ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵਲੋਂ ਆਪਣਾ ਪਹਿਲਾ ਸਥਾਪਨਾ ਦਿਵਸ ਬੜੇ ਖੁਸ਼ੀ ਤੇ ਖੇੜੇ ਦੇ ਮਾਹੌਲ ਵਿਚ ਮਨਾਇਆ ਗਿਆ।ਇਸ ਵਿਸ਼ੇਸ਼ ਦਿਵਸ ’ਤੇ ਜਿਥੇ ਕਾਲਜ ਪਰਿਵਾਰ ਨੇ ਆਪਣੇ ਆਰੰਭਕ ਦਿਨਾਂ ਨੂੰ ਯਾਦ ਕੀਤਾ ਉਥੇ ਕਾਲਜ ਦੀਆਂ ਵਿਸ਼ੇਸ਼ ਪ੍ਰਾਪਤੀਆਂ ਨੂੰ ਵੀ ਪ੍ਰਗਟਾਇਆ।ਡਾ. ਯਸ਼ਪਾਲ ਸਿੰਘ ਮਲਿਕ, ਡੀਨ ਨੇ ਦੱਸਿਆ ਕਿ ਇਸ ਮੌਕੇ ’ਤੇ ਤਿੰਨ ਦਿਨਾ ਉਤਸਵ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਦੇ ਵਿਭਿੰਨ ਮੁਕਾਬਲੇ ਅਤੇ ਪੇਸ਼ਕਾਰੀਆਂ ਹੋਈਆਂ।
ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਇਨ੍ਹਾਂ ਵਿਚ ਭਾਗ ਲਿਆ।ਪਹਿਲੇ ਦਿਨ ਫੋਟੋਗ੍ਰਾਫੀ, ਲੇਖ ਲਿਖਣ, ਪੋਸਟਰ ਬਨਾਉਣ ਅਤੇ ਕਾਰਟੂਨ ਬਨਾਉਣ ਦੇ ਮੁਕਾਬਲੇ ਹੋਏ ਜਦਕਿ ਦੂਸਰੇ ਦਿਨ ਰੰਗੋਲੀ ਬਨਾਉਣ, ਕੋਲਾਜ ਤਿਆਰ ਕਰਨ ਅਤੇ ਮੌਕੇ ’ਤੇ ਭਾਸ਼ਣ ਕਲਾ ਦੇ ਮੁਕਾਬਲੇ ਕਰਵਾਏ ਗਏ।ਅੰਤਿਮ ਦਿਨ ਬਹੁਤ ਅਨੰਦਮਈ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ।ਇਸ ਮੌਕੇ ’ਤੇ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਦੇ ਸਲਾਹਕਾਰ ਡਾ. ਏ ਕੇ ਰਾਵਤ ਅਤੇ ਤਮਿਲਨਾਡੂ ਵੈਟਨਰੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ, ਡਾ. ਕੇ ਕੁਮਾਨਨ ਨੇ ਸਮਾਗਮ ਦੀ ਸੋਭਾ ਵਧਾਈ।ਡਾ. ਰਾਵਤ ਨੇ ਬਾਇਓਤਕਨਾਲੋਜੀ ਪੇਸ਼ੇਵਰਾਂ ਦੀ ਸਮਾਜ ਵਿਚ ਭੂਮਿਕਾ ਬਾਰੇ ਚਰਚਾ ਕੀਤੀ।ਡਾ. ਕੁਮਾਨਨ ਨੇ ਵਿਦਿਆਰਥੀਆਂ ਵੱਲੋਂ ਇਸ ਸੱਭਿਆਚਾਰਕ ਪ੍ਰੋਗਰਾਮ ਨੂੰ ਤਨਾਅ ਮੁਕਤੀ ਦੇ ਸਾਧਨ ਵਜੋਂ ਗਿਣਿਆ ਅਤੇ ਕਿਹਾ ਕਿ ਅਜਿਹੇ ਕਾਰਜ ਸਾਡੇ ਜੀਵਨ ਦੀ ਲੋੜ ਹਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਸਮਾਪਨ ਸਮਾਰੋਹ ਦੇ ਪਤਵੰਤੇ ਮਹਿਮਾਨ ਸਨ।ਉਨ੍ਹਾਂ ਵਿਦਿਆਰਥੀਆਂ ਨੂੰ ਮਸ਼ਵਰਾ ਦਿੱਤਾ ਕਿ ਵਿਦਿਆ ਅਤੇ ਸੱਭਿਆਚਾਰਕ ਗਤੀਵਿਧੀਆਂ ਦੋਵਾਂ ਦਾ ਜੀਵਨ ਵਿਚ ਸੰਤੁਲਨ ਬਣਾ ਕੇ ਆਪਣੇ ਵਿਦਿਆਾਰਥੀ ਕਾਲ ਨੂੰ ਮਨੋਰੰਜਕ ਬਨਾਉਣਾ ਚਾਹੀਦਾ ਹੈ।
ਸਮਾਗਮ ਦੇ ਪ੍ਰਬੰਧਕੀ ਸਕੱਤਰ, ਡਾ. ਸਿਮਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਕਾਲਜ ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਇਸ ਢੰਗ ਦਾ ਪਹਿਲਾ ਪ੍ਰੋਗਰਾਮ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿਚ ਬੜੇ ਉਤਸਾਹ ਅਤੇ ਊਰਜਾ ਦਾ ਸੰਚਾਰ ਹੋਇਆ ਹੈ।
ਉਨ੍ਹਾਂ ਨੇ ਨੁੱਕੜ ਨਾਟਕ, ’ਸਾਈਬਰ ਕ੍ਰਾਈਮ’ ਦੀ ਚਰਚਾ ਕੀਤੀ ਜਿਸ ਨੂੰ ਕਿ ਦਰਸ਼ਕਾਂ ਨੇ ਬਹੁਤ ਸਰਾਹਿਆ।ਡਾ. ਰਾਮ ਸਰਨ ਸੇਠੀ, ਪ੍ਰੋਫੈਸਰ ਅਤੇ ਮੁਖੀ ਨੇ ਧੰਨਵਾਦ ਦੇ ਸ਼ਬਦ ਕਹੇ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Foundation Day celebrated by the College of Animal Biotechnology of the Veterinary University