ਭਾਰਤ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਦੀ ਸਾਲਾਨਾ ਕਾਨਫਰੰਸ ਦਿੱਲੀ ਵਿਖੇ ਹੋਈ।ਇਸ ਕਾਨਫਰੰਸ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਸੰਬੰਧੀ ਕੇਂਦਰੀ ਮੰਤਰੀ, ਸ਼੍ਰੀ ਨਰਿੰਦਰ ਸਿੰਘ ਤੋਮਰ ਨੇ ਆਨਲਾਈਨ ਮਾਧਿਅਮ ਰਾਹੀਂ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਮੁਲਕ ਦੀ ਭਲਾਈ ਲਈ ਖੇਤੀਬਾੜੀ ਸਿੱਖਿਆ ਬਹੁ-ਦਿਸ਼ਾਵੀ, ਬਹੁ-ਅਨੁਸ਼ਾਸਨੀ ਅਤੇ ਵਿਆਪਕ ਹੋਣੀ ਲੋੜੀਂਦੀ ਹੈ।
ਉਨ੍ਹਾਂ ਨੇ ਨਵੀਂ ਵਿਦਿਅਕ ਨੀਤੀ ਦੀ ਮਹੱਤਵਪੂਰਨ ਭੂਮਿਕਾ ਦੀ ਚਰਚਾ ਕਰਦਿਆਂ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਖੇਤੀਬਾੜੀ ਖੇਤਰ ਨੂੰ ਉਨੱਤ ਅਤੇ ਰੁਜ਼ਗਾਰਮੁਖੀ ਬਣਾਇਆ ਜਾ ਰਿਹਾ ਹੈ।ਸ਼੍ਰੀ ਤੋਮਰ ਨੇ ਖੇਤੀਬਾੜੀ ਸਿੱਖਿਆ ਵਿਚ ਕਾਰਜ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖੇਤਰ ਦੇ ਵਿਕਾਸ ਅਤੇ ਖੋਜ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣ।ਉਨ੍ਹਾਂ ਨੇ ਉਪ-ਕੁਲਪਤੀਆਂ ਵਲੋਂ ਯੂਨੀਵਰਸਿਟੀਆਂ ਦੀ ਸਫ਼ਲਤਾ ਅਤੇ ਤਰੱਕੀ ਸੰਬੰਧੀ ਇਸ ਖੇਤਰ ਵਿਚ ਪਾਏ ਜਾ ਰਹੇ ਤਜਰਬੇ ਅਤੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਨੇ ਪਿਛਲੇ ਸੱਤ ਵਰ੍ਹਿਆਂ ਵਿਚ 1656 ਨਵੀਆਂ ਫ਼ਸਲ ਕਿਸਮਾਂ ਵਿਕਸਤ ਕੀਤੀਆਂ ਹਨ ਜਿਸ ਦਾ ਪੂਰੇ ਰਾਸ਼ਟਰ ਨੂੰ ਫਾਇਦਾ ਮਿਲ ਰਿਹਾ ਹੈ।ਉਨ੍ਹਾਂ ਨੇ ਨਵੀਆਂ ਤਕਨਾਲੋਜੀਆਂ, ਸੁਧਰੇ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੀ ਵੀ ਚਰਚਾ ਕੀਤੀ ਅਤੇ ਕਿਹਾ ਕਿ ਮੁਲਕ ਦਾ ਕਿਸਾਨ ਇਸ ਤੋਂ ਫਾਇਦਾ ਲੈ ਰਿਹਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਖੇਤਰਾਂ ਲਈ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਫ਼ਸਲਾਂ ਅਤੇ ਸਮੇਂ ਸਿਰ ਉਤਪਾਦਨ ਦੇਣ ਵਾਲੀਆਂ ਫ਼ਸਲਾਂ ਦੇ ਬੀਜ ਤਿਆਰ ਕਰਨ ਲਈ ਸਾਨੂੰ ਹੋਰ ਵਧੇਰੇ ਉਪਰਾਲੇ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਖੇਤਬਾੜੀ ਸਨੇਹੀਆਂ ਯੋਜਨਾਵਾਂ, ਕਿਸਾਨ ਦੀ ਸਖ਼ਤ ਮਿਹਨਤ ਅਤੇ ਵਿਗਿਆਨੀਆਂ ਵਲੋਂ ਵਿਕਸਤ ਤਕਨਾਲੋਜੀ ਨਾਲ ਭਾਰਤ ਇਸ ਵਕਤ ਵਿਸ਼ਵ ਵਿਚ ਮੋਹਰੀ ਉਤਪਾਦਕ ਬਣ ਚੁੱਕਾ ਹੈ।
ਉਨ੍ਹਾਂ ਉਪ-ਕੁਲਪਤੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੀਆਂ ਯੂਨੀਵਰਸਿਟੀਆਂ ਨੂੰ ਹਰੇ ਕੈਂਪਸ ਦੇ ਤੌਰ ’ਤੇ ਵਿਕਸਤ ਕਰਕੇ ਦੁਨੀਆਂ ਦੇ ਨਕਸ਼ੇ ’ਤੇ ਲਿਆਉਣ।ਇਸ ਮੌਕੇ ਭਾਰਤੀ ਖੇਤੀ ਖੋਜ ਪਰਿਸ਼ਦ ਦੀਆਂ ਪ੍ਰਕਾਸ਼ਨਾਵਾਂ ਜਾਰੀ ਕੀਤੀਆਂ ਗਈਆਂ ਅਤੇ ਵੱਖੋ-ਵੱਖਰੀਆਂ ਸ਼੍ਰੇਣੀਆਂ ਵਿਚ ਇਨਾਮ ਵੀ ਤਕਸੀਮ ਕੀਤੇ ਗਏ।
ਸ਼੍ਰੀ ਕੈਲਾਸ਼ ਚੌਧਰੀ, ਸ਼ੋਭਾ ਕਰਾਂਡਲਾਜੇ ਖੇਤੀਬਾੜੀ ਅਤੇ ਕਿਸਾਨ ਭਲਾਈ, ਰਾਜ ਮੰਤਰੀ, ਡਾ. ਤਿ੍ਰਲੋਚਨ ਮੋਹਾਪਾਤਰਾ, ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਸ਼੍ਰੀ ਸੰਜੈ ਗਰਗ ਵੀ ਇਸ ਮੌਕੇ ’ਤੇ ਮੌਜੂਦ ਸਨ।ਡਾ. ਆਰ ਸੀ ਅਗਰਵਾਲ, ਉਪ-ਮਹਾਂ-ਨਿਰਦੇਸ਼ਕ ਨੇ ਪਰਿਸ਼ਦ ਦੇ ਯੋਗਦਾਨ ਅਤੇ ਪ੍ਰਾਪਤੀਆਂ ਦੀ ਚਰਚਾ ਕੀਤੀ ਅਤੇ ਯੂਨੀਵਰਸਿਟੀਆਂ ਵਲੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਦੱਸਿਆ।ਇਸ ਕਾਨਫਰੰਸ ਵਿਚ ਖੇਤੀਬਾੜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀ, ਪਰਿਸ਼ਦ ਦੇ ਵਿਭਿੰਨ ਅਧਿਕਾਰੀ, ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਅਧਿਕਾਰੀ, ਵਿਦਿਆਰਥੀ ਅਤੇ ਕਿਸਾਨ ਸ਼ਾਮਿਲ ਹੋਏ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Agricultural education needs to be multi-faceted, multi-disciplinary and comprehensive - Mr. Tomar