PAU Kisan Club: ਪੀ.ਏ.ਯੂ. ਕਿਸਾਨ ਕਲੱਬ ਨੇ ਅੱਜ ਸਕਿੱਲ ਡਵੈਲਪਮੈਂਟ ਸੈਂਟਰ ਵਿਖੇ ਕਲੱਬ ਦੇ ਮੈਂਬਰਾਂ ਲਈ ਆਪਣੇ ਮਹੀਨਾਵਾਰ ਸਿਖਲਾਈ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ। ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਹੇਠ ਲਗਾਏ ਗਏ ਇਸ ਸਿਖਲਾਈ ਕੈਂਪ ਵਿੱਚ ਕੁੱਲ 75 ਕਿਸਾਨ ਮੈਂਬਰ ਸ਼ਾਮਿਲ ਹੋਏ।
ਕੀਟ ਵਿਗਿਆਨੀ ਡਾ. ਰਵਿੰਦਰ ਸਿੰਘ ਚੰਦੀ ਨੇ ਹਾੜੀ ਦੀਆਂ ਫਸਲਾਂ ਵਿੱਚ ਕੀਟ ਪ੍ਰਬੰਧਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਵਿੱਚ ਆਉਣ ਵਾਲੇ ਵੱਖ-ਵੱਖ ਕੀੜੇ-ਮਕੌੜਿਆਂ, ਸੁੰਡੀਆਂ ਅਤੇ ਉਨ੍ਹਾਂ ਦੀ ਢੁਕਵੀਂ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਫਲ਼ ਵਿਗਿਆਨ ਤੋਂ ਡਾ. ਗੁਰਤੇਗ ਸਿੰਘ ਨੇ ਕਿਸਾਨਾਂ ਨੂੰ ਫਲਾਂ ਦੇ ਬੂਟਿਆਂ ਦੀ ਵਿਓਂਤਬੰਦੀ ਅਤੇ ਕਾਂਟ ਛਾਂਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਫਲਾਂ ਦੇ ਬੂਟਿਆਂ ਦੀ ਸਾਂਭ-ਸੰਭਾਲ ਅਤੇ ਵੱਧ ਝਾੜ ਲੈਣ ਦੇ ਗੁਰ ਦੱਸੇ।
ਜੰਗਲਾਤ ਅਤੇ ਕੁਦਰਤੀ ਸਰੋਤਾਂ ਦੇ ਵਿਭਾਗ ਤੋਂ ਡਾ. ਅਰਸ਼ਪ੍ਰੀਤ ਕੌਰ ਨੇ ਵਣ ਖੇਤੀ ਦੇ ਨਾਲ ਬੀਜਣ ਵਾਲੀਆਂ ਫਸਲ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਪਾਪਲਰ ਅਤੇ ਸਫੈਦੇ ਲਗਾਉਣ ਦਾ ਸਹੀ ਸਮਾਂ, ਫਾਸਲਾਂ, ਦਿਸ਼ਾ ਅਤੇ ਵਿਧੀ ਤੋਂ ਜਾਣੂ ਕਰਵਾਇਆ। ਸਬਜ਼ੀ ਵਿਗਿਆਨ ਵਿਭਾਗ ਤੋਂ ਡਾ. ਜ਼ੀਫਨਵੀਰ ਸਿੰਘ ਖੋਸਾ ਨੇ ਕਿਸਾਨਾਂ ਨਾਲ ਪਿਆਜ਼ ਦੇ ਬੀਜ਼ ਉਤਪਾਦਨ ਬਾਰੇ ਵਿਸ਼ੇਸ ਚਰਚਾ ਕੀਤੀ।ਉਨ੍ਹਾਂ ਨੇ ਕਿਸਾਨਾਂ ਨੂੰ ਪਿਆਜ਼ ਦੀਆਂ ਪੀਏਯੂ ਵਲੋਂ ਸਿਫਾਰਸ਼ ਵੱਖ-ਵੱਖ ਕਿਸਮਾਂ ਅਤੇ ਪਨੀਰੀ ਬੀਜਣ ਤੋਂ ਲੇ ਕੇ ਪੁਟਾਈ ਤੋਂ ਜਾਣੂੰ ਕਰਵਾਇਆ। ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਤੋਂ ਡਾ. ਸੁਰਿੰਦਰ ਕੌਰ ਸੰਧੂ ਨੇ ਕਿਸਾਨਾਂ ਨੂੰ ਮੱਕੀ ਦੀਆਂ ਪੀਏਯੂ ਵਲੋਂ ਸਿਫਾਰਸ਼ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੱਕੀ ਵਿੱਚਲੇ ਪੌਸ਼ਟਿਕ ਤੱਤਾਂ ਤੋਂ ਕਿਸਾਨਾਂ ਤੋਂ ਜਾਣੂੰ ਕਰਵਾਇਆ ਅਤੇ ਕਿਸਾਨਾਂ ਨੂੰ ਬਾਕੀ ਫਸਲਾਂ ਦੇ ਨਾਲ-ਨਾਲ ਮੱਕੀ ਲਗਾਉਣ ਦੀ ਵੀ ਸਲਾਹ ਦਿੱਤੀ।
ਪੀਏਯੂ ਦੇ ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਪੀਏਯੂ ਕਿਸਾਨ ਕਲੱਬ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਡਾ. ਗੋਸਲ ਨੇ ਕਲੱਬ ਦੇ ਮੈਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਡਾ. ਗੋਸਲ ਨੇ ਕਿਹਾ ਕਿ ਕਿਸਾਨ ਪੀਏਯੂ ਦੀ ਜੀਵਨ ਰੇਖਾ ਹਨ ਅਤੇ ਇਹ ਉਨ੍ਹਾਂ ਦੇ ਲੰਬੇ ਸਮੇਂ ਤੋਂ ਪੀਏਯੂ ਉੱਪਰ ਭਰੋਸੇ ਨੇ ਕਿਸਾਨੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਨਾਲ ਹੀ ਕਲੱਬ ਨੇ ਸੂਬੇ ਵਿਚ ਅਗਾਂਹਵਧੂ ਖੇਤੀ ਦਾ ਰਾਹ ਪੱਧਰਾ ਕੀਤਾ ਹੈ। ਇਸ ਯੂਨੀਵਰਸਿਟੀ ਵਲੋਂ ਸਿਫਾਰਿਸ਼ ਤਕਨੀਕਾਂ ਨੂੰ ਕਿਸਾਨਾਂ ਤਕ ਪੁਚਾਇਆ ਹੈ।
ਇਹ ਵੀ ਪੜ੍ਹੋ: ਕੀ ਪੰਜਾਬ ਦੇ ਖ਼ੇਤੀਬਾੜੀ ਵਿਸੇ਼ ਦੇ ਅਧਿਆਪਕ ਪਿੰਡਾਂ 'ਚ ਸਵੈ-ਰੁਜ਼ਗਾਰਰ ਪ੍ਰਬੰਧ ਤੇ ਸਕੂਲਾਂ ਤੋਂ ਵਿਦੇਸ਼ਾਂ ਨੂੰ ਭੱਜਦੀ ਪੀੜ੍ਹੀ ਨੂੰ ਠੱਲ੍ਹ ਪਾ ਸਕਦੇ ਹਨ?
ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ ਸਕਿੱਲ ਡਵੈਲਪਮੈਂਟ ਮੌਜੂਦ ਰਹੇ। ਕਲੱਬ ਦੇ ਸਕੱਤਰ ਸ. ਸਤਵੀਰ ਸਿੰਘ ਨੇ ਮਾਹਰਾਂ ਅਤੇ ਕਲੱਬ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਕਲੱਬ ਦੇ ਪ੍ਰਧਾਨ ਸ. ਮਨਪ੍ਰੀਤ ਗਰੇਵਾਲ ਨੇ ਅੰਤ ਵਿਚ ਧੰਨਵਾਦ ਕੀਤਾ। ਸੰਚਾਰ ਕੇਂਦਰ ਦੇ ਸ੍ਰੀ ਵਰਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸਮੁੱਚਾ ਸਮਾਗਮ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਡਾ. ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।
Summary in English: Calendar of PAU Kisan Club released by Vice Chancellor Dr. Stabir Singh Gosal