ਪੰਜਾਬ ਦੇ ਕਿਸਾਨਾਂ ਲਈ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਇਆ ਗਿਆ।ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਲਾਈ ਸੰਪੂਰਨ ਹੋਣ ਤੇ ਕਿਹਾ ਕਿ ਯੂਨੀਵਰਸਿਟੀ ਤੋਂ ਅਜਿਹੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਬੇਰੁਜ਼ਗਾਰ ਨੌਜਵਾਨ ਆਪਣਾ ਉਦਮ ਸ਼ ਕਰ ਸਕਦੇ ਹਨ
ਜੋ ਇਕ ਪਾਸੇ ਲੋੜੀਂਦਾ ਰੁਜ਼ਗਾਰ ਮੁਹੱਈਆ ਕਰਵਾ ਸਕਦੇ ਹਨ ਅਤੇ ਦੂਜੇ ਪਾਸੇ ਖੇਤੀਬਾੜੀ ਵਿਚ ਵਿਭਿੰਨਤਾ ਲਿਆ ਸਕਦੇ ਹਨ, ਜੋ ਕਿ ਸਮੇਂ ਦੀ ਜਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਡੇਅਰੀ ਦਾ ਸਫਲ ਉੱਦਮੀ ਬਣਨ ਲਈ ਮੁੱਢਲੇ ਸਿਧਾਂਤਕ ਅਤੇ ਵਿਹਾਰਕ ਗਿਆਨ ਅਤੇ ਹੁਨਰ ਦੀ ਸਿਖਲਾਈ ਲਈ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਉਪਲਬਧ ਵੱਖ ਵੱਖ ਸੇਵਾਵਾਂ ਅਤੇ ਸਹੂਲਤਾਂ ਦਾ ਲਾਭ ਲੈਣ ਲਈ ਯੂਨੀਵਰਸਿਟੀ ਨਾਲ ਬਾਕਾਇਦਾ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।
ਡਾ ਰਾਕੇਸ਼ ਕੁਮਾਰ ਸ਼ਰਮਾ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਸਿੱਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜ਼ਮੀਨ ਦੀ ਲੋੜ, ਡੇਅਰੀ ਪਸ਼ੂਆਂ ਦੀ ਪ੍ਰਜਨਣ ਪ੍ਰਣਾਲੀ ਅਤੇ ਸੰਤੁਲਿਤ ਭੋਜਨ ਦੇ ਸਬੰਧ ਵਿੱਚ ਸਹੀ ਯੋਜਨਾਬੰਦੀ ਕੀਤੀ ਜਾਵੇ।ਵੱਧ ਤੋਂ ਵੱਧ ਮੁਨਾਫਾ ਲੈਣ ਲਈ ਉਪਲਬਧ ਸਰੋਤਾਂ ਦੀ ਸਰਬੋਤਮ ਵਰਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ, ਡੇਅਰੀ ਫਾਰਮਿੰਗ ਦਾ ਰਿਕਾਰਡ ਰੱਖਣ ਅਤੇ ਨਸਲੀ ਸੁਧਾਰ ਲਈ ਕਿਸਾਨੀ ਦੇ ਆਪਣੇ ਡੇਅਰੀ ਫਾਰਮ ਵਿਚ ਪੈਦਾ ਹੋਈ ਚੰਗੀ ਕੁਆਲਟੀ ਦੇ ਬੱਚਿਆਂ ਦੇ ਪਾਲਣ ਪੋਸ਼ਣ ’ਤੇ ਜ਼ੋਰ ਦਿੱਤਾ।
ਡਾ. ਸ਼ਰਮਾ ਨੇ ਬਿਮਾਰ ਅਤੇ ਸਿਹਤਮੰਦ ਜਾਨਵਰਾਂ ਦੀ ਪਛਾਣ, ਐਂਟੀਬਾਇਓਟਿਕ ਦੀ ਸਹੀ ਵਰਤੋਂ ਅਤੇ ਗੱਭਣ ਜਾਨਵਰਾਂ ਦੀ ਦੇਖਭਾਲ ਅਤੇ ਪ੍ਰਬੰਧਨ ਬਾਰੇ ਵੀ ਦੱਸਿਆ। ਤਕਨੀਕੀ ਸੰਯੋਜਕ ਡਾ. ਐਸ ਕੇ. ਕਾਂਸਲ ਨੇ ਪ੍ਰਤੀਭਾਗੀਆਂ ਨੰੱ ਸਿਖਲਾਈ ਕੋਰਸ ਦੀ ਰੂਪ ਰੇਖਾ ਬਾਰੇ ਦੱਸਿਆ।
ਸਿਖਲਾਈ ਪ੍ਰੋਗਰਾਮ ਰਾਹੀਂ ਨਸਲ ਸੁਧਾਰ, ਮਸਨੂਈ ਗਰਭਦਾਨ ਅਰਾਮਦਾਇਕ ਸ਼ੈੱਡ, ਫੀਡ ਅਤੇ ਚਾਰਾ, ਹਰੇ ਚਾਰੇ ਦੀ ਸਾਲ ਭਰ ਉਪਲਬਧਤਾ, ਟੀਕਾਕਰਨ, ਸਾਫ ਦੁੱਧ ਉਤਪਾਦਨ, ਮੁੱਢਲੀ ਸਹਾਇਤਾ ਬਾਰੇ ਦੱਸਿਆ ਗਿਆ।ਡਾ ਵਾਈ.ਐੱਸ. ਜਾਦੋਂ ਅਤੇ ਡਾ. ਗੁਰਜੋਤ ਕੌਰ ਮਾਵੀ ਨੇ ਸਿਖਲਾਈ ਕੋਰਸ ਦਾ ਸੰਯੋਜਨ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Dairy training course completed at Veterinary University