CM AWARD: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਲਈ ਇਸ ਵਰ੍ਹੇ ਦੇ ਮੁੱਖ ਮੰਤਰੀ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਹ ਪੁਰਸਕਾਰ 13 ਸਤੰਬਰ ਨੂੰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਭੇਟ ਕੀਤੇ ਜਾਣਗੇ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਵੱਲੋਂ ਵੱਖ-ਵੱਖ ਫਾਰਮਾਂ ਦਾ ਦੌਰਾ ਕੀਤਾ ਜਾਂਦਾ ਹੈ। ਦੌਰੇ ਦੌਰਾਨ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਅਗਾਂਹਵਧੂ ਕਿਸਾਨਾਂ ਦੀ ਚੋਣ ਕੀਤੀ ਜਾਂਦੀ ਹੈ।
ਸ. ਹਰਪ੍ਰੀਤ ਸਿੰਘ
ਦੱਸ ਦੇਈਏ ਕਿ ਗਾਂਵਾਂ ਪਾਲਣ ਦੀ ਸ਼੍ਰੇਣੀ ਵਿਚ ਸ. ਹਰਪ੍ਰੀਤ ਸਿੰਘ, ਪੁੱਤਰ ਸ. ਲਖਬੀਰ ਸਿੰਘ ਸੋਹਲ, ਜ਼ਿਲ੍ਹਾ ਤਰਨਤਾਰਨ ਨੂੰ ਸਨਮਾਨਿਤ ਕੀਤਾ ਜਾਏਗਾ। ਉਨ੍ਹਾਂ ਕੋਲ 145 ਗਾਂਵਾਂ ਹਨ ਤੇ ਉਨ੍ਹਾਂ ਦੇ ਫਾਰਮ ’ਤੇ ਰੋਜ਼ਾਨਾ 12.5 ਕਵਿੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਨੇ ਆਧੁਨਿਕ ਮਿਲਕਿੰਗ ਪਾਰਲਰ ਲਗਾਇਆ ਹੋਇਆ ਹੈ ਅਤੇ ਟੈਗ ਲਗਾ ਕੇ ਸਾਰੇ ਜਾਨਵਰਾਂ ਦੀ ਗਤੀਵਿਧੀ ਰਿਕਾਰਡ ਕਰਦੇ ਹਨ। ਰਹਿੰਦ-ਖੂੰਹਦ ਪ੍ਰਬੰਧਨ ਲਈ ਵੀ ਆਟੋਮੈਟਿਕ ਮਸ਼ੀਨ ਲਗਾਈ ਹੋਈ ਹੈ।
ਸ. ਗੁਰਦਰਸ਼ਨ ਸਿੰਘ ਟਿਵਾਣਾ
ਮੁਰਗੀ ਪਾਲਣ ਸ਼੍ਰੇਣੀ ਵਿਚ ਸ. ਗੁਰਦਰਸ਼ਨ ਸਿੰਘ ਟਿਵਾਣਾ, ਪੁੱਤਰ ਸ. ਮਲਕੀਤ ਸਿੰਘ, ਪਿੰਡ ਚਨਾਰਥਲ ਖੁਰਦ, ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਨੇ 2004 ਵਿਚ ਬਰਾਇਲਰ ਫਾਰਮਿੰਗ ਸ਼ੁਰੂ ਕੀਤੀ ਹੁਣ ਉਹ ਸਾਲ ਵਿਚ 60000 ਬਰਾਲਿੲਰ ਦੇ 6 ਬੈਚ ਤਿਆਰ ਕਰਦੇ ਹਨ ਯਾਨੀ 3.5 ਲੱਖ ਤੋਂ ਵੱਧ ਬਰਾਇਲਰ ਪੈਦਾ ਹੁੰਦੇ ਹਨ। ਰੋਗਾਂ ਤੋਂ ਬਚਾਉਣ ਲਈ ਉਨ੍ਹਾਂ ਨੇ ਜੈਵਿਕ ਸੁਰੱਖਿਆ ਢਾਂਚਾ ਵੀ ਲਗਾਇਆ ਹੋਇਆ ਹੈ।
ਸ਼੍ਰੀ ਕੁਲਜਸ ਰਾਏ ਅਰੋੜਾ
ਗੁਣਵੱਤਾ ਭਰਪੂਰ ਉਤਪਾਦ ਬਨਾਉਣ ਦੀ ਸ਼੍ਰੇਣੀ ਵਿਚ ਸ਼੍ਰੀ ਕੁਲਜਸ ਰਾਏ ਅਰੋੜਾ ਪੁੱਤਰ ਸ਼੍ਰੀ ਮੋਹਨ ਲਾਲ, ਵਾਸੀ ਪਿੰਡ ਵਡਾਲਾ ਵੀਰਮ, ਜ਼ਿਲ੍ਹਾ ਅੰਮ੍ਰਿਤਸਰ ਨੂੰ ਸਨਮਾਨਿਤ ਕੀਤਾ ਜਾਏਗਾ। ਉਨ੍ਹਾਂ ਨੇ 1975 ਵਿਚ 1000 ਪੰਛੀਆਂ ਨਾਲ ਮੁਰਗੀ ਪਾਲਣ ਸ਼ੁਰੂ ਕੀਤਾ ਅਤੇ 2017 ਵਿਚ ਉਨ੍ਹਾਂ ਨੇ ਆਪਣੇ ਉਤਪਾਦਾਂ ਦੀ ਪ੍ਰਾਸੈਸਿੰਗ ਸ਼ੁਰੂ ਕੀਤੀ ਜਿਸ ਵਿਚ ਉਹ ਹਰ ਮਹੀਨੇ 618 ਟਨ ਮੀਟ ਅਤੇ 49 ਟਨ ਗੁਣਵੱਤਾ ਭਰਪੂਰ ਉਤਪਾਦ ਜਿਵੇਂ ਸਾਸੇਜ਼, ਨਗਟਸ ਅਤੇ ਸੀਖ ਕਬਾਬ ਆਦਿ ਦੀ ਮੰਡੀਕਾਰੀ ਕਰਦੇ ਹਨ। ਉਨ੍ਹਾਂ ਕੋਲ 245 ਕਰਮਚਾਰੀ ਕਰਦੇ ਹਨ।
ਡਾ. ਬਰਾੜ ਨੇ ਦੱਸਿਆ ਕਿ ਪੁਰਸਕਾਰ ਵਿਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖ਼ਤੀ ਦੇ ਕੇ ਸਨਮਾਨਿਆ ਜਾਂਦਾ ਹੈ।
Summary in English: Announcement of CM Award for progressive farmers by Veterinary University