ਪੰਜਾਬ ਤੋਂ ਇੱਕ ਵਿਸ਼ੇਸ਼ ਵਫ਼ਦ ਵਿਸ਼ੇਸ਼ ਮੁੱਖ ਸਕੱਤਰ ਪੰਜਾਬ ਸ਼੍ਰੀ ਕੇ ਏ ਪੀ ਸਿਨਹਾ ਆਈ ਏ ਐੱਸ ਦੀ ਅਗਵਾਈ ਅਤੇ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਦੀ ਮੌਜੂਦਗੀ ਵਿਚ ਬਨਾਰਸ ਵਿਖੇ ਦੱਖਣ ਏਸ਼ੀਆ ਖੋਜ ਕੇਂਦਰ ਵਿਚ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਗਿਆ। ਇਸ ਦੌਰਾਨ ਦੱਖਣ-ਏਸ਼ੀਆ ਖੇਤਰੀ ਕੇਂਦਰ ਦੇ ਨਿਰਦੇਸ਼ਕ ਡਾ. ਸੁਧਾਂਸ਼ੂ ਸਿੰਘ ਅਤੇ ਹੋਰ ਵਿਗਿਆਨੀਆਂ ਨੂੰ ਮਿਲ ਕੇ ਝੋਨੇ ਸੰਬੰਧੀ ਨਵੀਂ ਖੋਜ ਲਈ ਸਮਰਥਾ ਦੇ ਵਿਕਾਸ ਅਤੇ ਸਾਂਝੇ ਖੋਜ ਪ੍ਰੋਜੈਕਟਾਂ ਬਾਰੇ ਗੱਲਬਾਤ ਹੋਈ।
ਸ਼੍ਰੀ ਕੇ ਏ ਪੀ ਸਿਨਹਾ ਨੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਵੱਲੋਂ ਚੌਲਾਂ ਦੀ ਖੋਜ ਸੰਬੰਧੀ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਉੜੀਸਾ ਸਰਕਾਰ ਨਾਲ ਉਹਨਾਂ ਦੇ ਸਫਲ ਸਾਂਝੇ ਪ੍ਰੋਗਰਾਮਾਂ ਨੂੰ ਸਲਾਹਿਆ। ਸ਼੍ਰੀ ਸਿਨਹਾ ਨੇ ਇਸੇ ਸਾਂਝਦਾਰੀ ਦੇ ਮਾਡਲ ਨੂੰ ਪੰਜਾਬ ਵਿਚ ਦੁਹਰਾਉਣ ਅਤੇ ਦੋਵਾਂ ਸੰਸਥਾਵਾਂ ਵਿਚਕਾਰ ਸਾਂਝੀ ਖੋਜ ਨੂੰ ਉਤਸ਼ਾਹਿਤ ਕਰਨ ਦੀ ਪੰਜਾਬ ਸਰਕਾਰ ਦੀ ਮੰਸ਼ਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਦੇ ਝੋਨੇ ਸੰਬੰਧੀ ਵਿਸ਼ਾਲ ਅਨੁਭਵ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਦੇ ਤਜਰਬੇ ਦੀ ਸਾਂਝ ਨਾਲ ਇਸ ਖੇਤਰ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਜ਼ਰੂਰ ਪਵੇਗੀ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀ.ਏ.ਯੂ. ਅਤੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਵਿਚਕਾਰ ਇਤਿਹਾਸਕ ਸਾਂਝ ਦੇ ਹਵਾਲੇ ਨਾਲ ਗੱਲ ਸ਼ੁਰੂ ਕਰਦਿਆਂ ਵਿਸ਼ਵ ਭੋਜਨ ਪੁਰਸਕਾਰ ਵਿਜੇਤਾ ਡਾ. ਗੁਰਦੇਵ ਸਿੰਘ ਖੁਸ਼ ਅਤੇ ਉੱਘੇ ਚੌਲ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨੂੰ ਸਾਂਝ ਦਾ ਪੁਲ ਕਿਹਾ। ਡਾ. ਗੋਸਲ ਨੇ ਸਹਿਯੋਗ ਦੇ ਬਹੁਤ ਸਾਰੇ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਵਿਚ ਪਾਣੀ ਸੰਭਾਲ, ਮਿੱਟੀ ਦੀ ਸਿਹਤ, ਮੌਸਮ ਦੀ ਤਬਦੀਲੀ, ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ, ਪਰਾਲੀ ਦੀ ਸਾਂਭ-ਸੰਭਾਲ, ਵਾਤਾਵਰਨ ਪੱਖੀ ਕਾਸ਼ਤ, ਘੱਟ ਮਿਆਦ ਅਤੇ ਛੋਟੇ ਕੱਦ ਵਾਲੀਆਂ ਝੋਨੇ ਦੀਆਂ ਕਿਸਮਾਂ ਤੋਂ ਇਲਾਵਾ ਰੂਟ ਟਰੇਟ ਬਰੀਡਿੰਗ ਪ੍ਰਮੁੱਖ ਸਨ। ਉਹਨਾਂ ਨੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਵੱਲੋਂ ਪੀ.ਏ.ਯੂ. ਵਿਖੇ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ ਕਰਨ ਬਾਰੇ ਗੱਲ ਕੀਤੀ ਜਿਸ ਵਿਚ ਦੁਨੀਆਂ ਭਰ ਦੇ ਚੌਲ ਮਾਹਿਰ ਆਪਣੇ ਤਜਰਬੇ ਸਾਂਝੇ ਕਰ ਸਕਣਗੇ।
ਡਾ. ਸੁਧਾਂਸ਼ੂ ਸਿੰਘ ਨੇ ਆਈ ਆਰ ਆਰ ਆਈ ਵੱਲੋਂ ਕੀਤੇ ਜਾਂਦੇ ਕੰਮਾਂ ਦਾ ਵੇਰਵਾ ਦਿੰਦਿਆਂ ਰਾਸ਼ਟਰੀ ਖੋਜ ਅਤੇ ਪਸਾਰ ਪ੍ਰਬੰਧ ਪ੍ਰੋਗਰਾਮ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਸੰਸਥਾਨ ਦੀਆਂ ਕੋਸ਼ਿਸ਼ਾਂ ਹਨ ਕਿ ਇਸ ਖੇਤਰ ਵਿਚ ਯੋਗਤਾ, ਸਥਿਰਤਾ ਅਤੇ ਬਰਾਬਰੀ ਵਧਾ ਕੇ ਦੇਸ਼ ਦੇ ਭੋਜਨ ਸੰਬੰਧੀ ਪੱਖਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਉਹਨਾਂ ਨੇ ਸੰਸਥਾਨ ਵੱਲੋਂ ਪੀ.ਏ.ਯੂ. ਅਤੇ ਪੰਜਾਬ ਸਰਕਾਰ ਨਾਲ ਸਾਂਝੇ ਤੌਰ ਤੇ ਕੰਮ ਕਰਨ ਦੀ ਯੋਜਨਾ ਉੱਪਰ ਖੁਸ਼ੀ ਪ੍ਰਗਟ ਕੀਤੀ।
ਪੰਜਾਬ ਦੇ ਵਫਦ ਵਿਚ ਖੇਤੀਬਾੜੀ ਦੇ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਆਈ ਏ ਐੱਸ, ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਵਿਭਾਗ ਸ. ਜਸਵੰਤ ਸਿੰਘ, ਪੀ.ਏ.ਯੂ. ਦੇ ਮਾਹਿਰ ਡਾ. ਜਗਜੀਤ ਸਿੰਘ ਲੋਰੇ, ਡਾ. ਬੂਟਾ ਸਿੰਘ ਢਿੱਲੋਂ, ਡਾ. ਨੀਤਿਕਾ ਸੰਧੂ ਅਤੇ ਡਾ. ਵਿਸ਼ਾਲ ਬੈਕਟਰ ਸ਼ਾਮਿਲ ਸਨ। ਇਸ ਵਫ਼ਦ ਨੇ ਆਈ ਆਰ ਆਰ ਆਈ ਦੀਆਂ ਵਿਕਸਿਤ ਸਹੂਲਤਾਂ, ਸਪੀਡ ਬਰੀਡਿੰਗ ਲੈਬ, ਜੀ ਆਈ ਐੱਸ ਲੈਬ ਅਤੇ ਸਪੈਕਟਰੋਸਕੋਪੀ ਲੈਬ ਅਤੇ ਝੋਨੇ ਦੇ ਦਾਣਿਆਂ ਦਾ ਮਿਆਰ ਜਾਂਚਣ ਵਾਲੀ ਲੈਬ ਦਾ ਦੌਰਾ ਕੀਤਾ। ਇਸ ਦੌਰੇ ਅਤੇ ਗੱਲਬਾਤ ਨਾਲ ਦੇਸ਼ ਦੀਆਂ ਦੋ ਉੱਚ ਪੱਧਰੀ ਸੰਸਥਾਵਾਂ ਵਿਚਕਾਰ ਸਾਂਝ ਅਤੇ ਸਹਿਯੋਗ ਲਈ ਢੁੱਕਵਾਂ ਮਾਹੌਲ ਬਣਿਆ ਹੈ।
Summary in English: Coupling of International Paddy Research Institute's vast experience with paddy and the experience of PAU scientists will curb the trend of stubble burning: Sh. KAP Sinha, IAS