Water Borne Diseases: ਚੰਗੀ ਸਿਹਤ ਲਈ ਸਾਫ਼ ਪਾਣੀ ਬਹੁਤ ਜ਼ਰੂਰੀ ਹੈ। ਪੀਣ ਲਈ, ਦੰਦਾਂ ਸਾਫ ਕਰਨ ਲਈ, ਹੱਥ ਧੋਣ ਲਈ, ਨਹਾਉਣ ਲਈ ਅਤੇ ਖਾਣਾ ਬਣਾਉਣ ਲਈ ਪਾਣੀ ਰਸਾਇਣਾਂ ਅਤੇ ਹਾਨੀਕਾਰਕ ਕੀਟਾਣੂਆਂ ਤੋਂ ਮੁਕਤ ਹੋਣਾ ਚਾਹੀਦਾ ਹੈ, ਨਹੀਂ ਤਾਂ ਪਾਣੀ ਪਰਜੀਵੀਆਂ ਰਾਹੀਂ ਸਾਡੇ ਲਈ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਪੀਲੀਆ, ਦਸਤ, ਹੈਜ਼ਾ, ਟਾਈਫਾਈਡ, ਹੈਪੇਟਾਈਟਸ ਅਤੇ ਫੂਡ ਪੋਇਜ਼ਨਿੰਗ ਵਰਗੀਆਂ ਪਾਣੀ ਨਾਲ ਹੋਣ ਵਾਲੀਆਂ ਕਈ ਬਿਮਾਰੀਆਂ ਗੰਦੇ ਅਤੇ ਦੂਸ਼ਿਤ ਪਾਣੀ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ। ਬਰਸਾਤੀ ਮੌਸਮ ਦੌਰਾਨ ਹੋਣ ਵਾਲੇ ਇਨ੍ਹਾਂ ਰੋਗਾਂ ਸਬੰਧੀ ਜਾਣਕਾਰੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੇਦੀ ਨੇ ਸਾਂਝੀ ਕੀਤੀ।
ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਬਿਮਾਰੀਆਂ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ, ਕਿਉਂਕਿ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦਾ ਮਿਲ ਜਾਣਾ ਇਕ ਵੱਡਾ ਕਾਰਣ ਬਣਦਾ ਹੈ। ਇਹ ਬਿਮਾਰੀਆਂ ਪਰਜੀਵੀਆਂ, ਬੈਕਟੀਰੀਆ ਅਤੇ ਵਿਸ਼ਾਣੂਆਂ ਦੇ ਰੂਪ ਵਿਚ ਮਨੁੱਖ ਨੂੰ ਬਿਮਾਰ ਕਰਦੀਆਂ ਹਨ। ਇਹ ਰੋਗਾਣੂ ਮਨੁੱਖੀ ਅੰਤੜੀਆਂ ਨੂੰ ਪ੍ਰਭਾਵਿਤ ਕਰਦੇ ਹਨ, ਕਿਉਂਕਿ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵ ਦੂਸ਼ਿਤ ਪਾਣੀ ਰਾਹੀਂ ਸਿੱਧੇ ਮਨੁੱਖੀ ਸਰੀਰ ਵਿੱਚ ਜਾ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਵਿਸ਼ਵ ਵਿੱਚ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਾ ਪ੍ਰਮੁੱਖ ਕਾਰਣ ਹੈਜ਼ਾ ਅਤੇ ਦਸਤ ਵਾਲੀਆਂ ਬਿਮਾਰੀਆਂ ਹੀ ਬਣਦੀਆਂ ਹਨ। ਇਨ੍ਹਾਂ ਮੌਤਾਂ ਵਿੱਚੋਂ ਵਧੇਰੇ ਮੌਤਾਂ ਦੂਸ਼ਿਤ ਪਾਣੀ, ਸਫਾਈ ਦੇ ਮਾੜੇ ਹਾਲਾਤ ਅਤੇ ਗੰਦੇ ਪਾਣੀ ਦੇ ਨਾਕਸ ਨਿਕਾਸੀ ਪ੍ਰਬੰਧਾਂ ਕਾਰਣ ਹੁੰਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਬੱਚੇ ਇਸ ਦਾ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ।
ਵੈਟਨਰੀ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਵਿਭਾਗ ਦੇ ਮਾਹਿਰਾਂ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਰੁਕਾਵਟ, ਸੀਵਰੇਜ ਦੀ ਗ਼ੈਰ ਨਿਕਾਸੀ ਅਤੇ ਦੂਸ਼ਿਤ ਪਾਣੀ ਦੇ ਪੀਣ ਯੋਗ ਪਾਣੀ ਵਿੱਚ ਮਿਲ ਜਾਣ ਕਾਰਣ ਇਹ ਬਿਮਾਰੀਆਂ ਫੈਲਦੀਆਂ ਹਨ। ਇਸ ਤੋਂ ਇਲਾਵਾ ਰੁਕਿਆ ਹੋਇਆ ਪਾਣੀ ਵਧੇਰੇ ਮੱਛਰ ਪੈਦਾ ਕਰਦਾ ਹੈ ਅਤੇ ਇਨ੍ਹਾਂ ਮੱਛਰਾਂ ਰਾਹੀਂ ਡੇਂਗੂ ਅਤੇ ਮਲੇਰੀਏ ਵਰਗੇ ਰੋਗ ਫੈਲਦੇ ਹਨ। ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵਸੋਂ ਵਾਲੀਆਂ ਥਾਵਾਂ ਦੇ ਨੇੜੇ ਤੇੜੇ ਪਾਣੀ ਬਿਲਕੁਲ ਨਾ ਇਕੱਠਾ ਹੋਣ ਦੇਣ ਅਤੇ ਪਾਣੀ ਦੇ ਨਿਕਾਸੀ ਮਾਰਗਾਂ ਨੂੰ ਵੀ ਦਰੁਸਤ ਰੱਖਣ।
ਇਹ ਵੀ ਪੜ੍ਹੋ : PAU ਵੱਲੋਂ ਪਾਣੀ ਦੀ ਘਾਟ ਵਾਲੇ ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ ਵਿੱਚ Short Duration Rice Varieties ਦੀ ਸਿਫ਼ਾਰਸ਼
ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਅਤੇ ਭਾਂਡਿਆਂ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਬਹੁਤ ਸਾਰੇ ਕੀਟਾਣੂ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਟੈਂਕੀਆਂ ਨੂੰ ਸਾਲ ਵਿੱਚ ਦੋ ਵਾਰ ਚੰਗੀ ਤਰ੍ਹਾਂ ਰੋਗਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ ਅਤੇ ਪਾਣੀ ਦੀ ਨਿਯਮਤ ਜਾਂਚ ਵੀ ਹੋਣੀ ਚਾਹੀਦੀ ਹੈ। ਘਰਾਂ ਵਿੱਚ ਵਰਤੇ ਜਾਣ ਵਾਲੇ ਵਾਟਰ ਫਿਲਟਰ ਵੀ ਚੰਗੀ ਕੁਆਲਿਟੀ ਦੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ।
ਜੇਕਰ ਪਾਣੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਸ ਦੀ ਕਿਸੇ ਭਰੋਸੇਮੰਦ ਲੈਬਾਰਟਰੀ ਤੋਂ ਜਾਂਚ ਕਰਵਾਈ ਜਾਵੇ, ਅਜਿਹੀ ਸਹੂਲਤ ਵੈਟਰਨਰੀ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਵਿਖੇ ਵੀ ਉਪਲਬਧ ਹੈ। ਅਸੀਂ ਪਾਣੀ ਦੀ ਸ਼ੁੱਧ ਸਪਲਾਈ ਬਣਾਈ ਰੱਖਣ ਅਤੇ ਸਿਹਤਮੰਦ ਆਦਤਾਂ ਅਪਣਾ ਕੇ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।
Summary in English: Dirty water, improper drainage and pollution are the main causes of diseases during the rainy season