ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਲੀਨਿਕਸ ਨਿਰਦੇਸ਼ਾਲੇ ਵਲੋਂ ਇਕ ਦਿਨਾ ਕੋਵਿਡ-19 ਟੀਕਾਕਰਨ ਕੈਂਪ ਯੂਨੀਵਰਸਿਟੀ ਦੇ ਵੈਟਨਰੀ ਹਸਪਤਾਲ ਵਿਖੇ ਲਗਾਇਆ ਗਿਆ।
ਇਹ ਕੈਂਪ ਸਿਵਲ ਸਰਜਨ, ਦਫ਼ਤਰ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ।
ਟੀਕਾਕਰਨ ਦਾ ਕਾਰਜ ਸਵੇਰੇ 9.30 ਵਜੇ ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਕਲੀਨਿਕਸ ਦੀ ਮੌਜੂਦਗੀ ਵਿਚ ਸ਼ੁਰੂ ਕੀਤਾ ਗਿਆ।ਕੈਂਪ ਦੀ ਦੇਖ-ਰੇਖ ਡਾ. ਕਾਰਤਿਕ ਬਾਂਸਲ, ਮੈਡੀਕਲ ਅਫ਼ਸਰ, ਸਿਹਤ ਵਿਭਾਗ, ਪੰਜਾਬ ਸਰਕਾਰ ਦੀ ਨਿਰਦੇਸ਼ਨਾ ਅਧੀਨ ਹੋਈ।ਕੈਂਪ ਵਿਚ ਕੁੱਲ 405 ਟੀਕੇ ਲਗਾਏ ਗਏ ਜਿਸ ਵਿਚ ਡਾਕਟਰ, ਵਿਦਿਆਰਥੀ, ਫਾਰਮਾਸਿਸਟ, ਲੈਬ ਤਕਨੀਸ਼ੀਅਨ ਅਤੇ ਵੱਡੀ ਗਿਣਤੀ ਵਿਚ ਹੋਰ ਮੁਲਾਜ਼ਮਾਂ ਨੂੰ ਟੀਕੇ ਲਗਾਏ ਗਏ ਸਨ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਹਸਪਤਾਲ ਦੇ ਸਟਾਫ਼ ਨੂੰ ਉਤਸਾਹਿਤ ਕੀਤਾ ਕਿ ਉਹ ਆਪ ਵੀ ਟੀਕਾਕਰਨ ਕਰਵਾਉਣ ਅਤੇ ਆਪਣੇ ਨਜ਼ਦੀਕੀਆਂ ਨੂੰ ਵੀ ਕੋਵਿਡ-19 ਮਹਾਂਮਾਰੀ ਤੋਂ ਬਚਾਅ ਵਾਸਤੇ ਪ੍ਰੇਰਿਤ ਕਰਨ। ਉਨ੍ਹਾਂ ਨੇ ਸਿਵਲ ਸਰਜਨ ਦਫ਼ਤਰ ਵਲੋਂ ਆਈ ਟੀਮ ਨੂੰ ਜੀ ਆਇਆਂ ਕਿਹਾ ਅਤੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ, ਲੁਧਿਆਣਾ ਵਲੋਂ ਵੀ ਇਸ ਕਾਰਜ ਲਈ ਪਾਏ ਯੋਗਦਾਨ ਦਾ ਧੰਨਵਾਦ ਕੀਤਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਨੇ ਪ੍ਰਬੰਧਕਾਂ ਦੀ ਇਹ ਟੀਕਾਕਰਨ ਕੈਂਪ ਆਯੋਜਿਤ ਕਰਨ ਲਈ ਪ੍ਰਸੰਸਾ ਕੀਤੀ।ਉਨ੍ਹਾਂ ਕਿਹਾ ਕਿ ਸੂਬਾ ਅਤੇ ਕੇਂਦਰੀ ਸਰਕਾਰ ਕੋਵਿਡ-19 ਮਹਾਂਮਾਰੀ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਬਹੁਤ ਉੱਘਾ ਯਤਨ ਕਰ ਰਹੀਆਂ ਹਨ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: COVID-19 immunization camp at Veterinary University