1. Home
  2. ਖਬਰਾਂ

ਚੂਚਿਆਂ ਦੀ ਕਵਾਲਿਟੀ ਅਤੇ ਸਿਹਤ ਸੰਬੰਧੀ ਜਾਣਕਾਰੀ ਜ਼ਰੂਰੀ: ਵੈਟਨਰੀ ਮਾਹਿਰ

ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਇੰਡੀਪੈਂਡੈਂਟ ਪੋਲਟਰੀ ਐਸੋਸੀਏਸ਼ਨ (ਆਈਪੀਏ) ਦੇ ਮਾਸਿਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।

Gurpreet Kaur Virk
Gurpreet Kaur Virk
ਮਾਸਿਕ ਸੈਮੀਨਾਰ ਦਾ ਪ੍ਰਬੰਧ

ਮਾਸਿਕ ਸੈਮੀਨਾਰ ਦਾ ਪ੍ਰਬੰਧ

Veterinary Experts: ਕਿਸੇ ਹੈਚਰੀ ਤੋਂ ਚੂਚਿਆਂ ਦੀ ਕਿਸੇ ਖਾਸ ਕਿਸਮ ਦੀ ਚੋਣ ਕਰਦੇ ਸਮੇਂ ਕਿਸਾਨ ਨੂੰ ਚੂਚਿਆਂ ਸੰਬੰਧੀ ਕੁਝ ਮਹੱਤਵਪੂਰਨ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਜਾਣਕਾਰੀ ਡਾ. ਪਰਮਿੰਦਰ ਸਿੰਘ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇੰਡੀਪੈਂਡੈਂਟ ਪੋਲਟਰੀ ਐਸੋਸੀਏਸ਼ਨ (ਆਈਪੀਏ) ਦੇ ਮਾਸਿਕ ਸੈਮੀਨਾਰ ਦੌਰਾਨ ਦਿੱਤੀ।

Chicken Quality and Health Information: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਇੰਡੀਪੈਂਡੈਂਟ ਪੋਲਟਰੀ ਐਸੋਸੀਏਸ਼ਨ (ਆਈਪੀਏ) ਦੇ ਮਾਸਿਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਕਿਸੇ ਹੈਚਰੀ ਤੋਂ ਚੂਚਿਆਂ ਦੀ ਕਿਸੇ ਖਾਸ ਕਿਸਮ ਦੀ ਚੋਣ ਕਰਦੇ ਸਮੇਂ ਕਿਸਾਨ ਨੂੰ ਚੂਚਿਆਂ ਸੰਬੰਧੀ ਕੁਝ ਮਹੱਤਵਪੂਰਨ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਚੂਚੇ ਦੇ ਸਰੀਰ ਦਾ ਪਹਿਲੇ ਦਿਨ ਦਾ ਵਜ਼ਨ, ਰੋਜ਼ਾਨਾ ਫੀਡ ਦਾ ਸੇਵਨ, ਫੀਡ ਅਤੇ ਭਾਰ ਵਧਣ ਦੀ ਦਰ, ਖੰਭਾਂ ਦੀ ਪ੍ਰਤੀਸ਼ਤ, ਸਰੀਰ ਦੀ ਚਰਬੀ ਅਤੇ ਬਿਮਾਰੀ ਦੇ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਡਾ. ਪਰਮਿੰਦਰ ਸਿੰਘ ਨੇ ਪੰਜਾਬ ਵਿੱਚ ਕੀਤੇ ਗਏ ਸਰਵੇ ਬਾਰੇ ਦੱਸਿਆ ਅਤੇ ਸਭ ਤੋਂ ਮਹੱਤਵਪੂਰਨ ਪਹਿਲੂ ਜਿਸ `ਤੇ ਕਿਸਾਨਾਂ ਨੇ ਆਪਣੀ ਪਰੇਸ਼ਾਨੀ ਜ਼ਾਹਿਰ ਕੀਤੀ ਉਹ ਸੀ "ਚੂਚਿਆਂ ਦੀ ਛੇਤੀ ਮੌਤ ਦਰ"। ਕਿਉਂਕਿ ਮੰਗ ਅਤੇ ਪੂਰਤੀ ਦੇ ਨਾਲ ਚੂਚਿਆਂ ਦੀ ਕੀਮਤ ਵਿੱਚ ਉਤਰਾਅ-ਚੜ੍ਹਾਅ ਆਉਂਦਾ ਹੈ, ਇਸ ਲਈ ਕਈ ਵਾਰ ਸਪਲਾਇਰ ਜਲਦੀ ਪੈਸੇ ਪ੍ਰਾਪਤ ਕਰਨ ਲਈ ਨਵੇਂ ਪੈਦਾ ਹੋਏ ਚੂਚਿਆਂ ਦੀ ਗੁਣਵੱਤਾ, ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨਾਲ ਸਮਝੌਤਾ ਕਰਦੇ ਹਨ।

ਡਾ. ਗੁਰਜੋਤ ਕੌਰ ਮਾਵੀ ਨੇ ਚੂਚੇ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਜਾਂਚ ਬਿੰਦੂਆਂ ਅਤੇ ਕਾਰਕਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸਰੋਤ ਤੋਂ ਚੂਚੇ ਦੇ ਲਿੰਗ ਦੀ ਪਛਾਣ, ਟੀਕਾਕਰਨ ਅਤੇ ਆਵਾਜਾਈ ਦੌਰਾਨ ਢਿੱਲ-ਮੱਠ ਬਾਰੇ ਦੱਸਿਆ। ਚੂਚੇ ਦੇ ਮਾਪਿਆਂ ਦਾ ਪਾਲਣ ਪੋਸ਼ਣ ਵੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਨਰ ਅਤੇ ਮਾਦਾ ਬਰੀਡਰਾਂ ਦੀ ਖੁਰਾਕ ਵੱਖਰੀ ਹੁੰਦੀ ਹੈ। ਸਹੀ ਸਫਾਈ, ਸਹੀ ਨਮੀ ਅਤੇ ਤਾਪਮਾਨ ਵੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਸੈਮੀਨਾਰ ਵਿਚ ਕਿਸਾਨਾਂ ਨੇ ਕਿਹਾ ਕਿ ਹੈਚਰੀਆਂ ’ਤੇ ਸਰਕਾਰ ਵੱਲੋਂ ਕੋਈ ਨਾ ਕੋਈ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਸਿਹਤਮੰਦ ਚੂਚਿਆਂ ਦਾ ਹੀ ਮੰਡੀਕਰਨ ਹੋ ਸਕੇ।

ਇਹ ਵੀ ਪੜ੍ਹੋ ਵੈਟਨਰੀ ਯੂਨੀਵਰਸਿਟੀ ਨੇ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਾਰੀ ਕੀਤੀ ਸਲਾਹਕਾਰੀ

ਹੇਸਟਰ ਬਾਇਓਸਾਇੰਸ ਲਿਮਟਿਡ ਤੋਂ ਡਾ. ਪ੍ਰਸ਼ਾਂਤ ਗੌੜ ਨੇ ਪੋਲਟਰੀ ਫਾਰਮ `ਤੇ ਜੈਵਿਕ-ਸੁਰੱਖਿਆ ਅਤੇ ਚੂਚੇ ਪ੍ਰਾਪਤ ਕਰਨ ਤੋਂ ਪਹਿਲਾਂ ਕੀਤੀ ਜਾਣ ਵਾਲੀ ਤਿਆਰੀ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੀ ਸੰਸਥਾ ਦੇ ਕੁਝ ਉਤਪਾਦ ਵੀ ਪ੍ਰਦਰਸ਼ਿਤ ਕੀਤੇ ਜੋ ਪੋਲਟਰੀ ਸ਼ੈੱਡਾਂ ਵਿੱਚ ਕੀਟਾਣੂਨਾਸ਼ਕ ਅਤੇ ਸੈਨੀਟਾਈਜ਼ਰ ਵਜੋਂ ਵਰਤੇ ਜਾ ਸਕਦੇ ਹਨ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨਾਂ ਦੇ ਦਰਵਾਜ਼ੇ `ਤੇ ਮੁਫਤ ਡਿਲੀਵਰੀ ਦੇ ਨਾਂ ’ਤੇ ਕਈ ਛੁਪੇ ਹੋਏ ਖਰਚ ਸ਼ਾਮਿਲ ਕਰ ਦਿੱਤੇ ਜਾਂਦੇੇ ਹਨ, ਜਿਨ੍ਹਾਂ ਨੂੰ ਕਿਸਾਨ ਨਜ਼ਰਅੰਦਾਜ਼ ਕਰ ਦਿੰਦੇ ਹਨ। ਵੈਟਨਰੀ ਯੂਨੀਵਰਸਿਟੀ ਦੀ ਆਪਣੀ ਹੈਚਰੀ ਹੈ ਜੋ ਬਰਾਇਲਰ ਦੇ ਨਾਲ-ਨਾਲ ਪੋਲਟਰੀ ਦੀਆਂ ਦੂਜੀਆਂ ਕਿਸਮਾਂ ਦੀ ਵੀ ਪੂਰਤੀ ਕਰਦੀ ਹੈ। ਜੇਕਰ ਕੋਈ ਕਿਸਾਨ ਅਗਾਊਂ ਚੂਚੇ ਰਾਖਵੇਂ ਕਰਵਾਉਂਦਾ ਹੈ ਤਾਂ ਯੂਨੀਵਰਸਿਟੀ ਬਹੁਤ ਹੀ ਵਾਜਬ ਕੀਮਤ `ਤੇ ਗੁਣਵੱਤਾ ਵਾਲੇ ਚੂਚੇ ਮੁਹੱਈਆ ਕਰਵਾ ਸਕਦੀ ਹੈ।

Summary in English: Chicken quality and health information essential: Veterinary Experts

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters