Workshop at GADVASU: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਲਈ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਅਦਾਰੇ ਅਟਾਰੀ ਦੇ ਸਹਿਯੋਗ ਨਾਲ ‘ਬਿਹਤਰ ਕਵਾਲਿਟੀ ਦੁੱਧ ਉਤਪਾਦਨ’ ਵਿਸ਼ੇ ’ਤੇ ਕਾਰਜਸ਼ਾਲਾ ਕਰਵਾਈ ਗਈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਤੀਭਾਗੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਡੇਅਰੀ ਵਿਭਾਗ ਦੇ ਅਧਿਕਾਰੀਆਂ ਨੇ ਦੁੱਧ ਕ੍ਰਾਂਤੀ ਸੰਬੰਧੀ ਕਿਸਾਨਾਂ ਦੀ ਸਮਰੱਥਾ ਉਸਾਰੀ ਹਿਤ ਬਹੁਤ ਵਡਮੁੱਲਾ ਯੋਗਦਾਨ ਪਾਇਆ ਹੈ। ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦੁੱਧ ਦੀ ਕਵਾਲਿਟੀ ਬਿਹਤਰ ਕਰਨ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਬਹੁਤ ਲੋੜ ਹੈ।
ਸ. ਕਸ਼ਮੀਰ ਸਿੰਘ, ਸੰਯੁਕਤ ਨਿਰਦੇਸ਼ਕ ਡੇਅਰੀ ਵਿਭਾਗ ਨੇ ਇਸ ਕਾਰਜਸ਼ਾਲਾ ਦੇ ਆਯੋਜਨ ਲਈ ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਇਸ ਕਾਰਜਸ਼ਾਲਾ ’ਚੋਂ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਤਜਰਬੇ ਨੂੰ ਗ੍ਰਹਿਣ ਕਰਕੇ ਕਿਸਾਨਾਂ ਨਾਲ ਸਾਂਝਿਆਂ ਕਰਨਗੇ।
ਇਹ ਵੀ ਪੜ੍ਹੋ : ਵਿਗਿਆਨਕ ਲੀਹਾਂ 'ਤੇ ਮੁਰਗੀ ਪਾਲਣ ਨਾਲ ਵਧੀਆ ਉਤਪਾਦਕਤਾ, ਕਿਸਾਨ ਇਨ੍ਹਾਂ ਨੰਬਰਾਂ ਤੋਂ ਲੈਣ ਸਲਾਹ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਕਾਰਜਸ਼ਾਲਾ ਦੇ ਮੁੱਖ ਮਹਿਮਾਨ ਨੇ ਕਿਹਾ ਕਿ ਪਸਾਰ ਸਿੱਖਿਆ ਦੇ ਮਾਧਿਅਮ ਰਾਹੀਂ ਕਿਸਾਨਾਂ ਦਾ ਗਿਆਨ ਵਧਾ ਕੇ ਉਨ੍ਹਾਂ ਦੀ ਆਮਦਨ ਨੂੰ ਉਪਰ ਚੁੱਕਣਾ ਸਮੇਂ ਦੀ ਮੰਗ ਹੈ। ਖੇਤਰ ਵਿਚ ਕੰਮ ਕਰਦੇ ਅਧਿਕਾਰੀਆਂ ਨੂੰ ਨਵਾਂ ਗਿਆਨ ਤੇ ਹੁਨਰ ਹਾਸਿਲ ਕਰਨ ਲਈ ਲਗਾਤਾਰ ਵਿਗਿਆਨੀਆਂ ਦੇ ਸੰਪਰਕ ਵਿਚ ਰਹਿਣਾ ਲੋੜੀਂਦਾ ਹੈ।
ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਖ਼ਪਤਕਾਰ, ਭੋਜਨ ਸੁਰੱਖਿਆ ਸੰਬੰਧੀ ਜਾਗਰੂਕ ਹੋ ਰਿਹਾ ਹੈ ਉਸੇ ਢੰਗ ਨਾਲ ਸਾਡੇ ਕਿਸਾਨਾਂ ਨੂੰ ਵੀ ਦੁੱਧ ਦੀ ਕਵਾਲਿਟੀ ਨੂੰ ਬਿਹਤਰ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਵਿਖੇ ਹੋਈ ਪਸ਼ੂਆਂ ਦੀਆਂ ਬਿਮਾਰੀਆਂ ਸੰਬੰਧੀ ਰਾਸ਼ਟਰੀ ਵਰਕਸ਼ਾਪ ਤੇ ਬ੍ਰੇਨਸਟਾਰਮਿੰਗ
ਡਾ. ਰਵਿੰਦਰ ਸਿੰਘ ਗਰੇਵਾਲ ਨੇ ਚਾਰੇ ਨੂੰ ਸੰਭਾਲਣ ਦੀ ਮਹੱਤਤਾ ਦੀ ਗੱਲ ਕਰਦਿਆਂ ਚਾਰਿਆਂ ਦਾ ਅਚਾਰ ਅਤੇ ਹੇਅ ਬਨਾਉਣ ਦੀਆਂ ਢੁੱਕਵੀਆਂ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਜਸਪਾਲ ਸਿੰਘ ਹੁੰਦਲ ਨੇ ਪਸ਼ੂ ਕਿੱਤਿਆਂ ਵਿਚ ਪਰਾਲੀ ਦੀ ਵਰਤੋਂ ਬਾਰੇ ਚਾਨਣਾ ਪਾਇਆ।
ਡਾ. ਪਰਮਿੰਦਰ ਸਿੰਘ ਨੇ ਫੀਡ ਨਿਰਮਾਣ ਸੰਬੰਧੀ ਨੇਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਰੇਖਾ ਚਾਵਲਾ ਅਤੇ ਡਾ. ਵੀਨਸ ਬਾਂਸਲ ਨੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੇ ਫਾਇਦਿਆਂ ਅਤੇ ਦੁੱਧ ਦੀ ਮਿਲਾਵਟ ਸੰਬੰਧੀ ਸੁਚੇਤ ਕੀਤਾ। ਇਸ ਕਾਰਜਸ਼ਾਲਾ ਦਾ ਸੰਯੋਜਨ, ਡਾ. ਜਸਵਿੰਦਰ ਸਿੰਘ ਅਤੇ ਡਾ. ਅਰੁਣਬੀਰ ਸਿੰਘ ਨੇ ਕੀਤਾ।
Summary in English: Better Quality Milk Production Time Needed for Development of Dairy Industry: GADVASU