Strawberry Cultivation: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਅਧਿਕਾਰੀਆਂ ਦੇ ਸਮੂਹ ਨੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਕਾਉਣੀ ਵਿੱਚ ਇਕ ਸਟ੍ਰਾਬੈਰੀ ਕਾਸ਼ਤਕਾਰ ਕਿਸਾਨ ਜਸਕਰਨ ਸਿੰਘ ਦੇ ਖੇਤ ਦਾ ਦੌਰਾ ਕੀਤਾ।
ਇਸ ਦੌਰਾਨ ਵਾਈਸ ਚਾਂਸਲਰ ਨਾਲ ਪੀ.ਏ.ਯੂ. ਦੇ ਮਾਹਿਰਾਂ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਅਧਿਕਾਰੀ ਵੀ ਮੌਜੂਦ ਸਨ। ਖੇਤੀਬਾੜੀ ਮਾਹਿਰਾਂ ਨੇ ਕਿਸਾਨ ਜਸਕਰਨ ਸਿੰਘ ਕੋਲੋਂ ਸਟ੍ਰਾਬੈਰੀ ਦੀ ਕਾਸ਼ਤ ਵਿੱਚ ਸਫਲਤਾ ਹਾਸਲ ਕਰਨ ਦੀ ਸਮੁੱਚੀ ਪ੍ਰਕਿਰਿਆ ਨੂੰ ਜਾਣਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ।
ਵਾਈਸ ਚਾਂਸਲਰ ਵੱਲੋਂ ਸ਼ਲਾਘਾ
ਇਸ ਸੰਬੰਧੀ ਵਿਸਥਾਰ ਨਾਲ ਗੱਲ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਤੀ ਉੱਦਮ ਨਾਲ ਮੁਕਤਸਰ ਇਲਾਕੇ ਵਿਚ ਕਾਸ਼ਤਕਾਰੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਖੇਤੀ ਵਿਭਿੰਨਤਾ ਦੇ ਨਾਲ-ਨਾਲ ਮੰਡੀ ਦੀ ਮੰਗ ਮੁਤਾਬਿਕ ਕਾਸ਼ਤ ਵਿਧੀਆਂ ਨੂੰ ਅਪਨਾਉਣ ਅਤੇ ਵੱਧ ਮੁਨਾਫ਼ਾ ਕਮਾਉਣ ਵਾਲੀ ਹੈ।ਜਸਕਰਨ ਸਿੰਘ ਵੱਲੋਂ ਅਪਣਾਈ ਸਟ੍ਰਾਬੈਰੀ ਦੀ ਕਾਸ਼ਤ ਨੂੰ ਮਿਸਾਲੀ ਕਹਿੰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਕਿਸਾਨ ਨੇ ਛੋਟੇ ਪੱਧਰ ਤੇ ਸ਼ੁਰੂ ਕਰਕੇ ਪੀ.ਏ.ਯੂ. ਦੇ ਖੇਤਰੀ ਕੇਂਦਰਾਂ ਦੇ ਮਾਹਿਰਾਂ ਅਤੇ ਹੋਰ ਵਿਭਾਗਾਂ ਦੇ ਵਿਗਿਆਨੀਆਂ ਦੀ ਸਲਾਹ ਨਾਲ ਸਫਲਤਾ ਦੇ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਜਸਕਰਨ ਸਿੰਘ ਹੋਰਾਂ ਦਾ ਇਹ ਕਾਰਜ ਹੋਰ ਕਿਸਾਨਾਂ ਲਈ ਬੇਹੱਦ ਪ੍ਰੇਰਨਾਦਾਇਕ ਹੈ।
ਕਿਸਾਨ ਵੱਲੋਂ ਤਜ਼ਰਬੇ ਸਾਂਝੇ
ਇਸ ਮੌਕੇ ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ 2012-13 ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਨਾਲ ਇਕ ਏਕੜ ਵਿੱਚ ਸਟ੍ਰਾਬੈਰੀਆਂ ਦੀ ਕਾਸ਼ਤ ਸ਼ੁਰੂ ਕੀਤੀ ਸੀ। ਇਸ ਨੂੰ ਹੁਣ ਵਧਾ ਕੇ 7 ਏਕੜ ਤੱਕ ਲਿਜਾਇਆ ਗਿਆ ਹੈ। ਇਸ ਦੇ ਨਾਲ-ਨਾਲ 2 ਏਕੜ ਵਿੱਚ ਖਰਬੂਜ਼ੇ, 1 ਏਕੜ ਵਿਚ ਤਰਬੂਜ਼ ਅਤੇ ਡੇਢ ਏਕੜ ਵਿਚ ਹੋਰ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਦੀਆਂ ਵਿਕਸਿਤ ਤਕਨੀਕਾਂ ਉਹਨਾਂ ਦੇ ਫਾਰਮ ਤੇ ਲਾਗੂ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿਚ ਤੁਪਕਾ ਸਿੰਚਾਈ, ਖਾਦ ਸਿੰਚਾਈ, ਪਲਾਸਟਿਕ ਮਲਚਿੰਗ ਅਤੇ ਨੀਵੀ ਸੁਰੰਗ ਤਕਨੀਕ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਖੇਤ 'ਤੇ ਪੈਦਾ ਕੀਤੀਆਂ ਸਟ੍ਰਾਬੈਰੀਆਂ ਸਥਾਨਕ ਮੰਡੀ ਵਿੱਚ ਉੱਚੇ ਭਾਅ 'ਤੇ ਵਿਕਦੀਆਂ ਹਨ। ਜਸਕਰਨ ਸਿੰਘ ਨੇ ਦੱਸਿਆ ਕਿ ਉਹ ਪੀ.ਏ.ਯੂ. ਦੇ ਫਲ ਵਿਗਿਆਨ ਵਿਭਾਗ ਅਤੇ ਪੰਜਾਬ ਰਾਜ ਬਾਗਬਾਨੀ ਵਿਭਾਗ ਦੇ ਮਾਹਿਰਾਂ ਨਾਲ ਨਿਰੰਤਰ ਸੰਪਰਕ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ : Modi Government ਦੇ ਰਹੀ ਹੈ Muft Bijli Yojana, ਤੁਸੀਂ ਵੀ ਲੈ ਸਕਦੇ ਹੋ ਇਸ Scheme ਦਾ ਲਾਭ, ਜਾਣੋ ਕਿਵੇਂ ਕਰਨਾ ਹੈ ਅਪਲਾਈ
ਸਟ੍ਰਾਬੈਰੀ 'ਤੇ ਵਿਸ਼ੇਸ਼ ਸਬਸਿਡੀ
ਕਿਸਾਨ ਜਸਕਰਨ ਸਿੰਘ ਦੇ ਸਟ੍ਰਾਬੈਰੀ ਫਾਰਮ 'ਤੇ ਪੰਜਾਬ ਦੇ ਵੱਖ-ਵੱਖ ਖਿੱਤਿਆਂ ਤੋਂ ਬਹੁਤ ਸਾਰੇ ਨੌਜਵਾਨ ਕਿਸਾਨ ਨਵੀਆਂ ਜਾਣਕਾਰੀਆਂ ਲੈਣ ਲਈ ਪੁੱਜਦੇ ਹਨ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੇ ਸਟ੍ਰਾਬੈਰੀ ਦੀ ਕਾਸ਼ਤ ਲਈ ਪੰਜਾਬ ਵਿੱਚ ਸਬਸਿਡੀ ਮੁਹੱਈਆ ਕਰਾਉਣ ਦੀ ਵਕਾਲਤ ਵੀ ਕੀਤੀ। ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਸਟ੍ਰਾਬੈਰੀ ਦੀ ਕਾਸ਼ਤ ਲਈ ਉਨ੍ਹਾਂ ਨੂੰ ਵਿਸ਼ੇਸ਼ ਸਬਸਿਡੀ ਹਾਸਲ ਹੋਈ। ਇਹ ਸਬਸਿਡੀ ਹੁਣ 60-65 ਹਜ਼ਾਰ ਪ੍ਰਤੀ ਹੈਕਟੇਅਰ ਤੱਕ ਹੈ ਜਿਸ ਨਾਲ ਹੋਰ ਕਿਸਾਨ ਇਸ ਕਿੱਤੇ ਵੱਲ ਅਕਰਸ਼ਿਤ ਹੋ ਰਹੇ ਹਨ।
Summary in English: Agricultural experts visited the farm of a strawberry farmer in Kavni village of District Sri Muktsar Sahib, The entire process of successful strawberry cultivation known from Jaskaran Singh