ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਤਕਨਾਲੋਜੀ ਕਾਲਜ ਵੱਲੋਂ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਵੇਚਣ ਲਈ ਇਕ ਨਵਾਂ ਅਤੇ ਕੇਂਦਰੀ ਸਥਾਨ ਸਥਾਪਿਤ ਕੀਤਾ ਹੈ।
ਇਹ ਸਥਾਨ ਯੂਨੀਵਰਸਿਟੀ ਕੈਂਪਸ ਦੇ ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਚੌਕ ਨੇੜੇ ਸਥਿਤ ਹੈ ਜਿਸ ਦਾ ਕਿ ਅੱਜ ਉਦਘਾਟਨ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕੀਤਾ।ਉਨ੍ਹਾਂ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਉਪਭੋਗੀਆਂ ਦੀ ਲੋੜ ਨੂੰ ਸਮਝਦੇ ਹੋਏ ਤਾਜ਼ਾ ਦੁੱਧ ਅਤੇ ਦੁੱਧ ਉਤਪਾਦ ਇਥੇ ਮੁਹੱਈਆ ਕੀਤੇ ਗਏ ਹਨ।
ਡੇਅਰੀ ਸਾਇੰਸ ਕਾਲਜ ਦੇ ਪ੍ਰਯੋਗੀ ਡੇਅਰੀ ਪਲਾਂਟ ਵੱਲੋਂ ਯੂਨੀਵਰਸਿਟੀ ਦੇ ਡੇਅਰੀ ਫਾਰਮ ’ਤੇ ਪੈਦਾ ਕੀਤੇ ਗਏ ਦੁੱਧ ਨੂੰ ਪੈਸਚੂਰਾਈਜ਼ ਕਰਕੇ ਪੈਕ ਕੀਤਾ ਜਾਂਦਾ ਹੈ ਅਤੇ ਦੁੱਧ ਤੋਂ ਸਾਫ ਸੁਥਰੇ, ਸਿਹਤਮੰਦ ਅਤੇ ਪੌਸ਼ਟਿਕ ਉਤਪਾਦ ਵੀ ਤਿਆਰ ਕੀਤੇ ਜਾਂਦੇ ਹਨ।ਇਨ੍ਹਾਂ ਉਤਪਾਦਾਂ ਵਿਚ ਲੱਸੀ, ਮਸਾਲਾ ਲੱਸੀ, ਮਿੱਠੀ ਲੱਸੀ, ਪਨੀਰ, ਮਿਲਕ ਕੇਕ, ਸੁਗੰਧਿਤ ਦੁੱਧ, ਮੌਜ਼ਰੇਲਾ ਪਨੀਰ ਅਤੇ ਆਈਸਕ੍ਰੀਮ ਪ੍ਰਮੁੱਖ ਹਨ।ਇਹ ਪਲਾਂਟ ਇਸ ਕਾਲਜ ਵਿਖੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਉਦਮੀਆਂ ਨੂੰ ਉਨ੍ਹਾਂ ਦੇ ਰੁਜ਼ਗਾਰ ਸਥਾਪਿਤ ਕਰਨ ਹਿਤ ਸਿੱਖਿਅਤ ਕਰਨ ਵਾਸਤੇ ਸਥਾਪਿਤ ਕੀਤਾ ਗਿਆ ਸੀ।
ਇਹ ਵੇਚ ਸਥਾਨ ਸਵੇਰੇ 7 ਵਜੇ ਤੋਂ 10 ਵਜੇ ਤਕ ਅਤੇ ਸ਼ਾਮ 4 ਵਜੇ ਤੋਂ 6 ਵਜੇ ਤਕ ਰੋਜ਼ਾਨਾ ਖੁੱਲ੍ਹਾ ਰਹੇਗਾ।ਤਰਲ ਦੁੱਧ, ਕੂਪਨਾਂ ਰਾਹੀਂ ਅਤੇ ਦੂਸਰੇ ਉਤਪਾਦ ਨਗਦ ਪੈਸੇ ਦੇ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ।ਦੁੱਧ ਦੇ ਕੂਪਨ ਖਰੀਦਣ ਵਾਸਤੇ ਵੀ ਕੁਝ ਚੋਣਵੇਂ ਦਿਨਾਂ ਵਿਚ ਇਹ ਕੂਪਨ ਇਥੇ ਹੀ ਉਪਲਬੱਧ ਹੋਣਗੇ।
ਡਾ. ਰਮਨੀਕ, ਡੀਨ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਦੱਸਿਆ ਕਿ ਅਸੀਂ ਇਸ ਪਲਾਂਟ ਰਾਹੀਂ ਤਾਜ਼ਾ ਦੁੱਧ ਅਤੇ ਸਿਹਤਮੰਦ ਉਤਪਾਦਾਂ ਦੀ ਪੂਰਤੀ ਕਰਨ ਲਈ ਪ੍ਰਤਿਬੱਧ ਹਾਂ।
ਉਨ੍ਹਾਂ ਨੇ ਕਾਲਜ ਦੇ ਵਿਗਿਆਨੀਆਂ ਦੀ ਪ੍ਰਸੰਸਾ ਕੀਤੀ ਕਿ ਉਹ ਸਖ਼ਤ ਮਿਹਨਤ ਅਤੇ ਸਮਰਪਣ ਭਾਵ ਨਾਲ ਇਸ ਪਲਾਂਟ ਵਿਖੇ ਤਾਜ਼ੇ ਅਤੇ ਸਿਹਤਮੰਦ ਦੁੱਧ ਉਤਪਾਦ ਤਿਆਰ ਕਰ ਰਹੇ ਹਨ।ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਡੀਨ, ਨਿਰਦੇਸ਼ਕ ਅਤੇ ਅਧਿਆਪਕਾਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: For the convenience of the consumers, the Veterinary University has provided milk and products at the central location