Kharif Season 2024: ਪੀ.ਏ.ਯੂ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿਚ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਰਿਵਿਊ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਡਾ. ਗੋਸਲ ਨੇ ਇਸ ਮੀਟਿੰਗ ਦੌਰਾਨ ਪਸਾਰ ਮਾਹਿਰਾਂ ਨੂੰ ਪਾਣੀ ਦੀ ਸੰਭਾਲ ਲਈ ਸੰਚਾਰ ਦੂਤ ਵਾਂਗ ਕਿਸਾਨਾਂ ਤੱਕ ਸੁਨੇਹਾ ਪਹੁੰਚਾਉਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਪੂਸਾ-44 ਵਰਗੀਆਂ ਵੱਧ ਪਾਣੀ ਦੀ ਖਪਤ ਕਰਨ ਵਾਲੀਆਂ ਕਿਸਮਾਂ ਦੀ ਕਾਸ਼ਤ ਤੋਂ ਗੁਰੇਜ਼ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਘੱਟ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਦੇ ਲਾਭ ਕਿਸਾਨਾਂ ਤੱਕ ਪਹੁੰਚਾਉਣੇ ਜ਼ਰੂਰੀ ਹਨ।
ਉਹਨਾਂ ਕਿਹਾ ਕਿ ਪੀ ਆਰ ਕਿਸਮਾਂ ਥੱਲੇ ਰਕਬਾ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ ਤਾਂ ਹੀ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਸੁਪਨਾ ਸਾਕਾਰ ਹੋ ਸਕੇਗਾ। ਉਹਨਾਂ ਕਿਹਾ ਕਿ ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ 2023 ਵਿਚ ਪੂਸਾ-44 ਹੇਠ ਘਟੇ ਰਕਬੇ ਕਾਰਨ ਸੂਬੇ ਨੂੰ 477 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਈ ਅਤੇ 5 ਕਿਊਸਿਕ ਪਾਣੀ ਵੀ ਬਚਿਆ, ਇਹ ਸ਼ੁਭ ਸ਼ਗਨ ਹੈ। ਇਸੇ ਦਿਸ਼ਾ ਵਿਚ ਪੀ ਆਰ 121, ਪੀ ਆਰ 126, ਪੀ ਆਰ 128 ਅਤੇ ਪੀ ਆਰ 131 ਹੇਠ ਪੰਜਾਬ ਦਾ ਝੋਨੇ ਦੀ ਕਾਸ਼ਤ ਵਾਲਾ 70 ਪ੍ਰਤੀਸ਼ਤ ਰਕਬਾ ਪਿਛਲੇ ਵਰੇ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਪੀ ਆਰ 126 ਅਤੇ ਪੀ ਆਰ 131 ਬੇਹੱਦ ਸਫਲ ਕਿਸਮਾਂ ਹਨ ਜਿਨ੍ਹਾਂ ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਜ਼ਰੂਰੀ ਹੈ। ਇਸਦੇ ਮੁਕਾਬਲੇ ਵੱਧ ਸਮਾਂ ਲੈਣ ਵਾਲੀਆਂ ਪੂਸਾ 44 ਅਤੇ ਪੀਲੀ ਪੂਸਾ ਪੰਜਾਬ ਦੇ ਧਰਤੀ ਹੇਠਲੇ ਪਾਣੀ ਲਈ ਬੇਹੱਦ ਘਾਤਕ ਕਿਸਮਾਂ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਪਾਣੀ ਦੀ ਹਰ ਬੂੰਦ ਨੂੰ ਬਚਾ ਕੇ ਭਵਿੱਖ ਦੀਆਂ ਪੀੜੀਆਂ ਦਾ ਜੀਵਨ ਸੁਰੱਖਿਅਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਗਿਆਨੀਆਂ ਨੂੰ ਕਿਹਾ ਕਿ ਪਾਣੀ ਬਚਾਉਣ ਦੇ ਨਾਲ-ਨਾਲ ਮਜ਼ਦੂਰੀ ਦੇ ਖਰਚਿਆਂ ਨੂੰ ਘਟਾਉਣ ਹਿਤ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਵਿਚ ਪ੍ਰਚਲਿਤ ਕਰਨਾ ਵੀ ਲਾਜ਼ਮੀ ਹੈ। ਉਹਨਾਂ ਕਿਹਾ ਕਿ ਪੀ ਆਰ ਕਿਸਮਾਂ ਅਤੇ ਸਿੱਧੀ ਬਿਜਾਈ ਤਕਨੀਕ ਮਿਲ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਦਿਸ਼ਾ ਵਿਚ ਮੀਲ ਪੱਥਰ ਸਾਬਿਤ ਹੋਣਗੀਆਂ। ਇਸਦੇ ਨਾਲ ਹੀ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਵੀ ਬੇਹੱਦ ਲਾਜ਼ਮੀ ਹੈ। ਡਾ. ਢੱਟ ਨੇ ਨਰਮਾ ਪੱਟੀ ਵਿਚ ਨਰਮੇ ਹੇਠ ਰਕਬਾ ਵਧਾਉਣ ਦੇ ਨਾਲ-ਨਾਲ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਅਗੇਤੀਆਂ ਸਾਵਧਾਨੀਆਂ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਮੱਕੀ ਦੀ ਸਫਲ ਕਾਸ਼ਤ ਲਈ ਫਾਲ ਆਰਮੀਵਰਮ ਦੀ ਰੋਕਥਾਮ ਦੇ ਅਗਾਊਂ ਪ੍ਰਬੰਧ ਵੀ ਜ਼ਰੂਰੀ ਹਨ।
ਇਹ ਵੀ ਪੜ੍ਹੋ : Paddy Varieties: ਕਿਸਾਨ ਵੀਰੋਂ PAU ਵੱਲੌਂ ਝੋਨੇ ਦੀਆਂ ਇਨ੍ਹਾਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਹੀ ਬੀਜੋ, ਮਿਲੇਗਾ ਵਧੀਆ ਲਾਭ
ਸਵਾਗਤੀ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਘੱਟ ਮਿਆਰ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਵਾਤਾਵਰਨ ਪੱਖੀ ਖੇਤੀ ਲਈ ਇਤਿਹਾਸਕ ਮੋੜ ਸਾਬਿਤ ਹੋਣਗੀਆਂ। ਇਸਦੇ ਨਾਲ ਹੀ ਕਿਸਾਨਾਂ ਨੂੰ ਮਜ਼ਦੂਰੀ, ਪਾਣੀ ਅਤੇ ਖਾਦਾਂ ਦੇ ਖਰਚੇ ਨੂੰ ਘਟਾਉਣ ਬਾਰੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਆਉਂਦੇ ਸਾਉਣੀ ਸੀਜ਼ਨ ਦੌਰਾਨ ਵਿਸ਼ੇਸ਼ ਤੌਰ ਤੇ ਮੋਗਾ, ਲੁਧਿਆਣਾ, ਮਾਨਸਾ, ਸੰਗਰੂਰ, ਮੁਕਤਸਰ ਸਾਹਿਬ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਪੀ ਆਰ ਕਿਸਮਾਂ ਨਾਲ ਜੋੜਨ ਦੀ ਲੋੜ ਹੈ। ਇਸਦੇ ਨਾਲ ਹੀ ਡਾ. ਭੁੱਲਰ ਨੇ ਪੌਲੀਨੈੱਟ ਹਾਲਤਾਂ ਵਿਚ ਖੀਰੇ ਦੀ ਕਾਸ਼ਤ, ਫਰੈਂਚਬੀਨ ਦੀ ਕਾਸ਼ਤ, ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਦੇ ਤਰੀਕੇ, ਕਣਕ ਵਿਚ ਮੈਂਗਨੀਜ਼ ਦੀ ਘਾਟ, ਪਰਾਲੀ ਸੰਭਾਲ ਦੀਆਂ ਤਕਨੀਕਾਂ ਅਤੇ ਸਰਫੇਸ ਸੀਡਰ ਦੀ ਵਰਤੋਂ ਸੰਬੰਧੀ ਆਏ ਸੁਝਾਵਾਂ ਦਾ ਜ਼ਿਕਰ ਵੀ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: All possible efforts to increase acreage under PR varieties for conservation of natural resources, farmers should avoid cultivation of varieties like PUSA-44: PAU