ਹਰ ਸ਼ਰਤ ਦੀ ਪੂਰਤੀ ਦੇ ਬਾਵਜੂਦ ਵੀ ਕੇਂਦਰ ਨੇ ਪੰਜਾਬ ਸਰਕਾਰ ਨੂੰ ਪੇਂਡੂ ਵਿਕਾਸ ਫੰਡ ਜਾਰੀ ਨਹੀਂ ਕੀਤਾ। ਜਿਸ `ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖ਼ੁਰਾਕ ਤੇ ਜਨਤਕ ਵੰਡ ਮੰਤਰੀ ਪਿਯੂਸ਼ ਗੋਇਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੇਂਡੂ ਵਿਕਾਸ ਫੰਡ ਦੇ 1760 ਕਰੋੜ ਰੁਪਏ ਦੇ ਬਕਾਏ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਜਾਣ।
23 ਜੁਲਾਈ ਨੂੰ ਵੀ ਮੁੱਖ ਮੰਤਰੀ ਨੇ ਕੇਂਦਰੀ ਖ਼ੁਰਾਕ ਮੰਤਰੀ ਨੂੰ ਪੱਤਰ ਲਿਖ ਕੇ ਇਨ੍ਹਾਂ ਫੰਡਾਂ ਲਈ ਮੰਗ ਕੀਤੀ ਸੀ। ਉਸ ਸਮੇਂ ਕੇਂਦਰ ਨੇ ਪੇਂਡੂ ਵਿਕਾਸ ਫੰਡਾਂ ਦੇ ਖ਼ਰਚੇ ਦੇ ਵੇਰਵੇ ਮੰਗ ਲਏ ਸਨ ਜਦੋਂਕਿ ਪਹਿਲਾਂ ਵੀ ਕਈ ਵਾਰ ਖ਼ਰਚੇ ਦੇ ਵੇਰਵੇ ਕੇਂਦਰ ਨੂੰ ਭੇਜੇ ਜਾ ਚੁੱਕੇ ਸਨ। ਪੰਜਾਬ ਸਰਕਾਰ ਨੇ ਫਿਰ 2 ਅਗਸਤ ਨੂੰ ਮੁੜ ਖ਼ਰਚੇ ਦੇ ਵੇਰਵੇ ਭੇਜ ਦਿੱਤੇ। ਪਰ ਫਿਰ ਵੀ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੇਂਦਰ ਨੇ ਬਕਾਇਆ ਫੰਡ ਜਾਰੀ ਨਹੀਂ ਕੀਤੇ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹਰ ਕੇਂਦਰੀ ਸ਼ਰਤ ਨੂੰ ਸਮੇਂ-ਸਮੇਂ ’ਤੇ ਪੂਰਾ ਕੀਤਾ ਹੈ। ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਅਜੇ ਤੱਕ ਫੰਡ ਜਾਰੀ ਨਹੀਂ ਕੀਤੇ ਹਨ। ਇਸ ਕਰਕੇ ਪੰਜਾਬ ਪੇਂਡੂ ਵਿਕਾਸ ਬੋਰਡ ਦੀ ਮੈਨੇਜਮੈਂਟ ਨੇ ਸੂਬੇ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਪੇਂਡੂ ਵਿਕਾਸ ਫੰਡਾਂ ਦੇ 1760 ਕਰੋੜ ਦੇ ਬਕਾਏ 18 ਫ਼ੀਸਦੀ ਵਿਆਜ ਨਾਲ ਤਾਰੇ ਜਾਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ `ਤੇ ਪੰਜਾਬ ਸਰਕਾਰ ਵੱਲੋਂ ਮਿਲੀ ਸਿਧਾਂਤਕ ਮਨਜ਼ੂਰੀ
ਮੁੱਖ ਮੰਤਰੀ ਮਾਨ ਨੇ 8 ਅਗਸਤ ਨੂੰ ਇਸ ਸਬੰਧੀ ਗੋਇਲ ਨਾਲ ਦਿੱਲੀ `ਚ ਮੁਲਾਕਾਤ ਵੀ ਕੀਤੀ ਸੀ। ਚੰਨੀ ਸਰਕਾਰ ਸਮੇਂ ਵੀ ਕੇਂਦਰ ਨੇ ਸਾਰੇ ਲੇਖੇ-ਜੋਖੇ ਦੇ ਬਾਵਜੂਦ ਵੀ ਇਹ ਫੰਡ ਜਾਰੀ ਨਹੀਂ ਕੀਤੇ ਸਨ। ਇਸ ਸੰਬੰਧੀ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਕੇਂਦਰ ਸਰਕਾਰ ਪੇਂਡੂ ਵਿਕਾਸ ਫੰਡਾਂ ਦੇ ਬਕਾਏ ਜਾਰੀ ਕਰਨ ਤੋਂ ਪਾਸਾ ਵੱਟ ਰਹੀ ਹੈ। ਸੂਬੇ `ਚ ਫੰਡਾਂ ਦੀ ਕਮੀ ਹੋਣ ਕਾਰਨ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ।
Summary in English: Chief Minister Mann's letter to the Center on non-release of Rural Development Fund