1. Home
  2. ਖਬਰਾਂ

ਅਗਾਂਹਵਧੂ ਕਿਸਾਨਾਂ ਲਈ ਮੁੱਖ ਮੰਤਰੀ ਪੁਰਸਕਾਰਾਂ ਦਾ ਐਲਾਨ, 23 ਸਤੰਬਰ ਨੂੰ ਪਸ਼ੂ ਪਾਲਣ ਮੇਲੇ 'ਚ ਕੀਤੇ ਜਾਣਗੇ ਭੇਂਟ

ਪਸ਼ੂ ਪਾਲਣ ਕਿੱਤਿਆਂ 'ਚ ਨਾਮਣਾ ਖੱਟ ਚੁੱਕੇ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ।

Gurpreet Kaur Virk
Gurpreet Kaur Virk
ਪਸ਼ੂ ਪਾਲਣ ਮੇਲੇ 'ਚ ਕੀਤੇ ਜਾਣਗੇ ਪੁਰਸਕਾਰ ਭੇਂਟ

ਪਸ਼ੂ ਪਾਲਣ ਮੇਲੇ 'ਚ ਕੀਤੇ ਜਾਣਗੇ ਪੁਰਸਕਾਰ ਭੇਂਟ

Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਲਈ ਇਸ ਵਰ੍ਹੇ ਦੇ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਹ ਪੁਰਸਕਾਰ 23 ਸਤੰਬਰ ਨੂੰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਭੇਂਟ ਕੀਤੇ ਜਾਣਗੇ।

Pashu Palan Mela: ਪਸ਼ੂ ਪਾਲਣ ਕਿੱਤਿਆਂ 'ਚ ਨਾਮਣਾ ਖੱਟ ਚੁੱਕੇ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ। ਦਰਅਸਲ, 23 ਸਤੰਬਰ ਨੂੰ ਹੋਣ ਵਾਲੇ ਪਸ਼ੂ ਪਾਲਣ ਮੇਲੇ 'ਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਪਸ਼ੂ ਪਾਲਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਲਈ ਇਸ ਵਰ੍ਹੇ ਦੇ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਮੇਲਾ 23 ਸਤੰਬਰ ਤੋਂ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲੇਗਾ ਅਤੇ ਮੇਲੇ 'ਚ ਪਸ਼ੂਆਂ ਦੀ ਨਸਲ ਨੂੰ ਬਿਹਤਰ ਕਰਨ ਦੇ ਨਾਲ-ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਵਸਤਾਂ ਸੰਬੰਧੀ ਮਸ਼ੀਨਰੀ, ਦਵਾਈਆਂ, ਟੀਕਿਆਂ, ਪਸ਼ੂ ਫੀਡ ਨਾਲ ਸੰਬੰਧਿਤ ਕੰਪਨੀਆਂ ਅਤੇ ਵਿਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ 'ਚ ਮੌਜੂਦ ਹੋਣਗੇ।

ਜਾਂਚ ਤੋਂ ਬਾਅਦ ਪੁਰਸਕਾਰਾਂ ਦਾ ਐਲਾਨ

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ ’ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਤਿੰਨ ਸ਼੍ਰੇਣੀਆਂ ਦੇ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਹੈ।

ਤਿੰਨ ਸ਼੍ਰੇਣੀਆਂ ਦੇ ਪੁਰਸਕਾਰਾਂ ਦੀ ਘੋਸ਼ਣਾ

● ਗਾਂਵਾਂ ਦੇ ਡੇਅਰੀ ਫਾਰਮ
● ਮੁਰਗੀ ਪਾਲਣ ਅਤੇ
● ਪਸ਼ੂਧਨ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਉਤਪਾਦਨ

ਅੰਤਮ ਫੈਸਲੇ ਦੇ ਅਨੁਸਾਰ:

● ਸ. ਬਲਵਿੰਦਰ ਸਿੰਘ, ਪੁੱਤਰ ਸ. ਬਲਦੇਵ ਸਿੰਘ, ਪਿੰਡ ਰਾਣਵਾਂ, ਜ਼ਿਲ੍ਹਾ ਲੁਧਿਆਣਾ ਨੂੰ ਗਾਂਵਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਨੇ 2009 'ਚ ਡੇਅਰੀ ਦਾ ਕੰਮ ਸ਼ੁਰੂ ਕੀਤਾ ਸੀ। ਅੱਜ ਉਨ੍ਹਾਂ ਕੋਲ 132 ਪਸ਼ੂ ਹਨ। ਜਿਨ੍ਹਾਂ ਵਿਚੋਂ ਦੁੱਧ ਦੇਣ ਵਾਲੀਆਂ ਗਾਂਵਾਂ 15 ਕਵਿੰਟਲ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ। ਇਸ ਫਾਰਮ ਦੀ ਇਕ ਗਾਂ ਨੇ ਵੱਧ ਤੋਂ ਵੱਧ 58 ਲਿਟਰ ਦੁੱਧ ਵੀ ਪੈਦਾ ਕੀਤਾ ਹੈ। ਇਨ੍ਹਾਂ ਨੇ ਆਧੁਨਿਕ ਦੁੱਧ ਚੁਆਈ ਪਾਰਲਰ, ਆਰਾਮਦਾਇਕ ਤੇ ਹਵਾਦਾਰ ਸ਼ੈਡ ਤੇ ਮਲ-ਮੂਤਰ ਦੀ ਸਫਾਈ ਲਈ ਸਵੈਚਲਿਤ ਸਫਾਈ ਮਸ਼ੀਨ ਲਗਾਈ ਹੋਈ ਹੈ। ਸਾਰੇ ਪਸ਼ੂਆਂ ਦੀ ਟੈਗ ਨਾਲ ਨਿਗਰਾਨੀ ਰੱਖੀ ਜਾਂਦੀ ਹੈ।

● ਮੁਰਗੀ ਪਾਲਣ ਦੇ ਖੇਤਰ 'ਚ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਜ਼ਿਲ੍ਹਾ ਲੁਧਿਆਣਾ ਦੇ ਸ. ਜਤਿੰਦਰ ਪਾਲ ਸਿੰਘ ਪੁੱਤਰ ਸ. ਹਰਭਜਨ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਸਾਲ 2004 ਵਿੱਚ ਉਨ੍ਹਾਂ ਨੇ ਮੁਰਗੀਆਂ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਤੇ ਇਸ ਵੇਲੇ ਇਨਾਂ ਕੋਲ 1.14 ਲੱਖ ਮੁਰਗੀਆਂ ਹਨ, ਜਿਸ ਤੋਂ ਇਹ ਰੋਜ਼ 80,000 ਆਂਡਿਆਂ ਦਾ ਉਤਪਾਦਨ ਲੈ ਰਹੇ ਹਨ। ਉਹ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਿਕ ਆਪਣਾ ਫਾਰਮ ਚਲਾ ਰਹੇ ਹਨ। ਮੁਰਗੀ ਖਾਨੇ ਵਿਚ ਆਪਣੀ ਤਿਆਰ ਕੀਤੀ ਫੀਡ ਹੀ ਵਰਤਦੇ ਹਨ ਅਤੇ ਇਨ੍ਹਾਂ ਨੇ ਪਿੰਜਰਾ ਵਿਧੀ ਅਪਣਾਅ ਕੇ ਆਪਣਾ ਸ਼ੈਡ ਤਿਆਰ ਕੀਤਾ ਹੈ।

● ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਉਸ ਕਿੱਤੇ 'ਚ ਸਫਲਤਾ ਪ੍ਰਾਪਤ ਕਰਨ ਸੰਬੰਧੀ ਇਨਾਮ ਸ. ਸਤਨਾਮ ਸਿੰਘ, ਪੁੱਤਰ ਸ. ਕਰਮ ਸਿੰਘ, ਪਿੰਡ, ਸਸਰਾਲੀ, ਜ਼ਿਲ੍ਹਾ ਲੁਧਿਆਣਾ ਨੂੰ ਦਿੱਤਾ ਜਾਵੇਗਾ। ਇਨ੍ਹਾਂ ਨੇ ਸਾਲ 2014 ਵਿਚ ਡੇਅਰੀ ਪ੍ਰਾਸੈਸਿੰਗ ਦਾ ਕੰਮ ਸ਼ੁਰੂ ਕੀਤਾ। ਇਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਨਾਲ ਇਕਰਾਰਨਾਮਾ ਵੀ ਕੀਤਾ ਹੋਇਆ ਹੈ। ਇਨ੍ਹਾਂ ਕੋਲ 50 ਗਾਂਵਾਂ ਅਤੇ 20 ਮੱਝਾਂ ਹਨ ਅਤੇ ਉਨ੍ਹਾਂ ਦੇ 13 ਕਵਿੰਟਲ ਦੁੱਧ ਨੂੰ ਇਹ ਪੂਰਨ ਰੂਪ ਵਿਚ ਪ੍ਰਾਸੈਸਿੰਗ ਲਈ ਹੀ ਵਰਤਦੇ ਹਨ। ਇਨ੍ਹਾਂ ਨੇ ਆਪਣੀ ਫਰਮ ‘ਨਾਮਧਾਰੀ ਫੂਡ ਐਂਡ ਡੇਅਰੀ ਇੰਡਸਟਰੀਜ਼’ ਦੇ ਨਾਂ ਤੇ ਰਜਿਸਟਰ ਕਰਵਾਈ ਹੈ ਅਤੇ ਇਹ ਪ੍ਰਾਸੈਸਿੰਗ ਕਰਕੇ ’ਦ ਕਰੀਮੀ ਵੇਅ’ ਬਰਾਂਡ ਅਧੀਨ ਵੇਚ ਰਹੇ ਹਨ।

ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ 23 ਅਤੇ 24 ਸਤੰਬਰ ਨੂੰ ਕਰਵਾਏਗੀ "ਪਸ਼ੂ ਪਾਲਣ ਮੇਲਾ"

ਤਿੰਨ ਵਰ੍ਹੇ ਬਾਅਦ ਮੇਲੇ ਦਾ ਆਗਾਜ਼:

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਕੋਰੋਨਾ ਦੀਆਂ ਪਾਬੰਦੀਆਂ ਕਾਰਣ ਇਹ ਮੇਲਾ ਤਿੰਨ ਵਰ੍ਹੇ ਬਾਅਦ ਕਰਵਾਇਆ ਜਾ ਰਿਹਾ ਹੈ। ਇਸ ਵਾਰ ਮੇਲਾ ਵੇਖਣ ਲਈ ਕਿਸਾਨਾਂ 'ਚ ਭਾਰੀ ਉਤਸਾਹ ਦਿੱਸ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਰਸਕਾਰ 'ਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ।

Summary in English: Chief Minister's Awards for Progressive Farmers Announced, Presented at Animal Husbandry Fair on September 23

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters