ਡਾ. ਪ੍ਰਭਜੋਧ ਸਿੰਘ ਸੰਧੂ
Punjab Agricultural University: ਜਾਣੇ-ਪਛਾਣੇ ਤੇਲਬੀਜ ਮਾਹਿਰ ਡਾ. ਪ੍ਰਭਜੋਤ ਸਿੰਘ ਸੰਧੂ ਨੂੰ ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਾ. ਪ੍ਰਭਜੋਤ ਸਿੰਘ ਸੰਧੂ ਫਰਵਰੀ 1996 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਪੌਦ ਸੁਰੱਖਿਆ ਦੇ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਸਨ।
ਖੋਜ, ਪਸਾਰ ਅਤੇ ਅਧਿਆਪਨ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਡਾ. ਸੰਧੂ ਨੇ ਆਪਣਾ ਖੋਜ ਕਾਰਜ ਡਾ. ਐੱਸ ਐੱਸ ਬਾਂਗਾ ਦੀ ਨਿਗਰਾਨੀ ਹੇਠ ਸੰਪੂਰਨ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਤੇਲਬੀਜਾਂ ਦੇ ਖੇਤਰ ਵਿੱਚ ਪੌਦਾ ਰੋਗ ਮਾਹਿਰ ਅਤੇ ਪੌਦ ਸੁਰੱਖਿਆ ਮਾਹਿਰ ਵਜੋਂ ਕਾਰਜ ਕਰਨਾ ਸ਼ੁਰੂ ਕੀਤਾ। ਉਹ 2005 ਤੋਂ ਬਾਅਦ ਪੌਦਾ ਰੋਗ ਵਿਗਿਆਨ ਦੇ ਖੇਤਰ ਵਿਚ ਖੋਜ, ਪਸਾਰ ਅਤੇ ਅਧਿਆਪਨ ਕਾਰਜਾਂ ਨਾਲ ਜੁੜੇ। ਸੰਨ 2023 ਵਿਚ ਉਹਨਾਂ ਨੇ ਇਸ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ। ਡਾ. ਸੰਧੂ ਨੇ ਵੱਖ-ਵੱਖ ਰਾਸਟਰੀ ਅਤੇ ਅੰਤਰਰਾਸਟਰੀ ਫੰਡਿੰਗ ਏਜੰਸੀਆਂ ਦੁਆਰਾ ਪ੍ਰਾਯੋਜਿਤ 8 ਖੋਜ ਪ੍ਰੋਜੈਕਟਾਂ ਵਿੱਚ ਨਿਗਰਾਨ ਅਤੇ ਸਹਿ-ਨਿਗਰਾਨ ਵਜੋਂ ਹਿੱਸਾ ਪਾਇਆ। ਵਰਤਮਾਨ ਵਿੱਚ ਵੀ ਉਹ 4 ਖੋਜ ਪ੍ਰੋਜੈਕਟਾਂ ਦਾ ਹਿੱਸਾ ਹਨ।
ਡਾ. ਸੰਧੂ ਨੇ ਤੇਲਬੀਜ ਫ਼ਸਲਾਂ ਦੀਆਂ 23 ਕਿਸਮਾਂ ਅਤੇ 21 ਬਿਮਾਰੀਆਂ ਦੀਆਂ ਰੋਕਥਾਮ ਵਾਲੀਆਂ ਤਕਨਾਲੋਜੀਆਂ ਦੀ ਖੋਜ ਅਤੇ ਉਹਨਾਂ ਨੂੰ ਜਾਰੀ ਕਰਨ ਵਿੱਚ ਸਹਿਯੋਗ ਕੀਤਾ। ਉਹਨਾਂ ਨੇ ਤਿਲਾਂ ਅਤੇ ਮੂੰਗਫਲੀ ਦੇ ਨਾਲ-ਨਾਲ ਸਰ੍ਹੋਂ ਦੀਆਂ ਕਈ ਕਿਸਮਾਂ ਦੀ ਖੋਜ ਲਈ ਕਾਰਜ ਕੀਤਾ। ਉਹਨਾਂ ਨੇ ਸਰ੍ਹੋਂ ਦੀ ਭਿਆਨਕ ਬਿਮਾਰੀ ਸਕਲੇਰੋਟੀਨੀਆ ਦੀ ਰੋਕਥਾਮ ਲਈ ਪਹਿਲੇ ਸਰੋਤ ਦੀ ਭਾਲ ਕੀਤੀ। ਨਾਲ ਹੀ ਉਹਨਾਂ ਨੇ ਸਰ੍ਹੋਂ ਦੇ ਜੀਨ ਵਿਗਿਆਨ ਦੇ ਖੇਤਰ ਵਿੱਚ ਰੋਗਾਂ ਦੀ ਰੋਕਥਾਮ ਲਈ ਠੇਠ ਦੇਸੀ ਅਤੇ ਮੁਢਲੀਆਂ ਕਿਸਮਾਂ ਦੇ ਜੀਨ ਲੈ ਕੇ ਉਹਨਾਂ ਦੀ ਦਖਲਅੰਦਾਜ਼ੀ ਵਧਾਈ।
ਇਸ ਤੋਂ ਇਲਾਵਾ ਉਹ ਸਫੇਦ ਕੁੰਗੀ ਰੋਧਕ ਕਨੋਲਾ ਸਰ੍ਹੋਂ ਦੀ ਕਿਸਮ ਆਰਐਲਸੀ 3 ਅਤੇ ਹਾਈਬ੍ਰਿਡ ਆਰਸੀਐਚ 1 ਨੂੰ ਜਾਰੀ ਕਰਨ ਦੇ ਪ੍ਰੋਗਰਾਮ ਦਾ ਹਿੱਸਾ ਰਹੇ। ਸਫੈਦ ਕੁੰਗੀ ਪ੍ਰਤੀਰੋਧ ਦੇ ਦੋ ਸਰੋਤ ਭਾਰਤੀ ਖੇਤੀ ਖੋਜ ਪ੍ਰੀਸਦ ਦੀ ਪਲਾਂਟ ਜਰਮਪਲਾਜਮ ਰਜਿਸਟ੍ਰੇਸਨ ਕਮੇਟੀ ਕੋਲ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸਰ੍ਹੋਂ ਦੇ ਝੁਲਸ ਰੋਗ ਵਿੱਚ ਇੱਕ ਜੀਵਾਣੂੰ ਦੀ ਰੋਕਥਾਮ ਲਈ ਜ਼ਿਕਰਯੋਗ ਕਾਰਜ ਕੀਤਾ ਜੋ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਵਿਲੱਖਣ ਕਾਰਜ ਗਿਣਿਆ ਜਾਵੇਗਾ।
ਇਹ ਵੀ ਪੜ੍ਹੋ: Farmer's Life: ਉਠੋ ਜਾਗੋ ਵੀਰ ਕਿਸਾਨੋ
ਡਾ. ਸੰਧੂ ਨੇ ਇੱਕ ਬਹੁ-ਅਨੁਸਾਸਨੀ ਟੀਮ ਵਿੱਚ ਕੰਮ ਕੀਤਾ ਅਤੇ ਭਾਰਤ ਅਤੇ ਵਿਦੇਸਾਂ ਵਿੱਚ ਵਿਗਿਆਨੀਆਂ ਨਾਲ ਸਹਿਯੋਗ ਕੀਤਾ। ਉਹ ਜਿਸ ਟੀਮ ਦਾ ਹਿੱਸਾ ਰਹੇ ਉਸ ਟੀਮ ਨੂੰ ਸਾਲ 2011-12 ਲਈ ਆਈ.ਸੀ.ਏ.ਆਰ.-ਰੈਪੀਸੀਡ ਮਸਟਰਡ ਰਿਸਰਚ ਦੇ ਡਾਇਰੈਕਟੋਰੇਟ ਦੁਆਰਾ ਆਈ.ਸੀ.ਏ.ਆਰ.-ਬੈਸਟ ਏ.ਆਈ.ਸੀ.ਆਰ.ਪੀ. ਸੈਂਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਉਹਨਾਂ ਦੇ ਰਾਸਟਰੀ ਅਤੇ ਅੰਤਰਰਾਸਟਰੀ ਪ੍ਰਸਿੱਧੀ ਵਾਲੇ ਜਰਨਲਾਂ ਵਿੱਚ 61 ਖੋਜ ਪ੍ਰਕਾਸਨ ਸ਼ਾਮਿਲ ਹੋਏ ਅਤੇ 76 ਪਸਾਰ ਲੇਖਾਂ ਤੋਂ ਇਲਾਵਾ ਐਬਸਟਰੈਕਟ, ਕਿਤਾਬ ਦੇ ਅਧਿਆਇ ਅਤੇ ਬੁਲੇਟਿਨ ਸਮੇਤ 76 ਹੋਰ ਖੋਜ ਪ੍ਰਕਾਸ਼ਨਾਵਾਂ ਹਨ। ਉਹਨਾਂ ਨੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਵਿੱਚ 121 ਭਾਸ਼ਣਾਂ ਦੇ ਨਾਲ 44 ਟੀਵੀ/ਰੇਡੀਓ ਭਾਸ਼ਣ ਦਿੱਤੇ ਹਨ। ਉਨ੍ਹਾਂ ਦੀ ਅਗਵਾਈ 10 ਐਮ.ਐਸ.ਸੀ. ਅਤੇ 4 ਪੀ.ਐਚ.ਡੀ. ਵਿਦਿਆਰਥੀ ਨੂੰ ਮਿਲਦੀ ਰਹੀ ਹੈ।
ਡਾ. ਸੰਧੂ ਆਸਟ੍ਰੇਲੀਅਨ ਸਰਕਾਰ ਦੀ ਵੱਕਾਰੀ ਐਂਡੀਵਰ ਖੋਜ ਫੈਲੋਸ਼ਿਪ ਦੇ ਪ੍ਰਾਪਤ ਕਰਤਾ ਹਨ ਅਤੇ 2009 ਵਿੱਚ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਪਰਥ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਉਹ ਜਰਮਨੀ, ਕੈਨੇਡਾ, ਚੀਨ, ਚੈੱਕ ਰੀਪਬਲਿਕ ਅਤੇ ਫਰਾਂਸ ਵਿਖੇ ਵੱਖ-ਵੱਖ ਕਾਨਫਰੰਸਾਂ ਵਿੱਚ ਆਪਣਾ ਖੋਜ ਕਾਰਜ ਪੇਸ ਕਰ ਚੁੱਕੇ ਹਨ। ਉਹ ਦੋ ਵਿਗਿਆਨਕ ਸੋਸਾਇਟੀਆਂ ਦੇ ਫੈਲੋ ਹਨ - ਇੰਡੀਅਨ ਸੋਸਾਇਟੀ ਆਫ ਆਇਲਸੀਡ ਰਿਸਰਚ, ਹੈਦਰਾਬਾਦ ਅਤੇ ਸੋਸਾਇਟੀ ਫਾਰ ਰੈਪਸੀਡ-ਸਰਸੋਂ ਰਿਸਰਚ, ਭਰਤਪੁਰ।
ਖੋਜ, ਅਧਿਆਪਨ ਅਤੇ ਪਸਾਰ ਤੋਂ ਇਲਾਵਾ, ਡਾ. ਸੰਧੂ ਨੇ ਲਗਭਗ ਅੱਠ ਸਾਲ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ ਹਨ। ਉਹ ਕਾਲਜ ਆਫ ਐਗਰੀਕਲਚਰ, ਪੀ.ਏ.ਯੂ., ਲੁਧਿਆਣਾ ਦੀ ਸਪੋਰਟਸ ਕਮੇਟੀ ਦੇ ਪ੍ਰਧਾਨ ਵੀ ਹਨ।
ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)
Summary in English: Eminent plant pathologist Dr. Prabhjodh Singh Sandhu appointed as Additional Director Extension Education, PAU