ਗਡਵਾਸੂ ਵਿਖੇ ਪਸ਼ੂ ਪੌਸ਼ਟਿਕਤਾ ਸੋਸਾਇਟੀ, ਭਾਰਤ ਵੱਲੋਂ ਕਰਵਾਈ ਜਾ ਰਹੀ ਪਸ਼ੂ ਖੁਰਾਕ ਸੰਬੰਧੀ 19ਵੀਂ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ ਸੰਪੂਰਨ ਹੋ ਗਈ।
GADVASU International Conference: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (Guru Angad Dev Veterinary and Animal Sciences University, Ludhiana) ਵਿਖੇ ਪਸ਼ੂ ਪੌਸ਼ਟਿਕਤਾ ਸੋਸਾਇਟੀ, ਭਾਰਤ ਵੱਲੋਂ ਕਰਵਾਈ ਜਾ ਰਹੀ ਪਸ਼ੂ ਖੁਰਾਕ ਸੰਬੰਧੀ 19ਵੀਂ ਤਿੰਨ ਦਿਨਾਂ ਅੰਤਰ-ਰਾਸ਼ਟਰੀ ਕਾਨਫਰੰਸ ਕੱਲ੍ਹ ਯਾਨੀ ਸ਼ੁਕਰਵਾਰ ਨੂੰ ਸੰਪੂਰਨ ਹੋ ਗਈ। ਆਓ ਜਾਣਦੇ ਹਾਂ ਇਸ ਮੌਕੇ ਕਿ ਕੁਝ ਰਿਹਾ ਖ਼ਾਸ...
ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਵਿਖੇ ਪਸ਼ੂ ਖੁਰਾਕ ਅਤੇ ਪੌਸ਼ਟਿਕਤਾ ਸੰਬੰਧੀ ਕਰਵਾਈ ਜਾ ਰਹੀ ਅੰਤਰ-ਰਾਸ਼ਟਰੀ ਕਾਨਫਰੰਸ ਕੱਲ੍ਹ ਸਮਾਪਤ ਹੋ ਗਈ। ‘ਆਲਮੀ ਮੁਕਾਬਲੇ ਅਧੀਨ ਪਸ਼ੂਧਨ, ਪੋਲਟਰੀ, ਪਾਲਤੂ ਜਾਨਵਰ ਅਤੇ ਮੱਛੀ ਉਤਪਾਦਨ ਵਧਾਉਣ ਸੰਬੰਧੀ ਪੌਸ਼ਟਿਕਤਾ ਤਕਨਾਲੋਜੀਆਂ’ ਵਿਸ਼ੇ ’ਤੇ ਕਰਵਾਈ ਇਸ ਕਾਨਫਰੰਸ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕੀਤੀ ਜਦਕਿ ਡਾ. ਐਨ ਐਨ ਪਾਠਕ, ਉੱਘੇ ਪਸ਼ੂ ਖੁਰਾਕ ਮਾਹਿਰ ਬਤੌਰ ਪਤਵੰਤੇ ਮਹਿਮਾਨ ਵਜੋਂ ਪਧਾਰੇ।
ਸਮਾਪਨ ਸਮਾਰੋਹ ਵਿਚ ਡਾ. ਉਦੇਬੀਰ ਸਿੰਘ, ਪ੍ਰਧਾਨ ਪਸ਼ੂ ਪੌਸ਼ਟਿਕਤਾ ਸੋਸਾਇਟੀ ਦੇ ਸੰਬੋਧਨ ਉਪਰੰਤ ਡਾ. ਪਰਮਿੰਦਰ ਸਿੰਘ, ਪ੍ਰਬੰਧਕੀ ਸਕੱਤਰ ਨੇ ਸੋਸਾਇਟੀ ਦੀ ਰਿਪੋਰਟ ਪੇਸ਼ ਕੀਤੀ। ਡਾ. ਏ ਪੀ ਐਸ ਸੇਠੀ ਨੇ ਕਾਨਫਰੰਸ ਦੌਰਾਨ ਜੇਤੂ ਪ੍ਰਤੀਭਾਗੀਆਂ ਦੀ ਸਨਮਾਨ ਰਸਮ ਦਾ ਆਯੋਜਨ ਕਰਵਾਇਆ। ਕੁੱਲ 72 ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੂੰ ਨੈਸ਼ਨਲ ਅਕਾਦਮੀ ਆਫ ਵੈਟਨਰੀ ਨਿਊਟ੍ਰੀਸ਼ਨ ਐਂਡ ਐਨੀਮਲ ਵੈਲਫੇਅਰ ਨੇ ਜੀਵਨ ਪ੍ਰਾਪਤੀ ਸਨਮਾਨ ਨਾਲ ਨਿਵਾਜਿਆ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਨੇ ਮਨਾਇਆ `ਵਨ ਹੈਲਥ ਦਿਵਸ`, ਸਿਹਤ ਦੀ ਮਹੱਤਤਾ 'ਤੇ ਕੀਤਾ ਵਿਚਾਰ ਵਟਾਂਦਰਾ
ਡਾ. ਇੰਦਰਜੀਤ ਸਿੰਘ ਨੇ ਕਾਨਫਰੰਸ ਦੇ ਆਯੋਜਕਾਂ ਦੀ ਸ਼ਲਾਘਾ ਕੀਤੀ ਅਤੇ ਵਿਗਿਆਨੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹੋਰ ਬਿਹਤਰ ਖੋਜਾਂ ਅਤੇ ਸੁਚੱਜੀ ਅਧਿਆਪਨ ਸ਼ੈਲੀ ਨੂੰ ਆਪਣੇ ਪੇਸ਼ੇਵਰ ਜੀਵਨ ਵਿਚ ਲਿਆਉਣ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਡੇਅਰੀ ਉਦਯੋਗ ਅਤੇ ਪਸ਼ੂਧਨ ਸਾਡੇ ਕੁੱਲ ਰਾਸ਼ਟਰੀ ਘਰੇਲੂ ਉਤਪਾਦ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ ਇਸ ਲਈ ਸਾਨੂੰ ਇਸ ਖੇਤਰ ਨੂੰ ਸੁਦ੍ਰਿੜ ਕਰਨ ਲਈ ਉਚੇਚੇ ਯਤਨ ਕਰਨੇ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਖੋਜ ਦਿਸਹੱਦੇ ਅਤੇ ਅਧਿਆਪਨ ਮਾਪਦੰਡ ਉੱਚੇ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: GADVASU International Conference: ਪਸ਼ੂਆਂ ਦੀਆਂ ਜਾਤੀਆਂ ’ਤੇ ਆਧਾਰਿਤ ਖੁਰਾਕ ਸੰਬੰਧੀ ਚਰਚਾ
ਕਾਨਫਰੰਸ ਵਿਚ ਇਸ ਗੱਲ ’ਤੇ ਸਹਿਮਤੀ ਬਣੀ ਅਤੇ ਸਿਫਾਰਸ਼ ਕੀਤੀ ਗਈ ਕਿ ਸਾਨੂੰ ਪਸ਼ੂਧਨ ਖੇਤਰ ਅਤੇ ਖੁਰਾਕ ਵਿਚ ਐਂਟੀਬਾਇਟਿਕ ਦਾ ਪ੍ਰਯੋਗ ਘਟਾਉਣਾ ਚਾਹੀਦਾ ਹੈ ਜੋ ਕਿ ਅੰਤ ਵਿਚ ਜਨਤਕ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਸ਼ੂ ਖੁਰਾਕ ਵਿਚ ਜੜ੍ਹੀ-ਬੂਟੀ ਅਤੇ ਕੁਦਰਤੀ ਵਸਤਾਂ ਦੀ ਵਰਤੋਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਸਹਿ-ਉਤਪਾਦਾਂ ਅਤੇ ਰਹਿੰਦ-ਖੂੰਹਦ ਦੀ ਵਰਤੋਂ ਨਾਲ ਪਸ਼ੂ ਖੁਰਾਕ ਦੀ ਲਾਗਤ ਘਟਾਈ ਜਾ ਸਕਦੀ ਹੈ। ਖੁਰਾਕ ਦੀ ਕਵਾਲਿਟੀ, ਸੁਰੱਖਿਆ ਅਤੇ ਪੌਸ਼ਟਿਕਤਾ ਵਧਾਉਣ ਲਈ ਖੋਜਾਂ ਕਰਨੀਆਂ ਲੋੜੀਂਦੀਆਂ ਹਨ। ਡਾ. ਉਦੇਬੀਰ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਵਿਖੇ ਹੋਈ ਪਸ਼ੂਆਂ ਦੀਆਂ ਬਿਮਾਰੀਆਂ ਸੰਬੰਧੀ ਰਾਸ਼ਟਰੀ ਵਰਕਸ਼ਾਪ ਤੇ ਬ੍ਰੇਨਸਟਾਰਮਿੰਗ
Summary in English: GADVASU: The international conference was completed by giving new initiatives related to animal feeding