ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਦੇ ਸਿਲਸਿਲੇ ਵਿਚ ਕੌਮੀ ਸੱਦੇ ਦੇ ਜਵਾਬ ਵਿਚ ਯੂਨੀਵਰਸਿਟੀ ਦੀਆਂ ਸੇਵਾਵਾਂ ਵਿਚ ਰਿਆਇਤਾਂ ਅਤੇ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਪ੍ਰਧਾਨਗੀ ਹੇਠ ਹੋਈ ਯੂਨੀਵਰਸਿਟੀ ਅਧਿਕਾਰੀਆਂ ਦੀ ਮੀਟਿੰਗ ਵਿਚ ਇਹ ਕਿਹਾ ਗਿਆ ਕਿ ਯੂਨੀਵਰਸਿਟੀ ਦੀਆਂ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੀਆਂ ਸੇਵਾਵਾਂ ’ਆਜ਼ਾਦੀ ਕਾ ਅੰਮਿ੍ਰਤ ਮਹੋਤਸਵ’ ਵਿਸ਼ੇ ਨੂੰ ਸਮਰਪਿਤ ਕੀਤੀਆਂ ਜਾਣਗੀਆਂ।ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਸੰਦਰਭ ਵਿਚ ਯੂਨੀਵਰਸਿਟੀ ਦੀਆਂ ਸਾਰੀਆਂ ਪੁਸਤਕਾਂ ਅਤੇ ਸੰਸਥਾ ਵਲੋਂ ਪ੍ਰਕਾਸ਼ਿਤ ਰਸਾਲੇ ਉਤੇ ਆਜ਼ਾਦੀ ਮਹੀਨੇ ਭਾਵ 01 ਅਗਸਤ ਤੋਂ 31 ਅਗਸਤ 2021 ਦੌਰਾਨ 20 ਪ੍ਰਤੀਸ਼ਤ ਦੀ ਰਿਆਇਤ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਸੇਵਾ ਨਾਲ ਵਧੇਰੇ ਕਿਸਾਨ ਪਸ਼ੂ ਪਾਲਣ ਸਾਹਿਤ ਖਰੀਦਣਗੇ ਜਿਸ ਨਾਲ ਉਨ੍ਹਾਂ ਵਿਚ ਪੜ੍ਹਨ ਦੀ ਰੁਚੀ ਪੈਦਾ ਹੋਵੇਗੀ।ਗਿਆਨ ਦਾ ਇਹ ਵਾਧਾ ਉਨ੍ਹਾਂ ਨੂੰ ਆਪਣੇ ਪਸ਼ੂਆਂ ਨੂੰ ਵਿਗਿਆਨਕ ਵਿਧੀਆਂ ਨਾਲ ਬਿਹਤਰ ਪਾਲਣ ਪੋਸ਼ਣ ਵਿਚ ਸਹਾਇਤਾ ਕਰੇਗਾ।
ਡਾ. ਚਰਨ ਕਮਲ ਸਿੰਘ, ਸੰਯੋਜਕ ’ਆਜ਼ਾਦੀ ਕਾ ਅੰਮਿ੍ਰਤ ਮਹੋਤਸਵ’ ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਕੁੱਤੀਆਂ ਦੇ ਨਸਬੰਦੀ ਅਪਰੇਸ਼ਨ ਯੂਨੀਵਰਸਿਟੀ ਵਲੋਂ ਅਪਰੇਸ਼ਨ ਦੀ ਕੋਈ ਵੀ ਕੀਮਤ ਲੈਣ ਤੋਂ ਬਗੈਰ ਕੀਤੇ ਜਾਣਗੇ।ਲੁਧਿਆਣਾ ਦੇ ਵਸਨੀਕ ਆਪਣੇ ਇਲਾਕਿਆਂ ਦੇ ਗਲੀ ਵਿਚ ਘੁੰਮਦੇ ਕੁੱਤਿਆਂ ਦੇ ਅਪਰੇਸ਼ਨ ਯੂਨੀਵਰਸਿਟੀ ਹਸਪਤਾਲ ਤੋਂ ਕਰਵਾ ਸਕਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਦੌਰਾਨ ਯੂਨੀਵਰਸਿਟੀ ਆਪਣਾ ਸਾਰਾ ਤਕਨਾਲੋਜੀ ਵਿਕਾਸ ਅਤੇ ਮਹੱਤਵਪੂਰਨ ਸੇਵਾਵਾਂ ਨੂੰ ਵੀ ਪ੍ਰਦਰਸ਼ਿਤ ਕਰਦੀ ਰਹੇਗੀ।
ਡਾ. ਐਸ ਕੇ ਕਾਂਸਲ, ਸਹਿ-ਸੰਯੋਜਕ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਵਿਭਿੰਨ ਸੈਮੀਨਾਰਾਂ, ਵੈਬੀਨਾਰਾਂ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਇਨ੍ਹਾਂ ਸਮਾਗਮਾਂ ਦੇ ਤਹਿਤ ਸਮਰਪਿਤ ਕੀਤਾ ਜਾ ਰਿਹਾ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Concessions and facilities offered by the Veterinary University in connection with the 75 years of independence