Water Saving Techniques: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਪਸਾਰ ਵਿਗਿਆਨੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਪਾਹ ਦੀ ਫਸਲ ਹੇਠ ਰਕਬਾ ਵਧਾਉਣ ਅਤੇ ਦੋਆਬਾ ਖੇਤਰ ਵਿੱਚ ਉਗਾਈਆਂ ਜਾਣ ਵਾਲੀਆਂ ਵੱਖ-ਵੱਖ ਗਰਮੀਆਂ ਦੀਆਂ ਫਸਲਾਂ ਵਿੱਚ ਕੁਸ਼ਲ ਸਿੰਚਾਈ ਜਲ ਪ੍ਰਬੰਧਨ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਬੁਲਾਇਆ ਗਿਆ।
ਪੀ.ਏ.ਯੂ. (PAU) ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਖੇਤੀ ਸਲਾਹਕਾਰ ਸੇਵਾ ਯੋਜਨਾ ਦੇ ਪਸਾਰ ਵਿਗਿਆਨੀਆਂ ਲਈ ਇੱਕ ਰੋਜ਼ਾ ਯੋਜਨਾਬੰਦੀ ਵਰਕਸ਼ਾਪ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਇਸ ਵਰਕਸ਼ਾਪ ਵਿੱਚ ਪਸਾਰ ਵਿਗਿਆਨੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਪਸਾਰ ਗਤੀਵਿਧੀਆਂ ਦੀ ਸਾਲਾਨਾ ਯੋਜਨਾਬੰਦੀ ਨੂੰ ਵਿਭਾਗਾਂ ਦੇ ਮੁਖੀਆਂ ਅਤੇ ਸਾਰੇ ਪਸਾਰ ਵਿਗਿਆਨੀਆਂ ਨਾਲ ਮਸ਼ਵਰਾ ਕਰਕੇ ਅੰਤਿਮ ਰੂਪ ਦਿੱਤਾ ਗਿਆ।
ਸਭ ਤੋਂ ਸੀਨੀਅਰ ਜ਼ਿਲ੍ਹਾ ਪਸਾਰ ਵਿਗਿਆਨੀਆਂ ਨੇ ਕਿਸਾਨ ਭਾਈਚਾਰੇ ਦੇ ਲਾਭ ਲਈ ਸਾਲ 2023-2024 ਦੌਰਾਨ ਜ਼ਿਲ੍ਹੇ ਵਿੱਚ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਸਲਾਨਾ ਕਾਰਵਾਈ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਧਿਆਨ ਦੇ ਕੇਂਦਰ ਵਿੱਚ ਸਾਉਣੀ ਅਤੇ ਹਾੜੀ ਦੋਵਾਂ ਫਸਲਾਂ ਵਿੱਚ ਸੰਯੁਕਤ ਕੀਟ ਅਤੇ ਪੌਸ਼ਟਿਕ ਤੱਤਾਂ ਦਾ ਪ੍ਰਬੰਧ ਅਤੇ ਇਸ ਤੋਂ ਇਲਾਵਾ ਸਬਜ਼ੀਆਂ, ਫਲਾਂ, ਪੌਦਿਆਂ ਦੇ ਰੋਗ ਵਿਗਿਆਨ, ਕੀਟ ਵਿਗਿਆਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਦੇ ਨਾਲ-ਨਾਲ ਸੁਰੱਖਿਆ ਤਕਨੀਕਾਂ ਦੇ ਪਸਾਰ ’ਤੇ ਜ਼ੋਰ ਦਿੱਤਾ ਗਿਆ।
ਇਹ ਵੀ ਪੜ੍ਹੋ : KVK Patiala ਵੱਲੋਂ ਕਿਸਾਨਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ
ਇਸ ਤੋਂ ਇਲਾਵਾ ਨਰਮਾ ਪੈਦਾ ਕਰਨ ਵਾਲੇ ਖੇਤਰਾਂ ਦੇ ਕਿਸਾਨਾਂ ਨੂੰ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਦੋਆਬਾ ਖੇਤਰ ਵਿੱਚ ਉਗਾਈਆਂ ਜਾਣ ਵਾਲੀਆਂ ਵੱਖ-ਵੱਖ ਗਰਮੀਆਂ ਦੀਆਂ ਫਸਲਾਂ ਵਿੱਚ ਸਿੰਚਾਈ ਦੇ ਪਾਣੀ ਦੇ ਢੁੱਕਵੇਂ ਪ੍ਰਬੰਧਨ ’ਤੇ ਜੋਰ ਦਿੱਤਾ ਗਿਆ।
ਸਮਾਪਤੀ ਸੈਸਨ ਵਿੱਚ ਡਾ. ਗੁਰਮੀਤ ਸਿੰਘ ਬੁੱਟਰ ਨੇ ਸਾਰੇ ਵਿਗਿਆਨੀਆਂ ਨੂੰ ਕਿਸਾਨਾਂ, ਕਿਸਾਨ ਔਰਤਾਂ ਅਤੇ ਪੇਂਡੂ ਨੌਜਵਾਨਾਂ ਦੀ ਭਲਾਈ ਲਈ ਇੱਕ ਟੀਮ ਵਜੋਂ ਕੰਮ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਸਾਰੀਆਂ ਤਕਨੀਕਾਂ ਨੂੰ ਕਿਸਾਨ ਭਾਈਚਾਰੇ ਵਿੱਚ ਘੱਟ ਤੋਂ ਘੱਟ ਸਮੇਂ ਵਿੱਚ ਪਹੁੰਚਾਇਆ ਜਾ ਸਕੇ।
ਇਹ ਵੀ ਪੜ੍ਹੋ : "ਮਧੂਮੱਖੀ ਪਾਲਣ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਦੁੱਗਣਾ ਵਾਧਾ ਸੰਭਵ"
ਉਨ੍ਹਾਂ ਵੱਖ-ਵੱਖ ਪਸਾਰ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਨ ਲਈ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਹਰ ਲੋੜੀਂਦੀ ਮਦਦ ਦਾ ਭਰੋਸਾ ਵੀ ਦਿੱਤਾ। ਪ੍ਰੋਗਰਾਮ ਦਾ ਸੰਚਾਲਨ ਡਾ. ਮਨੋਜ ਸਰਮਾ ਅਤੇ ਡਾ. ਸਿਮਰਜੀਤ ਕੌਰ ਨੇ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Agriculture experts promote water saving techniques in Doaba region