1. Home
  2. ਖਬਰਾਂ

ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸੰਦੇਸ਼, ਜਾਣੋ ਮੌਸਮ ਅਤੇ ਫਸਲਾਂ ਦਾ ਹਾਲ

18 ਮਈ ਤੱਕ ਗਰਜ-ਚਮਕ-ਤੇਜ ਹਵਾਵਾਂ ਚੱਲਣ ਅਤੇ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਅਹਿਜੇ 'ਚ ਖੇਤੀਬਾੜੀ ਮਾਹਿਰਾਂ ਵੱਲੋਂ ਕੁਝ ਖੇਤੀ ਸੁਝਾਅ ਸਾਂਝੇ ਕੀਤੇ ਗਏ ਹਨ।

Gurpreet Kaur Virk
Gurpreet Kaur Virk
ਜਾਣੋ ਮੌਸਮ ਅਤੇ ਫਸਲਾਂ ਦਾ ਹਾਲ

ਜਾਣੋ ਮੌਸਮ ਅਤੇ ਫਸਲਾਂ ਦਾ ਹਾਲ

Agriculture Bulletin: ਉੱਤਰ ਭਾਰਤ ਦੇ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਗੱਲ 15 ਮਈ ਯਾਨੀ ਸੋਮਵਾਰ ਦੀ ਕਰੀਏ ਤਾਂ ਪੰਜਾਬ, ਹਰਿਆਣਾ, ਦਿੱਲੀ ਸਮੇਤ ਇਨ੍ਹਾਂ ਸੂਬਿਆਂ ਦਾ ਪਾਰਾ 42 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਫਿਲਹਾਲ, ਮੌਸਮ ਵਿਭਾਗ ਨੇ ਅੱਜ ਯਾਨੀ 16 ਮਈ ਦਿਨ ਬੁੱਧਵਾਰ ਦੁਪਹਿਰ ਬਾਅਦ ਮੌਸਮ 'ਚ ਬਦਲਾਅ ਹੋਣ ਦੀ ਉਮੀਦ ਜਤਾਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਤੋਂ 18 ਮਈ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ, ਜਦੋਂਕਿ 19 ਮਈ ਤੋਂ ਮੌਸਮ ਖੁਸ਼ਕ ਹੋਣ ਦੇ ਆਸਾਰ ਹਨ।

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ:

ਆਉਣ ਵਾਲੇ ਦਿਨਾਂ ਦੌਰਾਨ ਕਿਸਾਨ ਵੀਰਾਂ ਨੂੰ ਸਬਜੀਆਂ ਨੂੰ 4-5 ਦਿਨਾਂ ਦੇ ਵਕਫੇ ਤੇ ਪਾਣੀ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਫ਼ਲਾਂ ਦੇ ਬਾਗਾਂ ਨੂੰ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ।

ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਹਾਲ:

ਮੀਂਹ ਅਤੇ ਖੁਸ਼ਕ ਮੌਸਮ ਲਈ ਖੇਤੀ ਸੁਝਾਅ:

ਝੋਨਾ:

● ਕਿਸਾਨ ਵੀਰਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਾਉਣੀ ਦੀਆਂ ਫਸਲਾਂ ਲਈ ਖੇਤਾਂ ਨੂੰ ਤਿਆਰ ਕਰੋ ਅਤੇ ਪਾਣੀ ਦੀ ਬੱਚਤ ਅਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਏ ਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਪੀ ਆਰ 126, ਪੀ ਆਰ 127, ਪੀ ਆਰ 130 ਅਤੇ ਐਚ ਕੇ ਆਰ 47 ਨੂੰ ਤਰਜੀਹ ਦਿਓ।

● ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿਓ।

● ਝੋਨੇ ਦੀ ਪਨੀਰੀ ਵਿੱਚ ਜੜ੍ਹ ਗੰਡ ਨੀਮਾਟੋਡ ਦੀ ਰੋਕਥਾਮ ਲਈ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਦੀ ਰੌਣੀ ਉਪਰੰਤ ਆਖਰੀ ਵਾਹੀ ਵੇਲੇ 40 ਗ੍ਰਾਮ ਸਰ੍ਹੋਂ ਖਲ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਪਾਓ।

ਇਹ ਵੀ ਪੜ੍ਹੋ : ਕਕੜੀ ਦੀ ਕਾਸ਼ਤ ਤੋਂ 100 ਦਿਨਾਂ ਵਿੱਚ ਲੱਖਾਂ ਦਾ ਮੁਨਾਫ਼ਾ, ਪ੍ਰਤੀ ਹੈਕਟੇਅਰ 200 ਕੁਇੰਟਲ ਤੋਂ ਵੱਧ ਝਾੜ

ਨਰਮਾ:

● ਇਹ ਸਮੇਂ ਕਪਾਹ ਦੀਆਂ ਪੀ ਏ ਯੂ ਦੀਆਂ ਸਿਫ਼ਾਰਸ਼ ਕੀਤੀਆਂ ਬੀ ਟੀ ਨਰਮੇ ਦੀਆਂ ਕਿਸਮਾਂ ਪੀ ਏ ਯੂ ਬੀ ਟੀ 1, ਪੀ ਏ ਯੂ ਬੀ ਟੀ 2, ਪੀ ਏ ਯੂ ਬੀ ਟੀ 3; ਬੀ ਟੀ ਰਹਿਤ ਨਰਮਾ ਐੈਫ 2228 ਅਤੇ ਐਲ ਐਚ 2108 ਜਾਂ ਦੋਗਲੀਆਂ ਕਿਸਮਾਂ ਜਾਂ ਬੀ ਟੀ ਨਰਮੇ ਦੀ ਬਿਜਾਈ ਪੂਰੀ ਕਰ ਲਵੋ। ਕਪਾਹ-ਨਰਮੇਂ ਦੀ ਫ਼ਸਲ ਵਿੱਚ ਨਾਗੇ ਭਰਨ ਲਈ ਲਿਫਾਫਿਆਂ ਵਿੱਚ ਬੀਜ ਲਗਾਉ।

● ਕਿਸਾਨ ਵੀਰਾਂ ਨੂੰ ਨਰਮੇ ਦੀ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਤੇਜ਼ਾਬ ਰਾਹੀਂ ਲੂੰ ਰਹਿਤ ਕੀਤੇ ਬੀਜ ਨੂੰ 2-4 ਘੰਟੇ ਅਤੇ ਬਗੈਰ ਲੂੰ ਰਹਿਤ ਕੀਤੇ ਬੀਜ ਨੂੰ 6-8 ਘੰਟੇ ਲਈ ਅੱਧਾ ਗ੍ਰਾਮ ਸਕਸੀਨਿਕ ਏਸਿਡ ਅਤੇ 5 ਲਿਟਰ ਪਾਣੀ ਦੇ ਘੋਲ ਵਿੱਚ ਭਿਉਂ ਲਉ ਇਸ ਨਾਲ ਫਸਲ ਚੰਗੀ ਹੋਵੇਗੀ।

● ਤੇਲੇ ਦੀ ਰੋਕਥਾਮ ਲਈ ਬਿਜਾਈ ਸਮੇਂ ਬੀਜ ਨੂੰ 5 ਗ੍ਰਾਮ ਗਾਚੋ 70 ਡਬਲਯੂ ਐਸ ਜਾਂ 7 ਗ੍ਰਾਮ ਕਰੂਜ਼ਰ 30 ਐਫ ਐਸ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

● ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ।

ਸਬਜੀਆਂ:

● ਵੱਧ ਝਾੜ ਲੈਣ ਲਈ ਸਬਜ਼ੀਆਂ ਦੀ ਤੁੜਾਈ ਸਹੀ ਸਮੇਂ ਤੇ ਕਰਦੇ ਰਹੋ ਅਤੇ ਸਿੰਚਾਈ 4-5 ਦਿਨਾਂ ਦੇ ਵਕਫੇ ਤੇ ਕਰਦੇ ਰਹੋ।

● ਗੰਢੇ ਦੀ ਕਟਾਈ ਕਰਕੇ ਇਨ੍ਹਾਂ ਨੂੰ ਸੁੱਕੀ ਜਗ੍ਹਾ ਤੇ ਸਟੋਰ ਕਰ ਲਓ।

ਇਹ ਵੀ ਪੜ੍ਹੋ : ਪਰਵਲ ਦੀ ਖੇਤੀ ਕਿਸਾਨਾਂ ਲਈ ਵਰਦਾਨ, ਘੱਟ ਨਿਵੇਸ਼ ਵਿੱਚ ਲੱਖਾਂ ਦੀ ਕਮਾਈ

ਬਾਗਬਾਨੀ: 

● ਗਰਮੀ ਵਿੱਚ ਹੋਰ ਵਾਧਾ ਹੋਣ ਨਾਲ ਫ਼ਲਾਂ ਦਾ ਕੇਰਾ ਵਧ ਸਕਦਾ ਹੈ। ਅੰਬ, ਲੀਚੀ, ਨਾਸ਼ਪਾਤੀ, ਨਿੰਬੂ ਜਾਤੀ ਦੇ ਬਾਗਾਂ ਆਦਿ ਵਿੱਚ ਲਗਾਤਾਰ ਸਿੱ੍ਹਲ ਬਣਾਈ ਰੱਖੋ ਅਤੇ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ। ਫ਼ਲਦਾਰ ਬੂਟਿਆਂ ਦੇ ਮੁੱਢਾਂ ਨੂੰ ਤਿੱਖੀ ਧੁੱਪ ਤੋਂ ਬਚਾਉਣ ਲਈ ਕਲੀ ਦੇ ਘੋਲ ਦਾ ਲੇਪ ਕੀਤਾ ਜਾ ਸਕਦਾ ਹੈ।

● ਛੋਟੇ ਫ਼ਲਦਾਰ ਬੂਟਿਆਂ ਨੂੰ ਤੇਜ ਗਰਮੀ ਤੋਂ ਬਚਾਉਣ ਲਈ ਪਰਾਲੀ ਜਾਂ ਖ਼ਜ਼ੂਰ ਦੇ ਪੱਤਿਆਂ ਨਾਲ ਛੌਰਾ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਲਗਾਤਾਰ ਹਲਕੇ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।

● ਨਿੰਬੂ ਜਾਤੀ ਦੇ ਬੂਟਿਆਂ ਉੱਪਰ ਜਿੰਕ ਸਲਫ਼ੇਟ 4.7 ਗ੍ਰਾਮ ਅਤੇ ਮੈਂਗਨੀਂਜ਼ ਸਲਫ਼ੇਟ 3.3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ।

● ਇਸ ਸਮੇ ਬੇਰੀਆਂ ਦੀ ਕਾਂਟ-ਛਾਂਟ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : June-July Season ਟਿੰਡੇ ਦੀ ਕਾਸ਼ਤ ਲਈ ਵਧੀਆ, ਜਾਣੋ ਬਿਜਾਈ ਤੋਂ ਵਾਢੀ ਤੱਕ ਸਾਰੀ ਜਾਣਕਾਰੀ

ਪਸ਼ੂ ਪਾਲਣ: 

● ਪਸ਼ੂਆਂ ਨੂੰ ਗਲ-ਘੋਟੂ, ਪੱਟ ਸੋਜ ਦੇ ਟੀਕੇ ਲਵਾਉ ਤਾਂ ਕਿ ਉਨ੍ਹਾਂ ਦਾ ਇਨ੍ਹਾਂ ਬਿਮਾਰੀਆਂ ਤੋਂ ਬਚਾਉ ਕੀਤਾ ਜਾ ਸਕੇ। ਟੀਕਿਆਂ ਦਾ ਰਿਕਾਰਡ ਰੱਖਣਾ ਵੀ ਬਹੁਤ ਜ਼ਰੂਰੀ ਹੈ।

● ਪਸ਼ੂਆਂ ਨੂੰ ਸ਼ੈੱਡ ਦੇ ਅੰਦਰ ਹੀ ਰੱਖੋ ਅਤੇ ਉਨ੍ਹਾਂ ਨੂੰ ਦਿਨ ਵਿੱਚ 3-4 ਵਾਰ ਨਵਾਉ।

● ਜੇ ਪਸ਼ੂ ਨੂੰ ਗਰਮੀ ਲੱਗ ਜਾਵੇ ਤਾਂ ਉਸ ਦੇ ਸਰੀਰ ਉਪਰ ਠੰਡਾ ਪਾਣੀ ਵੀ ਪਾਉ ਅਤੇ ਡਾਕਟਰ ਦੀ ਸਹਾਇਤਾ ਲਵੋ ਤਾਂ ਜੋ ਉਸ ਨੂੰ ਗਲੂਕੋਜ ਗਵਾਇਆ ਜਾ ਸਕੇ।

● ਜੇ ਪਸ਼ੂਆਂ ਦੇ ਸਰੀਰ ਤੇ ਕੋਈ ਜ਼ਖਮ ਹੋ ਜਾਵੇ ਤਾਂ ਉਸ ਉਪਰ ਮੱਲਮ ਲਗਾਉ ਅਤੇ ਉਨ੍ਹਾਂ ਨੂੰ ਮੱਖੀਆਂ ਤੋਂ ਬਚਾ ਕੇ ਰੱਖੋ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: A message from agricultural experts to farmers, know about the weather and crop conditions

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters