ ਸਿਫਾਰਿਸਾਂ: - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੀਰਾ, ਸ਼ਿਮਲਾ ਮਿਰਚ ਅਤੇ ਬੈਂਗਣਾਂ ਦੀ ਨੀਵੀਂਆਂ ਸੁਰੰਗਾਂ ਵਿੱਚ ਕਾਸ਼ਤ ਕਰਨ ਲਈ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਇਨ੍ਹਾਂ ਫ਼ਸਲਾਂ ਦੀ ਪੈਦਾਵਾਰ ਲਈ ਪ੍ਰਬੰਧ ਪੀ.ਏ.ਯੂ. ਦੀਆਂ ਸਿਫ਼ਾਰਿਸ਼ਾਂ ਦੇ ਹਿਸਾਬ ਨਾਲ ਅਪਣਾਉ।ਫ਼ਸਲ ਦੀ ਲੋੜ ਮੁਤਾਬਿਕ ਸਿੰਚਾਈ ਕਰੋ।ਇਹਨਾਂ ਵਿੱਚ ਗੋਡੀ ਧੁੱਪ ਵਾਲੇ ਦਿਨਾਂ ਵਿੱਚ ਕਰੋ ਅਤੇ ਸਾਰੇ ਨਦੀਨ ਖੇਤ ਵਿੱਚੋਂ ਬਾਹਰ ਕੱਢ ਦਿਓ।ਅੱਧ ਫਰਵਰੀ ਤੋਂ ਜਦੋਂ ਤਾਪਮਾਨ ਵਧਣਾ ਸੁਰੂ ਹੋ ਜਾਵੇ ਤਾਂ ਸੁਰੰਗਾ ਨੂੰ ਹਟਾਉਣਾ ਸੁਰੂ ਕਰ ਦਿਉ।
ਤਕਨੀਕਾਂ ਨੂੰ ਅਪਨਾਉਣ ਵਾਲੇ ਕਿਸਾਨਾਂ ਦਾ ਤਜਰਬਾ ਅਤੇ ਸਫ਼ਲਤਾ: ਇਹ ਤਕਨੀਕ ਪੰਜਾਬ ਵਿੱਚ ਬਹੁਤ ਸਾਰੇ ਸਬਜ਼ੀ ਉਤਪਾਦਕਾਂ ਵੱਲੋਂ ਅਪਣਾਈ ਗਈ ਹੈ ਪਰ ਸੰਗਰੂਰ ਜਿਲੇ ਦੇ ਮਲੇਰਕੋਟਲਾ ਖੇਤਰ ਵਿੱਚ ਇਸ ਤਕਨੀਕ ਥੱਲੇ 464 ਹੈਕਟੇਅਰ ਰਕਬੇ ਉਪਰ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਕਿਸਾਨ ਸਫਲਤਾ ਪੂਰਵਕ ਢੰਗ ਨਾਲ ਖੀਰੇ ਅਤੇ ਸ਼ਿਮਲਾ ਮਿਰਚ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ। ਇਸ ਜਿਲੇ ਦੇ ਤਕਨੀਕ ਨੂੰ ਅਪਨਾਉਣ ਵਾਲੇ ਕੁਝ ਕਿਸਾਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਇਸ ਤਕਨੀਕ ਨਾਲ ਕਿਸਾਨ 30-70% ਅਗੇਤਾ ਝਾੜ ਲੈ ਲੈਦੇ ਹਨ ਅਤੇ ਮੰਡੀ ਵਿੱਚ ਖੁੱਲੇ ਵਿੱਚ ਬੀਜੀ ਫ਼ਸਲ ਨਾਲੋਂ ਜ਼ਿਆਦਾ ਮੁਨਾਫ਼ਾ ਕਮਾ ਲੈਦੇ ਹਨ ਅਤੇ ਵੱਧ ਝਾੜ ਦੇਣ ਕਰਕੇ ਇਹ ਤਕਨੀਕ ਸਬਜ਼ੀ ਕਾਸ਼ਤਕਾਰਾਂ ਲਈ ਇੱਕ ਵਰਦਾਨ ਸਾਬਿਤ ਹੋ ਰਹੀ ਹੈ।
ਤਕਨੀਕ ਦੀ ਵਰਤੋਂ ਦੌਰਾਨ ਵਰਤਣ-ਯੋਗ ਸਾਵਧਾਨੀਆਂ: ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਹਨ:-
1. ਫਰਵਰੀ ਵਿੱਚ ਜਦੋਂ ਤਾਪਮਾਨ ਵਧਣਾ ਸੁਰੂ ਹੋ ਜਾਵੇ ਤਾਂ ਦਿਨ ਸਮੇਂ ਸੀਟ ਉਤਾਰ ਦਿਓ ਅਤੇ ਸ਼ਾਮ ਮੌਕੇ ਢੱਕ ਦਿਓ।ਇਸ ਨਾਲ ਪੌਦੇ ਸਖਤ ਹੋ ਜਾਣਗੇ ਅਤੇ ਰਾਤ ਵਾਲੀ ਠੰਡ ਤੋਂ ਵੀ ਬਚੇ ਰਹਿਣਗੇ।
2. ਨੀਵੀਆਂ-ਸੁਰੰਗਾਂ ਥੱਲੇ ਬੀਜੀਆਂ ਸਬਜ਼ੀਆਂ ਦੇ ਪ੍ਰਬੰਧ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਕੀਤੀਆਂ ਸਿਫਾਰਿਸ਼ਾਂ ਅਪਣਾਉ।
3. ਸੁਰੰਗਾਂ ਬਣਾਉਣ ਤੋਂ ਪਹਿਲਾ ਫ਼ਸਲ ਨਦੀਨਾਂ, ਕੀੜੇ ਅਤੇ ਬਿਮਾਰੀ ਤੋਂ ਰਹਿਤ ਹੋਣੀ ਚਾਹੀਦੀ ਹੈ।
4. ਸੁਰੰਗਾਂ ਉਚੀਆਂ-ਨੀਵੀਆਂ ਅਤੇ ਵਿੰਗੀਆਂ-ਟੇਢੀਆ ਨਹੀਂ ਹੋਣੀਆ ਚਾਹੀਦੀਆਂ ਅਤੇ ਪੂਰੀ ਤਰਾਂ ਫਿੱਟ ਹੋਣੀਆਂ ਚਾਹੀਦੀਆਂ ਹਨ।
5. ਸਮੇਂ-ਸਮੇਂ ਤੇ ਫ਼ਸਲ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਲੋੜ ਪੈਣ ਤੇ ਗੋਡੀ ਕਰਨੀ ਚਾਹੀਦੀ ਹੈ।
6. ਫ਼ਸਲ ਨੂੰ ਕੋਈ ਖਾਦ ਪਾਉਣ ਜਾਂ ਛਿੜਕਾਅ ਕਰਨ ਤੋਂ ਬਾਅਦ ਤੁਰੰਤ ਨਹੀਂ ਢਕਣਾ ਚਾਹੀਦਾ, ਨਹੀਂ ਤਾਂ ਪੌਦਿਆਂ ਦਾ ਨੁਕਸਾਨ ਹੋ ਜਾਵੇਗਾ।
7. ਜੇਕਰ ਕਿਸਾਨ ਨੀਵੀਂ-ਸੁਰੰਗ ਵਾਲੀ ਪੌਲੀਸ਼ੀਟ ਦੁਬਾਰਾ ਵਰਤਣਾ ਚਾਹੁਦੇ ਹਨ ਤਾਂ ਪੌਲੀਸ਼ੀਟ ਨੂੰ ਸੁਕਾਉਣ ਦੀ ਬਜਾਏ ਤ੍ਰੇਲ ਦਾ ਪਾਣੀ ਪੌਲੀਸ਼ੀਟ ਵਿੱਚ ਹੀ ਇਕੱਠਾ ਕਰਕੇ ਪਲਾਸਟਿਕ ਦੀਆਂ ਥੈਲੀਆਂ ਵਿੱਚ ਬੰਦ ਕਰਕੇ ਸਟੋਰ ਕਰਨਾ ਚਾਹੀਦਾ ਹੈ।
ਬੂਟਾ ਸਿੰਘ ਰੋਮਾਣਾ: 94172-81311
ਬੂਟਾ ਸਿੰਘ ਰੋਮਾਣਾ, ਅਜਮੇਰ ਸਿੰਘ ਢੱਟ ਅਤੇ ਕੁਲਬੀਰ ਸਿੰਘ
ਕਿਸਾਨ ਸਲਾਹਾਕਾਰ ਸੇਵਾ ਕੇਂਦਰ, ਸੰਗਰੂਰ
Summary in English: Use low-tunneling and mulching techniques