1. Home
  2. ਖਬਰਾਂ

ਕਣਕ ਨੂੰ ਵਧੇਰੇ ਗਰਮੀ ਤੋਂ ਬਚਾਉਣ ਅਤੇ ਚੰਗਾ ਝਾੜ ਲੈਣ ਸਬੰਧੀ Sangrur ਦੇ ਪਿੰਡ ਲੌਂਗੋਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ

ਕੈਂਪ ਵਿੱਚ 70 ਤੋਂ ਵੱਧ ਕਿਸਾਨ ਭਰਾਵਾਂ ਅਤੇ ਬੀਬੀਆਂ ਨੇ ਭਾਗ ਲਿਆ। ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫ਼ਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

Gurpreet Kaur Virk
Gurpreet Kaur Virk
ਕੈਂਪ ਵਿੱਚ 70 ਤੋਂ ਵੱਧ ਕਿਸਾਨ ਭਰਾਵਾਂ ਅਤੇ ਬੀਬੀਆਂ ਨੇ ਲਿਆ ਭਾਗ

ਕੈਂਪ ਵਿੱਚ 70 ਤੋਂ ਵੱਧ ਕਿਸਾਨ ਭਰਾਵਾਂ ਅਤੇ ਬੀਬੀਆਂ ਨੇ ਲਿਆ ਭਾਗ

Wheat Crop: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਮੌਜੂਦਾ ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ, ਕੀੜ੍ਹੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ, ਭੂਮੀ ਸਿਹਤ ਸੁਧਾਰ ਸਬੰਧੀ ਨੁਕਤੇ ਆਦਿ ਤੇ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਪਿੰਡ ਲੌਂਗੋਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ। ਕੈਂਪ ਵਿੱਚ 70 ਤੋਂ ਵੱਧ ਕਿਸਾਨ ਭਰਾਵਾਂ ਅਤੇ ਬੀਬੀਆਂ ਨੇ ਭਾਗ ਲਿਆ।

ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫ਼ਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 

ਉਹਨਾਂ ਦੱਸਿਆ ਕਿ ਲੋੜੀਂਦੇ ਤਾਪਮਾਨ ਤੋਂ ਵੱਧ ਗਰਮੀ ਕਣਕ ਦੀ ਫ਼ਸਲ ਲਈ ਹਾਨੀਕਾਰਕ ਹੋ ਸਕਦੀ ਹੈ, ਇਸ ਨੂੰ ਗਰਮੀ ਦਾ ਤਣਾਅ ਜਾਂ ਹੀਟ ਸਟਰੈੱਸ ਕਹਿੰਦੇ ਹਨ। ਵੱਧ ਗਰਮੀ ਕਰਕੇ ਦਾਣੇ ਭਰਨ ਸਮੇਂ ਕਣਕ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣੇ ਮਾਜੂ ਰਹਿ ਜਾਂਦੇ ਹਨ ਅਤੇ ਸੋਕੇ ਕਾਰਨ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ। ਇਸ ਤਣਾਅ ਉੱਪਰ ਕਾਬੂ ਪਾਉਣ ਲਈ ਪੋਟਾਸ਼ ਤੱਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਪੀ.ਏ.ਯੂ. ਲੁਧਿਆਣਾ ਦੁਆਰਾ ਕਣਕ ਦੀ ਫ਼ਸਲ ਨੂੰ ਅਖੀਰਲੇ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਦਾਣੇ ਭਰਨ ਸਮੇਂ ਅਤੇ ਵੱਧ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (4 ਕਿੱਲੋ 13:0:45 ਨੂੰ 200 ਲਿਟਰ ਪਾਣੀ ਵਿੱਚ) ਦੇ ਦੋ ਛਿੜਕਾਅ ਪਹਿਲਾਂ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਛਿੜਕਾਵਾਂ ਨਾਲ ਦਾਣਿਆਂ ਦੇ ਵਜ਼ਨ ਅਤੇ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਵੱਧਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ।

ਭੂਮੀ ਦੀ ਸਿਹਤ ਸੁਧਾਰ ਲਈ ਡਾ. ਅਸ਼ੋਕ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਦੀਆਂ ਫਸਲਾਂ ਜਿਵੇਂ ਕਿ ਸਣ, ਢੈਚਾਂ/ਜੰਤਰ ਆਦਿ ਬੀਜਣ ਨੂੰ ਕਿਹਾ। ਉਹਨਾਂ ਨੇ ਮਿੱਟੀ ਪਰਖ਼ ਕਰਵਾ ਕੇ ਭੂਮੀ ਦਾ ਜੈਵਿਕ ਮਾਦਾ ਸੁਧਾਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਬਾਰੇ, ਜੈਵਿਕ ਖਾਦਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਦਫ਼ਤਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਕਿਸਾਨ ਮੇਲਿਆਂ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿੱਕਰੀ, ਖੇਤੀ ਸਾਹਿਤ ਦੀ ਵਿੱਕਰੀ, ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ, ਜੈਵਿਕ ਖਾਦਾਂ ਦੇ ਟੀਕੇ ਅਤੇ ਪਸ਼ੂਆਂ ਦੀ ਸਿਹਤ ਸੁਧਾਰਨ ਬਾਰੇ ਕਿਸਾਨਾਂ ਨੂੰ ਦੱਸਿਆ।

ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਜਿਵੇਂ ਕਿ ਨੈਨੋ ਯੂਰੀਏ ਦੀ ਵਰਤੋਂ ਦੇ ਫਾਇਦੇ ਜਾਂ ਨੁਕਸਾਨ, ਬੋਰੋਨ ਤੱਤ ਦੀ ਲੋੜ, ਮਿੱਟੀ ਪਰਖ ਲਈ ਨਮੂਨੇ ਲੈਣ ਦਾ ਢੰਗ, ਗੁੱਲੀ ਡੰਡੇ ਦੀ ਸਮੱਸਿਆ ਦਾ ਹੱਲ, ਜ਼ਿੰਕ ਸਲਫੇਟ ਦੇ ਛਿੜਕਾਅ, ਮਾੜੇ ਪਾਣੀਆਂ ਦੀ ਸੁਯੋਗ ਵਰਤੋਂ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।

ਇਹ ਵੀ ਪੜ੍ਹੋ: "Pig Farming" ਕਿੱਤਾ-ਮੁਖੀ ਸਿਖਲਾਈ ਕੋਰਸ ਵਿੱਚ Amritsar, Tarn Taran ਅਤੇ Gurdaspur ਜ਼ਿਲ੍ਹਿਆਂ ਦੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਲਿਆ ਭਾਗ

ਕੈਂਪ ਦੌਰਾਨ ਪੀ.ਏ.ਯੂ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮ ਦੇ ਬਾਰ ਕੋਡ ਅਤੇ ਸਕੈਨਰ ਵੀ ਬੈਨਰ ਰਾਹੀਂ ਕਿਸਾਨ ਵੀਰਾਂ ਨੂੰ ਦਿਖਾਏ ਗਏ ਤਾਂ ਜੋ ਮੌਕੇ ਤੇ ਬਾਰ ਕੋਡ ਸਕੈਨ ਕਰਕੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਸ਼ੋਸ਼ਲ ਮੀਡੀਆ ਜਿਵੇਂ ਕਿ ਪੀ.ਏ.ਯੂ ਕਿਸਾਨ ਐਪ, ਪੀ.ਏ.ਯੂ ਵੈੱਬਸਾਈਟ, ਯੂ ਟਿਊਬ, ਫੇਸਬੁੱਕ ਆਦਿ ਦੇ ਮੈਂਬਰ ਬਣ ਸਕਣ।

ਕੈਂਪ ਉਲੀਕਣ ਵਿੱਚ ਸ. ਕਮਲਜੀਤ ਸਿੰਘ, ਸ. ਨਿਹਾਲ ਸਿੰਘ (ਸਰਪੰਚ), ਸ. ਜੁਗਰਾਜ ਸਿੰਘ (ਸਰਪੰਚ), ਸ. ਭੀਮ ਸਿੰਘ (ਸਰਪੰਚ), ਸ. ਸ਼ੁਕਰਪਾਲ ਸਿੰਘ (ਐਮ. ਸੀ.) ਅਤੇ ਸ. ਭੁਪਿੰਦਰ ਸਿੰਘ ਨੇ ਵਡਮੁੱਲਾ ਯੋਗਦਾਨ ਪਾਇਆ ਅਤੇ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਵਾਉਣ ਦੀ ਇੱਛਾ ਜਾਹਰ ਕੀਤੀ। ਇਸ ਮੌਕੇ ਗਰਮੀ ਰੁੱਤ ਦੀਆਂ ਸਬਜੀਆਂ ਦੇ ਬੀਜਾਂ ਦੀਆਂ ਕਿੱਟਾਂ, ਪਸ਼ੂ ਚਾਟ, ਧਾਤਾਂ ਦਾ ਚੂਰਾ ਦੀ ਵਿਕਰੀ ਵੀ ਕੀਤੀ ਗਈ।

ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)

Summary in English: Farmer awareness camp at village Longowal of Sangrur to protect wheat from heat and get good yield

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters