Dairy Animals: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ‘ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਸਿਹਤ ਨੀਤੀਆਂ’ ਸੰਬੰਧੀ ਚਰਚਾ ਕਰਨ ਲਈ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਵੈਟਨਰੀ ਯੂਨੀਵਰਸਿਟੀ ਵਿਖੇ 01 ਅਤੇ 02 ਜੁਲਾਈ 2023 ਨੂੰ ਵੈਟਨਰੀ ਵਿਗਿਆਨ ਸੰਬੰਧੀ ਕੌਮੀ ਅਕਾਦਮੀ ਦੀ 21ਵੀਂ ਸਾਲਾਨਾ ਕਨਵੈਨਸ਼ਨ ਹੋਣ ਜਾ ਰਹੀ ਹੈ। ਇਸੇ ਸੰਬੰਧ ਵਿਚ ਵੱਖੋ-ਵੱਖਰੇ 06 ਵਿਸ਼ਿਆਂ ’ਤੇ ਚਰਚਾ ਕਰਨ ਲਈ ਅਜਿਹੀਆਂ ਗੋਸ਼ਠੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਇਹ ਵਿਸ਼ੇ ਨਸਲ ਸੁਧਾਰ, ਪ੍ਰਜਨਨ, ਸਿਹਤ, ਪ੍ਰਬੰਧਨ, ਖੁਰਾਕ ਅਤੇ ਪ੍ਰਜਨਨ 'ਤੇ ਆਧਾਰਿਤ ਹਨ। ਇਸ ਸਬੰਧ ਵਿੱਚ ਪਸ਼ੂਆਂ ਦੀ ਸਿਹਤ ਸਬੰਧੀ ਇਹ ਸੈਮੀਨਾਰ ਕਰਵਾਇਆ ਗਿਆ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਰਕਾਰੀ ਭਰਤੀ ਪ੍ਰਕਿਰਿਆ 'ਚ ਮਾਰੀਆਂ ਮੱਲਾਂ
ਡਾ. ਪਰਵੀਨ ਮਲਿਕ, ਸਾਬਕਾ, ਐਨੀਮਲ ਹਸਬੈਂਡਰੀ ਕਮਿਸ਼ਨਰ, ਭਾਰਤ ਸਰਕਾਰ, ਡਾ. ਭੋਜਰਾਜ ਸਿੰਘ, ਭਾਰਤੀ ਵੈਟਨਰੀ ਖੋਜ ਸੰਸਥਾ, ਇਜ਼ੱਤਨਗਰ, ਡਾ. ਸਰਨਰਿੰਦਰ ਸਿੰਘ ਰੰਧਾਵਾ, ਸਾਬਕਾ ਨਿਰਦੇਸ਼ਕ ਖੋਜ, ਵੈਟਨਰੀ ਯੂਨੀਵਰਸਿਟੀ, ਡਾ. ਸੰਦੀਪ ਗੁਪਤਾ, ਪ੍ਰਮੁੱਖ ਵਿਗਿਆਨੀ, ਲਾਲਾ ਲਾਜਪਤ ਰਾਏ ਵੈਟਨਰੀ ਵਿਗਿਆਨ ਯੂਨੀਵਰਸਿਟੀ, ਹਿਸਾਰ ਅਤੇ ਡਾ. ਅਸ਼ੋਕ ਕੁਮਾਰ, ਵਿਗਿਆਨੀ, ਮੱਝਾਂ ਦੀ ਖੋਜ ਸੰਬੰਧੀ ਕੇਂਦਰੀ ਸੰਸਥਾ, ਹਿਸਾਰ ਨੇ ਬਤੌਰ ਮਾਹਿਰਾਂ ਦੇ ਇਸ ਚਰਚਾ ਵਿਚ ਹਿੱਸਾ ਲਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਯੂਨੀਵਰਸਿਟੀ ਦੇ ਅਧਿਕਾਰੀ, ਵਿਭਾਗ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਵਿਚ ਭਰਵੀਂ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : Veterinary University ਦੇ ਇਨ੍ਹਾਂ ਕੋਰਸਾਂ ਵੱਲ ਉਮੀਦਵਾਰਾਂ ਦਾ ਵੱਧ ਰਿਹਾ ਰੁਝਾਨ
ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਵਿਚਾਰ ਚਰਚਾ ਦਾ ਮੁੱਢ ਬੰਨ੍ਹਦਿਆਂ ਪਸ਼ੂਧਨ ਦੇ ਸਿਹਤ ਮੁੱਦਿਆਂ, ਸਮੱਸਿਆਵਾਂ ਅਤੇ ਪੇਸ਼ ਚੁਣੌਤੀਆਂ ਦੀ ਗੱਲ ਕੀਤੀ। ਮਾਹਿਰਾਂ ਨੇ ਕਿਹਾ ਕਿ ਪਸ਼ੂਆਂ ਦੀਆਂ ਬਿਮਾਰੀਆਂ ਸੰਬੰਧੀ ਸੂਚਨਾ ਘੱਟ ਦਰਜ ਹੁੰਦੀ ਹੈ ਅਤੇ ਇਸੇ ਕਾਰਣ ਸਹੀ ਅਤੇ ਢੁੱਕਵੇਂ ਬਚਾਅ ਪ੍ਰਬੰਧ ਨਹੀਂ ਵਰਤੇ ਜਾ ਰਹੇ।
ਡਾ. ਗੁਪਤਾ ਨੇ ਬੇਸਹਾਰਾ ਪਸ਼ੂਆਂ ਤੇ ਸਾਨ੍ਹਾਂ ਦੇ ਸਹੀ ਵੀਰਜ ਦੀ ਉਪਲਬੱਧਤਾ ਬਾਰੇ ਗੱਲ ਕੀਤੀ। ਦੂਸਰੇ ਮਾਹਿਰਾਂ ਨੇ ਸੂਖਮ ਜੀਵ ਪ੍ਰਤੀਰੋਧਕਤਾ ਅਤੇ ਪਸਾਰ ਸੇਵਾਵਾਂ ਦੀਆਂ ਖਾਮੀਆਂ ਦਾ ਜ਼ਿਕਰ ਕੀਤਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਬੇਸਹਾਰਾ ਪਸ਼ੂਆਂ ਲਈ ਢੁੱਕਵੇਂ ਸਥਾਨ ਬਣਾ ਕੇ ਉਨ੍ਹਾਂ ਨੂੰ ਉਥੇ ਰੱਖਣਾ ਸੁਨਿਸ਼ਚਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉੱਘੇ ਖੋਜਕਾਰਾਂ ਅਤੇ ਨੀਤੀ ਘਾੜਿਆਂ ਦੇ ਦੁਵੱਲੇ ਸੰਵਾਦ ਨਾਲ ਵੈਟਨਰੀ ਅਭਿਆਸ, ਖੋਜ ਅਤੇ ਸਿੱਖਿਆ ਦੀਆਂ ਵਿਧੀਆਂ ਨੂੰ ਬਿਹਤਰ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿ ਪਸ਼ੂਆਂ ਦੀ ਉਤਪਾਦਕਤਾ ਜ਼ਰੂਰ ਵਧੇਗੀ। ਡਾ. ਰਣਧੀਰ ਸਿੰਘ ਨੇ ਸਾਰੇ ਮਾਹਿਰਾਂ ਅਤੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦਾ ਇਹ ਸੈਸ਼ਨ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Discussion panel on 'Health strategies for enhancing productivity of dairy animals'