ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਟੀ ਪੀ ਸੀ, ਸਿਡਨੀ ਆਸਟਰੇਲੀਆ ਦੇ ਨਿਰਦੇਸ਼ਕ ਅਤੇ ਪੀ.ਏ.ਯੂ. ਦੇ ਸਾਬਕਾ ਅਧਿਆਪਕ ਡਾ. ਅਮਰਜੀਤ ਸਿੰਘ ਟਾਂਡਾ ਰਚਿਤ ਤਿੰਨ ਪੁਸਤਕਾਂ, ਖੇਤੀ ਨਿਰੰਤਰਤਾ ਵਿਚ ਕੀਟ ਪਰਾਗਣ ਤਕਨਾਲੋਜੀ ਵਿਚ ਨਵੀਨਤਾ, ਸਰਵਪੱਖੀ ਕੀਟ ਪ੍ਰਬੰਧਨ ਤਕਨਾਲੋਜੀ ਵਿਚ ਖੋਜਾਂ: ਨਵੀਨਤਾ ਅਤੇ ਅਪਲਾਈਡ ਪੱਖ ਅਤੇ ਖੇਤ ਫ਼ਸਲਾਂ ਦੀ ਕੀਟ ਪ੍ਰਤਿਰੋਧਕਤਾ ਵਿਚ ਮੋਲੀਕਿਊਲਰ ਖੋਜਾਂ: ਆਧੁਨਿਕ ਅਪਲਾਈਡ ਵਿਧੀਆਂ ਰਲੀਜ਼ ਹੋਈਆਂ। ਇਸ ਪੁਸਤਕ ਰਿਲੀਜ਼ ਸਮਾਰੋਹ ਵਿਚ ਨਾਂਮਵਰ ਵਿਸ਼ਵ ਭੋਜਨ ਇਨਾਮ ਜੇਤੂ ਡਾ. ਗੁਰਦੇਵ ਸਿੰਘ ਖੁਸ਼ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਤੋਂ ਇਲਾਵਾ ਯੂਨੀਵਰਸਿਟੀ ਦੇ ਅਫਸਰ ਅਤੇ ਫੈਕਲਟੀ ਮੈਂਬਰ ਸ਼ਾਮਿਲ ਸਨ।
ਖੇਤੀ ਉਦਯੋਗ ਵਿਚ ਕੀਟ-ਪਰਾਗਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਜੀ ਐੱਸ ਖੁਸ਼ ਨੇ ਕਿਹਾ ਕਿ ਫ਼ਸਲ ਉਤਪਾਦਨ ਵਿਚ ਇਹ ਤਕਨੀਕ ਵੱਡੀ ਭੂਮਿਕਾ ਨਿਭਾਉਂਦੀ ਹੈ। ਉਹਨਾਂ ਨੇ ਜਲ, ਹਵਾ ਅਤੇ ਪਸ਼ੂ ਪੌਲੀਨੇਟਰਜ਼ ਬਾਰੇ ਜਾਣਕਾਰੀ ਦਿੱਤੀ ਜੋ ਕਿ ਫ਼ਸਲ ਦੇ ਵਾਧੇ ਲਈ ਪੋਲਨ ਤਬਦੀਲ ਕਰਨ ਵਿਚ ਅਹਿਮ ਕਾਰਜ ਕਰਦੇ ਹਨ। ਡਾ. ਟਾਂਡਾ ਰਚਿਤ ਪੁਸਤਕਾਂ ਦੀ ਤਾਰੀਫ ਕਰਦਿਆਂ ਉਹਨਾਂ ਦੱਸਿਆ ਕਿ ਇਸ ਵਿਚ ਹਰ ਫ਼ਸਲ ਦੀ ਸਿਸਟੇਮੈਟਿਕ ਪਹੁੰਚ ਅਪਣਾਈ ਗਈ ਹੈ ਅਤੇ ਐਂਟਪੋਲੀਨੇਟੋਲੋਜੀ ਵਿਸ਼ੇ ਅਧੀਨ ਖੇਤੀ ਨਿਰੰਤਰਤਾ ਦੇ ਸੰਦਰਭ ਵਿਚ ਕੀਟ ਪਰਾਗਣ ਤਕਨੀਕ ਦੀਆਂ ਨਵੀਨ ਖੋਜਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਡਾ. ਟਾਂਡਾ ਦੀ ਦੂਜੀ ਪੁਸਤਕ ਸਰਵਪੱਖੀ ਕੀਟ ਪ੍ਰਬੰਧਣ ਤਕਨੀਕ ਵਿਚ ਅਤਿ ਆਧੁਨਿਕ ਖੋਜਾਂ ਦੇ ਹਵਾਲੇ ਦੇ ਕੇ ਇਸ ਵਿਸ਼ੇ ਵਿਚ ਉਪਲੱਬਧ ਸਾਹਿਤ ਦੇ ਖੱਪੇ ਨੂੰ ਪੂਰਦੀ ਹੈ। ਇਸੇ ਤਰ੍ਹਾਂ ਉਹਨਾਂ ਨੇ ਤੀਜੀ ਪੁਸਤਕ ਬਾਰੇ ਵੀ ਆਪਣੇ ਭਾਵਪੂਰਤ ਵਿਚਾਰ ਪੇਸ਼ ਕੀਤੇ।
ਵਿਗਿਆਨਕ ਸਾਹਿਤ ਦੇ ਭੰਡਾਰ ਨੂੰ ਭਰਪੂਰ ਕਰਨ ਵਾਲੀਆਂ ਇਨ੍ਹਾਂ ਪੁਸਤਕਾਂ ਦੀ ਤਾਰੀਫ ਕਰਦਿਆਂ ਡਾ. ਐੱਸ ਐੱਸ ਗੋਸਲ ਨੇ ਕਿਹਾ ਕਿ ਇਹ ਪੁਸਤਕਾਂ ਵੱਖ-ਵੱਖ ਵਿਸ਼ਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਅਤੇ ਖੇਤੀ ਦੇ ਪ੍ਰਾਚੀਨ ਅਤੇ ਆਧੁਨਿਕ ਢੰਗ ਤਰੀਕਿਆਂ ਨੂੰ ਤਸਵੀਰਾਂ, ਚਿੱਤਰਾਂ ਆਦਿ ਰਾਹੀਂ ਦਰਸਾਉਦੀਆਂ ਹਨ| ਉਨ੍ਹਾਂ ਕਿਹਾ ਕਿ ਇਹ ਪੁਸਤਕਾਂ ਨਿਸ਼ਚੈ ਹੀ ਸਾਡੇ ਵਿਗਿਆਨੀਆਂ, ਵਿਦਿਆਰਥੀਆਂ ਨੀਤੀ ਘਾੜਿਆਂ ਅਤੇ ਖੇਤੀ-ਉਦਯੋਗ ਦੇ ਪੇਸ਼ਾਵਰਾਂ ਦਾ ਮਾਰਗ ਦਰਸ਼ਨ ਕਰਨਗੀਆਂ।
ਡਾ. ਟਾਂਡਾ ਨੇ ਤਿੰਨਾਂ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪੀ.ਏ.ਯੂ. ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਡਾ. ਡੀ ਕੇ ਸ਼ਰਮਾ, ਮੁਖੀ, ਕੀਟ ਵਿਗਿਆਨ ਵਿਭਾਗ ਨੇ ਦੱਸਿਆ ਕਿ ਡਾ. ਟਾਂਡਾ ਇਕ ਸੁਪ੍ਰਸਿੱਧ ਵਿਗਿਆਨੀ ਅਤੇ ਪ੍ਰਸ਼ਾਸਕ ਹਨ, ਜਿਨ੍ਹਾਂ ਕੋਲ ਚਾਰ ਦਹਾਕੇ ਤੋਂ ਵੀ ਵੱਧ ਸਮੇਂ ਦਾ ਤਜਰਬਾ ਹੈ। ਉਹਨਾਂ ਦੱਸਿਆ ਕਿ ਡਾ. ਟਾਂਡਾ ਦੀ ਨੀਮਾਟਾਲੋਜੀ, ਕੀਟ ਵਿਗਿਆਨ, ਜੈਵਿਕ ਨਿਯੰਤਰਣ ਅਤੇ ਐਂਟੋਪੋਲੀਨੇਟਾਲੋਜੀ ਵਿਸ਼ਿਆਂ ਉੱਪਰ ਮਜ਼ਬੂਤ ਪਕੜ ਹੈ। ਉਹਨਾਂ ਦੱਸਿਆ ਕਿ ਡਾ. ਟਾਂਡਾ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਜ਼ ਵਿਚ ਪ੍ਰਕਾਸ਼ਨਾਵਾਂ ਹੋਣ ਦੇ ਨਾਲ-ਨਾਲ ਪੰਜਾਬੀ ਕਵਿਤਾ ਦੇ ਖੇਤਰ ਵਿਚ ਵੀ ਵਿਸ਼ੇਸ਼ ਸਥਾਨ ਹੈ।
ਇਹ ਵੀ ਪੜ੍ਹੋ : PAU Students ਨੇ ਕੌਮਾਂਤਰੀ ਮਹੱਤਵ ਦੀਆਂ 2 ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ
ਡਾ. ਟਾਂਡਾ ਦੀਆਂ ਇਹਨਾਂ ਪੁਸਤਕਾਂ ਤੋਂ ਇਲਾਵਾ ਇੰਜ. ਡੀ ਐੱਨ ਸਿੰਘ ਰਚਿਤ ਪੰਜਾਬੀ ਨਾਵਲ ਲ਼ਿਫਾਫਾ ਵੀ ਰਿਲੀਜ਼ ਕਰਵਾਇਆ ਗਿਆ। ਇਹ ਨਾਵਲ ਸਰਕਾਰ ਅਤੇ ਨਿੱਜੀ ਹਸਪਤਾਲਾਂ ਖਾਸ ਤੌਰ ਤੇ ਚੇਨ ਹਸਪਤਾਲਾਂ ਵੱਲੋਂ ਕਾਰਪੋਰੇਟ ਬਿਜ਼ਨੈੱਸ ਮਾਡਲ ਕਰਕੇ ਕੀਤੀ ਜਾਂਦੀ ਲੁੱਟ-ਘਸੁੱਟ ਨੂੰ ਦਰਸਾਉਂਦਾ ਹੈ। ਇਸ ਵਿਚ ਸਭ ਤੋਂ ਵਧੀਆ ਰਿਸ਼ਤਿਆਂ ਵਜੋਂ ਦੋਸਤੀ ਦੇ ਮਹੱਤਵ ਨੂੰ ਬਾਖੂਬ ਪੇਸ਼ ਕੀਤਾ ਗਿਆ ਹੈ।
ਇਸ ਮੌਕੇ ਡਾ. ਗੁਰਬਚਨ ਸਿੰਘ ਮਿਗਲਾਨੀ, ਸੁਪ੍ਰਸਿੱਧ ਜੈਨੇਟਿਸਿਸਟ ਵਲੋਂ ਡਾ. ਜੀ ਐੱਸ ਖੁਸ਼ ਨੂੰ ਆਪਣੀਆਂ ਪੁਸਤਕਾਂ ‘ਐਪੀਜੈਨੇਟੇਕਿਸ’ ਅਤੇ ‘ਐਪੀਜੀਨੋਮਿਕਸ’ ਭੇਂਟ ਕੀਤੀਆ ਗਈਆਂ। ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਡਾ. ਵਿਸ਼ਾਲ ਬੈਕਟਰ, ਐਸੋਸੀਏਟ ਡਾਇਰੈਕਟਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Agriculture books written by Dr Amarjit Singh Tanda were released