ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਲਿਆ ਭਾਗ
Pig Farming: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੇ ਸਹਿਯੋਗ ਨਾਲ ਕੇ.ਵੀ.ਕੇ., ਅੰਮ੍ਰਿਤਸਰ ਵਿਖੇ 09.02.2026 ਤੋਂ 17.02.2026 ਤੱਕ “ਸੂਰ ਪਾਲਣ” ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ।
ਪ੍ਰੋਗਰਾਮ ਵਿੱਚ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 18 ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ। ਇਹ ਸਿਖਲਾਈ ਕੋਰਸ ਡਾ. ਬਿਕਰਮਜੀਤ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ, ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਪਹਿਲੇ ਦਿਨ ਡਾ. ਬਿਕਰਮਜੀਤ ਸਿੰਘ ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕੇ.ਵੀ.ਕੇ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੇਤੀਬਾੜੀ ਵਿੱਚ ਸਹਾਇਕ ਕਿੱਤੇ ਵੱਜੋਂ ਸੂਰ ਪਾਲਣ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਸੂਰ ਪਾਲਣ ਦੇ ਧੰਦੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕੇ.ਵੀ.ਕੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਵੀ ਅਪੀਲ ਕੀਤੀ।
ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ., ਅੰਮ੍ਰਿਤਸਰ ਨੇ ਕੋਰਸ ਕੋਆਰਡੀਨੇਟਰ ਵਜੋਂ ਕੰਮ ਕੀਤਾ ਅਤੇ ਘਰੇਲੂ ਜਾਂ ਵਪਾਰਕ ਪੱਧਰ 'ਤੇ ਸਫਲ ਵਿਗਿਆਨਕ ਢੰਗ ਨਾਲ ਸੂਰ ਫਾਰਮ ਚਲਾਉਣ ਲਈ ਸੂਰ ਦੀਆਂ ਨਸਲਾਂ, ਖੁਰਾਕੀ ਲੋੜਾਂ, ਰਿਹਾਇਸ਼ੀ ਪ੍ਰਬੰਧ, ਸੂਰਾਂ ਦੀ ਮਾਰਕੀਟਿੰਗ, ਰਿਕਾਰਡ ਰੱਖਣ ਦੀ ਵਿਧੀ, ਸੂਰਾਂ ਨੂੰ ਮਲੱਪ-ਰਹਿਤ ਕਰਨਾ, ਟੀਕਾਕਰਨ ਪ੍ਰੋਗਰਾਮ ਅਤੇ ਸੂਰਾਂ ਦੀਆਂ ਬਿਮਾਰੀਆਂ ਅਤੇ ਇਸਦੀ ਰੋਕਥਾਮ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸਿਖਿਆਰਥੀਆਂ ਨੂੰ ਸੂਰ ਪਾਲਣ ਦੇ ਆਰਥਿਕਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਸਿਖਲਾਈ ਕੋਰਸ ਦੌਰਾਨ “ਸੂਰ ਦੇ ਬੱਚਿਆਂ ਦੇ ਦੰਦ ਕੱਟਣ ਦੀ ਵਿਧੀ” ਅਤੇ “ਸੂਰਾਂ ਨੂੰ ਠੀਕ ਢੰਗ ਨਾਲ ਇੰਜੈਕਸ਼ਨ ਲਗਾਉਣ ਦੀ ਤਕਨੀਕ” ਸੰਬੰਧੀ ਵਿਧੀ ਪ੍ਰਦਰਸ਼ਨੀਆਂ ਵੀ ਕਰਵਾਈਆਂ ਗਈਆਂ ।
ਡਾ. ਪੁਨੀਤ ਸਿੰਘ, ਵੈਟਰਨਰੀ ਅਫ਼ਸਰ, ਅੰਮ੍ਰਿਤਸਰ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸੂਰ ਪਾਲਕਾਂ ਲਈ ਉਪਲਬਧ ਸਕੀਮਾਂ ਜਿਵੇਂ ਕੇ.ਸੀ.ਸੀ. ਅਤੇ ਐਨ.ਐਲ.ਐਮ ਬਾਰੇ ਜਾਣਕਾਰੀ ਸਾਂਝੀ ਕੀਤੀ। ਸ. ਅਮਰ ਸਿੰਘ, ਮੱਛੀ ਪਾਲਣ ਅਫਸਰ, ਅੰਮ੍ਰਿਤਸਰ ਨੇ ਮੱਛੀ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਉਪਲਬਧ ਸਕੀਮਾਂ ਅਤੇ ਸੰਯੁਕਤ ਮੱਛੀ ਅਤੇ ਸੂਰ ਪਾਲਣ ਬਾਰੇ ਜਾਣਕਾਰੀ ਸਾਂਝੀ ਕੀਤੀ। ਸ੍ਰੀ ਮਨਜੀਤ ਸਿੰਘ, ਡੀ.ਡੀ.ਐਮ, ਨਾਬਾਰਡ, ਅੰਮ੍ਰਿਤਸਰ ਨੇ ਪਸ਼ੂ ਪਾਲਕਾਂ ਲਈ ਸਰਕਾਰੀ ਫੰਡ ਵਾਲੀਆਂ ਸਕੀਮਾਂ ਅਤੇ ਸਬਸਿਡੀਆਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ: Indofil Industries Limited - ਭਾਰਤੀ ਕਿਸਾਨਾਂ ਦੀ ਤਰੱਕੀ ਵਿੱਚ ਇੱਕ ਮਜ਼ਬੂਤ ਭਾਈਵਾਲ
ਸ. ਪਰਮਜੀਤ ਸਿੰਘ, ਸਾਬਕਾ ਸਿਖਿਆਰਥੀ, ਅੰਮ੍ਰਿਤਸਰ ਨੇ ਸਿਖਿਆਰਥੀਆਂ ਨਾਲ ਸੂਰ ਪਾਲਣ ਦੇ ਧੰਦੇ ਵਿੱਚ ਆਉਣ ਵਾਲੀਆਂ ਮੁਢਲੀਆਂ ਮੁਸ਼ਕਿਲਾਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ।
ਸਿਖਲਾਈ ਪ੍ਰੋਗਰਾਮ ਦੌਰਾਨ ਤਿੰਨ ਵਿੱਦਿਅਕ ਦੌਰਿਆਂ ਦਾ ਪ੍ਰਬੰਧ ਕੀਤਾ ਗਿਆ। ਪਹਿਲੇ ਦੋ ਦੌਰੇ ਪਿੰਡ ਲੁੱਧੜ ਵਿੱਚ ਅਗਾਂਹਵਧੂ ਸੂਰ ਪਾਲਕ ਸ. ਹਰਪਾਲ ਸਿੰਘ ਅਤੇ ਸ. ਜਸ਼ਨਪ੍ਰੀਤ ਸਿੰਘ ਦੇ ਸੂਰ ਫਾਰਮਾਂ ‘ਤੇ ਕਰਵਾਏ ਗਏ, ਜਿੱਥੇ ਸਿਖਿਆਰਥੀਆਂ ਨੇ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਮਹੱਤਵਪੂਰਨ ਨੁਕਤੇ ਪ੍ਰਾਪਤ ਕੀਤੇ। ਤੀਜਾ ਦੌਰਾ, ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ (KCVAS), ਅੰਮ੍ਰਿਤਸਰ ਵਿਖੇ ਵੈਟਰਨਰੀ ਕਲੀਨਿਕਲ ਕੰਪਲੈਕਸ (ਵੀ.ਸੀ.ਸੀ.) ਅਤੇ ਸੂਰ ਫਾਰਮ ਵਿੱਚ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਕਾਲਜ ਦੇ ਮਾਹਿਰ ਡਾ. ਸੁਖਦੇਵ ਸਿੰਘ ਢਿੱਲੋਂ (ਪ੍ਰੋਫੈਸਰ), ਹੈਪਲ (ਸਹਾਇਕ ਪ੍ਰੋਫੈਸਰ), ਅੰਮ੍ਰਿਤਸਰ, ਦੁਆਰਾ ਮਾਰਗਦਰਸ਼ਨ ਕੀਤਾ ਗਿਆ।
ਦੌਰੇ ਦੌਰਾਨ, ਕਿਸਾਨਾਂ ਨੇ ਮੈਡੀਸਿਨ, ਸਰਜਰੀ, ਗਾਇਨੀਕੋਲੋਜੀ ਅਤੇ ਡਾਇਗਨੌਸਟਿਕਸ ਸਮੇਤ ਵੱਖ-ਵੱਖ ਕਲੀਨਿਕਲ ਵਿਭਾਗਾਂ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਪ੍ਰਯੋਗਸ਼ਾਲਾ ਇਕਾਈਆਂ (Laboratory units) ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਖੂਨ, ਦੁੱਧ ਅਤੇ ਗੋਹੇ ਦੇ ਨਮੂਨੇ ਦੀ ਜਾਂਚ ਰਾਹੀਂ ਬਿਮਾਰੀ ਦਾ ਪਤਾ ਲਗਾਉਣ ਬਾਰੇ ਸਿੱਖਿਆ ਦਿੱਤੀ ਗਈ।
ਸੂਰ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਕਰਨ ਲਈ ਇੱਕ ‘ਪੂਰਵ-ਗਿਆਨ ਪ੍ਰੀਖਿਆ’ ਦਾ ਆਯੋਜਨ ਕੀਤਾ ਗਿਆ ਅਤੇ ਸਿਖਿਆਰਥੀਆਂ ਦੇ ਗਿਆਨ ਪੱਧਰ ਵਿੱਚ ਵਾਧੇ ਦਾ ਨਰੀਖਣ ਕਰਨ ਲਈ ‘ਟ੍ਰੇਨਿੰਗ ਤੋਂ ਬਾਅਦ ਗਿਆਨ ਦੀ ਪ੍ਰੀਖਿਆ’ ਦੇ ਨਾਲ ਕਿੱਤਾ ਮੁਖੀ ਸਿਖਲਾਈ ਪ੍ਰੋਗਰਾਮ ਸਮਾਪਤ ਹੋਇਆ। ਸੂਰ ਅਤੇ ਪਸ਼ੂ ਪਾਲਣ ਬਾਰੇ ਨਵੀਨਤਮ ਜਾਣਕਾਰੀ ਸਾਂਝੀ ਕਰਨ ਲਈ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ।
ਸਮਾਪਤੀ ਸਮਾਰੋਹ ਦੌਰਾਨ ਡਾ.ਕੰਵਰਪਾਲ ਸਿੰਘ ਢਿੱਲੋਂ ਨੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸ ਨਵੇਂ ਉੱਦਮ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਸਿਖਿਆਰਥੀਆਂ ਨੂੰ ਸੂਰਾਂ ਸਬੰਧੀ ਕਿਤਾਬਾਂ ਵੀ ਪ੍ਰਦਾਨ ਕੀਤੀਆਂ ਗਈਆਂ।
ਸਰੋਤ: ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ (Krishi Vigyan Kendra, Amritsar)
Summary in English: Farmers, women farmers and rural youth from Amritsar, Tarn Taran and Gurdaspur districts participated in the "Pig Farming" vocational training course