1. Home
  2. ਖਬਰਾਂ

ਕਿਸਾਨ ਮੇਲੇ 'ਚ ਸਨਮਾਨਿਤ ਹੋਣਗੇ ਇਹ Progressive Farmers

14 ਸਤੰਬਰ ਨੂੰ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪੈੜਾਂ ਸਿਰਜਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

KJ Staff
KJ Staff
ਮੁੱਖ ਮੰਤਰੀ ਪੁਰਸਕਾਰਾਂ ਦੀ ਘੋਸ਼ਣਾ

ਮੁੱਖ ਮੰਤਰੀ ਪੁਰਸਕਾਰਾਂ ਦੀ ਘੋਸ਼ਣਾ

ਪੀ.ਏ.ਯੂ. 14 ਸਤੰਬਰ ਨੂੰ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪੈੜਾਂ ਸਿਰਜਣ ਵਾਲੇ ਚਾਰ ਕਿਸਾਨ ਅਤੇ ਇੱਕ ਕਿਸਾਨ ਬੀਬੀ ਨੂੰ ਸਨਮਾਨਿਤ ਕਰਨ ਜਾ ਰਹੀ ਹੈ। ਇਸਦਾ ਪ੍ਰਗਟਾਵਾ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹਨਾਂ ਕਿਸਾਨਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਵੇਂ ਪੂਰਨੇ ਪਾਏ ਹਨ ਅਤੇ ਇਹ ਹੁਣ ਹੋਰ ਕਿਸਾਨਾਂ ਲਈ ਪ੍ਰੇਰਨਾ ਦੇ ਸਰੋਤ ਬਣ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਦੀ ਮਿਹਨਤ ਨੂੰ ਸਨਮਾਨਿਤ ਕਰਨਾ ਪੀ.ਏ.ਯੂ. ਦਾ ਆਪਣਾ ਸਨਮਾਨ ਹੈ।

ਪ੍ਰਵਾਸੀ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਸ. ਪਰਮਜੀਤ ਸਿੰਘ ਪਿੰਡ ਬੁੱਕਣ ਵਿਖੇ ਨਗਰ (ਬਾਹਮਣ ਵਾਲਾ) ਬਲਾਕ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਦਾ ਅਗਾਂਹਵਧੂ ਕਿਸਾਨ ਹੈ ਜੋ 20 ਏਕੜ ਆਪਣੇ ਅਤੇ 15 ਏਕੜ ਠੇਕੇ ਤੇ ਲੈ ਕੇ ਕੁੱਲ 35 ਏਕੜ ਜ਼ਮੀਨ ਵਿਚ ਪਿਛਲੇ 16 ਸਾਲਾਂ ਤੋਂ ਵਿਗਿਆਨਕ ਲੀਹਾਂ ਤੇ ਖੇਤੀ ਕਰ ਰਿਹਾ ਹੈ। ਕੇ.ਵੀ.ਕੇ. ਫਰੀਦਕੋਟ ਤੋਂ ਸਿਖਲਾਈ ਹਾਸਲ ਕਰਕੇ ਸਬਜ਼ੀਆਂ, ਮਾਲਟਾ, ਆਲੂਬੁਖਾਰਾ ਅਤੇ ਜਾਮਨ ਆਦਿ ਦੀ ਜੈਵਿਕ ਕਾਸ਼ਤ ਕਰਨ ਵਾਲਾ ਪਰਮਜੀਤ ਖੇਤੀ ਵੰਨ-ਸੁਵੰਨਤਾ ਵਿਚ ਉੱਘਾ ਯੋਗਦਾਨ ਪਾ ਰਿਹਾ ਹੈ।

ਇਸ ਵਾਰ ਸ. ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਸ. ਅੰਮ੍ਰਿਤ ਸਿੰਘ, ਪਿੰਡ ਧਨੇਠਾ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ ਨੂੰ ਦਿੱਤਾ ਜਾ ਰਿਹਾ ਹੈ। ਉਹ ਹਾੜ੍ਹੀ ਦੇ ਵਿਚ ਪਿਆਜ਼, ਬੈਂਗਣ, ਖੀਰਾ ਅਤੇ ਘੀਆ ਕੱਦੂ ਦੀ ਕਾਸ਼ਤ ਕਰਦਾ ਹੈ ਅਤੇ ਸਾਉਣੀ ਦੇ ਵਿਚ ਮਿਰਚਾਂ, ਸ਼ਿਮਲਾ ਮਿਰਚਾਂ ਅਤੇ ਫਰਾਂਸਬੀਨ ਉਸਦੀਆਂ ਮੁੱਖ ਸਬਜ਼ੀਆਂ ਹੁੰਦੀਆਂ ਹਨ। ਸਬਜ਼ੀਆਂ ਨੂੰ ਜੰਗਲੀ ਜਾਨਵਰਾਂ ਦੇ ਨੁਕਸਾਨ ਤੋਂ ਬਚਾਉਣ ਲਈ ਆਪਣੇ ਖੇਤ ਦੇ ਆਲੇ-ਦੁਆਲੇ ਬਿਜਲਈ ਝਟਕਾ ਤਾਰ ਦੀ ਵਰਤੋਂ ਕਰਦਾ ਹੈ। ਪਿਆਜ਼ਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਪਲਾਸਟਿਕ ਮਲਚ ਵਰਤੋਂ ਵਿਚ ਲਿਆਉਂਦਾ ਹੈ, ਵਧੇਰੇ ਮੁੱਲ ਪਾਉਣ ਦੇ ਲਈ ਆਫ ਸੀਜ਼ਨ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ।

ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਜੇਤੂ ਸ. ਨਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪਟਿਆਲਾ ਦੀ ਨਾਭਾ ਤਹਿਸੀਲ ਦੇ ਪਿੰਡ ਦਿਤੂਪੁਰ, ਡਾਕਖਾਨਾ ਡਕੌਂਦਾ ਦਾ 50 ਸਾਲਾ ਕਿਸਾਨ ਹੈ। ਪਿਛਲੇ 25 ਸਾਲਾਂ ਤੋਂ ਇਹ ਕਿਸਾਨ ਖੇਤ ਫਸਲਾਂ ਦੀ ਕਾਸ਼ਤ ਨਾਲ ਜੁੜ ਕੇ ਵਿਗਿਆਨਕ ਤਰੀਕਿਆਂ ਨਾਲ ਆਪਣੇ ਕਾਰਜ ਨੂੰ ਕਰ ਰਿਹਾ ਹੈ। ਇਸ ਕਿਸਾਨ ਨੇ ਖੇਤੀ ਦੀ ਉਪਜ ਅਤੇ ਵਾਤਾਵਰਣ ਦੀ ਸੰਭਾਲ ਵਿਚਕਾਰ ਸੂਝਮਈ ਸੁਮੇਲ ਸਥਾਪਿਤ ਕੀਤਾ ਹੈ। 2007 ਤੋਂ ਬਾਅਦ ਪਰਾਲੀ ਨੂੰ ਬਿਨਾਂ ਅੱਗ ਲਾਏ ਖੇਤ ਵਿਚ ਸੰਭਾਲਣ ਦੇ ਨਾਲ-ਨਾਲ ਪਿਛਲੇ ਸੱਤ ਸਾਲਾਂ ਤੋਂ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ : 14 ਅਤੇ 15 ਸਤੰਬਰ ਨੂੰ ‘ਪਸ਼ੂ ਪਾਲਣ ਮੇਲਾ’

ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਸ. ਸੁਖਪਾਲ ਸਿੰਘ ਜ਼ਿਲ੍ਹਾ ਮਾਨਸਾ ਦੇ ਭੀਖੀ ਬਲਾਕ ਦੇ ਪਿੰਡ ਮੌਜੋ ਖੁਰਦ ਦਾ 30 ਸਾਲਾ ਨੌਜਵਾਨ ਨੂੰ ਦਿੱਤਾ ਜਾ ਰਿਹਾ ਹੈ। ਉਸਨੇ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਤੋਂ ਸ਼ਹਿਦ ਮੱਖੀ ਪਾਲਣ ਅਤੇ ਸਬਜ਼ੀਆਂ ਦੀ ਪਨੀਰੀ ਉਤਪਾਦਨ ਬਾਰੇ ਸਿਖਲਾਈ ਲਈ ਅਤੇ ਸਬਜ਼ੀਆਂ ਦੀ ਕਾਸ਼ਤ ਦਾ ਫੈਸਲਾ ਕੀਤਾ।

ਸ. ਸੁਖਪਾਲ ਸਿੰਘ ਗਰਮੀਆਂ ਦੀ ਰੁੱਤੇ ਚੌਲੇ, ਕੱਦੂ, ਤੋਰੀ, ਪੇਠਾ, ਮਿਰਚ, ਟਮਾਟਰ, ਭਿੰਡੀ ਅਤੇ ਬੈਂਗਣ ਦੀ ਕਾਸ਼ਤ ਕਰਦਾ ਹੈ ਅਤੇ ਸਰਦ ਰੁੱਤ ਦੀਆਂ ਸਬਜ਼ੀਆਂ ਵਿਚ ਗਾਜਰ, ਪਾਲਕ, ਮੂਲੀ, ਅਗੇਤੀ ਅਤੇ ਪਿਛੇਤੀ ਗੋਭੀ, ਸਰ੍ਹੋਂ ਦਾ ਸਾਗ, ਧਨੀਆਂ, ਬੰਦ ਗੋਭੀ ਅਤੇ ਸ਼ਲਗਮ ਬੀਜਦਾ ਹੈ। ਸਹਾਇਕ ਕਿੱਤੇ ਦੇ ਤੌਰ ਤੇ ਉਸਨੇ ਸ਼ਹਿਦ ਮੱਖੀ ਪਾਲਣ ਦੇ 50 ਬਕਸੇ ਆਪਣੇ ਫਾਰਮ ਦੇ ਰੱਖੇ ਹੋਏ ਹਨ। ਇਸ ਤੋਂ ਇਲਾਵਾ ਸੁਖਪਾਲ ਸਿੰਘ ਦੇ ਫਾਰਮ ਤੇ ਆਨ-ਫਾਰਮ ਕੋਲਡ ਰੂਮ ਰਾਹੀਂ ਸਬਜ਼ੀਆ ਨੂੰ ਸਟੋਰ ਕਰਕੇ ਖੁਦ ਉਹਨਾਂ ਨੂੰ ਵੇਚਿਆ ਜਾਂਦਾ ਹੈ।

ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਬੀਬੀ ਗੁਰਬੀਰ ਕੌਰ ਪਿੰਡ ਝੰਡੇਵਾਲਾ ਡਾਕਖਾਨਾ ਬੁੱਧ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੀ 48 ਵਰ੍ਹਿਆਂ ਦੀ ਇੱਕ ਸਫਲ ਅਤੇ ਤਜਰਬੇਕਾਰ ਕਿਸਾਨ ਬੀਬੀ ਨੂੰ ਦਿੱਤਾ ਜਾ ਰਿਹਾ ਹੈ। ਉਹ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਬਹੁਤ ਹੀ ਸੁਚੱਜੇ ਅਤੇ ਆਧੁਨਿਕ ਤਰੀਕੇ ਨਾਲ ਕਰਦੀ ਹੈ| ਉਸ ਕੋਲ ਖੇਤੀ ਅਤੇ ਖੇਤੀ ਅਧਾਰਿਤ ਕਿੱਤਿਆਂ ਦਾ 15 ਸਾਲਾਂ ਦਾ ਤਜ਼ਰਬਾ ਹੈ ਅਤੇ ਉਸ ਨੇ ਡੇਅਰੀ ਸੰਬੰਧੀ ਸਿਖਲਾਈ ਵੀ ਹਾਸਿਲ ਕੀਤੀ ਹੋਈ ਹੈ। ਬੀਬੀ ਗੁਰਬੀਰ ਕੌਰ ਜੋ ਕਿ ਇੱਕ ਪੜ੍ਹੀ ਲਿਖੀ ਔਰਤ ਹੈ ਅਤੇ ਪੀਏਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਨਵੇਂ ਤਕਨੀਕੀ ਢੰਗ ਅਪਣਾ ਕੇ ਖੇਤੀ ਕਰਦੀ ਹੈ।

ਇਹ ਵੀ ਪੜ੍ਹੋ:ਕਿਸਾਨ ਵੀਰੋਂ! ਕਿਸਾਨ ਮੇਲੇ ਜਾਣਾ ਨਾ ਭੁੱਲਿਓ

ਫਾਈਲ ਫੋਟੋ

ਫਾਈਲ ਫੋਟੋ

ਭਾਈ ਬਾਬੂ ਸਿੰਘ ਬਰਾੜ ਬੈਸਟ ਛੱਪੜ ਐਵਾਰਡ ਇਸ ਵਾਰ ਪਿੰਡ ਕਲ੍ਹਾ ਬਲਾਕ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਦੇ ਹਿੱਸੇ ਆ ਰਿਹਾ ਹੈ। ਇਸ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਡੇਢ ਏਕੜ ਰਕਬੇ ਵਿਚ ਬਣਿਆ 13 ਫੁੱਟ ਡੂੰਘਾ ਛੱਪੜ ਝੀਲ ਦਾ ਨਜ਼ਾਰਾ ਪੇਸ਼ ਕਰਦਾ ਹੈ, ਜਿਸਨੂੰ ਦੇਖਣ ਲਈ ਦੂਰੋ-ਦੂਰੋਂ ਲੋਕ ਆਉਂਦੇ ਹਨ। ਪਿੰਡ ਦੀ ਸਰਪੰਚ ਸ੍ਰੀਮਤੀ ਗੁਰ ਸਿਮਰਤਪਾਲ ਕੌਰ ਪਤਨੀ ਸ. ਬਲਦੇਵ ਸਿੰਘ ਦੀ ਦੂਰ ਅੰਦੇਸ਼ੀ ਸਦਕਾ ਛੱਪੜ ਤੋਂ ਝੀਲ ਬਣੀ ਇਹ ਸੈਰਗਾਹ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾ ਨੂੰ ਆਪਣੇ ਵੱਲ ਖਿੱਚ ਪਾਉਂਦੀ ਹੈ।

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਲਈ ਇਸ ਵਰ੍ਹੇ ਦੇ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ।ਇਹ ਪੁਰਸਕਾਰ 14 ਸਤੰਬਰ ਨੂੰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਭੇਟ ਕੀਤੇ ਜਾਣਗੇ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਤਿੰਨ ਸ਼੍ਰੇਣੀਆਂ ਦੇ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਹੈ। ਇਹ ਪੁਰਸਕਾਰ ਗਾਂਵਾਂ ਦੇ ਡੇਅਰੀ ਫਾਰਮ, ਮੁਰਗੀ ਪਾਲਣ ਅਤੇ ਪਸ਼ੂਧਨ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਉਤਪਾਦਨ ਕਰਨ ਦੀ ਸ਼੍ਰੇਣੀ ਵਿਚ ਦਿੱਤੇ ਜਾਣਗੇ।

ਇਹ ਵੀ ਪੜ੍ਹੋ: Surface Seeder Machine ਦਾ ਉਤਪਾਦਨ ਕਰਨ ਲਈ 4 ਫਰਮਾਂ ਨੂੰ ਲਾਈਸਿੰਸ ਜਾਰੀ

ਫਾਈਲ ਫੋਟੋ

ਫਾਈਲ ਫੋਟੋ

ਅੰਤਿਮ ਨਿਰਣੇ ਦੇ ਮੁਤਾਬਿਕ ਸ. ਰਣਜੀਤ ਸਿੰਘ ਸੋਹੀ, ਪੁੱਤਰ ਸ. ਸੁਖਪਾਲ ਸਿੰਘ, ਪਿੰਡ ਲੰਗਿਆਣਾ ਪੁਰਾਣਾ, ਜ਼ਿਲ੍ਹਾ ਮੋਗਾ ਨੂੰ ਗਾਂਵਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਇਨਾਮ ਦਿੱਤਾ ਜਾਵੇਗਾ। ਅੱਜ ਉਨ੍ਹਾਂ ਕੋਲ 235 ਪਸ਼ੂ ਹਨ।ਜਿਨ੍ਹਾਂ ਵਿਚੋਂ ਦੁੱਧ ਦੇਣ ਵਾਲੀਆਂ ਗਾਂਵਾਂ 25 ਕਵਿੰਟਲ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ।ਇਸ ਫਾਰਮ ਦੀ ਇਕ ਗਾਂ ਨੇ ਵੱਧ ਤੋਂ ਵੱਧ 60 ਲਿਟਰ ਦੁੱਧ ਵੀ ਪੈਦਾ ਕੀਤਾ ਹੈ।ਇਨ੍ਹਾਂ ਨੇ ਆਧੁਨਿਕ ਦੁੱਧ ਚੁਆਈ ਪਾਰਲਰ, ਆਰਾਮਦਾਇਕ ਤੇ ਹਵਾਦਾਰ ਸ਼ੈਡ ਤੇ ਮਲ-ਮੂਤਰ ਦੀ ਸਫਾਈ ਲਈ ਸਵੈਚਲਿਤ ਸਫਾਈ ਮਸ਼ੀਨ ਲਗਾਈ ਹੋਈ ਹੈ। ਸਾਰੇ ਪਸ਼ੂਆਂ ਦੀ ਟੈਗ ਨਾਲ ਨਿਗਰਾਨੀ ਰੱਖੀ ਜਾਂਦੀ ਹੈ।

ਮੁਰਗੀ ਪਾਲਣ ਦੇ ਖੇਤਰ ਵਿਚ ਪਿੰਡ ਥੂਹੀ, ਜ਼ਿਲ੍ਹਾ ਪਟਿਆਲਾ ਦੇ ਸ਼੍ਰੀ. ਰਿਸ਼ੀ ਪਾਲ ਪੁੱਤਰ ਸ਼੍ਰੀ ਬਨਾਰਸੀ ਦਾਸ ਨੂੰ ਸਨਮਾਨਿਤ ਕੀਤਾ ਜਾਵੇਗਾ।ਸੰਨ 2003 ਵਿੱਚ ਉਨ੍ਹਾਂ ਨੇ ਮੁਰਗੀਆਂ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਤੇ ਇਸ ਵੇਲੇ ਇਨਾਂ ਕੋਲ 6.5 ਲੱਖ ਮੁਰਗੀਆਂ ਹਨ, ਜਿਸ ਤੋਂ ਇਹ ਰੋਜ਼ 5.5 ਲੱਖ ਆਂਡਿਆਂ ਦਾ ਉਤਪਾਦਨ ਲੈ ਰਹੇ ਹਨ।ਉਹ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਿਕ ਆਪਣਾ ਫਾਰਮ ਚਲਾ ਰਹੇ ਹਨ।ਮੁਰਗੀਖਾਨੇ ਵਿਚ ਆਪਣੀ ਤਿਆਰ ਕੀਤੀ ਫੀਡ ਹੀ ਵਰਤਦੇ ਹਨ ਅਤੇ ਇਨ੍ਹਾਂ ਨੇ ਪਿੰਜਰਾ ਵਿਧੀ ਅਪਣਾਅ ਕੇ ਆਪਣਾ ਸ਼ੈਡ ਤਿਆਰ ਕੀਤਾ ਹੈ।

ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਉਸ ਕਿੱਤੇ ਵਿਚ ਸਫਲਤਾ ਪ੍ਰਾਪਤ ਕਰਨ ਸੰਬੰਧੀ ਇਨਾਮ ਦੋ ਜੇਤੂਆਂ ਨੂੰ ਦਿੱਤਾ ਜਾ ਰਿਹਾ ਹੈ। ਸ. ਗੁਰਬਚਨ ਸਿੰਘ, ਪੁੱਤਰ ਸ. ਕੇਹਰ ਸਿੰਘ, ਪਿੰਡ, ਬੁਰਜ ਦੇਵਾ ਸਿੰਘ, ਜ਼ਿਲ੍ਹਾ ਤਰਨ ਤਾਰਨ ਅਤੇ ਦੂਸਰਾ ਸ. ਪੁਸ਼ਪਿੰਦਰ ਸਿੰਘ ਸਿੱਧੂ ਪੁੱਤਰ ਸ. ਹਾਕਮ ਸਿੰਘ ਸਿੱਧੂ, ਪਿੰਡ ਬਨਵਾਲਾ ਹੰਨਵੰਤਾ, ਜ਼ਿਲ੍ਹਾ ਫ਼ਾਜ਼ਿਲਕਾ ਨੂੰ ਦਿੱਤਾ ਜਾਵੇਗਾ। ਇਹ ਦੋਵੇਂ ਕਿਸਾਨ ਘਿਓ, ਪਨੀਰ, ਦਹੀ, ਆਈਸ ਕ੍ਰੀਮ ਅਤੇ ਹੋਰ ਕਈ ਉਤਪਾਦ ਤਿਆਰ ਕਰਦੇ ਹਨ। ਇਹ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਫੂਡ ਪ੍ਰਾਸੈਸਿੰਗ ਅਦਾਰਿਆਂ ਅਤੇ ਉਦਯੋਗ ਨਾਲ ਵੀ ਜੁੜੇ ਹੋਏ ਹਨ। ਡਾ. ਬਰਾੜ ਨੇ ਦੱਸਿਆ ਕਿ ਪੁਰਸਕਾਰ ਵਿੱਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ।

ਸਰੋਤ: ਇਹ ਜਾਣਕਾਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਤੋਂ ਮਿਲੀ ਹੈ।

Summary in English: Announcement of CM Awards for Progressive Farmers

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters