1. Home
  2. ਖਬਰਾਂ

Punjab ਵਿੱਚ ਮਿਰਚਾਂ ਦੀ Hybrid Variety CH-27 ਮੁੱਖ ਬਦਲ ਵਜੋਂ ਉੱਭਰੀ

Punjab Agricultural University ਦੁਆਰਾ ਵਿਕਸਤ ਅਤੇ ਸਿਫ਼ਾਰਸ਼ ਕੀਤੀ ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਮੁੱਖ ਬਦਲ ਵਜੋਂ ਉੱਭਰੀ ਹੈ।

Gurpreet Kaur Virk
Gurpreet Kaur Virk
ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਬਿਹਤਰ ਬਦਲ

ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਬਿਹਤਰ ਬਦਲ

400 ਏਕੜ ਦੇ ਇੱਕ ਵਿਸ਼ਾਲ ਖੇਤਰ ਵਿਚ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਪਿੰਡਾਂ ਦੇ 50-55% ਤੋਂ ਵੱਧ ਕਿਸਾਨ ਹੁਣ ਸੀ ਐਚ-27 ਕਿਸਮ ਉੱਪਰ ਭਰੋਸਾ ਕਰਦੇ ਹਨ। ਜ਼ਿਕਰਯੋਗ ਪਿੰਡਾਂ ਵਿੱਚ ਨਰੂੜ, ਪਾਂਸ਼ਟਾ, ਨਸੀਰਾਬਾਦ, ਅਤੇ ਬਲਾਕ ਫਗਵਾੜਾ (ਕਪੂਰਥਲਾ) ਸ਼ਾਮਲ ਹਨ।

ਖੇਤੀ ਵਿਭਿੰਨਤਾ ਵਿਚ ਸਬਜ਼ੀਆਂ ਦੀ ਕਾਸ਼ਤ ਵੱਲ ਨਵੀਂ ਪੁਲਾਂਘ ਪੁੱਟਦਿਆਂ ਪੰਜਾਬ ਦੇ ਦੋਆਬਾ ਖੇਤਰ ਦੇ ਕਿਸਾਨ ਸਬਜ਼ੀਆਂ ਦੇ ਸੁਧਰੇ ਹੋਏ ਹਾਈਬ੍ਰਿਡ ਅਤੇ ਆਧੁਨਿਕ ਤਕਨਾਲੋਜੀਆਂ ਨੂੰ ਅਪਣਾ ਕੇ ਅਹਿਮ ਤਬਦੀਲੀ ਵੱਲ ਸੰਕੇਤ ਕਰ ਰਹੇ ਹਨ । ਇਨ੍ਹਾਂ ਵਿਚ ਪੀਏਯੂ ਦੁਆਰਾ ਵਿਕਸਤ ਅਤੇ ਸਿਫ਼ਾਰਸ਼ ਕੀਤੀ ਮਿਰਚਾਂ ਦੀ ਹਾਈਬ੍ਰਿਡ ਸੀਐਚ-27 ਮੁੱਖ ਬਦਲ ਵਜੋਂ ਉੱਭਰੀ ਹੈ। ਇਸ ਕਿਸਮ ਨੇ ਪਿੰਡਾਂ ਦੇ ਸਮੂਹ ਵਿੱਚ ਛੋਟੇ ਪੈਮਾਨੇ ਤੋਂ ਵਪਾਰਕ ਪੱਧਰ ਦੀ ਖੇਤੀ ਦਾ ਰਾਹ ਬਣਾਇਆ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ਇਨ੍ਹਾਂ ਪਿੰਡਾਂ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਇਸ ਕਿਸਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ। ਡਾ: ਗੋਸਲ ਦੇ ਦੌਰੇ ਦੌਰਾਨ ਪੀਏਯੂ ਦੇ ਉੱਘੇ ਵਿਗਿਆਨੀ ਵੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਡਾ: ਤਰਸੇਮ ਸਿੰਘ ਢਿੱਲੋਂ ਮੁਖੀ, ਸਬਜ਼ੀ ਵਿਗਿਆਨ ਵਿਭਾਗ, ਡਾ. ਐਸ.ਕੇ. ਜਿੰਦਲ ਮਿਰਚ ਬਰੀਡਰ, ਡਾ: ਹਰਪਾਲ ਸਿੰਘ ਭੁੱਲਰ ਕੀਟ ਵਿਗਿਆਨੀ ਅਤੇ ਡਾ. ਨਵਜੋਤ ਸਿੰਘ ਬਰਾੜ ਸਬਜ਼ੀ ਖੋਜ ਫਾਰਮ, ਖਨੌੜਾ (ਹੁਸ਼ਿਆਰਪੁਰ) ਸ਼ਾਮਿਲ ਹਨ।

ਡਾ. ਗੋਸਲ ਦੀ ਨਸੀਰਾਬਾਦ ਪਿੰਡ ਦੀ ਫੇਰੀ ਦਾ ਉਦੇਸ਼ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਨਾ ਸੀ ਜਿਨ੍ਹਾਂ ਨੇ ਆਪਣੇ ਖੇਤਾਂ ਵਿੱਚ ਸੀ ਐਚ-27 ਨੂੰ ਅਪਣਾਇਆ ਹੈ । ਦੌਰੇ ਦੌਰਾਨ ਉਨ੍ਹਾਂ ਕਿਸਾਨਾਂ ਦੇ ਤਜਰਬੇ ਸੁਣੇ ਅਤੇ ਪੀ ਏ ਯੂ ਵਲੋਂ ਸਬਜ਼ੀ ਦੇ ਖੇਤਰ ਵਿਚ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਦਿੱਤੀ। ਡਾ ਗੋਸਲ ਨੇ ਸਥਾਨਕ ਮੌਸਮੀ ਹਾਲਤਾਂ ਵਿੱਚ ਸੀਐਚ-27 ਦੀ ਪੈਦਾਵਾਰ ਅਤੇ ਢੁਕਵੇਂਪਨ ਦਾ ਜਾਇਜ਼ਾ ਲਿਆ ਜਿਸ ਦੇ ਨਤੀਜੇ ਵਜੋਂ ਖੇਤਰ ਦੇ ਕਿਸਾਨ ਇਸ ਕਿਸਮ ਉੱਪਰ ਭਰੋਸਾ ਪ੍ਰਗਟ ਕਰ ਰਹੇ ਹਨ।

ਇਹ ਵੀ ਪੜ੍ਹੋ : ਅਮੀਰ ਬਣਨ ਦਾ ਵਧੀਆ ਤਰੀਕਾ, ਅਗਸਤ 'ਚ ਕਰੋ ਇਨ੍ਹਾਂ 3 ਸਬਜ਼ੀਆਂ ਦੀ ਕਾਸ਼ਤ

ਕਿਸਾਨਾਂ ਨਾਲ ਗੱਲ ਕਰਦਿਆਂ ਡਾ. ਗੋਸਲ ਨੇ ਸਬਜ਼ੀਆਂ ਦੇ ਖੇਤਰ ਦੀਆਂ ਉੱਨਤ ਕਿਸਮਾਂ ਅਤੇ ਕਾਸ਼ਤ ਤਕਨੀਕਾਂ ਅਪਣਾਉਣ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਹੋਰ ਕਿਸਾਨਾਂ ਵਿੱਚ ਪੀ ਏ ਯੂ ਦੀ ਇਸ ਕਿਸਮ ਨੂੰ ਪ੍ਰਸਾਰਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਿਰਚ ਦੀ ਪ੍ਰੋਸੈਸਿੰਗ ਜਿਵੇਂ ਕਿ ਮਿਰਚ ਪਾਊਡਰ, ਪੇਸਟ ਅਤੇ ਫਲੇਕਸ ਦੀ ਖੋਜ ਕਰਨ ਦੇ ਨਾਲ-ਨਾਲ ਬਿਹਤਰ ਮੁਨਾਫੇ ਲਈ ਨਵੀਆਂ ਮੰਡੀਕਰਨ ਤਕਨੀਕਾਂ ਨੂੰ ਅਪਣਾਉਣ ਦਾ ਸੁਝਾਅ ਦਿੱਤਾ।

ਡਾ. ਗੋਸਲ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੀਏਯੂ ਖੇਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸਥਿਰ ਖੇਤੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਦੋਆਬਾ ਖੇਤਰ ਵਿੱਚ ਸੀਐਚ-27 ਦੀ ਕਾਸ਼ਤ ਕਣਕ ਦੇ ਬਦਲ ਵਜੋਂ ਅਤੇ ਫਿਰੋਜ਼ਪੁਰ ਖੇਤਰ ਵਿੱਚ ਝੋਨੇ ਅਤੇ ਮਿਰਚਾਂ ਦੇ ਢੁਕਵੇਂ ਬਦਲ ਵਜੋਂ ਕੀਤੇ ਜਾਣ ਦੀ ਵਕਾਲਤ ਕੀਤੀ। ਦੋਵਾਂ ਥਾਵਾਂ 'ਤੇ, ਮਿਰਚ ਦੀ ਫਸਲ ਕਣਕ-ਝੋਨੇ ਦਾ ਢੁਕਵਾਂ ਬਦਲ ਬਣ ਸਕਦੀ ਹੈ ਅਤੇ ਖੇਤੀ ਵਿਭਿੰਨਤਾ ਦਾ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ।

ਡਾ.ਤਰਸੇਮ ਸਿੰਘ ਢਿੱਲੋਂ ਨੇ ਖੇਤੀ ਵਿਭਿੰਨਤਾ ਵਿੱਚ ਸਬਜ਼ੀਆਂ ਦੀ ਕਾਸ਼ਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਇਸ ਪ੍ਰਸੰਗ ਵਿੱਚ ਦੁਆਬਾ ਖੇਤਰ ਵੱਲੋਂ ਕੀਤੇ ਜਾ ਰਹੇ ਅਹਿਮ ਕਾਰਜਾਂ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਝੋਨੇ ਦੀ ਕਾਸ਼ਤ ਨੂੰ ਬਦਲਣ ਲਈ ਮਿਰਚ ਇੱਕ ਬਿਹਤਰ ਬਦਲ ਹੋ ਸਕਦੀ ਹੈ ਕਿਉਂਕਿ ਕਿਸਾਨ ਹਰੀ ਮਿਰਚ ਤੋਂ ਬਰਸਾਤ ਦੇ ਮੌਸਮ ਵਿੱਚ ਵਧੀਆ ਕੀਮਤ ਲੈ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸੀ ਐਚ-27 ਹੋਰ ਹਾਈਬ੍ਰਿਡਾਂ ਦੇ ਮੁਕਾਬਲੇ ਲੰਬੇ ਸਮੇਂ ਲਈ ਫਲ ਦਿੰਦਾ ਹੈ, ਜੋ ਦਸੰਬਰ ਤੱਕ ਜਾਂ ਕਈ ਵਾਰ ਮੱਧ ਜਨਵਰੀ ਤੱਕ ਵੀ ਚਲਦਾ ਹੈ।

ਇਹ ਵੀ ਪੜ੍ਹੋ : ਟਮਾਟਰ ਦੀਆਂ ਇਨ੍ਹਾਂ 5 Hybrid Varieties ਦਾ ਝਾੜ ਬੇਮਿਸਾਲ

ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਬਿਹਤਰ ਬਦਲ

ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਬਿਹਤਰ ਬਦਲ

ਡਾ. ਜਿੰਦਲ ਨੇ ਕਿਸਾਨਾਂ ਨੂੰ ਪੀਏਯੂ ਹਾਈਬ੍ਰਿਡ ਦੀ ਉਤਪਾਦਨ ਸਮਰੱਥਾ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਉੱਨਤ ਕਿਸਮਾਂ ਨੂੰ ਅਪਣਾਉਣ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਡਾ. ਭੁੱਲਰ ਨੇ ਕਿਸਾਨਾਂ ਨੂੰ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਉਣ ਲਈ ਸੰਯੁਕਤ ਕੀਟ ਪ੍ਰਬੰਧਨ ਅਪਣਾਉਣ ਲਈ ਕਿਹਾ।

ਡਾ. ਬਰਾੜ ਨੇ ਖੇਤਰ ਵਿੱਚ ਸਬਜ਼ੀਆਂ ਦੇ ਉਤਪਾਦਨ ਰਾਹੀਂ ਫਸਲੀ ਵਿਭਿੰਨਤਾ ਦੇ ਭਵਿੱਖ ਦੇ ਤਰੀਕਿਆਂ ਬਾਰੇ ਚਰਚਾ ਕੀਤੀ । ਸੈਸ਼ਨ ਵਿਚ ਕਿਸਾਨਾਂ ਅਤੇ ਮਾਹਿਰਾਂ ਵਿਚ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਦੌਰਾਨ ਕਿਸਾਨਾਂ ਨੇ ਆਪਣੀ ਪੈਦਾਵਾਰ ਵਿਚ ਵਾਧੇ ਲਈ ਨਵੀਆਂ ਕਾਸ਼ਤ ਤਕਨੀਕਾਂ ਅਤੇ ਕੀੜਿਆਂ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਮੂੰਗਫਲੀ ਦੀ ਖੇਤੀ ਕਰੇਗੀ ਮਾਲੋਮਾਲ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਚਰਚਾ ਦੌਰਾਨ ਕਿਸਾਨਾਂ ਨੇ ਮਿਰਚਾਂ ਦੇ ਉਤਪਾਦਨ ਅਤੇ ਮੰਡੀਕਰਨ ਵਿੱਚ ਆਪਣੇ ਤਜਰਬੇ, ਸਫਲਤਾਵਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਖੁੱਲ੍ਹ ਕੇ ਸਾਂਝਾ ਕੀਤਾ। ਉਨ੍ਹਾਂ ਨੇ ਮਿਰਚਾਂ ਸੁਕਾਉਣ ਵਾਲੇ ਯੂਨਿਟਾਂ ਅਤੇ ਕੋਲਡ ਸਟੋਰੇਜ ਸੁਵਿਧਾਵਾਂ ਸਥਾਪਤ ਕਰਨ ਮੰਗ ਕੀਤੀ ਤਾਂ ਜੋ ਉਨ੍ਹਾਂ ਦੇ ਉਤਪਾਦਾਂ ਤੋਂ ਚੰਗਾ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕੇ। ਕਿਸਾਨਾਂ ਨੇ ਸਬਜ਼ੀ ਵਿਗਿਆਨ ਵਿਭਾਗ ਵੱਲੋਂ ਕਰਵਾਈ ਗਈ ਗੱਲਬਾਤ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਕਿਸਾਨ-ਮਾਹਿਰ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟਾਈ।

ਇਹ ਗੱਲਬਾਤ ਦੇ ਅੰਤ ਤੇ ਕਿਸਾਨਾਂ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਇਸ ਦੇ ਨੁਮਾਇੰਦਿਆਂ ਵਲੋਂ ਉਨ੍ਹਾਂ ਦੇ ਖੇਤਰ ਵਿਚ ਆ ਕੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਮਿਰਚ ਹਾਈਬ੍ਰਿਡ ਨੂੰ ਉਤਸ਼ਾਹ ਨਾਲ ਅਪਣਾਉਣ ਵਾਲੇ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦੀ ਇਹ ਗੱਲਬਾਤ ਦੁਆਬੇ ਵਿੱਚ ਸਬਜ਼ੀ ਉਤਪਾਦਕਾਂ ਨੂੰ ਹੋਰ ਵਿਕਸਤ ਕਿਸਮਾਂ ਨਾਲ ਜੋੜਨ ਵਿਚ ਸਫਲ ਰਹੇਗੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Hybrid variety of chilli CH-27 emerged as the main substitute

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters