Krishi Jagran Punjabi
Menu Close Menu

ਸਾਉਣੀ ਦੀਆਂ ਫਸਲਾਂ ਵਿੱਚ ਸੂਖਮ ਤੱਤਾਂ ਦੀ ਘਾਟ ਅਤੇ ਪੂਰਤੀ

Saturday, 13 June 2020 05:15 PM

ਫਸਲਾਂ ਦੇ ਵਾਧੇ ਅਤੇ ਵਿਕਾਸ ਲਈ ਸੂਖਮ ਤੱਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਫਸਲਾਂ ਨੂੰ ਪੋਸ਼ਣ ਲਈ ਭਾਵੇਂ ਇਹ ਤੱਤ ਬਹੁਤ ਹੀ ਥੋੜ•ੀ ਮਾਤਰਾ ਵਿੱਚ ਚਾਹੀਦੇ ਹਨ ਪਰ ਇਨਾਂ ਤੱਤਾਂ ਦੀ ਮਹੱਤਤਾ ਵੱਡੇ/ਮੁੱਖ ਤੱਤਾਂ ਨਾਲੋਂ ਘੱਟ ਨਹੀਂ ਹੈ।ਜੇਕਰ ਜ਼ਮੀਨ ਵਿੱਚ ਸੂਖਮ ਤੱਤਾਂ ਦੀ ਘਾਟ ਹੋਵੇ ਤਾਂ ਪੌਦਿਆਂ / ਫਸਲਾਂ ਵਿੱਚ ਵੀ ਇਨਾਂ ਤੱਤਾਂ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਉੱੇਤੇ ਮਾੜਾ ਅਸਰ ਪੈਂਦਾ ਹੈ।ਫਸਲਾਂ ਦਾ ਚੰਗਾ ਅਤੇ ਪੂਰਾ ਝਾੜ ਲੈਣ ਲਈ  ਫਸਲੀ ਖੁਰਾਕ ਵਿੱਚ ਸੂਖਮ ਤੱਤਾਂ ਦੀ ਪੂਰਤੀ ਦਾ ਯੋਗ ਪ੍ਰਬੰਧ ਕਰਨਾ  ਅਤਿ  ਜ਼ਰੂਰੀ ਹੈ।ਪੰਜਾਬ ਪ੍ਰਾਂਤ ਵਿੱਚ ਸਾਉਣੀ  ਦੀਆਂ ਫਸਲਾਂ ਜਿਵੇਂ ਕਿ ਝੋਨਾ, ਮੱਕੀ ਆਦਿ ਵਿੱਚ ਆਮ ਤੌਰ ਤੇ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਦੇਖਣ ਵਿੱਚ ਮਿਲਦੀ ਹੈ। ਕਿਸਾਨ ਭਰਾਵਾਂ ਨੂੰ ਇਨਾਂ ਸੂਖਮ ਤੱਤਾਂ ਦੀ ਘਾਟ ਦੇ ਲੱਛਣਾਂ ਅਤੇ  ਪੂਰਤੀ ਦੇ ਢੰਗਾਂ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਨਾਂ ਤੱਤਾਂ ਦੀ ਘਾਟ ਨੂੰ ਸਮੇਂ ਸਿਰ ਪੂਰੀ ਕਰਕੇ ਫਸਲ ਦੇ ਝਾੜ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ।ਇਸ ਲੇਖ ਵਿੱਚ ਝੋਨੇ ਅਤੇ ਮੱਕੀ ਦੀ ਫਸਲ ਵਿੱਚ ਜ਼ਿੰਕ ਅਤੇ ਲੋਹੇ ਦੀ ਘਾਟ ਦੇ ਚਿੰਨਾਂ ਦੀ ਪਛਾਣ ਅਤੇ ਪੂਰਤੀ ਬਾਰੇ ਜਾਣਕਾਰੀ ਇਸ ਪ੍ਰਕਾਰ ਦਿੱਤੀ ਗਈ ਹੈ :

ਜ਼ਿੰਕ ਦੀ ਘਾਟ: ਜ਼ਿੰਕ ਦੀ ਘਾਟ ਆਮ ਤੌਰ ਤੇ  ਹਲਕੀਆਂ ਰੇਤਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਕਲਰਾਠੀਆਂ, ਵੱਧ ਚੂਨੇ ਵਾਲੀਆਂ ਅਤੇ ਜ਼ਿਆਦਾ ਫਾਸਫੋਰਸ ਵਾਲੀਆਂ ਜ਼ਮੀਨਾਂ ਵਿੱਚ ਆਉਂਦੀ ਹੈ।

ਝੋਨਾ : ਜ਼ਿੰਕ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ 'ਤੇ ਆਉਂਦੀ ਹੈ ਅਤੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ।ਨਾੜੀਆਂ ਦੇ ਵਿਚਲੇ ਹਿੱਸੇ ਵਿੱਚ ਕਿਤੇ - ਕਿਤੇ ਹਲਕੇ ਪੀਲੇ  ਰੰਗ ਦੇ ਧੱਬੇ ਨਜ਼ਰ ਆਉਂਦੇ ਹਨ ਜੋ ਬਾਅਦ ਵਿੱਚ ਵੱਡੇ ਹੋ ਜਾਂਦੇ ਹਨ ਅਤੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਜਾਂਦੇ ਹਨ। ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿੱਚ ਪੱਤੇ ਸੁੱਕ ਜਾਂਦੇ ਹਨ।ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਬੂਟਾ ਜਾੜ ਬਹੁਤ ਘੱਟ ਮਾਰਦੇ ਹਨ ਅਤੇ ਝਾੜੀ ਵਾਂਗ ਦਿਖਾਈ ਦਿੰਦੇ ਹਨ।ਬੂਟਿਆਂ/ ਫਸਲ ਦਾ ਵਾਧਾ ਰੁਕ ਜਾਂਦਾ ਹੈ।

ਘਾਟ ਦੀ ਪੂਰਤੀ: ਜਿਨਾਂ ਖੇਤਾਂ ਵਿੱਚ ਪਿਛਲੇ ਸਾਲ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਹੋਵੇ, ਉਨਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ ੨੫ ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (੨੧%) ਜਾਂ ੧੬ ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (੩੩%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਦੀ ਉਪਰੋਕਤ ਮਾਤਰਾ  ਖੇਤ ਵਿੱਚ ਛੱਟੇ ਨਾਲ ਪਾ ਦੇਣੀ ਚਾਹੀਦੀ ਹੈ ।ਬਹੁਤ ਮਾੜੀਆਂ ਜ਼ਮੀਨਾਂ ਵਿੱਚ ਕਈ ਵਾਰ  ਜ਼ਿੰਕ ਸਲਫੇਟ ਪਾਉਣ  ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਧੋੜੀਆਂ ਵਿੱਚ ਨਜ਼ਰ ਆਉਂਦੀ ਹੈ। ਇਸ ਸੂਰਤ ਵਿੱਚ ੧੦ ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (੨੧%) ਜਾਂ ੬.੫ ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (੩੩%) ਨੂੰ ਏਨੀ ਹੀ ਸੁੱਕੀ ਮਿੱਟੀ ਵਿੱਚ ਰਲਾ ਕੇ ਘਾਟ ਵਾਲੇ ਥਾਵਾਂ ਵਿੱਚ ਖਿਲਾਰਨ ਨਾਲ ਫਾਇਦਾ ਹੋਵੇਗਾ।

ਮੱਕੀ: ਮੱਕੀ ਦੀ ਫਸਲ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਮੱਕੀ ਉੱਗਣ ਤੋਂ ੨-੩ ਹਫ਼ਤਿਆਂ ਦੇ ਵਿੱਚ-ਵਿੱਚ ਨਜ਼ਰ ਆਉਣ ਲੱਗ ਪੈਂਦੀਆਂ ਹਨ। ਇਹ ਨਿਸ਼ਾਨ  ਬੂਟੇ ਦੇ ਉੱਪਰੋਂ ਦੂਜੇ ਜਾਂ ਤੀਜੇ ਪੱਤੇ ਦੇ ਮੁੱਢ ਵੱਲ ਸਫ਼ੈਦ ਜਾਂ ਹਲਕਾ ਪੀਲਾ ਪੱਟੀ ਨੁਮਾ ਧੱਬੇ ਦੀ ਸ਼ਕਲ ਵਿੱਚ ਦਿਖਾਈ ਦਿੰਦੇ ਹਨ ਅਤੇ ਮੁੱਖ ਨਾੜ ਦੇ ਦੋਹੀਂ ਪਾਸੀਂ ਲਾਲ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਇਹ ਸਫ਼ੈਦ ਪੱਟੀ ਨੁਮਾ ਧੱਬਾ ਬਾਅਦ ਵਿੱਚ ਪੱਤੇ ਦੇ ਸਿਰ ਵੱਲ, ਮੁੱਖ ਨਾੜ ਦੇ ਸਮਾਨੰਤਰ, ਵਧਣਾ ਸ਼ੁਰੂ ਹੋ ਜਾਂਦਾ ਹੈ। ਪਰ ਪੱਤੇ ਦੀ ਮੁੱਖ ਨਾੜ ਅਤੇ ਸਿਰੇ ਹਰੇ ਰਹਿੰਦੇ ਹਨ। ਬੂਟੇ ਮੱਧਰੇ ਰਹਿੰਦੇ ਹਨ ਅਤੇ ਤਣੇ ਦੀਆਂ ਗੰਢਾਂ ਨੇੜੇ-ਨੇੜੇ ਪੈਂਦੀਆਂ ਹਨ ਅਤੇ ਪੱਤੇ ਇੱਕ ਹੀ ਜਗਾ ਤੋਂ ਨਿਕਲਦੇ ਨਜ਼ਰ ਆਉਂਦੇ ਹਨ। ਜੇਕਰ ਜ਼ਿੰਕ ਦੀ ਘਾਟ ਮਾਮੂਲੀ ਹੋਵੇ ਤਾਂ ਉੱਪਰਲੇ ਪੱਤਿਆਂ ਤੇ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ ਜੋ ਕਿ ਮੌਸਮ ਦੇ ਅੱਧ ਵਿੱਚ ਜਾ ਕੇ ਹਟ ਜਾਂਦੀਆਂ ਹਨ। ਪਰ ਬਾਬੂ ਝੰਡਿਆਂ ਦਾ ਬੂਰ ਅਤੇ ਛੱਲੀਆਂ ਦਾ ਸੂਤ ਦੇਰ ਨਾਲ ਨਿੱਕਲਦਾ ਹੈ।ਪਰ ਬਹੁਤ ਜ਼ਿਆਦਾ ਘਾਟ ਕਾਰਣ ਕਈ ਵਾਰ ਬਾਬੂ ਝੰਡੇ  ਬਣਦੇ ਹੀ ਨਹੀਂ ਅਤੇ ਫਸਲ ਸਿਰੇ ਹੀ ਨਹੀਂ ਚੜਦੀ।

ਘਾਟ ਦੀ ਪੂਰਤੀ:  ਜੇਕਰ ਜ਼ਿੰਕ ਦੀ ਘਾਟ ਮੱਕੀ ਤੋਂ ਪਹਿਲੀ ਫ਼ਸਲ ਵਿੱਚ ਵੀ ਦੇਖਣ ਨੂੰ ਮਿਲੀ ਹੋਵੇ ਤਾਂ ਬਿਜਾਈ ਸਮੇਂ ੧੦ ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (੨੧%) ਜਾਂ ੬.੫ ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (੩੩%) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਮਿਲਾ ਦਿਉ। ਜੇਕਰ ਜ਼ਿੰਕ ਸਲਫੇਟ ਦੀ ਵਰਤੋਂ ਬਿਜਾਈ ਸਮੇਂ ਨਾ ਕੀਤੀ ਗਈ ਹੋਵੇ ਅਤੇ ਮੱਕੀ ਦੀ ਫ਼ਸਲ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ੧੦ ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (੨੧%) ਜਾਂ ੬.੫ ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (੩੩%) ਇਤਨੀ ਹੀ ਮਿੱਟੀ ਵਿੱਚ ਮਿਲਾ ਕੇ ਮੱਕੀ ਦੀਆਂ ਕਤਾਰਾਂ ਦੇ ਨਾਲ-ਨਾਲ ਪਾ ਦਿਉ ਤੇ ਗੋਡੀ ਕਰਕੇ ਮਿੱਟੀ ਵਿੱਚ ਮਿਲਾ ਦਿਉ ਅਤੇ ਬਾਅਦ ਵਿੱਚ ਫ਼ਸਲ ਨੂੰ ਪਾਣੀ ਦਿਉ। ਜੇ ਜ਼ਿੰਕ ਦੀ ਘਾਟ ਦਾ ਪਤਾ ਅਜਿਹੇ ਸਮੇਂ ਲੱਗੇ ਜਦੋਂ ਗੋਡੀ ਕਰਨੀ ਸੰਭਵ ਨਾ ਹੋਵੇ ਤਾਂ ਜ਼ਿੰਕ ਸਲਫੇਟ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ।ਇਹ ਸਪਰੇਅ ਤਿਆਰ ਕਰਨ ਲਈ ੧੨੦੦ ਗ੍ਰਾਮ ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ), ੬੦੦ ਗ੍ਰਾਮ ਅਣਬੁਝਿਆ ਚੂਨਾ ਜਾਂ ੭੫੦ ਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ, ੩੭੫ ਗ੍ਰਾਮ ਅਣਬੁਝਿਆ ਚੂਨਾ ਅਤੇ ੨੦੦ ਲਿਟਰ ਪਾਣੀ ਪ੍ਰਤੀ ਏਕੜ ਵਰਤੋ।

ਲੋਹੇ ਦੀ ਘਾਟ: ਲੋਹੇ ਦੀ ਘਾਟ ਵੀ ਆਮ ਤੌਰ ਤੇ  ਹਲਕੀਆਂ ਰੇਤਲੀਆਂ ਅਤੇ ਉਨਾਂ ਜ਼ਮੀਨਾਂ ਵਿੱਚ ਆਉਂਦੀ ਹੈ ਜਿਨਾਂ ਵਿੱਚ ਪਾਣੀ ਬਹੁਤ ਜਲਦੀ ਜ਼ੀਰਦਾ ਹੋਵੇ। ਘੱਟ ਜੀਵਕ ਕਾਰਬਨ ਵਾਲੀਆਂ, ਕਲਰਾਠੀਆਂ ਅਤੇ ਜ਼ਿਆਦਾ ਚੂਨੇ ਵਾਲੀਆਂ ਜ਼ਮੀਨਾਂ ਵਿੱਚ ਵੀ ਲੋਹੇ ਦੀ ਘਾਟ ਦੇਖਣ ਨੂੰ ਮਿਲਦੀ ਹੈ।
ਝੋਨਾ : ਜ਼ਿਆਦਾ ਰੇਤਲੀਆਂ ਜ਼ਮੀਨਾਂ ਵਿੱਚ ਜਿਥੇ ਪਾਣੀ ਦੀ ਘਾਟ ਹੋਵੇ, ਪਨੀਰੀ ਲਾਉਣ ਤੋਂ ਕੁਝ ਦਿਨਾਂ ਬਾਅਦ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ ।ਜ਼ਿਆਦਾ ਘਾਟ ਦੀ ਹਾਲਤ ਵਿੱਚ ਪੱਤਿਆਂ ਦਾ ਰੰਗ ਚਿੱਟਾ ਜਿਹਾ ਹੋ ਜਾਂਦਾ ਹੈ।ਬੂਟੇ ਮਰ ਜਾਂਦੇ ਹਨ ਅਤੇ ਕਈ ਵਾਰੀ ਸਾਰੀ ਦੀ ਸਾਰੀ ਫ਼ਸਲ ਹੀ ਤਬਾਹ ਹੋ ਜਾਂਦੀ ਹੈ।

ਘਾਟ ਦੀ ਪੂਰਤੀ:   ਅਜਿਹੀਆਂ  ਨਿਸ਼ਾਨੀਆਂ ਨਜ਼ਰ ਆਉਣ ਸਾਰ ਹੀ ਫ਼ਸਲ ਨੂੰ ਛੇਤੀ-ਛੇਤੀ ਭਰਵੇਂ ਪਾਣੀ ਦੇਣੇ ਸ਼ੁਰੂ ਕਰ ਦਿਓ।ਹਫ਼ਤੇ - ਹਫ਼ਤੇ ਦੇ ਫਰਕ ਤੇ ਇੱਕ ਪ੍ਰਤੀਸ਼ਤ ਲੋਹੇ (ਫੈਰਸ ਸਲਫੇਟ) ਦੇ ੨-੩ ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ।ਇੱਕ ਪ੍ਰਤੀਸ਼ਤ ਘੋਲ ਬਣਾਉਣ ਲਈ ਇੱਕ ਕਿਲੋ ਫੈਰਸ ਸਲਫੇਟ ਨੂੰ ੧੦੦ ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕੋ।ਝੋਨੇ ਦੀ ਲੁਆਈ ਕਰਨ ਤੋਂ ਪਹਿਲਾਂ ਜੇ ਹਰ ਸਾਲ ੪੫-੫੫ ਦਿਨਾਂ ਦੀ ਜੰਤਰ/ਸਣ ਦੀ ਫਸਲ ਖੇਤ ਵਿੱਚ ਵਾਹੁਣ ਨਾਲ ਲੋਹੇ ਦੀ ਘਾਟ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।

ਧਿਆਨ ਰੱਖਣ ਯੋਗ ਗੱਲਾਂ:

• ਸੂਖਮ ਤੱਤਾਂ ਦੀ ਸਥਿਤੀ ਜਾਨਣ ਵਾਸਤੇ ਮਿੱਟੀ ਪਰਖ ਜ਼ਰੂਰ ਕਰਵਾਓ।
• ਜ਼ਿੰਕ ਸਲਫੇਟ ਜ਼ਮੀਨ ਵਿੱਚ ਪਾਉਣਾ ਇਸ ਦੇ ਛਿੜਕਾਅ ਨਾਲੋਂ ਜ਼ਿਆਦਾ ਲਾਹੇਵੰਦ  ਹੈ।
• ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ।
• ਸਪਰੇਅ ਕਰਨ ਲਈ ਘੋਲ  ਹਮੇਸ਼ਾ ਤਾਜ਼ਾ ਹੀ ਤਿਆਰ ਕਰੋ।
• ਸਪਰੇਅ ਹਮੇਸ਼ਾ ਸਾਫ ਅਤੇ ਧੁੱਪ ਵਾਲੇ ਦਿਨ ਕਰਨਾ ਚਾਹੀਦਾ ਹੈ।

 

ਸਤਵਿੰਦਰਜੀਤ ਕੌਰ੧ ਅਤੇ ਗਾਇਤਰੀ ਵਰਮਾ੨
੧ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਅਤੇ ੨ਖੇਤਰੀ  ਖੋਜ ਕੇਂਦਰ, ਗੁਰਦਾਸਪੁਰ

kharif crops punjab farming punjab punjabi news Monsoon 2020 monsoon
English Summary: Deficiency and supply of micronutrients in kharif crops

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.